ਭਾਰਤ ਦੇ ਆਜ਼ਾਦੀ ਦਿਵਸ ਤੇ ਦੇਸ਼ ਦੇ ਇਕ ਭਾਗ ਵਿਚ ਆਜ਼ਾਦੀ ਦਾ ਦੀਵਾ ਗੁਲ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਆਜ਼ਾਦੀ ਦਿਵਸ ਕਹਿਣ ਨੂੰ ਤਾਂ ਅਮਨ ਅਮਾਨ ਨਾਲ ਲੰਘ ਗਿਆ ਪਰ ਜਦੋਂ ਭਾਰਤ ਦਾ ਇਕ ਹਿੱਸਾ ਬੰਦੀ ਬਣ ਕੇ ਰੋ ਰਿਹਾ ਹੋਵੇ, ਜਦ ਉਸ ਦੀਆਂ ਆਵਾਜ਼ਾਂ ਨੂੰ ਸਾਡੇ ਤਕ ਪਹੁੰਚਣ ਦੀ....

Jammu Kashmir

ਆਜ਼ਾਦੀ ਦਿਵਸ ਕਹਿਣ ਨੂੰ ਤਾਂ ਅਮਨ ਅਮਾਨ ਨਾਲ ਲੰਘ ਗਿਆ ਪਰ ਜਦੋਂ ਭਾਰਤ ਦਾ ਇਕ ਹਿੱਸਾ ਬੰਦੀ ਬਣ ਕੇ ਰੋ ਰਿਹਾ ਹੋਵੇ, ਜਦ ਉਸ ਦੀਆਂ ਆਵਾਜ਼ਾਂ ਨੂੰ ਸਾਡੇ ਤਕ ਪਹੁੰਚਣ ਦੀ ਇਜਾਜ਼ਤ ਨਾ ਹੋਵੇ, ਜਦ ਉਨ੍ਹਾਂ ਦੀ ਈਦ ਅਪਣੀ ਹੀ ਸਰਕਾਰ ਦੀ ਬੰਦੂਕ ਹੇਠ ਉਦਾਸੀ ਵਿਚ ਲੰਘੀ ਹੋਵੇ ਤਾਂ ਕਾਹਦਾ ਅਮਨ ਅਮਾਨ? ਭਾਰਤ ਦਾ ਝੰਡਾ ਲਹਿਰਾਇਆ ਗਿਆ, ਵੱਡੇ ਸੁਪਨੇ ਵੇਖੇ ਵਿਖਾਏ ਗਏ। ਪੰਜ ਟ੍ਰਿਲੀਅਨ ਡਾਲਰ ਦੀ ਭਾਰਤੀ ਅਰਥ ਵਿਵਸਥਾ, ਆਧੁਨਿਕ ਭਾਰਤ, 21ਵੀਂ ਸਦੀ ਦਾ ਭਾਰਤ, ਨਵਾਂ ਭਾਰਤ, ਨਵੀਂ ਸੋਚ ਦੀਆਂ ਗੱਲਾਂ ਸੁਣੀਆਂ ਪਰ ਫਿਰ ਵੀ ਵਾਰ ਵਾਰ ਇੰਦਰਾ ਗਾਂਧੀ ਦੀ ਯਾਦ ਆਉਂਦੀ ਰਹੀ। ਅੱਜ ਦੇ ਹਾਲਾਤ ਨੂੰ ਸਮਝ ਕੇ ਇੰਜ ਜਾਪਦਾ ਹੈ ਕਿ ਇੰਦਰਾ ਦਾ ਰੂਪ ਹੋਰ ਵੀ ਸਿਆਣਾ ਰੂਪ ਧਾਰ ਕੇ ਅਪਣੀ ਸੋਚ ਨੂੰ ਲਾਗੂ ਕਰ ਰਿਹਾ ਹੈ।

ਭਾਰਤੀ ਮੀਡੀਆ ਤਾਂ ਵਾਦੀ ਦੀਆਂ ਬੜੀਆਂ ਹਸੀਨ ਤਸਵੀਰਾਂ ਵਿਖਾ ਰਿਹਾ ਹੈ ਪਰ ਜੋ ਤਸਵੀਰਾਂ ਕੁੱਝ ਕੌਮਾਂਤਰੀ ਮੀਡੀਆ ਵਿਚ ਵਿਖਾਈਆਂ ਜਾ ਰਹੀਆਂ ਹਨ, ਉਹ ਕੁੱਝ ਹੋਰ ਹੀ ਸੱਚ ਬਿਆਨ ਕਰ ਰਹੀਆਂ ਹਨ। ਇਕ ਜਣੇਪੇ ਦੀ ਪੀੜ 'ਚੋਂ ਲੰਘ ਰਹੀ ਔਰਤ ਦੀ ਦਾਸਤਾਨ ਸੁਣੀ ਜਿੱਥੇ ਉਹ ਕਈ ਘੰਟੇ ਸੀ.ਆਰ.ਪੀ.ਐਫ਼. ਕੋਲੋਂ ਮਦਦ ਮੰਗਦੀ ਰਹੀ। ਨਾ ਮਦਦ ਮਿਲੀ, ਨਾ ਐਂਬੂਲੈਂਸ। ਪੈਦਲ ਦਰਦ ਵਿਚ ਤੜਪਦੀ ਨੇ ਹਸਪਤਾਲ ਤੋਂ 500 ਮੀਟਰ ਦੂਰ ਬੱਚੇ ਨੂੰ ਜਨਮ ਦਿਤਾ। 17 ਸਾਲ ਦਾ ਇਕ ਨੌਜੁਆਨ ਇਕ ਛੋਟਾ ਬੱਚਾ ਸੀ.ਆਰ.ਪੀ.ਐਫ਼. ਦੀ ਪੈਲੇਟ ਗੰਨ ਦੇ ਛਰ੍ਹੇ ਲੱਗਣ ਕਰ ਕੇ ਅੰਨ੍ਹਾ ਹੋ ਗਿਆ। ਈਦ ਵਾਲੇ ਦਿਨ ਬੀ.ਬੀ.ਸੀ. ਵਲੋਂ ਇਕ ਰੋਸ ਪ੍ਰਦਰਸ਼ਨ ਕਰਦੇ ਲੋਕਾਂ ਦੀ ਭੀੜ ਵਿਖਾਈ ਗਈ ਜੋ ਕਿ ਸੀ.ਆਰ.ਪੀ.ਐਫ਼. ਦੀਆਂ ਗੋਲੀਆਂ ਸਾਹਮਣੇ ਤਿੱਤਰ-ਬਿੱਤਰ ਹੋ ਗਈ। ਕਸ਼ਮੀਰ ਵਿਚ ਇਕ ਸੰਨਾਟਾ ਹੈ ਜੋ ਜਾਂ ਤਾਂ ਕਿਸੇ ਤੂਫ਼ਾਨ ਤੋਂ ਪਹਿਲਾਂ ਆਉਂਦਾ ਹੈ ਜਾਂ ਕਿਸੇ ਘੱਲੂਘਾਰੇ ਤੋਂ ਪਹਿਲਾਂ।

ਮੀਡੀਆ ਨੂੰ ਰੀਪੋਰਟ ਕਰਨ ਦੀ ਆਜ਼ਾਦੀ ਨਹੀਂ, ਇਕ ਪੱਤਰਕਾਰ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨੌਜੁਆਨਾਂ ਨੂੰ ਵੀ ਨਜ਼ਰਬੰਦ ਕੀਤਾ ਜਾ ਰਿਹਾ ਹੈ। ਸਿਆਸਤ ਤਾਂ ਬੰਦ ਹੀ ਹੈ। ਮਹਿਬੂਬਾ ਮੁਫ਼ਤੀ ਦੀ ਬੇਟੀ ਨੇ ਵਾਦੀ ਤੋਂ ਅਮਿਤ ਸ਼ਾਹ ਨੂੰ ਚਿੱਠੀ ਭੇਜੀ ਹੈ ਅਤੇ ਆਖਿਆ ਹੈ ਕਿ ਕਸ਼ਮੀਰੀਆਂ ਨੂੰ ਜਾਨਵਰਾਂ ਵਾਂਗ ਪਿੰਜਰੇ ਵਿਚ ਬੰਦ ਕੀਤਾ ਹੋਇਆ ਹੈ। ਕਸ਼ਮੀਰ ਨਾਲ ਜੋ ਹੋਇਆ ਹੈ, ਉਸ ਦਾ ਅਸਰ ਅਸੀ ਨਾਗਾਲੈਂਡ ਅਤੇ ਮਣੀਪੁਰ ਵਿਚ ਵੇਖ ਰਹੇ ਹਾਂ ਜਿੱਥੇ ਉਨ੍ਹਾਂ ਨੇ ਅਪਣੇ ਸੂਬੇ ਦੇ ਆਜ਼ਾਦੀ ਦਿਵਸ ਨੂੰ ਭਾਰਤ ਦੀ ਆਜ਼ਾਦੀ ਨਾਲੋਂ ਵੱਖ ਕਰ ਕੇ ਮਨਾਇਆ ਹੈ। ਨਾਗਾਲੈਂਡ ਨੇ ਅਪਣਾ ਆਜ਼ਾਦੀ ਦਿਵਸ 14 ਅਗੱਸਤ ਨੂੰ ਭਾਰਤ ਦਾ ਝੰਡਾ ਲਹਿਰਾਉਣ ਦੀ ਰੀਤ ਛੱਡ ਕੇ ਸਿਰਫ਼ ਅਪਣਾ ਝੰਡਾ ਹੀ ਲਹਿਰਾਇਆ। ਹੁਣ ਕੀ ਇਨ੍ਹਾਂ ਸੂਬਿਆਂ ਉਤੇ ਵੀ ਗਵਰਨਰੀ ਰਾਜ ਲਾਗੂ ਹੋ ਜਾਵੇਗਾ?

1975 ਵਿਚ ਜਦੋਂ ਇੰਦਰਾ ਨੇ ਐਮਰਜੈਂਸੀ ਲਾਈ ਸੀ ਤਾਂ ਅੱਜ ਦੇ ਕਈ ਆਗੂ ਉਸ ਦਾ ਵਿਰੋਧ ਕਰਨ ਸਦਕਾ ਜੇਲਾਂ ਵਿਚ ਗਏ ਸਨ। ਦੇਸ਼ ਦੇ 140,000 ਬੰਦੀਆਂ 'ਚੋਂ ਤਕਰੀਬਨ 40 ਹਜ਼ਾਰ ਪੰਜਾਬ ਦੇ ਹੀ ਸਨ। ਅਕਾਲੀ ਦਲ ਦੇ ਵਲੰਟੀਅਰ ਸਨ, ਆਰ.ਐਸ.ਐਸ. ਦੇ ਵੀ ਸਨ। ਪਰ ਅੱਜ ਉਹੀ ਲੋਕ ਕਸ਼ਮੀਰ ਉਤੇ ਇੰਦਰਾ ਗਾਂਧੀ ਦਾ ਨਵਾਂ ਰੂਪ ਧਾਰ ਕੇ ਸਾਹਮਣੇ ਆ ਰਹੇ ਹਨ। ਪੰਜਾਬ ਦਾ ਅਕਾਲੀ ਦਲ ਤਾਂ ਹੁਣ ਇਕ ਪ੍ਰਵਾਰ ਦੀ ਪਾਰਟੀ ਹੈ ਜੋ ਸਿਰਫ਼ ਅਪਣੇ ਬਾਰੇ ਸੋਚਦਾ ਹੈ। ਹਾਂ, ਅੱਜ ਦੀ ਸਿਆਸਤ ਇੰਦਰਾ ਗਾਂਧੀ ਤੋਂ ਕਿਤੇ ਸ਼ਾਤਰ ਹੈ, ਵਿਰੋਧੀ ਨੂੰ ਖ਼ਤਮ ਕਰ ਦਿਤਾ, ਮੁਸਲਮਾਨਾਂ ਨੂੰ ਦੇਸ਼ ਦਾ ਦੁਸ਼ਮਣ ਬਣਾ ਦਿਤਾ ਅਤੇ ਕਸ਼ਮੀਰ ਨੂੰ ਨਿਹੱਥਾ ਕਰ ਦਿਤਾ। ਇਸ ਦਾ ਆਉਣ ਵਾਲੇ ਸਮੇਂ ਵਿਚ ਕੀ ਅਸਰ ਹੋਵੇਗਾ? ਕੀ ਇਕ ਉਦਾਸ ਤੇ ਬਿਮਾਰ ਸੂਬਾ ਭਾਰਤ ਦੀ ਸ਼ਾਨ ਬਣ ਸਕਦਾ ਹੈ? ਇਧਰ ਫ਼ਿਰਕੂ ਮਨਚਲੇ ਮਸਖ਼ਰੀਆਂ ਕਰ ਰਹੇ ਹਨ ਕਿ ਅੱਗੇ ਕਸ਼ਮੀਰੀ ਸੁੰਦਰ ਕੁੜੀਆਂ ਦੇ ਵਿਆਹ ਭਾਰਤ ਵਿਚ ਨਹੀਂ ਸਨ ਹੋ ਸਕਦੇ, ਹੁਣ ਉਨ੍ਹਾਂ ਨੂੰ ਇਥੇ ਲੈ ਆਵਾਂਗੇ।

ਭਾਰਤ ਕਦੇ ਅਮਨ ਅਮਾਨ ਨਾਲ ਇਕ ਦੇਸ਼ ਨਹੀਂ ਸੀ ਬਣਿਆ। ਇਕ ਬਣਨ ਵਾਸਤੇ ਜਾਂ ਤਾਂ ਅਕਬਰ ਦੀ ਸਹਿਣਸ਼ੀਲਤਾ ਕੰਮ ਆਈ ਜਾਂ ਅੰਗਰੇਜ਼ਾਂ ਦੀ ਗ਼ੁਲਾਮੀ। ਅੱਜ ਕਿਹੜਾ ਦੌਰ ਸ਼ੁਰੂ ਹੋ ਰਿਹਾ ਹੈ? ਕੀ ਅਸੀ ਅਪਣੀ ਵਖਰੀ ਪਛਾਣ ਬਰਕਰਾਰ ਰੱਖ ਕੇ ਇਕ ਸੰਵਿਧਾਨ ਵਿਚ ਨਰੜੇ ਜਾ ਰਹੇ ਹਾਂ ਜਾਂ ਸਾਡੀ ਸਿਆਸਤ ਬਹੁਤ ਹਨੇਰੇ ਰਸਤੇ ਉਤੇ ਚਲ ਪਈ ਹੈ? ਕਸ਼ਮੀਰ ਦੀ ਕੁਰਲਾਹਟ ਨੂੰ ਨਾ ਸੁਣਨ ਵਾਲੇ ਯਾਦ ਰੱਖਣ ਕਿ ਕਲ ਨੂੰ ਇਹ ਸੱਭ ਕਿਸੇ ਨਾਲ ਵੀ ਹੋ ਸਕਦਾ ਹੈ। ਤਾਕਤ ਦੇ ਸਹਾਰੇ, ਬੋਧੀਆਂ ਨੂੰ ਭਾਰਤ ਤੋਂ ਬਾਹਰ ਕੱਢ ਦੇਣ ਵਾਲਿਆਂ ਨੂੰ 2000 ਸਾਲ ਦੀ ਗ਼ੁਲਾਮੀ ਦੀ ਜ਼ਿੱਲਤ ਵੀ ਸਹਿਣੀ ਪਈ ਸੀ। -ਨਿਮਰਤ ਕੌਰ