ਹਿੰਦੁਸਤਾਨ ਹੋਰ ਕੁੱਝ ਵੀ ਬਣ ਜਾਵੇ, ਧਰਮ-ਨਿਰਪੱਖ ਨਹੀਂ ਬਣ ਸਕਦਾ, ਕਾਗ਼ਜ਼ਾਂ ਵਿਚ ਭਾਵੇਂ ਬਣਿਆ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਥੇ ਗਵਰਨਰ ਮੁੱਖ ਮੰਤਰੀ ਨੂੰ ਪੁਛ ਸਕਦਾ ਹੈ ਕਿ ਉਹ ਧਰਮ-ਨਿਰਪੱਖ ਕਿਉਂ ਬਣ ਗਿਆ ਹੈ?

India flag

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ, ਜਿਵੇਂ ਕਿਸੇ ਨੂੰ ਗਾਲ ਕੱਢੀ ਜਾਂਦੀ ਹੈ, ਉਸੇ ਅੰਦਾਜ਼ ਵਿਚ ਪੁਛਿਆ ਗਿਆ ਕਿ ਕਿਹੜੀ ਗੱਲ ਹੋ ਗਈ ਜਿਸ ਕਾਰਨ ਉਹ ਹੁਣ ਧਰਮ-ਨਿਰਪੱਖ ਬਣ ਗਿਆ ਹੈ? ਇਹ ਪੁੱਛਣ ਵਾਲੇ ਹੋਰ ਕੋਈ ਨਹੀਂ, ਗਵਰਨਰ ਸਾਹਿਬ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਨਹੀਂ ਬਲਕਿ ਅਪਣੇ ਪੁਰਾਣੇ ਭਾਈਵਾਲ ਸ਼ਿਵ ਸੈਨਾ ਦੇ ਮੁਖੀ ਨੂੰ ਪੁਛਿਆ ਸੀ ਕਿਉਂਕਿ ਉਹ ਜਦ ਇਕੱਠੇ ਸਨ ਤਾਂ 'ਲਵ ਜਿਹਾਦ' ਬਾਰੇ ਗੱਲਾਂ ਕਰਦੇ ਸਨ

ਪਰ ਅੱਜ ਊਧਵ ਠਾਕਰੇ ਨੇ ਤਨਿਸ਼ਕ ਕੰਪਨੀ ਦੇ ਧਰਮ ਨਿਰਪੱਖ ਤੇ ਅੰਤਰ-ਜਾਤੀ, ਅੰਤਰ-ਧਰਮ ਵਿਆਹਵਾਂ ਨੂੰ ਪ੍ਰਚਾਰਦੇ ਇਸ਼ਤਿਹਾਰ ਨੂੰ ਸਰਾਹਿਆ ਸੀ। ਗੁਜਰਾਤ ਵਿਚ ਤਨਿਸ਼ਕ ਦੀ ਦੁਕਾਨ ਨੂੰ ਘੇਰਿਆ ਗਿਆ ਤੇ ਮੈਨੇਜਰ ਨੂੰ ਇਸ ਇਸ਼ਤਿਹਾਰ ਵਾਸਤੇ ਮਾਫ਼ੀ ਮੰਗਣੀ ਪਈ। ਇਹ ਵਿਵਹਾਰ ਅੱਜ ਦੇ ਸੱਤਾਧਾਰੀਆਂ ਨੂੰ ਪਸੰਦ ਹੈ ਅਤੇ ਸ਼ਾਇਦ ਅੱਧੀ ਤੋਂ ਵੱਧ ਆਬਾਦੀ ਨੂੰ ਵੀ ਸਹੀ ਲਗਦਾ ਹੈ।

ਇਸ਼ਤਿਹਾਰ ਵਿਚ ਇਕ ਹਿੰਦੂ ਨੂੰਹ ਦੀ ਗੋਦ ਭਰਾਈ ਇਕ ਮੁਸਲਮਾਨ ਸੱਸ ਵਲੋਂ ਕੀਤੀ ਜਾਂਦੀ ਹੈ। ਸ਼ੋਰ ਸਿਰਫ਼ ਇਸ ਕਾਰਨ ਮਚਾ ਦਿਤਾ ਗਿਆ ਕਿਉਂਕਿ ਸੱਸ ਆਖਦੀ ਹੈ ਕਿ ਉਹ ਭਾਵੇਂ ਉਸ ਦੀ ਧਾਰਮਕ ਰੀਤ ਨਹੀਂ, ਪਰ ਉਨ੍ਹਾਂ ਦੇ ਪ੍ਰਵਾਰਾਂ ਵਿਚ ਬੇਟੀਆਂ ਦੀਆਂ ਖ਼ੁਸ਼ੀਆਂ ਵਲ ਵੇਖਣਾ ਜ਼ਰੂਰੀ ਹੁੰਦਾ ਹੈ। ਪਰ ਦੇਸ਼ ਇਸ ਇਸ਼ਤਿਹਾਰ ਤੇ ਇਸ ਤਰ੍ਹਾਂ ਵੰਡਿਆ ਗਿਆ ਕਿ ਟਾਟਾ, ਤਨਿਸ਼ਕ ਨੂੰ ਵੀ ਲੋਕਾਂ ਦੇ ਅਕੀਦਿਆਂ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਮੰਗਣੀ ਪਈ ਤੇ ਇਸ਼ਤਿਹਾਰ ਵਾਪਸ ਲੈਣਾ ਪਿਆ।

ਇਕ ਆਮ ਇਨਸਾਨ ਨੂੰ ਇਸ ਇਸ਼ਤਿਹਾਰ ਵਿਚ ਕੁੱਝ ਵੀ ਮਾੜਾ ਨਹੀਂ ਸੀ ਲਗਣਾ। ਧਰਮ ਨਿਰਪੱਖਤਾ ਦੇ ਹਮਾਇਤੀਆਂ ਨੂੰ ਇਸ ਵਿਚੋਂ ਆਪਸੀ ਪਿਆਰ ਹੀ ਦਿਸਣਾ ਸੀ। ਆਜ਼ਾਦ ਸੋਚ ਵਾਲਿਆਂ ਨੂੰ ਇਕ ਮਿਸਾਲ ਵਿਖਾਈ ਦੇਂਦੀ ਜਿਥੇ ਦੋ ਅਲੱਗ ਅਲੱਗ ਧਰਮਾਂ ਦੀਆਂ ਔਰਤਾਂ ਨੇ ਅਪਣੀ ਧਾਰਮਕ ਹੋਂਦ ਬਰਕਰਾਰ ਰਖਦੇ ਹੋਏ ਦੂਜੇ ਦੇ ਧਰਮ ਨੂੰ ਸਤਿਕਾਰ ਦਿਤਾ।

ਆਜ਼ਾਦ ਔਰਤਾਂ ਨੂੰ ਦਿਸਦਾ ਕਿ ਨੂੰਹ-ਸੱਸ ਵਿਚ ਪਿਆਰ ਹੈ। ਇਹ ਵੀ ਦਿਸਦਾ ਕਿ ਦੋਹਾਂ ਨੇ ਅਪਣੀ ਸੋਚ ਨੂੰ ਲੈ ਕੇ ਰੀਤਾਂ, ਪਹਿਰਾਵੇ ਤਕ ਦੀ ਨੂੰਹ 'ਤੇ ਕੋਈ ਬੰਦਿਸ਼ ਨਹੀਂ ਲਗਾਈ। ਪਰ ਕੰਗਨਾ ਰਣੌਤ ਤੇ ਉਸ ਵਰਗੇ ਨਫ਼ਰਤ ਉਗਲਦੇ ਫ਼ਿਰਕੂਆਂ ਨੂੰ ਕੁੱਝ ਹੋਰ ਹੀ ਦਿਸਦਾ ਹੈ। ਉਨ੍ਹਾਂ ਨੂੰ ਹਿੰਦੂ ਧਰਮ ਦਾ ਅਪਮਾਨ ਦਿਸਦਾ ਹੈ ਕਿਉਂਕਿ ਇਕ ਹਿੰਦੂ ਔਰਤ ਇਕ ਘੱਟ ਗਿਣਤੀ ਦੇ ਘਰ ਕਿਵੇਂ ਵਿਆਹੀ ਜਾ ਸਕਦੀ ਹੈ? ਪਰ ਇਸੇ ਤਰ੍ਹਾਂ ਦਾ ਵਿਰੋਧ ਹੋਇਆ ਸੀ ਜਦ ਸਾਨੀਆ ਮਿਰਜ਼ਾ ਦਾ ਵਿਆਹ ਪਾਕਿਸਤਾਨ ਦੇ ਮੁਸਲਿਮ ਖਿਡਾਰੀ ਸੋਹੇਬ ਮਲਿਕ ਨਾਲ ਹੋਇਆ ਸੀ।

ਸੋ ਗੱਲ ਸਿਰਫ਼ ਧਰਮ ਦੀ ਹੀ ਨਹੀਂ ਸਗੋਂ ਔਰਤ ਨੂੰ ਇਕ ਵਸਤੂ ਵਾਂਗ ਸਮਝਣ ਵਾਲਾ ਜਦ ਇਹ ਕਹਿਣ ਲਗਦਾ ਹੈ ਕਿ ਜਦ ਬੇਟੀ ਕਿਸੇ ਦੂਜੇ ਧਰਮ ਜਾਂ ਦੇਸ਼ ਦੇ ਘਰ ਵਿਚ ਵਿਆਹੀ ਜਾਂਦੀ ਹੈ ਤਾਂ ਜੇ ਉਹ ਉਸ ਧਰਮ ਤੇ ਦੇਸ਼ ਨੂੰ ਦੁਸ਼ਮਣ ਮੰਨਦੇ ਹੋਣ ਤਾਂ ਗੱਲ ਹੋਰ ਵੀ ਵਿਗੜ ਜਾਂਦੀ ਹੈ ਤੇ ਇਸ ਨੂੰ ਅਪਣੇ ਧਰਮ,ਅਪਣੀ ਕੌਮ ਦੀ ਹਾਰ ਮੰਨ ਲਿਆ ਜਾਂਦਾ ਹੈ।

ਇਸ ਦੇ ਉਲਟ ਜਦੋਂ ਸਾਡਾ ਕੋਈ ਮੁੰਡਾ 'ਗੋਰੀ' ਵਿਆਹ ਕੇ ਲਿਆਉਂਦਾ ਹੈ ਤਾਂ ਉਹ ਸਾਡੇ ਧਰਮ ਤੇ ਕੌਮ ਦੀ ਜਿੱਤ ਬਣ ਜਾਂਦੀ ਹੈ। ਮੀਡੀਆ ਵਿਚ ਖ਼ਬਰਾਂ ਆ ਜਾਂਦੀਆਂ ਹਨ ਕਿ ਇਕ ਪੰਜਾਬੀ ਮੁੰਡੇ ਨੇ ਗੋਰੀ ਨਾਲ ਵਿਆਹ ਕਰ ਲਿਆ। ਐਨੀ ਖ਼ੁਸ਼ੀ ਹੁੰਦੀ ਹੈ ਕਿ ਇਕ 'ਸੰਸਕਾਰੀ ਪ੍ਰਵਾਰ' ਦੀ ਗੋਰੀ ਨੂੰਹ ਨਾ ਸਿਰ ਢਕਦੀ ਹੈ, ਨਾ ਲੱਤਾਂ ਢਕਦੀ ਹੈ ਪਰ ਘਰ ਦੇ ਮਰਦ ਉਫ਼ ਤਕ ਨਹੀਂ ਕਰਦੇ।

ਆਖ਼ਰ ਗੋਰੀ ਦੇ ਪ੍ਰਵਾਰ ਵਿਚ ਆਉਣ ਨਾਲ ਸਾਡੇ ਧਰਮ ਤੇ ਸਾਡੇ ਹੰਕਾਰ ਨੂੰ ਜਿੱਤ ਹੋ ਗਈ ਲਗਦੀ ਹੈ। ਇਸੇ ਤਰ੍ਹਾਂ ਇਕ ਸਿੱਖ ਧਾਰਮਕ ਆਗੂ ਦਾ ਅਪਣੀ ਬੇਟੀ ਨੂੰ ਕਤਲ ਕਰਨਾ ਤਾਂ ਸਮਾਜ ਨੂੰ ਕਬੂਲ ਸੀ ਪਰ ਮੋਨੇ ਸਿੱਖ ਨਾਲ ਵਿਆਹ ਕਬੂਲ ਨਹੀਂ ਸੀ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਔਰਤ ਨੂੰ ਅਪਣੇ ਪਤੀ ਦਾ ਨਾਂ, ਧਰਮ ਤੇ ਰਹਿਣ ਸਹਿਣ ਅਪਣਾਉਣਾ ਪੈਂਦਾ ਹੈ। ਸੋ ਸਮਾਜਕ ਤੌਰ 'ਤੇ ਜਿੱਤ ਮਰਦ ਦੇ ਧਰਮ ਅਤੇ ਰਹਿਣ ਸਹਿਣ ਦੀ ਹੁੰਦੀ ਹੈ।

ਇਸੇ ਕਰ ਕੇ 'ਲਵ ਜਿਹਾਦ' ਵਿਚ ਹਿੰਦੂ ਮੁੰਡਿਆਂ ਤੇ ਮੁਸਲਮਾਨ ਮੁੰਡਿਆਂ ਵਿਚ ਦੂਜੇ ਧਰਮ ਦੀਆਂ ਕੁੜੀਆਂ ਨੂੰ ਫਸਾ ਲਿਆਉਣ ਦੀ ਦੌੜ ਲੱਗੀ ਹੋਈ ਹੈ। ਸਮਾਜ ਨੇ ਔਰਤ ਨੂੰ ਵਸਤੂ ਬਣਾਇਆ ਹੋਇਆ ਹੈ ਤੇ ਔਰਤ ਹੁਣ ਆਪ ਵੀ ਅਪਣੇ ਆਪ ਨੂੰ ਵਸਤੂ ਹੀ ਸਮਝਦੀ ਹੈ। ਉਹ ਅਪਣੇ ਆਪ ਨੂੰ ਇਨਸਾਨ ਘੱਟ ਅਤੇ ਮਰਦਾਂ ਦੀ ਜ਼ਿੱਦ ਪੂਰੀ ਕਰਨ ਦਾ ਜ਼ਰੀਆ ਵੱਧ ਸਮਝਦੀ ਹੈ।

ਤਨਿਸ਼ਕ ਦੇ ਇਸ਼ਤਿਹਾਰ ਵਿਚ ਇਕ ਹੋਰ ਕਮਜ਼ੋਰੀ ਹੈ ਕਿ ਉਹ ਪਿਆਰ ਨੂੰ ਸੋਨੇ ਨਾਲ ਤੋਲਦਾ ਹੈ। ਜੇ ਨੂੰਹ ਨੂੰ ਪਿਆਰ ਕਰਦੇ ਹੋ ਤਾਂ ਸੋਨੇ ਦੇ ਗਹਿਣੇ ਤੇ ਹਾਰ ਹੀ ਤੁਹਾਡੇ ਪਿਆਰ ਦਾ ਸਬੂਤ ਹਨ ਪਰ ਉਹ ਦੇਖਣ ਵਾਸਤੇ ਸਾਨੂੰ ਅਪਣੀ ਸੋਚ ਵਿਚ ਔਰਤ ਨੂੰ ਬਰਾਬਰੀ ਦੇਣੀ ਪਵੇਗੀ। ਧਰਮ ਵਿਆਹ ਨਾਲ ਨਹੀਂ ਬਦਲੇ ਜਾ ਸਕਦੇ। ਇਹ ਚੋਣ ਔਰਤ ਦੀ ਅਪਣੀ ਹੋਣੀ ਚਾਹੀਦੀ ਹੈ। ਪਿਆਰ/ਸਤਿਕਾਰ ਨੂੰ ਸੋਨੇ ਦੇ ਤਰਾਜ਼ੂ ਵਿਚ ਨਹੀਂ ਤੋਲਿਆ ਜਾ ਸਕਦਾ। ਇਸ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ ਪਰ ਇਹ ਸਮਝਣ ਵਾਸਤੇ ਨਫ਼ਰਤ ਦੀਆਂ ਬੇੜੀਆਂ ਤੋਂ ਪਹਿਲਾਂ ਆਜ਼ਾਦ ਹੋਣਾ ਪਵੇਗਾ। ਹੈ ਮੁਮਕਿਨ?            - ਨਿਮਰਤ ਕੌਰ