Editorial: ਪੰਜਾਬ ਦੇ ਵੋਟਰਾਂ ਨੇ ਜਲੰਧਰ ਵਿਚ ਸਾਰੀਆਂ ਪਾਰਟੀਆਂ ਨੂੰ ਉਨ੍ਹਾਂ ਦੀ ਔਕਾਤ ਵਿਖਾਈ
Editorial: ਬਹੁਤ ਹੀ ਲੰਮੇ ਤੇ ਖ਼ਰਚੀਲੇ ਚੋਣ ਤਿਉਹਾਰ ਤੋਂ ਬਾਅਦ ਭਾਰਤ ਵਿਚ ਇਕ ਛੋਟਾ ਜਿਹਾ ਚੋਣ ਤਿਉਹਾਰ ਫਿਰ ਤੋਂ ਵੇਖਣਾ ਪਿਆ ਜਿਥੇ 13 ਵਿਧਾਇਕਾਂ ਦੀਆਂ ਚੋਣਾਂ ਹੋਈਆਂ
The voters of Punjab showed their opportunity to all the parties in Jalandhar: ਇਕ ਬਹੁਤ ਹੀ ਲੰਮੇ ਤੇ ਖ਼ਰਚੀਲੇ ਚੋਣ ਤਿਉਹਾਰ ਤੋਂ ਬਾਅਦ ਭਾਰਤ ਵਿਚ ਇਕ ਛੋਟਾ ਜਿਹਾ ਚੋਣ ਤਿਉਹਾਰ ਫਿਰ ਤੋਂ ਵੇਖਣਾ ਪਿਆ ਜਿਥੇ 13 ਵਿਧਾਇਕਾਂ ਦੀਆਂ ਚੋਣਾਂ ਹੋਈਆਂ। ਇਹ ਖ਼ਰਚਾ ਜਨਤਾ ਉਤੇ ਨਹੀਂ ਸੀ ਪੈਣਾ ਚਾਹੀਦਾ ਪਰ ਕਿਤੇ ਦਲ ਬਦਲੂਆਂ ਨੇ, ਕਿਤੇ ਭਗੌੜਿਆਂ ਨੇ ਤੇ ਕਿਤੇ ਪਾਰਟੀਆਂ ਕੋਲ ਚਿਹਰਿਆਂ ਦੀ ਕਮੀ ਨੇ ਇਨ੍ਹਾਂ ਵਿਧਾਇਕਾਂ ਨੂੰ ਐਮਪੀ ਦੀਆਂ ਸੀਟਾਂ ’ਤੇ ਲੜਾ ਕੇ ਜਨਤਾ ’ਤੇ ਇਹ ਖ਼ਰਚਾ ਪਾ ਦਿਤਾ ਅਤੇ ਪੰਜਾਬ ਕੋਲ ਤਾਂ ਹੋਰ ਇਹੋ ਜਹੀਆਂ 4 ਸੀਟਾਂ ਆ ਰਹੀਆਂ ਨੇ ਜਿਥੇ ਪੰਜਾਬ ਨੂੰ ਅਪਣੇ ਵਿਧਾਇਕਾਂ ਨੂੰ ਦੁਬਾਰਾ ਚੁਣਨਾ ਪਵੇਗਾ।
ਇਹ ਨਤੀਜੇ ਇੰਡੀਆ ਗਠਜੋੜ ਲਈ ਬਹੁਤ ਵਧੀਆ ਰਹੇ ਨੇ। ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੂੰ ਤਿੰਨ ’ਚੋਂ ਦੋ ਸੀਟਾਂ ਤੇ ਜਿੱਤ ਮਿਲੀ ਹੈ ਅਤੇ ਵੈਸਟ ਬੰਗਾਲ ਵਿਚ ਟੀਐਮਸੀ ਵਾਲੇ ਚਾਰ ਦੀਆਂ ਚਾਰ ਸੀਟਾਂ ਲੈ ਗਏ। ਉਤਰਾਖੰਡ ਵਿਚ ਕਾਂਗਰਸ ਦੋ ਲੈ ਗਈ ਤੇ ਪੰਜਾਬ ਵਿਚ ‘ਆਪ’ ਸਰਕਾਰ ਲੈ ਗਈ। ਤਮਿਲਨਾਡੂ ਅਤੇ ਹਿਮਾਚਲ ਵਿਚ ਭਾਜਪਾ ਨੂੰ ਸਿਰਫ਼ ਇਕ-ਇਕ ਸੀਟ ਮਿਲੀ ਹੈ। ਬਿਹਾਰ ਵਿਚ ਨਾ ਨਿਤੀਸ਼ ਕੁਮਾਰ ਦਾ ਜਾਦੂ ਚਲਿਆ ਅਤੇ ਨਾ ਹੀ ਤੇਜੱਸਵੀ ਯਾਦਵ ਦਾ ਜਾਦੂ ਚਲਿਆ ਤੇ ਇਕ ਆਜ਼ਾਦ ਉਮੀਦਵਾਰ ਸੀਟ ਲੈ ਗਿਆ।
ਭਾਜਪਾ ਅੰਦਰ ਡੂੰਘਾ ਮੰਥਨ ਚਲ ਹੀ ਰਿਹਾ ਹੈ ਤੇ ਇਸ ਨਤੀਜੇ ਨੂੰ ਲੈ ਕੇ ਹੋਰ ਚੱਲੇਗਾ। ਇੰਡੀਆ ਗਠਜੋੜ ਜਸ਼ਨ ਮਨਾਉਣ ਜੋਗਾ ਤਾਂ ਨਹੀਂ ਹੋਇਆ ਕਿਉਂਕਿ ਇਹ ਜਿੱਤਾਂ ਸਿਰਫ਼ ਉਸ ਸੰਗਠਨ ਦੇ ਨਾਂ ’ਤੇ ਨਹੀਂ ਪਈਆਂ, ਇਹ ਜਿੱਤਾਂ ਸੂਬਿਆਂ ਵਿਚ ਰਾਜ ਕਰਦੀਆਂ ਸਥਾਨਕ ਪਾਰਟੀਆਂ ਨੂੰ ਪਈਆਂ ਅਤੇ ਲੋਕਾਂ ਨੇ ਇਹ ਦਿਖਾ ਦਿਤਾ ਹੈ ਕਿ ਉਹ ਵਾਰ-ਵਾਰ ਅੰਤਰ ਕਰ ਰਹੇ ਹਨ ਕਿ ਕੌਣ ਸੂਬੇ ਵਿਚ ਰਾਜ ਕਰੇਗਾ ਤੇ ਕੌਣ ਦੇਸ਼ ਦੀ ਸੱਤਾ ਸੰਭਾਲੇਗਾ। ਦੇਸ਼ ਦੀ ਸੱਤਾ ਬਾਰੇ ਅਜੇ ਵੀ ਲੋਕਾਂ ਦੇ ਮਨਾਂ ਵਿਚ ਦੋ ਰਾਵਾਂ ਨੇ, ਉਹ ਅਸੀ ਵੇਖ ਰਹੇ ਹਾਂ ਤੇ ਉਹ ਸਮਾਂ ਹੀ ਸਿੱਧ ਕਰੇਗਾ ਕਿ ਕਿਸ ਤਰ੍ਹਾਂ ਦੋ ਵਿਚਾਰਾਂ ਇਕ ਹੋ ਸਕਣਗੀਆਂ।
ਜੇ ਪੰਜਾਬ ਦੀ ਚੋਣ ਦੀ ਗੱਲ ਕਰੀਏ ਤਾਂ ਉਹ ਬੜੇ ਵੱਡੇ ਸੰਕੇਤ ਦੇ ਗਈ ਹੈ। ਇਕ ਤਾਂ ਇਹ ਜੋ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਲੋਕਾਂ ਵਿਚ ਪਿਆਰ ਘਟਦਾ ਜਾ ਰਿਹਾ ਹੈ, ਉਨ੍ਹਾਂ ਨੇ ਉਸ ਦਾ ਜਵਾਬ ਦਿਤਾ ਹੈ ਕਿ ਅੱਜ ਵੀ ਲੋਕ ਸੂਬਾ ਸਰਕਾਰ ਵਿਚ ਵਿਸ਼ਵਾਸ ਰਖਦੇ ਹਨ। ਭਗਵੰਤ ਮਾਨ ਕਿਉਂਕਿ ਆਪ ਇਸ ਚੋਣ ਨੂੰ ਨਿਜੀ ਤੌਰ ’ਤੇ ਅੱਗੇ ਹੋ ਕੇ ਲੜੇ ਤੇ ਉਨ੍ਹਾਂ ਦੀ ਅਗਵਾਈ ਵਾਸਤੇ ਇਕ ਵੱਡੀ ਮੋਹਰ ਹਨ ਜੋ ਸਾਰੇ ਸਿਆਸੀ ਗਲਿਆਰਿਆਂ ਦੀਆਂ ਚਰਚਾਵਾਂ ਨੂੰ ਬੰਦ ਕਰਦੀ ਹੈ ਜੋ ਕਹਿੰਦੇ ਸਨ ਕਿ ਭਗਵੰਤ ਮਾਨ ਦੀ ਕੁਰਸੀ ਖ਼ਤਰੇ ਵਿਚ ਹੈ। ਇਥੇ ਪੰਜਾਬ ਕਾਂਗਰਸ ਲਈ ਵੀ ਇਕ ਵੱਡਾ ਸੁਨੇਹਾ ਹੈ ਤੇ ਉਨ੍ਹਾਂ ਨੂੰ ਅਪਣੀ ਹਕੀਕਤ ਸਮਝਣੀ ਪਵੇਗੀ।
ਉਨ੍ਹਾਂ ਨੂੰ ਲਗਦਾ ਸੀ ਕਿ ਲੋਕ ਸਭਾ ਦੀਆਂ ਚੋਣਾਂ ਵਿਚ ਬਹੁਤ ਵਧੀਆ ਨਤੀਜੇ ਦੇ ਸਕੇ ਹਨ, ਉਹ ਪੰਜਾਬ ਵਿਚ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤ ਲੈਣਗੇ। ਪਰ ਇਸ ਨਤੀਜੇ ਨੇ ਸਾਫ਼ ਕਰ ਦਿਤਾ ਹੈ ਕਿ ਲੋਕ ਉਨ੍ਹਾਂ ਨੂੰ ਮੋਦੀ ਵਿਰੁਧ ਖੜੇ ਵੇਖ ਸਕਦੇ ਹਨ ਪਰ ਅਜੇ ਅਪਣੇ ਪੰਜਾਬ ਦਾ ਰਾਜ ਉਨ੍ਹਾਂ ਦੇ ਹੱਥਾਂ ਵਿਚ ਦੇਣ ਲਈ ਉਹ ਤਿਆਰ ਨਹੀਂ। ਕਾਂਗਰਸ ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਪਹਿਲੇ ਨੰਬਰ ’ਤੇ ਆਏਗੀ, ਉਹ ਤੀਜੇ ਨੰਬਰ ’ਤੇ ਆ ਟਿਕੀ। ਭਾਜਪਾ ਨੇ ਲੋਕਾਂ ਵਿਚ ਅਪਣੇ ਲਈ ਇਕ ਰਸਤਾ ਬਣਾਇਆ ਸੀ, ਉਸ ਨੂੰ ਬਰਕਰਾਰ ਰਖਿਆ ਹੈ।
ਪਰ ਸੱਭ ਤੋਂ ਸ਼ਰਮਨਾਕ ਹਾਰ ਅਕਾਲੀ ਦਲ ਦੇ ਉਮੀਦਵਾਰ ਦੀ ਰਹੀ ਹੈ। ਉਨ੍ਹਾਂ ਦੀ ਹਾਰ ਨੂੰ ਨਿਜੀ ਹਾਰ ਨਾ ਮੰਨਦੇ ਹੋਏ, ਉਸ ਨੂੰ ਪਾਰਟੀ ਦੀ ਬਾਦਲ ਧਿਰ ਅਤੇ ਵਿਰੋਧੀ ਧਿਰ, ਸੱਭ ਲਈ ਇਕ ਹੀ ਸੁਨੇਹਾ ਹੈ ਕਿ ਜਿਸ ਤਰ੍ਹਾਂ ਉਹ ਅੱਜ ਤਕ ਅਕਾਲੀ ਦਲ ਨੂੰ ਮਿਲ ਕੇ ਖ਼ਤਮ ਕਰਦੇ ਰਹੇ ਹਨ, ਉਨ੍ਹਾਂ ਨੂੰ ਉਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਕਿਉਂਕਿ ਇਹ ਜੋ ਹੁਣ ਤਕ ਵਿਰੋਧੀ ਧਿਰ ਵਲੋਂ ਵੀ ਮਾਫ਼ੀਆਂ ਮੰਗੀਆਂ ਜਾ ਰਹੀਆਂ ਹਨ ਜਾਂ ਜੋ ਇਲਜ਼ਾਮ ਲਗਾਏ ਜਾ ਰਹੇ ਨੇ, ਉਹ ਅੱਧੀ ਤਸਵੀਰ ਹੈ ਤੇ ਪੂਰੀ ਤਸਵੀਰ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਉਹ ਆਪ ਮੰਨਣਗੇ ਕਿ ਉਨ੍ਹਾਂ ਦਾ ਅਪਣਾ ਕਿੰਨਾ ਕਸੂਰ ਸੀ ਇਸ ਸਾਰੀ ਸਥਿਤੀ ਵਿਚ ਤੇ ਅਕਾਲੀ ਦਲ ਨੂੰ ਬਾਰਾਂ ਸੌ ਵੋਟਾਂ ਤਕ ਲਿਜਾ ਕੇ ਜ਼ਮੀਨ ਤੇ ਪਟਕਾਅ ਮਾਰਨ ਵਿਚ।
- ਨਿਮਰਤ ਕੌਰ