ਕੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ, ਅੱਜ ਦੇ ਆਜ਼ਾਦ ਭਾਰਤ ਤੋਂ ਸੰਤੁਸ਼ਟ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਸਮਾਜ ਵਿਚ ਨਫ਼ਰਤਾਂ ਫੈਲ ਰਹੀਆਂ ਹਨ, ਲੋਕਤੰਤਰ ਉਤੇ ਸੰਕਟ ਮੰਡਰਾ ਰਿਹਾ ਮੰਨਿਆ ਜਾ ਰਿਹਾ ਹੈ ਪਰ ਇਹ ਸ਼ਾਇਦ ਇਤਿਹਾਸ ਦੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਮੌਕਾ ਵੀ ਹੈ.......

Indian Flag

ਅੱਜ ਸਮਾਜ ਵਿਚ ਨਫ਼ਰਤਾਂ ਫੈਲ ਰਹੀਆਂ ਹਨ, ਲੋਕਤੰਤਰ ਉਤੇ ਸੰਕਟ ਮੰਡਰਾ ਰਿਹਾ ਮੰਨਿਆ ਜਾ ਰਿਹਾ ਹੈ ਪਰ ਇਹ ਸ਼ਾਇਦ ਇਤਿਹਾਸ ਦੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਮੌਕਾ ਵੀ ਹੈ। ਭਾਰਤ, ਇਕ ਦੇਸ਼, ਮੁਗ਼ਲਾਂ ਦੇ ਰਾਜਕਾਲ ਦੌਰਾਨ ਬਣਿਆ ਜਿਥੇ ਜੰਗਾਂ ਅਤੇ ਸੌਦੇਬਾਜ਼ੀ ਦਾ ਪ੍ਰਯੋਗ ਕਰਨਾ ਪਿਆ। ਅੰਗਰੇਜ਼ਾਂ ਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਹੇਠ ਵੀ ਭਾਰਤ ਹਮੇਸ਼ਾ ਵੱਖ-ਵੱਖ, ਧਰਮਾਂ, ਵਰਗਾਂ, ਰਾਜਿਆਂ ਹੇਠ ਵੰਡਿਆ ਰਿਹਾ ਸੀ। ਇਤਿਹਾਸ ਦੇ ਮਹਾਨ ਕਰ ਕੇ ਮੰਨੇ ਜਾਂਦੇ ਨਾਇਕ ਕੇਵਲ ਅਪਣੇ ਰਾਜ ਨੂੰ ਬਚਾਉਣ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਸਨ, ਭਾਵੇਂ ਉਹ ਸ਼ਿਵਾਜੀ ਮਹਾਰਾਜ ਸਨ ਜਾਂ ਝਾਂਸੀ ਦੀ ਰਾਣੀ। 

72ਵੇਂ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ। ਇਹ ਦਿਵਸ ਉਨ੍ਹਾਂ ਲੋਕਾਂ ਨੂੰ ਯਾਦ ਕੀਤੇ ਬਗ਼ੈਰ ਮੁਕੰਮਲ ਨਹੀਂ ਹੁੰਦਾ ਜਿਨ੍ਹਾਂ ਨੇ ਇਸ ਆਜ਼ਾਦ ਹਵਾ ਵਾਸਤੇ ਵੱਡੀਆਂ ਕੁਰਬਾਨੀਆਂ ਦਿਤੀਆਂ। 300 ਸਾਲ ਦੀ ਗ਼ੁਲਾਮੀ ਦੀ ਪੰਜਾਲੀ ਨੂੰ ਗਲੋਂ ਲਾਹ ਕੇ ਅਪਣੇ ਆਪ ਦੀ ਜ਼ਿੰਮੇਵਾਰੀ ਅਪਣੇ ਉਤੇ ਲੈਣ ਦਾ ਫ਼ੈਸਲਾ ਕਰਨਾ ਕਿੰਨਾ ਔਖਾ ਰਿਹਾ ਹੋਵੇਗਾ। ਪਰ ਆਜ਼ਾਦੀ ਦਾ ਮੋਹ ਏਨਾ ਤਾਕਤਵਰ ਸੀ ਕਿ ਹਰ ਆਮ ਭਾਰਤੀ ਨੇ ਅਪਣੇ ਆਪ ਨੂੰ ਸੰਘਰਸ਼ ਦਾ ਸਿਪਾਹੀ ਬਣਾ ਲਿਆ ਸੀ  ਨਹੀਂ ਤਾਂ ਵਿਦੇਸ਼ੀ ਸਮਾਨ ਨੂੰ ਅੰਗਰੇਜ਼ਾਂ ਨੂੰ ਆਰਥਕ ਨੁਕਸਾਨ ਪਹੁੰਚਾਉਣ ਵਾਸਤੇ ਠੁਕਰਾਉਣਾ ਆਸਾਨ ਨਹੀਂ ਰਿਹਾ ਹੋਵੇਗਾ।

ਅੱਜ ਦੇ ਭਾਰਤੀ ਤਾਂ ਚੀਨ ਦੀਆਂ ਟਿਮਟਿਮਾਉਂਦੀਆਂ ਬੱਤੀਆਂ ਨੂੰ ਵੀ ਛੱਡਣ ਬਾਰੇ ਨਹੀਂ ਸੋਚ ਸਕਦੇ, ਭਾਵੇਂ ਉਹ ਸਾਡੇ ਭਾਰਤੀ ਕਾਰੀਗਰਾਂ ਨੂੰ ਤਬਾਹ ਹੀ ਕਰ ਰਹੀਆਂ ਹੋਣ। ਕੀ ਉਸ ਵੇਲੇ ਦੇ ਆਜ਼ਾਦੀ ਘੁਲਾਟੀਏ, ਅੱਜ ਦੇ ਭਾਰਤ ਨੂੰ ਵੇਖ ਕੇ ਮੰਨ ਲੈਣਗੇ ਕਿ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ? ਕੀ ਇਸੇ ਭਾਰਤ ਨੂੰ ਵੇਖਣ ਲਈ ਉਹ ਕਮਲੇ ਬਣੇ ਹੋਏ ਸਨ? ਕੀ ਅੱਜ ਅਸੀ ਆਜ਼ਾਦ ਹਾਂ? ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਬਣ ਚੁੱਕਾ ਹੈ। ਆਜ਼ਾਦੀ ਮਿਲਣ ਵੇਲੇ ਦੀ 36 ਕਰੋੜ ਦੀ ਅਬਾਦੀ ਅੱਜ 135 ਕਰੋੜ ਹੋ ਗਈ ਹੈ। ਪਰ ਕੀ ਹਾਲਾਤ ਉਨ੍ਹਾਂ 36 ਕਰੋੜ ਦੇ ਵੇਲਿਆਂ ਨਾਲੋਂ ਬਿਹਤਰ ਹਨ? 

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦਾ ਭਾਰਤ, ਅੰਗਰੇਜ਼ਾਂ ਦੇ ਗ਼ੁਲਾਮੀ ਵਾਲੇ ਸਮੇਂ ਤੋਂ ਕਿਤੇ ਬਿਹਤਰ ਹੈ। ਅੰਗਰੇਜ਼ਾਂ ਦੇ ਰਾਜ ਨੂੰ ਯਾਦ ਕਰਨ ਵਾਲੇ ਸ਼ਾਇਦ ਗ਼ੁਲਾਮੀ ਦਾ ਮਤਲਬ ਨਹੀਂ ਸਮਝਦੇ। 71 ਸਾਲਾਂ ਵਿਚ ਬਹੁਤ ਕੁੱਝ ਹਾਸਲ ਹੋਇਆ ਹੈ। ਤਕਨੀਕ, ਸਿਖਿਆ ਅਤੇ ਵਿਕਾਸ ਦੇ ਖੇਤਰ ਵਿਚ ਭਾਰਤ ਨੇ ਲੰਮੀ ਛਾਲ ਮਾਰੀ ਹੈ ਪਰ ਅੱਜ ਦੀਆਂ ਕਮਜ਼ੋਰੀਆਂ ਵੀ ਆਮ ਭਾਰਤੀ ਨੂੰ ਚੁਭਦੀਆਂ ਹਨ। ਇਨਸਾਨ ਦੀ ਜ਼ਿੰਦਗੀ ਵਿਚ 71 ਸਾਲ ਤਾਂ ਸ਼ਾਇਦ ਬਹੁਤ ਜ਼ਿਆਦਾ ਜਾਪਦੇ ਹਨ ਪਰ ਇਕ ਦੇਸ਼ ਵਾਸਤੇ ਤਾਂ ਇਹ ਆਜ਼ਾਦੀ ਦਾ ਬਚਪਨ ਹੀ ਹੈ। 

ਅੱਜ ਸਮਾਜ ਵਿਚ ਨਫ਼ਰਤਾਂ ਫੈਲ ਰਹੀਆਂ ਹਨ, ਲੋਕਤੰਤਰ ਉਤੇ ਸੰਕਟ ਮੰਡਰਾ ਰਿਹਾ ਮੰਨਿਆ ਜਾ ਰਿਹਾ ਹੈ ਪਰ ਇਹ ਸ਼ਾਇਦ ਇਤਿਹਾਸ ਦੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਮੌਕਾ ਵੀ ਹੈ। ਭਾਰਤ, ਇਕ ਦੇਸ਼, ਮੁਗ਼ਲਾਂ ਦੇ ਰਾਜਕਾਲ ਦੌਰਾਨ ਬਣਿਆ ਜਿਥੇ ਜੰਗਾਂ ਅਤੇ ਸੌਦੇਬਾਜ਼ੀ ਦਾ ਪ੍ਰਯੋਗ ਕਰਨਾ ਪਿਆ। ਅੰਗਰੇਜ਼ਾਂ ਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਹੇਠ ਵੀ ਭਾਰਤ ਹਮੇਸ਼ਾ ਵੱਖ-ਵੱਖ ਧਰਮਾਂ, ਵਰਗਾਂ, ਰਾਜਿਆਂ ਹੇਠ ਵੰਡਿਆ ਰਿਹਾ ਸੀ। ਇਤਿਹਾਸ ਦੇ ਮਹਾਨ ਕਰ ਕੇ ਮੰਨੇ ਜਾਂਦੇ ਨਾਇਕ ਕੇਵਲ ਅਪਣੇ ਰਾਜ ਨੂੰ ਬਚਾਉਣ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਸਨ, ਭਾਵੇਂ ਉਹ ਸ਼ਿਵਾਜੀ ਮਹਾਰਾਜ ਸਨ ਜਾਂ ਝਾਂਸੀ ਦੀ ਰਾਣੀ।

ਰਾਸ਼ਟਰਵਾਦ ਤਾਂ ਆਜ਼ਾਦੀ ਦੀ ਲਹਿਰ ਵਿਚ ਉਦੋਂ ਆਇਆ ਸੀ ਜਦੋਂ ਸਾਰੇ ਵਰਗ ਅਪਣੇ ਨਿਜੀ ਸਵਾਰਥ ਛੱਡ ਕੇ ਅੰਗਰੇਜ਼ਾਂ ਨੂੰ ਹਰਾਉਣ ਵਾਸਤੇ ਇਕਜੁਟ ਹੋ ਗਏ ਸਨ, ਉਸੇ ਤਰ੍ਹਾਂ ਜਿਵੇਂ ਅੱਜ ਭਾਜਪਾ ਵਿਰੁਧ ਸਾਰੇ ਸੂਬੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋ ਰਹੇ ਹਨ। ਭਾਜਪਾ ਵਾਲੇ ਅੰਗਰੇਜ਼ਾਂ ਵਰਗੇ ਨਹੀਂ ਹਨ ਪਰ ਭਾਰਤ ਨੂੰ ਇਕ ਡੋਰ ਨਾਲ ਬੰਨ੍ਹਣ ਵਾਲੀ ਭਾਜਪਾ ਦੀ ਜਿਹੜੀ ਸੋਚ ਹੈ, ਉਹ ਇਸ ਮੁਲਕ ਨੂੰ ਮਨਜ਼ੂਰ ਨਹੀਂ। ਇਸ ਦੇਸ਼ ਵਿਚ ਇਕ ਕਾਨੂੰਨ ਸੱਭ ਉਤੇ ਲਾਗੂ ਨਹੀਂ ਹੋ ਸਕਦਾ। ਇਕ ਧਰਮ, ਇਕ ਭਾਸ਼ਾ, ਸੱਭ ਉਤੇ ਲਾਗੂ ਨਹੀਂ ਹੋ ਸਕਦੇ।

ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆਜ਼ਾਦੀ ਦੀ ਲੜਾਈ ਵਾਸਤੇ ਇਕੱਠੀ ਹੋਈ ਸੀ, ਉਸ ਦੀਆਂ ਉਸ ਵੇਲੇ ਵੀ ਤਕਰੀਬਨ ਇਹੀ ਮੰਗਾਂ ਸਨ ਜੋ ਅੱਜ ਵੀ ਚਲ ਰਹੀਆਂ ਹਨ। ਪਰ ਆਜ਼ਾਦੀ ਤੋਂ ਬਾਅਦ ਸੱਭ ਨੂੰ ਇਕੋ ਸੋਚ ਵਿਚ ਰੰਗਣ ਦੀਆਂ ਕੋਸ਼ਿਸ਼ਾਂ ਨੇ ਭਾਰਤ ਵਿਚ ਨਫ਼ਰਤ ਫੈਲਾ ਦਿਤੀ ਹੈ। ਆਮ ਭਾਰਤੀ, ਧਰਮ ਨਿਰਪੱਖ ਨਹੀਂ ਹੈ, ਉਹ ਜਾਤ-ਪਾਤ ਨੂੰ ਮੰਨਦਾ ਹੈ। ਸਿਆਸਤ ਨੂੰ ਭ੍ਰਿਸ਼ਟ ਕਹਿਣ ਵਾਲੇ ਯਾਦ ਰੱਖਣ ਕਿ ਆਮ ਭਾਰਤੀ ਰੱਬ ਨੂੰ ਵੀ ਰਿਸ਼ਵਤ ਦੇਣ ਦੀ ਹਿੰਮਤ ਰਖਦਾ ਹੈ।

ਇਸੇ ਕਾਰਨ ਆਮ ਭਾਰਤੀ ਨੂੰ ਸੰਸਦ ਤੇ ਮੰਚਾਂ ਤੋਂ ਦਿਤੇ ਜਾਂਦੇ ਨਫ਼ਰਤ ਭਰੇ ਤੇ ਆਪਾ-ਵਿਰੋਧੀ ਭਾਸ਼ਨ ਸੁਣ ਕੇ ਵੀ ਬਹੁਤੀ ਤਕਲੀਫ਼ ਨਹੀਂ ਹੁੰਦੀ ਤੇ ਉਹ ਇਨ੍ਹਾਂ ਭਾਸ਼ਨਾਂ ਨੂੰ ਹੱਸ ਕੇ ਗਵਾ ਦੇਂਦਾ ਹੈ। ਪਰ ਲੋਕਤੰਤਰ ਦੇ ਇਸ ਬਚਪਨੇ ਵਿਚ ਅੱਜ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀ ਪੁਰਾਣੀਆਂ ਗ਼ਲਤੀਆਂ ਨੂੰ ਦੁਹਰਾ ਕੇ ਸਾਰੇ ਭਾਰਤ ਨੂੰ ਇਕ ਸੋਚ ਹੇਠ 'ਯੂਨੀਫ਼ਾਰਮ' ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਸੂਬਿਆਂ ਦੇ ਹੱਕਾਂ ਅਤੇ ਮਸਲਿਆਂ ਨੂੰ ਨਵੇਂ ਢੰਗ ਨਾਲ ਸੁਲਝਾਵਾਂਗੇ? ਭਾਰਤ ਦਾ ਅਸਲ ਵਿਕਾਸ ਹਰ ਸੂਬੇ ਦੇ ਵਿਲੱਖਣ ਵਿਕਾਸ ਵਿਚ ਛੁਪਿਆ ਹੈ, ਨਾਕਿ ਸੂਬਿਆਂ ਵਲੋਂ ਬੇਪ੍ਰਵਾਹ, ਇਕ ਭਾਰਤ ਵਿਚ। -ਨਿਮਰਤ ਕੌਰ