ਸਿਆਸੀ ਦੁਰਵਰਤੋਂ ਸਦਕਾ ਪੁਲਿਸ ਦੀ ਹਨੇਰੀ ਰਾਤ ਵਿਚ ਚਾਂਦਨੀ ਰਹਿ ਹੀ ਨਹੀਂ ਗਈ ਸ਼ਾਇਦ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਚੋਣ ਕਮਿਸ਼ਨ ਨੇ ਇਨ੍ਹਾਂ ਨਫ਼ਰਤ ਭਰੇ ਭਾਸ਼ਣਾਂ ਵਿਰੁਧ ਕਦਮ ਚੁਕਿਆ।

Sumedh Singh Saini

ਜਦ ਪੁਲਿਸ ਹੀ ਅਪਣੇ ਹੱਥ ਪਿੱਛੇ ਖਿਚ ਲਵੇ ਤਾਂ ਕਾਨੂੰਨ ਦੇ ਲੰਮੇ ਹੱਥ ਅਪਰਾਧੀ ਨੂੰ ਕਿਵੇਂ ਫੜ ਸਕਦੇ ਹਨ? ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਇਕ ਵਾਰ ਫਿਰ ਅਪਣੀ ਵਰਦੀ ਨੂੰ ਆਪ ਹੀ ਦਾਗ਼ਦਾਰ ਕਰਨ ਵਿਚ ਜੁਟੀ ਹੋਈ ਹੈ। ਪੰਜਾਬ ਪੁਲਿਸ ਨੂੰ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਅੱਜ ਉਹ ਦੇਸ਼ ਭਰ ਵਿਚ ਛੇ ਟੀਮਾਂ ਲੈ ਕੇ ਸੈਣੀ ਨੂੰ ਲਭਦੀ ਲਭਦੀ ਹਾਰ ਗਈ ਹੈ। ਲੱਭਣ ਦੇ ਯਤਨ ਤਾਂ ਅਦਾਲਤ ਦੇ ਕਹਿਣ ਤੇ ਕਰਨੇ ਹੀ ਪੈਣੇ ਸੀ ਪਰ ਇਸ ਦੀ ਅਸਲੀਅਤ ਉਦੋਂ ਪ੍ਰਗਟ ਹੋ ਗਈ ਜਦ ਸੁਮੇਧ ਸੈਣੀ ਨੂੰ 'ਗ਼ਾਇਬ' ਹੋਏ ਕਈ ਦਿਨ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਪੁਛਗਿਛ ਹਫ਼ਤੇ ਦੀ ਦੇਰੀ ਬਾਅਦ ਹੁੰਦੀ ਹੈ।

ਪੰਜਾਬ ਪੁਲਿਸ ਵਾਸਤੇ ਅਪਣੇ ਇਕ ਸਾਬਕਾ ਮੁਖੀ ਨੂੰ ਹਿਰਾਸਤ ਵਿਚ ਲੈਣਾ ਮੁਸ਼ਕਲ ਹੁੰਦਾ ਹੋਵੇਗਾ ਤੇ ਨਾਲ ਹੀ ਅਪਣੇ ਰਾਜ਼ ਖੁਲ੍ਹਣ ਦਾ ਡਰ ਵੀ ਰੋਕਦਾ ਹੋਵੇਗਾ ਪਰ ਜਿਥੇ ਦਾਗ਼ੀ ਰੋਲ ਦੀ ਗੱਲ ਆਉਂਦੀ ਹੈ, ਦਿੱਲੀ ਪੁਲਿਸ ਵੀ ਹਮੇਸ਼ਾ ਦੋ ਕਦਮ ਅੱਗੇ ਹੀ ਰਹੀ ਹੈ। 1984 ਵਰਗੀ ਨਸਲਕੁਸ਼ੀ ਵਿਚ ਦਿੱਲੀ ਪੁਲਿਸ ਦਾ ਕਿਰਦਾਰ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਲਿਆਂਦਾ ਗਿਆ ਜਿਸ ਕਾਰਨ ਉਸ ਨੂੰ ਦੋ ਕਦਮ ਹੋਰ ਅੱਗੇ ਨਿਕਲਣ ਦਾ ਹੌਸਲਾ ਮਿਲ ਗਿਆ ਹੈ। 24 ਫ਼ਰਵਰੀ ਦੇ ਦਿੱਲੀ ਦੰਗਿਆਂ ਦੇ ਪਿਛੇ ਦਾ ਪੂਰਾ ਸੱਚ ਸਾਹਮਣੇ ਲਿਆਉਣਾ ਦਿੱਲੀ ਪੁਲਿਸ ਦਾ ਕੰਮ ਨਹੀਂ ਸੀ ਕਿਉਂਕਿ ਇਨ੍ਹਾਂ ਦੰਗਿਆਂ ਵਿਚ ਪਹਿਲਾ ਵਾਰ ਕਰਨ ਵਾਲਾ ਮੁਸਲਮਾਨ ਵਰਗ ਨਹੀਂ ਸੀ।

ਜਾਮਿਆ ਮਿਲੀਆ 'ਵਰਸਿਟੀ, ਜਵਾਹਰ ਲਾਲ 'ਵਰਸਿਟੀ, ਸ਼ਾਹੀਨ ਬਾਗ਼ ਦੇ ਹਮਲੇ ਵਿਚ ਆਮ ਲੋਕਾਂ ਨਾਲੋਂ ਜ਼ਿਆਦਾ ਸਵਾਲ ਦਿੱਲੀ ਪੁਲਿਸ ਦੇ ਕਿਰਦਾਰ ਉਤੇ ਚੁੱਕੇ ਗਏ ਸਨ। ਲਾਇਬ੍ਰੇਰੀ ਵਿਚ ਵੜ ਕੇ ਵਿਦਿਆਰਥੀਆਂ ਨੂੰ ਮਾਰਨਾ, ਸ਼ਾਂਤਮਈ ਮਾਰਚ ਉਤੇ ਲਾਠੀਚਾਰਜ ਕਰਨਾ, ਯੂਨੀਵਰਸਟੀਆਂ ਵਿਚ ਬਿਨਾਂ ਇਜਾਜ਼ਤ ਵੜਨਾ, ਲੋਕਾਂ ਨੂੰ ਮਾਰ-ਮਾਰ ਅਧਮੋਇਆ ਕਰ ਕੇ ਉਨ੍ਹਾਂ ਤੋਂ ਜਬਰੀ ਨਾਹਰੇ ਲਗਵਾਉਣ ਤਕ ਦਿੱਲੀ ਪੁਲਿਸ ਚਲੀ ਗਈ ਸੀ। ਉਨ੍ਹਾਂ ਭਾਜਪਾ ਦੇ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਨੂੰ ਨਫ਼ਰਤ ਉਗਲਣ ਸਮੇਂ ਪੂਰੀ ਸੁਰੱਖਿਆ ਦਿਤੀ। ਜੇ ਦਿੱਲੀ ਦੇ ਕੁੱਝ ਕ੍ਰਾਂਤੀਕਾਰੀ ਨਾਗਰਿਕ ਮਾਮਲਾ ਅਦਾਲਤ ਵਿਚ ਨਾ ਲੈ ਕੇ ਜਾਂਦੇ ਤਾਂ ਦੰਗਾ ਪੀੜਤਾਂ ਵਾਸਤੇ ਦਿੱਲੀ ਪੁਲਿਸ ਹਸਪਤਾਲ ਦੇ ਰਸਤੇ ਵੀ ਖੁਲ੍ਹਵਾਉਣਾ ਨਹੀਂ ਚਾਹੁੰਦੀ ਸੀ।

ਚੋਣ ਕਮਿਸ਼ਨ ਨੇ ਇਨ੍ਹਾਂ ਨਫ਼ਰਤ ਭਰੇ ਭਾਸ਼ਣਾਂ ਵਿਰੁਧ ਕਦਮ ਚੁਕਿਆ। ਚੋਣਾਂ ਹਾਰਨ ਤੋਂ ਬਾਅਦ ਭਾਜਪਾ ਦੇ ਮਨੋਜ ਤਿਵਾੜੀ ਮੰਨਣ ਲਈ ਮਜਬੂਰ ਹੋ ਗਏ ਕਿ ਇਨ੍ਹਾਂ ਆਗੂਆਂ ਦੀ ਨਫ਼ਰਤ ਉਨ੍ਹਾਂ ਦੀ ਹਾਰ ਦਾ ਕਾਰਨ ਬਣੀ ਸੀ ਤੇ ਉਨ੍ਹਾਂ ਆਖਿਆ ਕਿ ਜਿਹੜੇ ਲੋਕ ਨਫ਼ਰਤ ਉਗਲਦੇ ਹਨ, ਉਨ੍ਹਾਂ ਨੂੰ ਲੋਕਤੰਤਰ ਵਿਚ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਮਿਲਣਾ ਚਾਹੀਦਾ। ਪਰ ਦਿੱਲੀ ਪੁਲਿਸ ਨੂੰ ਸਿਰਫ਼ ਇਕ ਧਰਮ ਦੇ ਲੋਕ ਅਪਰਾਧੀ ਨਜ਼ਰ ਆਉਂਦੇ ਹਨ ਜਾਂ ਉਹ ਲੋਕ ਅਪਰਾਧੀ ਜਾਪਦੇ ਹਨ ਜੋ ਸਰਕਾਰ ਅੱਗੇ ਔਖੇ ਸਵਾਲ ਖੜੇ ਕਰਦੇ ਹਨ।

ਉਮਰ ਖ਼ਾਲਿਦ ਨੂੰ ਜਿਸ ਭਾਸ਼ਣ ਵਾਸਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਿਰਫ਼ ਪੂਰੇ ਭਾਸ਼ਣ ਦਾ ਇਕ ਟੁਕੜਾ ਹੈ ਜੋ ਭਾਜਪਾ ਦੇ ਮੀਡੀਆ ਆਗੂ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਹੈ। ਉਸ ਵਿਚ ਖ਼ਾਲਿਦ ਵਲੋਂ ਡੋਨਾਲਡ ਟਰੰਪ ਦੇ ਭਾਰਤ ਆਉਣ ਤੇ ਸੜਕਾਂ ਉਤੇ ਉਤਰ ਕੇ ਅਪਣਾ ਸੀ.ਏ.ਏ. ਪ੍ਰਤੀ ਵਿਰੋਧ ਵਿਖਾਉਣ ਵਾਸਤੇ ਆਖਿਆ ਜਾਂਦਾ ਹੈ ਤੇ ਇਸ ਤੋਂ ਮਗਰੋਂ ਦੇ ਸ਼ਬਦ ਨਾ ਮਾਲਵੀਆ ਤੇ ਨਾ ਦਿੱਲੀ ਪੁਲਿਸ ਨੇ ਹੀ ਸੁਣੇ। ਖ਼ਾਲਿਦ ਨੇ ਅੱਗੇ ਕਿਹਾ ਕਿ ''ਸੜਕ ਤੇ ਆ ਕੇ ਮਹਾਤਮਾ ਗਾਂਧੀ ਦੇ ਅਸੂਲਾਂ ਦੀ ਰਾਖੀ ਕਰੋ। ਹਿੰਸਾ ਵਿਰੁਧ ਦਿਲ ਵਿਚ ਅਹਿੰਸਾ ਰੱਖ ਕੇ ਨਫ਼ਰਤ ਦਾ ਪਿਆਰ ਨਾਲ ਜਵਾਬ ਦੇਵਾਂਗੇ।

ਜੇ ਉਹ ਡੰਡੇ ਵਰ੍ਹਾਉਣਗੇ  ਤਾਂ ਅਸੀ ਤਿਰੰਗਾ ਚੁਕਾਂਗੇ।'' ਦਿੱਲੀ ਪੁਲਿਸ ਦੇ ਕੇਸ ਵਿਚ ਕਈ ਕਮਜ਼ੋਰੀਆਂ ਹਨ ਪਰ ਤਾਕਤ ਸਿਰਫ਼ ਇਕ ਹੀ ਹੈ ਅਰਥਾਤ ਪੁਲਿਸ ਦੀ ਜੋ ਅੱਜ ਵੀ ਸਿਆਸਤਦਾਨਾਂ ਦੀ ਗ਼ੁਲਾਮ ਹੈ। ਸਰਕਾਰਾਂ ਬਣਦੀਆਂ ਹਨ, ਕਾਂਗਰਸ, ਭਾਜਪਾ, ਭਾਈਵਾਲ, ਸੂਬਾ ਪਾਰਟੀਆਂ ਅਕਾਲੀ ਦਲ, ਜੇ.ਡੀ.ਯੂ., ਤ੍ਰਿਣਮੂਲ ਕਾਂਗਰਸ ਦੀਆਂ ਪਰ ਜਦ ਤਕ ਪੁਲਿਸ ਉਤੋਂ ਸਿਆਸੀ ਲੋਕਾਂ ਦਾ ਦਬਾਅ ਨਹੀਂ ਹਟਦਾ, ਜਨਰਲ ਡਾਇਰ ਵਾਂਗ ਕਦੇ ਦਿੱਲੀ 1984, ਐਮਰਜੈਂਸੀ 1975, 2001 ਗੁਜਰਾਤ ਤੇ ਕਸ਼ਮੀਰ ਵਿਚ ਪੁਲਸੀ ਜਬਰ ਦਾ ਸਿਲਸਿਲਾ ਖ਼ਤਮ ਨਹੀਂ ਹੋਵੇਗਾ। ਕਿਹੜਾ ਦਿਨ ਜ਼ਿਆਦਾ ਕਾਲਾ ਹੈ, ਇਹ ਚੁਣਨਾ ਹੁਣ ਮੁਸ਼ਕਲ ਹੋਈ ਜਾ ਰਿਹਾ ਹੈ। ਸ਼ਾਇਦ ਇਸ ਰਾਤ ਵਿਚ ਚਾਂਦਨੀ ਰਹੀ ਹੀ ਨਹੀਂ। - ਨਿਮਰਤ ਕੌਰ