ਕਿਸਾਨ ਦੇਸ਼ ਵਿਚ ਅਪਣੀ ਫ਼ਸਲ ਜਿਥੇ ਮਰਜ਼ੀ ਵੇਚੇ ਪਰ ਕੀ ਰਾਜਸਥਾਨ ਦੇ ਕਿਸਾਨ ਅਪਣੀ ਭੁੱਕੀ,ਡੋਡਿਆਂ ਦੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਆਉਣ ਵਾਲੇ ਸਮੇਂ ਵਿਚ ਕਿਸਾਨ ਫ਼ੇਲ੍ਹ ਹੋ ਗਏ ਤਾਂ ਉਹ ਵੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਜਾਣਗੇ।

Farmers Protest

ਮੁਹਾਲੀ: ਪੰਜਾਬ ਦੇ ਮੁੱਦੇ ਚੁੱਕਣ ਵਾਲੇ ਸੰਘਰਸ਼ੀ ਕਿਸਾਨਾਂ ਨੂੰ ਬੇਝਿਜਕ ਹੋ ਕੇ ਇਹ ਮੁੱਦਾ ਵੀ ਚੁਕਣਾ ਚਾਹੀਦਾ ਹੈ ਕਿ ਦੂਜੀਆਂ ਸਟੇਟਾਂ ਤੋਂ ਪੰਜਾਬ ਵਿਚ ਭੁੱਕੀ ਆਵੇ, ਉਨ੍ਹਾਂ ਸੂਬਿਆਂ ਦੀ ਫ਼ਸਲ ਇਥੇ ਵਿਕੇ ਤੇ ਪੰਜਾਬ ਦਾ ਕਿਸਾਨ ਵੀ ਇਸ ਦੀ ਖੇਤੀ ਕਰ ਸਕੇ। ਪੋਸਤ ਕਿਸਾਨ ਦੀ ਪੈਦਾ ਕੀਤੀ ਹੋਈ ਫ਼ਸਲ ਹੈ ਪਰ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦੀ ਮਾੜੀ ਕਿਸਮਤ, ਇਨ੍ਹਾਂ ਦੇ ਘਟੀਆ ਕਾਨੂੰਨਾਂ ਕਰ ਕੇ, ਇਹ ਵਿਚਾਰਾ ਇਸ ਨੂੰ ਖਾ ਵੀ ਨਹੀਂ ਸਕਦਾ। ਕੀ ਖਾ ਰਹੇ ਹਨ, ਪੰਜਾਬ ਵਿਚ ਲੋਕ? ਤਿੰਨ ਹਜ਼ਾਰ ਰੁਪਏ ਕਿੱਲੋ ਨਕਲੀ ਜ਼ਹਿਰੀਲੀ ਭੁੱਕੀ! ਕਈ ਲੋਕ ਇਹ ਵੀ ਨਹੀਂ ਖਾ ਸਕਦੇ, ਫਿਰ ਉਹ ਘਟੀਆ ਗੋਲੀਆਂ ਘੋਲ ਘੋਲ ਕੇ ਅਪਣੇ ਆਪ ਨੂੰ ਟੀਕੇ ਲਗਾ ਕੇ ਮਰੀ ਜਾ ਰਹੇ ਹਨ। ਉਹ ਵੀ ਸਾਡੇ ਪੁੱਤਰ ਹਨ।

 

ਜੇ ਸਰਕਾਰਾਂ ਕਿਸਾਨਾਂ ਦੇ ਹੱਕ ਵਿਚ ਹੁੰਦੀਆਂ ਤਾਂ ਪੰਜਾਬ ਵਿਚ ਪੋਸਤ ਦੀ ਫ਼ਸਲ ਕਰਵਾਉਂਦੀਆਂ। ਇਹ ਬੀਜਣ ਲਈ ਸਰਕਾਰ ਕਿਸਾਨਾਂ ਤੋਂ, ਚਾਹੇ ਜਿੰਨੇ ਮਰਜ਼ੀ ਪੈਸੇ ਪ੍ਰਤੀ ਏਕੜ ਲੈ ਲੈਂਦੀ। ਅੱਜ ਪੰਜਾਬ ਦਾ ਪਾਣੀ ਥੱਲੇ ਚਲਾ ਗਿਆ ਹੈ। ਪੋਸਤ ਦੀ ਫ਼ਸਲ ਨਾਲ ਸਾਡਾ ਝੋਨੇ ਦਾ ਰਕਬਾ ਘਟਦਾ। ਪੁਲਿਸ ਨੂੰ ਨਸ਼ਿਆਂ ਦੇ ਮੁਕੱਦਮੇ ਨਾ ਬਣਾਉਣੇ ਪੈਂਦੇ। ਇਹ ਨਸ਼ਿਆਂ ਦੇ ਮੁਕੱਦਮੇ ਸਾਡੀਆਂ ਅਦਾਲਤਾਂ ਦਾ ਸਮਾਂ ਬਰਬਾਦ ਕਰ ਰਹੇ ਹਨ। ਜੇਕਰ ਪੋਸਤ ਦੀ ਫ਼ਸਲ ਪੰਜਾਬ ਵਿਚ ਹੋਵੇ ਤਾਂ ਇਹ 300 ਰੁਪਏ ਕਿਲੋ ਸ਼ੁੱਧ ਮਿਲੇਗੀ। ਨਾ ਇਹ ਸਾਡੀ ਸਿਹਤ ਦਾ ਨੁਕਸਾਨ ਕਰੇਗੀ, ਨਾ ਸਾਡੀ ਮਾਲੀ ਹਾਲਤ ਦਾ। ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਨਸ਼ੇ ਮਾੜੇ ਹਨ, ਦੂਜੇ ਪਾਸੇ ਸੈਂਕੜੇ ਕਰੋੜ ਦੀ ਅਫ਼ੀਮ ਖ਼ਰੀਦ ਕੇ ਦਵਾਈਆਂ ਵਿਚ ਪਾ ਰਹੀ ਹੈ।

ਸਾਡੇ ਬਜ਼ੁਰਗ ਪਹਿਲਾਂ ਵੀ ਅਫ਼ੀਮ ਖਾਂਦੇ ਸਨ। ਅੱਜ ਸਾਡੇ ਬਜ਼ੁਰਗ ਜੋ ਸਰਕਾਰਾਂ ਵਲੋਂ ਦਿਤੇ ਮਾਨਸਿਕ ਤਣਾਅ ਨਾਲ ਜੂਝ ਰਹੇ ਹਨ, ਜੇ ਉਹ ਅਪਣੀ ਪੈਦਾ ਕੀਤੀ ਬਿਨਾਂ ਮਿਲਾਵਟ ਵਾਲੀ ਅਫ਼ੀਮ ਖਾ ਲੈਣਗੇ ਤਾਂ ਕੀ ਗੁਨਾਹ ਕਰ ਲੈਣਗੇ? ਜੇਕਰ ਕੋਈ ਚੀਜ਼ ਤੁਸੀ ਲੋੜ ਤੋਂ ਵੱਧ ਖਾਉਗੇ ਤਾਂ ਤੁਹਾਡਾ ਨੁਕਸਾਨ ਤਾਂ ਹੋਵੇਗਾ ਹੀ। ਜੇਕਰ ਤੁਸੀ ਲੋੜੋਂ ਵੱਧ ਰੋਟੀ ਵੀ ਖਾਂਦੇ ਹੋ ਤਾਂ ਉਹ ਵੀ ਤੁਹਾਡਾ ਜਾਨੀ ਨੁਕਸਾਨ ਕਰ ਸਕਦੀ ਹੈ। ਇਕ ਬੱਸ ਡਰਾਈਵਰ ਨੂੰ ਬਿਨਾਂ ਮਿਲਾਵਟ ਭੁੱਕੀ ਖੁਆਉ, ਦੂਜੇ ਡਰਾਈਵਰ ਨੂੰ ਸ਼ਰਾਬ ਦੀ ਬੋਤਲ ਪਿਆ ਦਿਉ ਤੇ ਦੋਹਾਂ ਨੂੰ 150 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਕਹਿ ਦਿਉ।

ਸੋਚੋ ਕੌਣ ਠੀਕ ਪਹੁੰਚੇਗਾ? ਕਿਸਾਨਾਂ ਦਾ ਗੰਨਾ, ਕਿਸਾਨਾਂ ਦਾ ਗੁੜ ਜਿਸ ਤੋਂ ਸ਼ਰਾਬ ਬਣਦੀ ਹੈ, ਕਿੰਨੀ ਮਾੜੀ ਕਿਸਮਤ ਕਿ ਪੰਜਾਬੀ ਕਿਸਾਨ ਅਪਣੀ ਸ਼ਰਾਬ ਬਣਾ ਕੇ ਨਹੀਂ ਪੀ ਸਕਦਾ। ਉਸ ਨੂੰ ਘਟੀਆ ਕਿਸਮ ਦੀ ਦੇਸੀ ਸ਼ਰਾਬ ਜਾਂ ਮਹਿੰਗੀ ਸ਼ਰਾਬ ਮਜਬੂਰਨ ਪੀਣੀ ਪੈ ਰਹੀ ਹੈ। ਵਿਚਾਰਾ ਕਿਸਾਨ ਮਿਹਨਤ ਕਰ ਕੇ ਖ਼ਰਚ ਕਰ ਕੇ ਆਲੂ ਉਗਾਉਂਦਾ ਹੈ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰ ਕੇ ਕਿਸਾਨ ਦਾ ਆਲੂ 80 ਰੁਪਏ ਦੀ ਬੋਰੀ ਤੇ ਵਪਾਰੀ ਇਕ ਆਲੂ ਤੋਂ ਚਿਪਸ ਬਣਾ ਕੇ 20 ਰੁਪਏ ਦਾ ਪੈਕੇਟ ਵੇਚ ਜਾਂਦਾ ਹੈ। ਜਿੰਨੇ ਰੁਪਏ ਕਿਲੋ ਡੰਗਰਾਂ ਨੂੰ ਪਾਉਣ ਵਾਲੀ ਖਲ ਹੈ, ਉਨੇ ਰੁਪਏ ਕਿਲੋ ਉਸ ਦਾ ਦੁਧ ਵਿਕਦਾ ਹੈ। ਦੁਧ ਦਾ ਰੇਟ ਇਸ ਤੋਂ ਵੀ ਘੱਟ ਹੈ। ਜਿੰਨੀ ਸਟੋਰਾਂ, ਗੋਦਾਮਾਂ ਵਿਚ ਕਣਕ ਭਿੱਜ ਜਾਂਦੀ ਹੈ, ਸੜ ਜਾਂਦੀ ਹੈ, ਭਾਵ ਖ਼ਰਾਬ ਹੋ ਜਾਂਦੀ ਹੈ, ਸਾਰੀ ਦੀ ਸਾਰੀ ਫ਼ੀਡ ਫ਼ੈਕਟਰੀਆਂ ਵਿਚ ਆ ਕੇ ਫਿਰ ਮਹਿੰਗੀ ਹੋ ਕੇ ਕਿਸਾਨਾਂ ਲਈ ਫ਼ੀਡ ਬਣਾ ਕੇ ਵੇਚੀ ਜਾਂਦੀ ਹੈ।

ਕਿਸਾਨਾਂ ਦੇ ਪਸ਼ੂਆਂ ਨਾਲ ਵੀ ਸਰਕਾਰਾਂ ਧੋਖਾ ਕਰ ਜਾਂਦੀਆਂ ਹਨ। ਅੱਜ ਸਰਕਾਰਾਂ ਬਣਾਉਣ ਵਾਲੇ ਕਿਸਾਨਾਂ ਨੂੰ ਸਰਕਾਰਾਂ ਨੇ ਖ਼ਤਮ ਕਰ ਦਿਤਾ ਹੈ। ਅੱਡੀਆਂ ਚੁੱਕ-ਚੁੱਕ ਕੇ ਕਿਸਾਨਾਂ ਦੇ ਗੁਮਰਾਹ ਹੋਏ ਪੁੱਤਰ ਜੋ ਲੀਡਰਾਂ ਦੇ ਜ਼ਿੰਦਾਬਾਦ ਦੇ ਨਾਹਰੇ ਲਗਾਉਂਦੇ ਸਨ, ਅੱਜ ਉਹ ਨੌਜੁਆਨ ਤੇ ਮਜ਼ਦੂਰ ਇਨ੍ਹਾਂ ਲੀਡਰਾਂ ਦਾ ਪਿੱਟ ਸਿਆਪਾ ਕਰ ਰਹੇ ਹਨ। ਸਾਡੇ ਬੱਚੇ ਬੇਰੁਜ਼ਗਾਰ ਹਨ। ਦਸ-ਦਸ ਲੱਖ ਲਗਾ ਕੇ ਮਾਪਿਆਂ ਨੇ ਪੜ੍ਹਾਈਆਂ ਧੀਆਂ, ਅੱਜ ਪੈਂਤੀ-ਪੈਂਤੀ ਸੌ ਰੁਪਏ ਵਿਚ ਦੁਕਾਨਾਂ ਤੇ ਨੌਕਰੀ ਕਰ ਰਹੀਆਂ ਹਨ।

ਅੱਜ ਦਾ ਕਿਸਾਨ ਰੱਬ ਦੀ ਮਾਰ, ਜੋ ਫ਼ਸਲ ਤੇ ਪੈਂਦੀ ਹੈ, ਭਾਵੇਂ ਮੀਂਹ ਜਾਂ ਗੜੇ ਪੈਣ, ਉਹ ਝੱਲ ਰਿਹਾ ਹੈ, ਤੇਲ ਦੇ ਦੁਗਣੇ ਰੇਟ ਦੇ ਰਿਹਾ ਹੈ। ਲੀਡਰਾਂ ਦੇ ਬਣਾਏ ਘਟੀਆ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ, ਪੂਰੀ ਤਰ੍ਹਾਂ ਸਰਕਾਰਾਂ ਨੇ ਗ਼ੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਯਾਦ ਰਖਿਉ ਜਿਸ ਦਿਨ ਕਿਸਾਨ ਬਰਬਾਦ ਹੋਇਆ, ਕੁੱਝ ਵੀ ਨਹੀਂ ਬਚੇਗਾ। ਅੱਜ ਸ਼ਹਿਰੀ ਭਰਾ ਕਿਸਾਨਾਂ ਦਾ ਘੱਟ ਸਾਥ ਦੇ ਰਹੇ ਹਨ। ਆਉਣ ਵਾਲੇ ਸਮੇਂ ਵਿਚ ਕਿਸਾਨ ਫ਼ੇਲ੍ਹ ਹੋ ਗਏ ਤਾਂ ਉਹ ਵੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਜਾਣਗੇ।
                                                                                               ਭੁਪਿੰਦਰ ਸਿੰਘ ਬਾਠ, ਸੰਪਰਕ : 94176-82002