ਪੰਜਾਬ ਦੀ ਧਰਤੀ, ਕੈਂਸਰ ਮਾਰੀ ਧਰਤੀ ਕਿਉਂ ਬਣ ਗਈ ਹੈ? ਹਰੀ ਕ੍ਰਾਂਤੀ ਜਾਂ ਫ਼ੈਕਟਰੀਆਂ ਦਾ ਕਚਰਾ.....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਕੈਂਸਰ ਦੀ ਫੈਲਦੀ ਜਾ ਰਹੀ ਬੀਮਾਰੀ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।

Punjab

ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਕੈਂਸਰ ਦੀ ਫੈਲਦੀ ਜਾ ਰਹੀ ਬੀਮਾਰੀ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਪੰਜਾਬ ਵਿਚ ਇਕ ਕੈਂਸਰ ਰੇਲਗੱਡੀ ਦਾ ਵੀ ਜਨਮ ਹੋਇਆ ਜੋ ਰਾਜਸਥਾਨ ਤੋਂ ਸਸਤਾ ਇਲਾਜ ਲੈਣ ਲਈ ਮਜਬੂਰ ਪੰਜਾਬੀਆਂ ਨਾਲ ਲੱਦੀ ਹੁੰਦੀ ਹੈ। ਇਸ ਰੇਲਗੱਡੀ ਦਾ ਨਾਮ ਸ਼ੁਰੂਆਤ ਵਿਚ ਕੈਂਸਰ ਨਾਲ ਜੁੜਿਆ ਹੋਇਆ ਨਹੀਂ ਸੀ ਪਰ ਕਿਉਂਕਿ ਬਠਿੰਡਾ ਤੋਂ ਬੀਕਾਨੇਰ ਦੀ ਰੇਲ ਗੱਡੀ ਕੈਂਸਰ ਪੀੜਤਾਂ ਦੇ ਸਫ਼ਰ ਦਾ ਰਸਤਾ ਬਣੀ, ਇਸ ਦਾ ਨਾਮ ਕੈਂਸਰ ਰੇਲ ਗੱਡੀ ਪੈ ਗਿਆ। ਕੈਂਸਰ ਦੇ ਇਲਾਜ ਵਾਸਤੇ ਸਰਕਾਰਾਂ ਵਲੋਂ ਕਾਫ਼ੀ ਕੰਮ ਕੀਤਾ ਗਿਆ ਹੈ।

ਪੀੜਤਾਂ ਵਾਸਤੇ ਪੈਸੇ ਦੀ ਮਦਦ ਤੋਂ ਲੈ ਕੇ ਸਰਕਾਰੀ ਹਸਪਤਾਲ ਵਿਚ ਪੀ.ਜੀ. ਦੇ ਮੁਕਾਬਲੇ ਸਸਤਾ ਇਲਾਜ। ਪਰ ਇਸ ਮਦਦ ਦੇ ਬਾਵਜੂਦ ਨਾ ਕੈਂਸਰ ਦਾ ਫੈਲਾਅ ਰੁਕ ਰਿਹਾ ਹੈ ਤੇ ਨਾ ਹੀ ਇਲਾਜ ਨਾਲ ਸੰਤੁਸ਼ਟੀ ਮਿਲੀ ਹੈ। ਕੈਂਸਰ ਦਾ ਇਲਾਜ ਸਿਰਫ਼ ਦਵਾਈ ’ਤੇ ਨਿਰਭਰ ਨਹੀਂ ਹੁੰਦਾ ਸਗੋਂ ਉਸ ਵਿਚ ਦੇਖ ਰੇਖ ਦਾ ਵੀ ਖ਼ਰਚਾ ਆਉਂਦਾ ਹੈ। ਇਸ ਬੀਮਾਰੀ ਨਾਲ ਪਿਛਲੇ 15 ਸਾਲ ਵਿਚ ਕਈ ਪ੍ਰਵਾਰ ਤਬਾਹ ਹੋਏ ਹਨ। 2019 ਵਿਚ ਇਕ ਖੋਜ ਨੇ ਦਰਸਾਇਆ ਕਿ ਮਾਲਵਾ ਵਿਚ ਸੱਭ ਤੋਂ ਵੱਧ, ਫਿਰ ਮਾਝਾ ਤੇ ਫਿਰ ਦੋਆਬਾ ਵਿਚ ਕੈਂਸਰ ਦਾ ਫੈਲਾਅ ਹੋਇਆ ਤੇ ਉਸ ਤੋਂ ਹੋਣ ਵਾਲੀਆਂ ਮੌਤਾਂ ਵੀ। 

ਕੈਂਸਰ ਨੂੰ ਹਮੇਸ਼ਾ ਹੀ ਪੰਜਾਬ ਦੀ ਹਰੀ ਕ੍ਰਾਂਤੀ ਨਾਲ ਮਿਲਾਇਆ ਜਾਂਦਾ ਸੀ। ਪਰ ਹਾਲ ਵਿਚ ਸੰਗਰੂਰ ਦੇ ਇਕ ਪਿੰਡ ਵਿਚੋਂ ਇਕ ਟਿਊਬਵੈੱਲ ਵਿਚੋਂ ਖ਼ੂਨੀ ਰੰਗ ਦੇ ਪਾਣੀ ਦੀ ਖ਼ਬਰ ਸਾਹਮਣੇ ਆਈ। ਪੜਤਾਲ ਕਰਨ ਤੇ ਪਤਾ ਲੱਗਾ ਕਿ ਕਈ ਪਿੰਡਾਂ ਵਿਚ ਇਹ ਸਮੱਸਿਆ ਸਾਹਮਣੇ ਆ ਰਹੀ ਹੈ। ਆਮ ਸੋਚ ਤਾਂ ਇਹੀ ਹੈ ਕਿ ਹਰੀ ਕ੍ਰਾਂਤੀ ਦੀ ਲੋੜ ਸੀ ਜੋ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਜ਼ਹਿਰੀਲਾ ਕਰ ਰਿਹਾ ਹੈ। ਇਹ ਵੀ ਇਕ ਸੱਚ ਹੈ ਕਿ ਪੰਜਾਬ ਵਿਚ ਝੋਨੇ ਦੀ ਫ਼ਸਲ ਕਾਰਨ ਟਿਊਬਵੈੱਲ ਦੀ ਗਹਿਰਾਈ ਡੂੰਘੀ ਹੁੰਦੀ ਜਾਂਦੀ ਹੈ ਤੇ ਹੇਠਾਂ ਦਾ ਪਾਣੀ ਜ਼ਹਿਰੀਲਾ ਹੈ। ਪਰ ਹੁਣ ਇਸ ਖ਼ਬਰ ਤੋਂ ਸਾਹਮਣੇ ਆ ਰਿਹਾ ਹੈ ਕਿ ਇਹ ਵੀ ਪੂਰਾ ਸੱਚ ਨਹੀਂ।

ਇਸ ਪਿੰਡ ਵਿਚ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ 15 ਸਾਲਾਂ ਤੋਂ ਪਿੰਡ ਦੇ ਨੇੜੇ ਚਲਣ ਵਾਲੀਆਂ ਫ਼ੈਕਟਰੀਆਂ ਨੇ ਅਪਣੇ ਕਚਰੇ ਨੂੰ ਟਿਕਾਣੇ ਲਗਾਉਣ ਵਿਚ ਪੈਸੇ ਦੀ ਬੱਚਤ ਵਾਲੀ ਸੋਚ ਸਾਹਮਣੇ ਰੱਖ ਕੇ ਜ਼ਮੀਨ ਵਿਚ ਡੂੰਘਾ ਬੋਰ ਕਰ ਕੇ ਅਪਣਾ ਸਾਰਾ ਗੰਦ ਧਰਤੀ ਵਿਚ ਵਾਪਸ ਸੁੱਟ ਦਿਤਾ। ਉਨ੍ਹਾਂ ਦੂਸ਼ਿਤ ਪਦਾਰਥਾਂ ਨੇ ਜ਼ਮੀਨੀ ਪੱਧਰ ਦੇ ਪਾਣੀ ਨੂੰ ਖ਼ੂਨੀ ਲਾਲ ਰੰਗ ਦਾ ਕਰ ਦਿਤਾ। ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਬਾਅਦ ਵਿਚ ਇਹ ਵੀ ਸਾਹਮਣੇ ਆਇਆ ਕਿ ਇਸ ਪਿੰਡ ਦੇ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਗਈਆਂ ਹਨ। 

ਫ਼ਰਵਰੀ 2021 ਵਿਚ ਹੀ ਇਕ ਖੋਜ ਸਾਹਮਣੇ ਆਈ ਜਿਸ ਨੇ ਸਿੱਧ ਕੀਤਾ ਕਿ ਭਾਰਤ ਵਿਚ ਜਿਥੇ ਜਿਥੇ ਉਦਯੋਗ ਦੇ ਗੜ੍ਹ ਹਨ, ਉਥੇ ਉਥੇ ਪ੍ਰਦੂਸ਼ਣ ਨਾਲ ਹਵਾ, ਪਾਣੀ ਤੇ ਜ਼ਮੀਨ ਦੀ ਕੁਆਲਿਟੀ ਮਨੁੱਖ ਵਾਸਤੇ ਹਾਨੀਕਾਰਕ ਬਣ ਚੁੱਕੀ ਹੈ। ਇਸ ਖੋਜ ਵਿਚ ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼, ਮਹਾਰਾਸ਼ਟਰ ਦੇ ਸ਼ਹਿਰ ਸ਼ਾਮਲ ਕੀਤੇ ਗਏ ਸਨ ਪਰ ਪੰਜਾਬ ਨੂੰ ਕਦੇ ਉਦਯੋਗ ਦਾ ਗੜ੍ਹ ਹੀ ਨਹੀਂ ਮੰਨਿਆ ਗਿਆ ਤੇ ਹਰੀ ਕ੍ਰਾਂਤੀ ਨਾਲ ਹੀ ਕੈਂਸਰ ਤੇ ਹੋਰ ਬੀਮਾਰੀਆਂ ਨੂੰ ਜੋੜ ਕੇ ਵੇਖਿਆ ਗਿਆ। ਇਸ ਮੁੱਦੇ ਨੂੰ ਲੈ ਕੇ ਇਕ ਡੂੰਘੀ ਜਾਂਚ ਚਾਹੀਦੀ ਹੈ

ਜਿਹੜੀ ਉਦਯੋਗਪਤੀਆਂ ਦੀ ਲਾਪ੍ਰਵਾਹੀ ਵਾਲੀ ਸੋਚ ਸਾਹਮਣੇ ਲਿਆਵੇ। ਲਾਪ੍ਰਵਾਹੀ ਤਾਂ ਇਕ ਨਰਮ ਸ਼ਬਦ ਹੋਵੇਗਾ। ਅਸਲ ਵਿਚ ਇਹ ਤਾਂ ਇਕ ਘਾਤਕ ਅਪਰਾਧ ਹੈ। ਇਸ ਅਪਰਾਧ ਵਿਚ ਸਿਰਫ਼ ਉਦਯੋਗ ਹੀ ਨਹੀਂ ਬਲਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਕਟਹਿਰੇ ਵਿਚ ਖੜੇ ਕਰਨ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਸ਼ਹਿ ਤੋਂ ਬਿਨਾਂ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾ ਸਕਦਾ। ਉਦਯੋਗਾਂ ਵਲੋਂ ਕਈ ਵਾਰ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਵਾਰ-ਵਾਰ ਸੱਚ ਛੁਪਾਇਆ ਜਾਂਦਾ ਹੈ। ਛੁਪਾਉਣ ਵਾਲੇ ਯਾਦ ਰੱਖਣ ਕਿ ਇਸ ਪ੍ਰਦੂਸ਼ਣ ਤੋਂ ਖ਼ੂਨੀ ਲਾਲ ਪਾਣੀ ਦੀ ਫ਼ਸਲ ਸੱਭ ਨੂੰ ਖਾਣ ਨੂੰ ਮਿਲੇਗੀ। -ਨਿਮਰਤ ਕੌਰ