ਤਿੰਨ ਕਾਲੇ ਕਾਨੂੰਨਾਂ ਦਾ ਪਹਿਲਾ ਖਰੜਾ ਅਕਾਲੀਆਂ ਨੇ ਹੀ ਤਿਆਰ ਕਰ ਕੇ ਕੇਂਦਰ ਨੂੰ ਦਿਤਾ ਸੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲੀ ਦਲ ਦੇ ਭ੍ਰਿਸ਼ਟਾਚਾਰ ਤੋਂ ਕਈ ਗੁਣਾਂ ਵੱਧ ਨਰਾਜ਼ਗੀ ਬਰਗਾੜੀ ਤੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਕਾਰਨ ਹੈ ਜੋ ਸਿੱਖਾਂ ਦੇ ਮਨ ਵਿਚ ਇਕ ਡੂੰਘੀ ਸੱਟ ਮਾਰ ਚੁੱਕੇ ਹਨ।

Akalis

 

ਜਿਨ੍ਹਾਂ ਖੇਤੀ ਕਾਨੂੰਨਾਂ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਰਾਜਧਾਨੀ ਦੀਆਂ ਸਰਹੱਦਾਂ ਤੇ ਇਕ ਸਾਲ ਤੋਂ ਬੈਠਣ ਲਈ ਮਜਬੂਰ ਕੀਤਾ ਹੋਇਆ ਹੈ, ਨਵਜੋਤ ਸਿੰਘ ਸਿੱਧੂ ਵਲੋਂ ਪ੍ਰਗਟਾਵਾ ਕੀਤਾ ਗਿਆ ਹੈ ਕਿ ਉਹ ਕਾਨੂੰਨ ਤਾਂ ਸੱਭ ਤੋਂ ਪਹਿਲਾਂ ਅਕਾਲੀ ਸਰਕਾਰ ਨੇ ਹੀ ਬਣਾਏ ਸਨ। ਅਕਾਲੀ ਸਰਕਾਰ ਨੇ ਹੀ ਵਿਧਾਨ ਸਭਾ ਵਿਚ 2013 ਵਿਚ ਪੰਜਾਬ ਦੇ ਕੰਰੈਕਟ ਖੇਤੀ ਦੇ ਕਾਗ਼ਜ਼ ਪੇਸ਼ ਕੀਤੇ ਸਨ ਜੋ ਕਿ ਹੁਣ ਦੇ ਤਿੰਨ ਖੇਤੀ ਕਾਨੂੰਨਾਂ ਦੀ ਬੁਨਿਆਦ ਜਾਪਦੇ ਹਨ। 2013 ਵਿਚ ਇਹ ਐਕਟ ਪਾਸ ਨਹੀਂ ਸੀ ਹੋ ਸਕਿਆ ਕਿਉਂਕਿ ਉਸ ਵਕਤ ਕਾਂਗਰਸ ਨੇ ਡੱਟ ਕੇ ਵਿਰੋਧ ਕੀਤਾ ਸੀ। ਪਰ ਇਸ ਵਿਚ ਜੋ ਜੋ ਸ਼ਰਤਾਂ ਸਨ, ਉਹੀ ਕੇਂਦਰ ਦੇ ਖੇਤੀ ਕਾਨੂੰਨਾਂ ਵਿਚ ਹੁਣ ਵੀ ਸ਼ਾਮਲ ਕੀਤੀਆਂ ਗਈਆਂ ਸਨ ਮਤਲਬ ਕਿ ਐਮ.ਐਸ.ਪੀ. ਨਹੀਂ ਦਿਤੀ ਜਾਇਆ ਕਰੇਗੀ, ਕਿਸਾਨ ਅਦਾਲਤ ਵਿਚ ਨਹੀਂ ਜਾ ਸਕਣਗੇ ਅਤੇ ਐਸ.ਡੀ.ਐਮ. ਦਾ ਫ਼ੈਸਲਾ ਅੰਤਮ ਹੋਵੇਗਾ।

ਨਵਜੋਤ ਸਿੰਘ ਸਿੱਧੂ ਨੇ ਨਾ ਸਿਰਫ਼ ਇਨ੍ਹਾਂ ਕਾਨੂੰਨਾਂ ਬਾਰੇ ਬਲਕਿ ਇਨ੍ਹਾਂ ਸਬੰਧੀ ਆਰਡੀਨੈਂਸ ਜਾਰੀ ਹੋਣ ਬਾਅਦ ਅਕਾਲੀ ਦਲ ਦੇ ਇਕ ਹਵਾ ਦੇ ਰੁਖ਼ ਦੱਸਣ ਵਾਲੇ ਟੀਨ ਦੇ ਕੁੱਕੜ ਵਾਂਗ ਅਪਣੇ ਸਟੈਂਡ ਨੂੰ ਬਦਲਣ ਨੂੰ ਦਰਸਾਉਣ ਵਾਲੇ ਕਈ ਤੱਥ ਵੀ ਪੇਸ਼ ਕੀਤੇ। ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਅਕਾਲੀ ਦਲ ਅਸਲ ਵਿਚ ਭਾਜਪਾ ਦੀ ਬੀ ਟੀਮ ਹੈ ਜੋ ਕਿ ਇਨ੍ਹਾਂ ਕਾਨੂੰਨਾਂ ਦੇ ਬਣਨ ਤੇ ਪਾਸ ਹੋਣ ਤੋਂ ਬਾਅਦ ਤੇ ਅੱਜ ਵੀ ਅਪਣੀ ਭਾਈਵਾਲ ਭਾਜਪਾ ਨਾਲ ਹੈ। ਅਨਿਲ ਜੋਸ਼ੀ ਵਰਗੇ ਕਈ ਭਾਜਪਾ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਇਹ ਸਵਾਲ ਤਾਂ ਚੁੱਕੇ ਜਾ ਰਹੇ ਸਨ ਕਿ ਇਹ ਕੋਈ ਚੋਣ ਰਣਨੀਤੀ ਤਾਂ ਨਹੀਂ ਸੀ ਜਿਸ ਨਾਲ ਪੰਜਾਬ ਵਿਚ ਕੇਂਦਰ ਸਰਕਾਰ ਅਪਣੀ ਤਾਕਤ ਇਕ ਟੇਢੇ ਅੰਦਾਜ਼ ਨਾਲ ਬਣਾ ਕੇ ਰੱਖ ਰਹੀ ਹੈ। ਨਵਜੋਤ ਸਿੰਘ ਸਿੱਧੂ ਅਪਣੀ ਗੱਲ ਘੁਮਾ ਕੇ ਕਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਮੁੜ ਤੋਂ ਇਕ ਵਾਰ ਅਪਣਾ ਇਲਜ਼ਾਮ ਸਿੱਧਾ ਸਪਾਟ ਹੋ ਕੇ ਪੇਸ਼ ਕੀਤਾ ਹੈ।

ਇਹ ਸਵਾਲ ਅਕਾਲੀ ਦਲ ਨੂੰ ਇਕ ਬੜੀ ਔਖੀ ਥਾਂ ਲਿਆ ਖੜਾ ਕਰਦੇ ਹਨ ਕਿਉਂਕਿ ਉਨ੍ਹਾਂ ਨਾਲ ਕਿਸਾਨਾਂ ਦੀ ਨਰਾਜ਼ਗੀ ਅਜੇ ਬਰਕਰਾਰ ਹੈ ਤੇ ਅਸਤੀਫ਼ੇ ਤੇ ਮਾਫ਼ੀਆਂ ਮੰਗਣ ਬਾਅਦ ਵੀ ਕਿਸਾਨ ਉਨ੍ਹਾਂ ਦਾ ਵਿਰੋਧ ਛੱਡ ਨਹੀਂ ਰਹੇ। ਪਰ ਅਕਾਲੀ ਦਲ ਵਲੋਂ ਕੇਂਦਰੀ ਕੈਬਨਿਟ ਵਿਚ ਨਿਭਾਏ ਰੋਲ ਦਾ ਪਛਤਾਵਾ ਤੇ ਉਸ ਮਗਰੋਂ ਖੇਤੀ ਕਾਨੂੰਨਾਂ ਵਿਚ ਫਿਰ ਉਨ੍ਹਾਂ ਹੀ ਗੱਲਾਂ ਦਾ ਹੋਣਾ ਦਰਸਾਉਂਦਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ (ਕਾਲੇ ਕਾਨੂੰਨਾਂ) ਦੀ ਵਿਉਂਤਬੰਦੀ ਸੱਭ ਤੋਂ ਪਹਿਲਾਂ ਅਕਾਲੀ ਦਿਮਾਗ਼ਾਂ ਵਿਚ ਹੀ ਕੀਤੀ ਗਈ ਸੀ ਤੇ ਬੀਜੇਪੀ ਨੇ ਤਾਂ ਅਕਾਲੀ ‘ਵਿਦਵਾਨਾਂ’ ਦੇ ਖਰੜੇ ਹੀ ਦਿੱਲੀ ਲਿਜਾ ਕੇ ਵਰਤੇ ਹਨ। ਇਸ ਸੱਭ ਤੋਂ ਵੱਡਾ ਗੁਲਾਹ ਹੈ ਜਿਸ ਵਾਸਤੇ ਪੰਜਾਬ ਉਨ੍ਹਾਂ ਨੂੰ ਮਾਫ਼ ਨਹੀਂ ਕਰ ਸਕੇਗਾ।

ਅਕਾਲੀ ਦਲ ਦੇ ਭ੍ਰਿਸ਼ਟਾਚਾਰ ਤੋਂ ਕਈ ਗੁਣਾਂ ਵੱਧ ਨਰਾਜ਼ਗੀ ਬਰਗਾੜੀ ਤੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਕਾਰਨ ਹੈ ਜੋ ਸਿੱਖਾਂ ਦੇ ਮਨ ਵਿਚ ਇਕ ਡੂੰਘੀ ਸੱਟ ਮਾਰ ਚੁੱਕੇ ਹਨ। ਪਰ ਅੱਜ ਕਿਸਾਨਾਂ ਨੂੰ ਇਹ ਪਤਾ ਚਲ ਜਾਏਗਾ ਕਿ ਜਿਹੜਾ ਕਾਨੂੰਨ ਉਨ੍ਹਾਂ ਨੂੰ ਕਾਰਪੋਰੇਟ ਦਾ ਗ਼ੁਲਾਮ ਬਣਾਉਣਾ ਚਾਹੁੰਦਾ ਹੈ, ਉਹ ਉਨ੍ਹਾਂ ਆਗੂਆਂ ਨੇ ਬਣਾਇਆ ਜਿਨ੍ਹਾਂ ਨੂੰ ਕਿਸਾਨ ਅਪਣੇ ਨਾਲ ਦੇ ਕਿਸਾਨ ਮੰਨਦੇ ਤੇ ਅਪਣੇ ਨੁਮਾਇੰਦਿਆਂ ਵਜੋਂ ਚੁਣਦੇ ਰਹੇ। ਅਕਾਲੀਆਂ ਵਲੋਂ ਹੀ ਕਿਸਾਨਾਂ ਨੂੰ ਮਾਰਨ ਵਾਲੇ ਕਾਨੂੰਨ ਬਣਾਏ ਗਏ ਹਨ ਤਾਂ ਇਹ ਅਕਾਲੀਆਂ ਲਈ ਡੁੱਬ ਮਰਨ ਵਾਲੀ ਗੱਲ ਹੋ ਜਾਏਗੀ।

ਭਾਜਪਾ ਕਾਰਪੋਰੇਟ ਦੀ ਦੋਸਤ ਹੈ ਤੇ ਉਸ ਤੋਂ ਅਪਣੇ ਦੋਸਤਾਂ ਦੀ ਰਾਖੀ ਦੀ ਉਮੀਦ ਰੱਖੀ ਜਾ ਸਕਦੀ ਹੈ, ਪਰ ਜੇ ਅਪਣੇ ਨਾਲ ਦਾ ਕਿਸਾਨ ਆਗੂ ਹੀ ਕਿਸਾਨਾਂ ਦੀ ਤਬਾਹੀ ਦਾ ਕਾਰਨ ਸਾਬਤ ਹੋਵੇਗਾ ਤਾਂ ਇਹ ਸਿੱਖ ਪੰਥਕ ਪਾਰਟੀ ਵਾਸਤੇ ਬੜੀ ਸ਼ਰਮਨਾਕ ਗੱਲ ਹੈ। ਸਿਆਣੇ ਆਖਦੇ ਹਨ ਕਿ ਕਦੇ ਨਾ ਭਰਨ ਵਾਲੇ ਜ਼ਖਮ ਹਮੇਸ਼ਾ ਦਿਲ ਤੇ ਲਗਦੇ ਹਨ ਤੇ ਉਹ ਕਦੇ ਦੁਸ਼ਮਣ ਨਹੀਂ ਲਗਾਉਂਦਾ ਬਲਕਿ ਅਪਣੇ ਹੀ ਲਗਾਉਂਦੇ ਹਨ। ਅਕਾਲੀ ਦਲ ਨੇ ਪੰਜਾਬ ਦੇ ਦਿਲ ਤੇ ਇਕ ਜ਼ਖਮ ਲਗਾ ਦਿਤਾ ਜਾਪਦਾ ਹੈ। ਇਸ ਦੋਸ਼ ਦਾ ਅਕਾਲੀ ਦਲ ਵਲੋਂ ਇਕ ਸਪੱਸ਼ਟ ਜਵਾਬ ਜ਼ਰੂਰ ਦਿਤਾ ਜਾਣਾ ਚਾਹੀਦਾ ਹੈ, ਨਾ ਕਿ ਇਸ ਨੂੰ ਸਿਆਸਤ ਦੇ ਝਮੇਲਿਆਂ ਵਿਚ ਉਲਝਾਉਣ ਦੇ ਤਰੀਕੇ ਬਣਨ ਦੇ ਯਤਨ ਲੱਭਣ ਲੱਗ ਜਾਣਾ ਚਾਹੀਦਾ ਹੈ।

-ਨਿਮਰਤ ਕੌਰ