ਕਿਸਾਨ ਅੰਦੋਲਨ ਨੂੰ ਬਦਨਾਮੀ ਦਿਵਾਉਣ ਵਾਲੀ ਇਕ ਹੋਰ ਘਟਨਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿਸਾਨ ਆਗੂ ਰਾਜੇਵਾਲ ਨੇ ਬਿਆਨ ਦਿਤਾ ਹੈ ਕਿ ਨਿਹੰਗਾਂ  ਦਾ ਇਹ ਸਮੂਹ ਪਹਿਲੇ ਦਿਨ ਤੋਂ ਹੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ

Farmers Protest

 

ਸਿੰਘੂ ਬਾਰਡਰ ਉਤੇ ਨਿਹੰਗ ਸਿੰਘਾਂ ਵਲੋਂ ਇਕ ਵਿਅਕਤੀ ਦਾ ਤਾਲਿਬਾਨੀ ਅੰਦਾਜ਼ ਵਿਚ ਕਤਲ ਕਰ ਦੇਣ ਨਾਲ, ਨਾ ਸਿਰਫ਼ ਕਿਸਾਨ ਅੰਦੋਲਨ ਕਮਜ਼ੋਰ ਹੋਇਆ ਹੈ ਬਲਕਿ ਸਿੱਖਾਂ ਦਾ ਨਾਂ ਪੂਰੀ ਦੁਨੀਆਂ ਵਿਚ ਇਕ ਵਾਰ ਫਿਰ ‘ਅਤਿਵਾਦ’ ਨਾਲ ਜੋੜ ਦਿਤਾ ਜਾਵੇਗਾ। ਨਿਹੰਗ ਸਿੰਘਾਂ ਦੇ ਬਾਣੇ ਵਿਚ ਸਜੇ ਨਿਹੰਗਾਂ ਵਲੋਂ ਵਾਰ ਵਾਰ ਐਸੇ ਕਾਰੇ ਕੀਤੇ ਜਾਂਦੇ ਹਨ ਜੋ ਸਿੱਖਾਂ ਦੀ ਛਵੀ ਨੂੰ ਖ਼ਰਾਬ ਕਰਦੇ ਹਨ ਪਰ ਇਹ ਕਹਿ ਕੇ ਕਿ ਇਹ ਕੌਮ ਦੀਆਂ ਲਾਡਲੀਆਂ ਫ਼ੌਜਾਂ ਹਨ, ਇਨ੍ਹਾਂ ਵਲੋਂ ਕ੍ਰਿਪਾਨ ਦੀ ਹਰ ਵਰਤੋਂ  ਨੂੰ ਵੇਖ ਕੇ ਅਸੀ ਅਪਣਾ ਮੂੰਹ ਫੇਰ ਲੈਂਦੇ ਹਾਂ।

ਜਦ ਇਸ ਤਰ੍ਹਾਂ ਦਾ ਖ਼ੂਨੀ ਵਾਰ ਕਿਸੇ ਹੋਰ ਇਨਸਾਨ ਉਤੇ ਕੀਤਾ ਜਾਂਦਾ ਹੈ ਤਾਂ ਇਹ ਸਾਡੇ ‘‘ਲਾਡਲਿਆਂ’’ ਦੀ ਨਿਰੀ ਗ਼ਲਤੀ ਹੀ ਨਹੀਂ ਮੰਨੀ ਜਾਵੇਗੀ ਬਲਕਿ ਇਕ ਅਪਰਾਧ ਹੈ ਜੋ ਦੇਸ਼ ਦੇ ਕਾਨੂੰਨ ਅਤੇ ਅਮਨ ਸ਼ਾਂਤੀ ਲਈ ਚੁਣੌਤੀ ਬਣਾ ਕੇ ਪੇਸ਼ ਕਰ ਦਿਤਾ ਜਾਵੇਗਾ। ਕਿਸਾਨ ਆਗੂ ਰਾਜੇਵਾਲ ਨੇ ਬਿਆਨ ਦਿਤਾ ਹੈ ਕਿ ਨਿਹੰਗਾਂ  ਦਾ ਇਹ ਸਮੂਹ ਪਹਿਲੇ ਦਿਨ ਤੋਂ ਹੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਅਤੇ ਉਨ੍ਹਾਂ ਉਤੇ ਦੋਸ਼ ਲਗਾਇਆ ਕਿ ਜਿਸ ਨੌਜੁਆਨ ਦਾ ਕਤਲ ਨਿਹੰਗ ਸਿੰਘਾਂ ਨੇ ਕੀਤਾ ਹੈ, ਉਸ ਦਾ ਜਾਂ ਨਿਹੰਗਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਸੰਯੁਕਤ ਕਿਸਾਨ ਮੋਰਚੇ ਨੂੰ ਅਪਣੇ ਉਤੇ ਪਈ ਜ਼ਿੰਮੇਵਾਰੀ ਪ੍ਰਤੀ ਹੋਰ ਸੁਚੇਤ ਹੋਣਾ ਪਵੇਗਾ। ਅਜ ਜਿਸ ਤਰ੍ਹਾਂ ਕਿਸਾਨ, ਸਰਕਾਰ ਨਾਲ ਲੜ ਰਿਹਾ ਹੈ, ਉਸ ਵਿਚ ਗ਼ਲਤੀ ਦੀ ਕੋਈ ਗੁਜਾਇਸ਼ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ, ਆਮ ਭਾਰਤੀ ਤੋਂ ਥੋੜੀ ਦੂਰ ਹੋ ਗਈ ਹੈ। ਉਹ ਕਿਸਾਨਾਂ ਦੀ ਕਮਜ਼ੋਰੀ ਲਭਦੀ ਫਿਰਦੀ ਹੈ ਤੇ ਉਸ ਨੇ ਕਿਸਾਨਾਂ ਪਿਛੇ ਗੋਦੀ ਮੀਡੀਆ ਨੂੰ ਵੀ ਛਡਿਆ ਹੋਇਆ ਹੈ ਜੋ ਵਾਰ ਵਾਰ ਕਿਸੇ ਨਾ ਕਿਸੇ ਬਹਾਨੇ ਕਿਸਾਨ ਅੰਦੋਲਨ ਨੂੰ ‘ਖ਼ਾਲਿਸਤਾਨੀ ਅੰਦੋਲਨ’ ਕਰਾਰ ਦੇਣ ਦਾ ਮੌਕਾ ਲਭਦੇ ਰਹਿੰਦੇ ਹਨ। 

26 ਜਨਵਰੀ ਨੂੰ ਦੀਪ ਸਿੱਧੂ ਤੇ ਹੋਰਨਾਂ ਦੀ ਕਾਹਲ ਸਦਕਾ ਸੰਘਰਸ਼ ਕੁੱਝ ਠੰਢਾ ਵੀ ਪੈ ਗਿਆ ਸੀ ਭਾਵੇਂ ਉਨ੍ਹਾਂ ਦੀ ਨੀਅਤ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜ ਵੀ ਨਿਹੰਗਾਂ ਦੀ ਨੀਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣ ਦੀ ਸੀ ਪਰ ਇਕ ਸਾਲ ਤੋਂ ਸੜਕਾਂ ਉਤੇ ਬੈਠੇ ਉਹ ਅਪਣਾ ਆਪਾ ਗਵਾ ਬੈਠੇ ਹਨ ਤੇ ਤਾਲਿਬਾਨੀ ਹਰਕਤ ਕਰ ਬੈਠੇ। ਇਹ ਜ਼ਿੰਮੇਵਾਰੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਲੈਣੀ ਪੈੈਣੀ ਹੈ ਕਿ ਉਹ ਅਜਿਹਾ ਸਮਾਂ ਆਉਣ ਤੋਂ ਪਹਿਲਾਂ ਹੀ ਤਿਆਰ ਰਹਿਣ। ਘਟਨਾ ਹੋਣ ਤੋਂ ਬਾਅਦ ਬਿਆਨ ਦੇਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।

ਅਜ ਦੇਸ਼ ਭਰ ਦਾ ਮੀਡੀਆ ਤੇ ਸੋਸ਼ਲ ਮੀਡੀਆ ਇਸ ਕਾਰਨਾਮੇ ਦੀ ਵੀਡੀਉ ਨਾਲ ਭਰੇ ਹੋਏ ਹਨ ਤੇ ਕਿਸਾਨੀ ਸੰਘਰਸ਼ ਅਜ ਫਿਰ ‘ਅਤਿਵਾਦੀ’ ਤੇ ‘ਖ਼ਾਲਿਸਤਾਨੀ’ ਕਰਾਰ ਦਿਤਾ ਜਾ ਰਿਹਾ ਹੈ! ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ ਜੋ ਆਖੇਗਾ ਕਿ ਇਕ ਸਾਲ ਤੋਂ ਕਿਸਾਨ ਕਠੋਰ ਮੌਸਮ ਵਿਚ ਸੜਕਾਂ ਉਤੇ ਦਿਨ ਰਾਤ ਕੱਟ ਰਹੇ ਹਨ ਅਤੇ ਅਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਹਨ। ਕੋਈ ਨਹੀਂ ਸਮਝੇਗਾ ਕਿ ਸੜਕਾਂ ਉਤੇ ਬੈਠੇ ਕਿਸਾਨਾਂ ਉਤੇ ਪਿਛਲੇ ਸਾਲ ਵਿਚ ਇਸ ਸੰਘਰਸ਼ ਨੂੰ ਚਲਾਉਣ ਦੀ ਕੋਸ਼ਿਸ਼ ਕਰਦਿਆਂ ਹੋਰ ਕਰਜ਼ ਚੜ੍ਹ ਗਿਆ ਹੈ ਤੇ 700 ਕਿਸਾਨਾਂ ਦੀ ਮੌਤ ਦਾ ਮਾਤਮ ਵੀ ਕੋਈ ਨਹੀਂ ਮਨਾਉਂਦਾ ਦਿੱਸੇਗਾ।

ਇਹ ਸਾਰੇ ਨਿਹੰਗ ਸਿੰਘਾਂ ਦੇ ਕਾਰੇ ਦੀਆਂ ਤਸਵੀਰਾਂ ਸਾਂਝੀਆਂ ਕਰਨ ਵਿਚ ਹੀ ਰੁੱਝ ਜਾਣਗੇ ਤੇ ਘਟਨਾ ਨੂੰ ਕਿਸਾਨੀ ਅੰਦੋਲਨ ਤੇ ਸਿੱਖਾਂ ਦੇ ਸੁਭਾਅ ਨਾਲ ਜੋੜਨ ਵਿਚ ਹੀ ਲੱਗ ਜਾਣਗੇ। ਇਸ ਸਾਰੇ ਮਾਮਲੇ ਵਿਚ ਇਕ ਹੋਰ ਖ਼ਤਰਨਾਕ ਗੱਲ ਜੋ ਨਜ਼ਰ ਆਈ ਤੇ ਜਿਸ ਨੂੰ ਕਾਬੂ ਕਰਨ ਦੀ ਲੋੜ ਹੈ, ਉਹ ਇਹ ਸੀ ਕਿ ਇਸ ਕਾਰਨਾਮੇ ਨੂੰ ਅੰਜਾਮ ਦਿਤੇ ਜਾਣ ਵਕਤ ਇਕ ਵੀ ਆਵਾਜ਼ ਇਸ ਨੂੰ ਰੋਕਣ ਵਾਸਤੇ ਉਠਦੀ ਨਾ ਸੁਣੀ ਗਈ। ਬੀਬੀਆਂ ਨੂੰ ਅਸੀ ਕੋਮਲ ਹਿਰਦੇ ਵਾਲੀਆਂ ਮੰਨਦੇ ਹਾਂ ਪਰ ਉਹ ਵੀ ਇਸ ਕਾਰਨਾਮੇ ਦੇ ਸਮਰਥਨ ਵਿਚ ‘ਜੈਕਾਰੇ’ ਲਗਾਉਂਦੀਆਂ ਨਜ਼ਰ ਆਈਆਂ।

ਸੋਸ਼ਲ ਮੀਡੀਆ ਉਤੇ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਵਲੋਂ ਇਸ ਕਾਰਨਾਮੇ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਗਈ ਤੇ ਇਹ ਸਾਡੇ ਅਪਣੇ ਅਕਸ ਲਈ ਵੀ ਦੁਖਦਾਈ ਹੈ ਕਿਉਂਕਿ ਇਹ ਸਾਡੀ ਕੌਮ ਤੇ ਸਾਡੇ ਸੂਬੇ ਦੀ ਫ਼ਿਤਰਤ ਨੂੰ ਪੇਸ਼ ਨਹੀਂ ਕਰਦੀ। ਪਰ ਸਰਕਾਰਾਂ ਦੇ ਜ਼ੁਲਮ ਤੇ ਅਪਣਿਆਂ ਦੇ ਦਿਤੇ ਜ਼ਖ਼ਮ ਬਰਦਾਸ਼ਤ ਕਰਦੇ-ਕਰਦੇ ਇਹ ਬੁਹਤ ਦਲੇਰ ਅਤੇ ਦਿਆਲੂ ਲੋਕ ਵੀ ਕਠੋਰ ਚਿਤ ਬਣ ਗਏ ਹਨ ਸ਼ਾਇਦ। 1984 ਦੇ ਘਲੂਘਾਰੇ ਤੇ ਉਸ ਤੋਂ ਪਹਿਲਾਂ ਤੇ ਬਾਅਦ ਦੇ ਕਈ ਸਾਲਾਂ ਦੀ ਲੜਾਈ, ਦਿੱਲੀ ਨਸਲਕੁਸ਼ੀ

ਬਰਗਾੜੀ ਤੇ ਬਹਿਬਲ ਕਲਾਂ ਕਾਂਡ ਵਿਚ ਕਾਫ਼ੀ ਲੰਮੇ ਸਮੇਂ ਤੋਂ ਸਿੱਖ ਕੌਮ ਨੂੰ ਨਿਆਂ ਨਾ ਮਿਲਣ ਕਰ ਕੇ, ਸ਼ਾਇਦ ਨਿਹੰਗ ਸਿੰਘਾਂ ਨੇ ਇਹ ਮਾਮਲਾ ਅਪਣੇ ਹੱਥ ਵਿਚ ਲੈ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਏ ਉਸ ਨੌਜੁਆਨ ਨੂੰ ਕਤਲ ਕਰ ਦਿਤਾ। ਬੜਾ ਔਖਾ ਸਮਾਂ ਹੈ, ਜਿਥੇ ਕਿਸਾਨ ਅੰਦੋਲਨ ਵਿਚ ਸੰਘਰਸ਼ ਕਰਨ ਵਾਲੇ ਕਿਸਾਨ ਅਪਣੇ ਪੁਰਾਣੇ ਜ਼ਖ਼ਮਾਂ ਨੂੰ ਵੀ ਨਾਲ ਲੈ ਕੇ ਚਲ ਰਹੇ ਹਨ। ਇਸ ਮਾਮਲੇ ਦਾ ਨੁਕਸਾਨ ਝਲਣਾ ਪਵੇਗਾ ਪਰ ਜੇ ਸਾਰੇ ਸ਼ਾਂਤ ਰਹਿ ਕੇ ਅਤੇ ਏਕਤਾ ਵਿਚ ਪੰਹੁਚ ਕੇ ਚਲਣਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ।     -ਨਿਮਰਤ ਕੌਰ