ਦੁਨੀਆਂ ਵਿਚ ਆਬਾਦੀ ਹਰਲ ਹਰਲ ਕਰਦੀ ਵੱਧ ਰਹੀ ਹੈ ਪਰ ਮਨੁੱਖ ਭੀੜ ਵਿਚ ਵੀ ਇਕੱਲਾ ਹੋਈ ਜਾ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2027 'ਚ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਦੇ ਚੱਪੇ-ਚੱਪੇ ਉਤੇ ਇਨਸਾਨਾਂ ਦੇ ਜਮਘਟੇ ਲੱਗੇ ਹੋਏ ਹਨ ਤੇ ਆਉਣ....

Population problem

2027 'ਚ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਦੇ ਚੱਪੇ-ਚੱਪੇ ਉਤੇ ਇਨਸਾਨਾਂ ਦੇ ਜਮਘਟੇ ਲੱਗੇ ਹੋਏ ਹਨ ਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਵੱਧ ਸਕਦੇ ਹਨ। ਸੋ ਆਬਾਦੀ ਦੀਆਂ ਇਹ ਮੁਸ਼ਕਲਾਂ ਉਨ੍ਹਾਂ ਦੇਸ਼ਾਂ ਤੋਂ ਅਲੱਗ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਆਬਾਦੀ ਘਟਦੀ ਜਾ ਰਹੀ ਹੈ ਜਿਵੇਂ ਇੰਗਲੈਂਡ ਤੇ ਜਾਪਾਨ ਵਿਚ ਘੱਟ ਆਬਾਦੀ ਕਾਰਨ ਉਦਾਸੀ ਅਤੇ ਇਕਲਾਪੇ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਭਾਰਤ ਦੇ ਪ੍ਰਵਾਰਕ ਤੇ ਸਮਾਜਕ ਢਾਂਚੇ ਵਿਚ ਤਾਂ ਉਦਾਸੀ ਤੇ ਇਕਲਾਪਾ ਹੋਣਾ ਹੀ ਨਹੀਂ ਚਾਹੀਦਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਵਿਚ ਉਦਾਸੀ ਦੀ ਓਨੀ ਹੀ ਵੱਡੀ ਸਮੱਸਿਆ ਹੈ ਜਿੰਨੀ ਜਾਪਾਨ ਜਾਂ ਇੰਗਲੈਂਡ ਵਿਚ ਹੈ।

ਭਾਰਤ ਵਿਚ ਬਜ਼ੁਰਗਾਂ ਦੀ ਆਬਾਦੀ ਸੱਭ ਤੋਂ ਵੱਧ ਹੈ ਤੇ ਇਹ ਤਬਕਾ ਅਪਣੇ ਆਪ ਨੂੰ ਇਕੱਲਾ ਪੈ ਗਿਆ ਮਹਿਸੂਸ ਕਰਦਾ ਹੈ। ਇਨ੍ਹਾਂ ਨੂੰ ਦੋ ਗੱਲਾਂ ਕਰਨ ਵਾਲਾ ਵੀ ਕੋਈ ਨਹੀਂ ਮਿਲਦਾ। ਪਿਛਲੇ ਹਫ਼ਤੇ ਨੋਇਡਾ ਦੇ ਇਕ ਬਜ਼ੁਰਗ ਜੋੜੇ ਨੇ ਅਪਣੇ ਪੁੱਤਰ ਤੇ ਨੂੰਹ ਵਲੋਂ ਘਰੋਂ ਕੱਢੇ ਜਾਣ ਮਗਰੋਂ ਰੋਂਦੇ ਕੁਰਲਾਉਂਦੇ ਹੋਏ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਈ। ਉਨ੍ਹਾਂ ਦੇ ਪੁੱਤਰ ਤੇ ਨੂੰਹ ਨੇ ਉਸ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਅਪਣੇ ਘਰ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚੀ। ਦੂਜੇ ਮਾਮਲੇ ਵਿਚ ਇਕ ਨੌਜੁਆਨ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਕਾਲਜ ਵਿਚ ਉਸ ਦੇ ਵਿਦਿਆਰਥੀ ਸਾਥੀ ਉਸ ਨੂੰ ਛੇੜਦੇ ਤੇ ਤੰਗ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਦੀ ਘਿਰਣਾ ਤੇ ਛੇੜਛਾੜ ਦਾ ਭਾਰ ਸਹਿ ਨਾ ਸਕਿਆ ਤੇ ਅਪਣੀ ਜ਼ਿੰਦਗੀ ਸਮਾਪਤ ਕਰ ਲਈ। ਇਹੋ ਜਹੇ ਕੇਸ ਆਮ ਹੋ ਗਏ ਹਨ ਪਰ ਇਨ੍ਹਾਂ ਵਲ ਬਣਦਾ ਧਿਆਨ ਵੀ ਨਹੀਂ ਦਿਤਾ ਜਾਂਦਾ। 

ਇਨ੍ਹਾਂ ਦੋਹਾਂ ਮਾਮਲਿਆਂ ਵਿਚ ਉਮਰ ਦਾ ਬਹੁਤ ਫ਼ਰਕ ਹੈ ਪਰ ਇਨ੍ਹਾਂ ਦਾ ਇਕਲਾਪਾ ਹੀ ਦੋਹਾਂ ਮਾਮਲਿਆਂ ਵਿਚਲੀ ਸਾਂਝੀ ਕੜੀ ਹੈ। ਬਜ਼ੁਰਗ ਵੀ ਅਪਣੇ ਪ੍ਰਵਾਰ, ਅਪਣੇ ਰਿਸ਼ਤੇਦਾਰਾਂ, ਅਪਣੇ ਹਾਣੀਆਂ ਨਾਲ ਉਹ ਰਿਸ਼ਤੇ ਨਾ ਬਣਾ ਸਕੇ ਜਿਨ੍ਹਾਂ ਦੀ ਮਦਦ ਨਾਲ ਉਹ ਸਮੱਸਿਆ ਸੁਲਝਾ ਲੈਂਦੇ। ਉਨ੍ਹਾਂ ਦੀ ਮਦਦ ਲਈ ਨਾ ਸੋਸ਼ਲ ਮੀਡੀਆ ਤੋਂ ਅਣਜਾਣ ਲੋਕ ਆਏ ਤੇ ਨਾ ਹੀ ਉਸ ਨੌਜੁਆਨ ਦੇ ਰਿਸ਼ਤੇਦਾਰਾਂ ਦੋਸਤਾਂ ਕੋਲ ਏਨੀ ਤਾਕਤ ਸੀ ਕਿ ਉਹ ਅਪਣਾ ਦਰਦ ਕਿਸੇ ਨਾਲ ਸਾਂਝਾ ਕਰ ਸਕਦੇ। ਸਮੁੰਦਰ ਵਿਚ ਭਟਕ ਗਏ ਛੋਟੇ ਜਹਾਜ਼ ਦੇ ਭੁੱਖੇ ਪਿਆਸੇ ਯਾਤਰੀਆਂ ਦੀ ਹਾਲਤ ਬਿਆਨ ਕਰਦਾ ਇਕ ਪੁਰਾਣਾ ਕਥਨ ਯਾਦ ਆਉਂਦਾ ਹੈ ਕਿ ਜਿਧਰ ਵੇਖੋ ਪਾਣੀ ਹੀ ਪਾਣੀ ਹੈ ਪਰ ਪੀਣ ਲਈ ਇਕ ਬੂੰਦ ਵੀ ਨਹੀਂ। ਅੱਜ ਹਰ ਪਾਸੇ ਮਨੁੱਖਤਾ ਦਾ ਸਮੁੰਦਰ ਛੱਲਾਂ ਮਾਰ ਰਿਹਾ ਹੈ ਪਰ ਦਿਲ ਦੀ ਗੱਲ ਸੁਣਨ ਵਾਲਾ ਇਕ ਵੀ ਇਨਸਾਨ ਉਨ੍ਹਾਂ ਵਿਚ ਨਹੀਂ ਮਿਲਦਾ।

ਇੰਗਲੈਂਡ ਨੇ ਇਸ ਸਥਿਤੀ ਨਾਲ ਨਿਪਟਣ ਲਈ ਇਕ ਮੰਤਰਾਲਾ 2018 ਵਿਚ ਹੀ ਬਣਾ ਲਿਆ ਸੀ ਪਰ ਕੀ ਇਕ ਮੰਤਰਾਲਾ, ਲੋਕਾਂ ਨੂੰ ਸੱਚੀ ਪਿਆਰ, ਮੁਹੱਬਤ ਤੇ ਹਮਦਰਦੀ ਸਿਖਾ ਸਕਦਾ ਹੈ? ਇਕ ਸਰਕਾਰ ਕਿਹੜੀਆਂ ਨੀਤੀਆਂ ਲਾਗੂ ਕਰ ਸਕਦੀ ਹੈ ਜਿਨ੍ਹਾਂ ਦੇ ਅਸਰ ਹੇਠ, ਬੰਦਾ ਅਪਣੇ ਕੋਲ ਬੈਠੇ ਨੂੰ ਵੀ ਅਪਣਾ ਸਮਝ ਕੇ ਉਸ ਨਾਲ ਅਪਣੱਤ ਭਰੀ ਗੱਲ ਕਰਨ ਲੱਗ ਪਵੇ? ਅਜਿਹਾ ਸਰਕਾਰੀ ਯਤਨ, ਅਪਣੇ ਆਪ ਵਿਚ ਹੀ ਇਕ ਨਵੀਂ ਉਲਝਣ ਪੈਦਾ ਕਰ ਜਾਏਗਾ ਕਿਉਂਕਿ ਇਨਸਾਨੀ ਰਿਸ਼ਤੇ ਸਰਕਾਰ ਦੀਆਂ ਨੀਤੀਆਂ ਦਾ ਪ੍ਰਭਾਵ ਨਹੀਂ ਕਬੂਲਦੇ। ਉਹ ਅਪਣੀ ਰੂਹ ਦੀ ਆਵਾਜ਼ ਸੁਣਦੇ ਹਨ। ਸਰਕਾਰ ਪ੍ਰਵਾਰਾਂ ਵਿਚ ਸਾਂਝ, ਮਿੱਤਰਾਂ ਵਿਚ ਸੁਲਾਹ, ਗੁਆਂਢੀਆਂ ਵਿਚ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਅਫ਼ਸਰਾਂ ਤੇ ਨੀਤੀਆਂ ਦੇ ਸਹਾਰੇ ਕਿਸ ਤਰ੍ਹਾਂ ਕਰੇਗੀ? ਜ਼ਿਆਦਾ ਤੋਂ ਜ਼ਿਆਦਾ ਸਰਕਾਰ ਸੰਸਥਾਵਾਂ ਤੇ ਸਾਂਝ ਕੇਂਦਰਾਂ ਦਾ ਗਠਨ ਕਰ ਦੇਵੇਗੀ ਜੋ ਆਰਜ਼ੀ ਠੁਮਣਾ ਹੀ ਦੇ ਸਕਣਗੇ।

ਇਹ ਸਮਾਜ ਦੀ ਤਰਾਸਦੀ ਹੈ ਕਿ ਇਨਸਾਨੀਅਤ ਨੂੰ ਪਿਆਰ ਕਰਨਾ ਸਿਖਾਉਣਾ ਪੈ ਰਿਹਾ ਹੈ। ਜਿਹੜੀ ਤਕਨੀਕ ਇਨਸਾਨ ਦੇ ਤੇਜ਼ ਦਿਮਾਗ਼ ਨੇ ਪੈਦਾ ਕੀਤੀ, ਅੱਜ ਉਹੀ ਤਕਨੀਕੀ ਵਾਧਾ ਉਸ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈ। ਤਕਨੀਕ ਦੀ ਖੋਜ ਕਰਨ ਵਾਲੇ ਨੇ ਤਾਂ ਦੁਨੀਆਂ ਨੂੰ ਜੋੜਨ ਦਾ ਰਸਤਾ ਸਿਰਜਿਆ ਸੀ ਕਿ ਦੁਨੀਆਂ ਇਕ ਛੋਟੇ ਜਿਹੇ ਪਿੰਡ ਵਾਂਗ ਰਲ ਮਿਲ ਕੇ ਬਰਾਬਰੀ ਨਾਲ ਇਕ ਦੂਜੇ ਦੀ ਹੋ ਕੇ ਚਲਦੀ ਰਹੇ। ਪਰ ਵਧਦੀ ਉਦਾਸੀ ਤੇ ਰਿਸ਼ਤਿਆਂ ਦੀ ਦੂਰੀ ਨੇ ਸਾਬਤ ਕਰ ਦਿਤਾ ਹੈ ਕਿ ਦੁਨੀਆਂ ਉਲਟੀ ਦਿਸ਼ਾ ਵਿਚ ਚਲ ਰਹੀ ਹੈ। ਅਮੀਰ, ਗ਼ਰੀਬ, ਬਜ਼ੁਰਗ, ਜਵਾਨ, ਸੱਭ ਨੂੰ ਅੱਜ ਵਧਦੀ ਉਦਾਸੀ ਅਪਣੀ ਜਕੜ ਹੇਠ ਲੈ ਰਹੀ ਹੈ। -ਨਿਮਰਤ ਕੌਰ