‘ਅਕਾਲੀ ਦਲ (ਬਾਦਲ)’ ਦੀ ਸ਼ਤਾਬਦੀ ਰੈਲੀ, ਉਨ੍ਹਾਂ ਦੀ ਵੋਟਾਂ ਲਈ ਭੁੱਖ ਤੇ ਕਾਬਜ਼ ਲੀਡਰਾਂ ਦੇ......
ਟਕਸਾਲੀ ਅਕਾਲੀ ਆਗੂ ਗ਼ਾਇਬ ਸਨ ਜਿਨ੍ਹਾਂ ਨੂੰ ਅੱਜ ਅਸੀ ਅਕਾਲੀ ਦਲ (ਢੀਂਡਸਾ) ਕਰ ਕੇ ਜਾਣਦੇ ਹਾਂ ਤੇ ਇਸ ਸਟੇਜ ਤੇ ਬੈਠਿਆਂ ਨੂੰ ‘ਬਾਦਲ ਅਕਾਲੀ’ ਕਰ ਕੇ ਹੀ ਪਛਾਣਦੇ ਹਾਂ
ਸ਼੍ਰੋਮਣੀ ਅਕਾਲੀ ਦਲ ਦੀ 100ਵੇਂ ਵਰੇ੍ਹਗੰਢ ਤੇ ਅਸੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਚ ਤੋਂ ਚੋਣਾਂ ਵਿਚ ਵੋਟਾਂ ਫਿਰ ਤੋਂ ਉਨ੍ਹਾਂ ਦੇ ‘ਬਾਦਲ ਦਲ’ ਨੂੰ ਦੇਣ ਦੀ ਅਪੀਲ ਕਰਦਿਆਂ, ਲੋਕਾਂ ਨਾਲ ਕਈ ਨਵੇਂ ਵਾਅਦੇ ਕਰਦਿਆਂ ਤੇ ਅਪਣੇ ਪ੍ਰਵਾਰ ਦੀਆਂ ਕੁਰਬਾਨੀਆਂ ਗਿਣਾਉਂਦੇ ਸੁਣਿਆ। ਜਦ ਉਹ ਅਪਣੀ ਪਾਰਟੀ ਤੇ ਪ੍ਰਵਾਰ ਦੇ ਯੋਗਦਾਨ ਬਾਰੇ ਦਸ ਰਹੇ ਸਨ ਤਾਂ ਇਹੀ ਸੁਨੇਹਾ ਆਇਆ ਕਿ ਇਹ ਉਸ ਪਾਰਟੀ ਦੀ ਗੱਲ ਕਰ ਰਹੇ ਸਨ ਜਿਸ ਵਿਚ ਬੀਤੇ ਵਿਚ ਅਜਿਹੇ ਮਹਾਨ ਸਿੱਖ ਆਗੂ ਵੀ ਹੋਏ ਸਨ ਜਿਨ੍ਹਾਂ ਨੂੰ ਅਪਣੇ ਮੂੰਹੋਂ ਕਦੇ ਅਪਣੀ ਸਿਫ਼ਤ ਕਰਨ ਦੀ ਲੋੜ ਨਹੀਂ ਸੀ ਪੈਂਦੀ।
ਇਸ ਮੰਚ ਤੋਂ ਉਹ ਟਕਸਾਲੀ ਅਕਾਲੀ ਆਗੂ ਗ਼ਾਇਬ ਸਨ ਜਿਨ੍ਹਾਂ ਨੂੰ ਅੱਜ ਅਸੀ ਅਕਾਲੀ ਦਲ (ਢੀਂਡਸਾ) ਕਰ ਕੇ ਜਾਣਦੇ ਹਾਂ ਤੇ ਇਸ ਸਟੇਜ ਤੇ ਬੈਠਿਆਂ ਨੂੰ ‘ਬਾਦਲ ਅਕਾਲੀ’ ਕਰ ਕੇ ਹੀ ਪਛਾਣਦੇ ਹਾਂ। ਸ਼੍ਰੋਮਣੀ ਅਕਾਲੀ ਦਲ ਤਾਂ ਕਦੋਂ ਦਾ ਖ਼ਤਮ ਹੋ ਚੁੱਕਾ ਹੈ। ਅਕਾਲੀ ਦਲ ਦੀ ਛਵੀ ਅੱਜ ਉਹ ਨਹੀਂ ਰਹੀ ਜੋ ਪੰਜਾਬੀ ਸੂਬਾ ਬਣਨ (1966) ਤੋਂ ਪਹਿਲਾਂ ਹੁੰਦੀ ਸੀ। ਅੱਜ ਤੁਸੀਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋ ਜਾਂ ਸੰਯੁਕਤ ਅਕਾਲੀ ਦਲ ਦੀ, ਇਨ੍ਹਾਂ ਦੀ ਪਛਾਣ ਉਨ੍ਹਾਂ ਪਿਤਾਵਾਂ ਨਾਲ ਜੁੜੀ ਹੋਈ ਹੈ ਜੋ ਪੁੱਤਰ ਮੋਹ ਵਿਚ ਅਕਾਲੀ ਦਲ ਦੇ ਮਕਸਦ ਤੋਂ ਹੀ ਭਟਕ ਗਏ ਤੇ ਹੁਣ ਵੱਖ ਵੱਖ ਹੋ ਕੇ ਕੁਰਸੀਆਂ ਪਿਛੇ ਕਦੇ ਭਾਜਪਾ ਦੇ ਪਿੱਛੇ ਤੇ ਕਦੇ ਬਸਪਾ ਦੇ ਪਿਛੇ ਦੌੜਦੇ ਦਿਸਦੇ ਹਨ।
100 ਸਾਲਾਂ ਵਿਚ ਅਕਾਲੀ ਦਲ ਨੇ ਕੀ ਖਟਿਆ? ਇਕ ਸਮਾਂ ਸੀ ਕਿ ਅਕਾਲੀ ਆਗੂਆਂ ਦਾ ਨਾਂ ਸੁਣ ਕੇ ਦਿੱਲੀ ਕੰਬਣ ਲਗਦੀ ਸੀ ਤੇ ਉਨ੍ਹਾਂ ਨੂੰ ਨਾਲ ਰਖਣ ਦਾ ਯਤਨ ਕਰਦੀ ਸੀ। ਪਰ ਅੱਜ ਦੇ ਅਕਾਲੀ ਲੀਡਰ ਦਿੱਲੀ ਦੇ ਪੈਰਾਂ ਤੇ ਡਿੱਗੇ ਹੋਏ ਦਿਸਦੇ ਹਨ। ਢੀਂਡਸਾ ਗਰੁਪ ਤਾਂ ਬਾਦਲ ਦਲ ਤੋਂ ਅਲੱਗ ਹੋ ਕੇ ਅਪਣੀ ਹੋਂਦ ਬਣਾਈ ਰੱਖਣ ਲਈ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਸਹਾਰਾ ਲਭਦਾ ਫਿਰਦਾ ਹੈ ਤੇ ਬਾਦਲ ਦਲ ਹਰ ਉਸ ਗਰੁੱਪ ਦੇ ਪੈਰੀਂ ਪੈਣ ਨੂੰ ਤਿਆਰ ਹੈ ਜੋ ਉਨ੍ਹਾਂ ਨੂੰ ਸੱਤਾ ਦੀ ਕੁਰਸੀ ਦਿਵਾ ਦੇਵੇ। ਅੱਜ ਅਕਾਲੀ ਦਲ ਵਿਚ ਇਕ ਵੀ ਅਜਿਹਾ ਆਗੂ ਨਹੀਂ ਜੋ ਕਿਸੇ ਨਵੀਨ ਪਟਨਾਇਕ ਤੇ ਮਮਤਾ ਬੈਨਰਜੀ ਵਾਂਗ ਦਿੱਲੀ ਨੂੰ ਚੁਨੌਤੀ ਦੇ ਸਕੇ।
ਸਿੱਖਾਂ ਦੀ ਤਾਕਤ ਤੇ ਪੰਜਾਬੀਅਤ ਦੀ ਤਾਕਤ ਦੀ ਪ੍ਰਦਰਸ਼ਨੀ ਪੰਜਾਬ ਦੇ ਕਿਸਾਨਾਂ ਨੇ ਕੀਤੀ ਤੇ ਦਿੱਲੀ ਫ਼ਤਿਹ ਕਰ ਕੇ ਆਏ। ਹੁਣ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ‘ਕਾਲੇ ਕਾਨੂੰਨਾਂ’ ਨੂੰ ਰੱਦ ਕਰਨ ਪਿੱਛੇ ਅਪਣੇ ਪ੍ਰਵਾਰ ਦੇ ਜੀਆਂ ਦੀਆਂ ਦੋ ਵੋਟਾਂ ਗਿਣਵਾ ਰਹੇ ਸਨ ਪਰ ਉਹ ਭੁਲ ਗਏ ਕਿ ਉਸ ਆਰਡੀਨੈਂਸ ਨੂੰ ਬਣਾਉਣ ਵਾਲੀ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਸ਼ਾਮਲ ਸਨ। ਕਾਲੇ ਕਾਨੂੰਨਾਂ ਦੀ ਸਿਫ਼ਤ ਕਰਨ ਵਿਚ ਪ੍ਰਕਾਸ਼ ਸਿੰਘ ਬਾਦਲ ਵੀ ਅੱਗੇ ਆਏ ਸਨ ਤੇ ਉਹ ਕਿਸਾਨੀ ਸੰਘਰਸ਼ ਦੀ ਤਾਕਤ ਸੀ ਜਿਸ ਨੇ ਬੀਬੀ ਬਾਦਲ ਨੂੰ ਕੇਂਦਰੀ ਕੁਰਸੀ ਤਿਆਗਣ ਵਾਸਤੇ ਮਜਬੂਰ ਕੀਤਾ, ਨਹੀਂ ਤਾਂ ਉਨ੍ਹਾਂ ਨੇ ਤਾਂ ਕਾਨੂੰਨਾਂ ਦਾ ਸਮਰਥਨ ਹੀ ਕਰਦੇ ਰਹਿਣਾ ਸੀ।
ਸ਼ਾਇਦ ਅੱਜ ਵੀ ਜੇ ਦਿਲ ਦੀ ਗੱਲ ਪੁਛੀ ਜਾਵੇ ਤਾਂ ਉਹ ਵੀ ਪ੍ਰਧਾਨ ਮੰਤਰੀ ਵਾਂਗ ਹੀ ਆਖਣਗੇ ਕਿ ਗ਼ਲਤੀ ਕਿਸਾਨਾਂ ਨੂੰ ਸਮਝਾਉਣ ਵਿਚ ਹੋਈ ਜਾਂ ਕਿਸਾਨ ਕਾਨੂੰਨਾਂ ਨੂੰ ਸਮਝ ਹੀ ਨਹੀਂ ਸਕੇ। ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਤੇ ਇਹ ਵੀ ਆਖਿਆ ਕਿ ਇਹ ਸੱਭ ਪੂਰੀ ਤਰ੍ਹਾਂ ਲਾਗੂ ਹੋ ਕੇ ਰਹਿਣਗੇ। ਪਰ ਉਨ੍ਹਾਂ ਇਹ ਨਾ ਦਸਿਆ ਕਿ ਜਦ ਉਹ ਤਾਕਤ ਵਿਚ ਸਨ, ਜਦ ਉਨ੍ਹਾਂ ਦੀ ਭਾਈਵਾਲੀ ਕੇਂਦਰ ਨਾਲ ਬਣੀ ਹੋਈ ਸੀ ਤਾਂ ਉਨ੍ਹਾਂ ਪੰਜਾਬ ਦੀ ਆਰਥਕਤਾ ਨੂੰ ਸੱਭ ਤੋਂ ਵੱਡੀ ਸੱਟ ਕਿਉਂ ਲੱਗਣ ਦਿਤੀ?
ਬੱਦੀ ਵਿਚ ਉਦਯੋਗ ਦਾ ਖ਼ਾਸ ਖੇਤਰ ਬਣਾਉਣ ਦਾ ਕੰਮ ਉਸ ਵੇਲੇ ਹੋਇਆ ਜਦ ਬਾਦਲ ਸਾਹਿਬ ਚੰਡੀਗੜ੍ਹ ਵਿਖੇ ਤੇ ਸੁਖਬੀਰ ਦਿੱਲੀ ਵਿਚ ਕੇਂਦਰੀ ਮੰਤਰੀ ਸੀ। ਇਸ ਦਾ ਖ਼ਮਿਆਜ਼ਾ ਅੱਜ ਤਕ ਪੰਜਾਬ ਭੁਗਤ ਰਿਹਾ ਹੈ। ਨਾ ਦਿੱਲੀ ਤੋਂ ਪੰਜਾਬ ਦੀ ਰਾਜਧਾਨੀ ਦਿਵਾ ਸਕੇ, ਨਾ ਪਾਣੀਆਂ ਨੂੰ ਬਚਾ ਸਕੇ, ਨਾ ਗੁਰਦਵਾਰਾ ਚੋਣਾਂ ਹੀ ਕੇਂਦਰ ਕੋਲੋਂ ਵਾਪਸ ਲੈ ਸਕੇ। ਅੱਜ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਦੇ ਕਰੀਬੀ ਸਾਥੀ ਭਾਜਪਾ ਵਿਚ ਸ਼ਾਮਲ ਹੋ ਕੇ ਸਿੱਖ ਮਸਲੇ ਸੁਲਝਾਉਣ ਦਾ ਦਾਈਆ ਬੰਨ੍ਹਦੇ ਫਿਰਦੇ ਹਨ ਕਿਉਂਕਿ ਅਕਾਲੀ ਦਲ (ਬਾਦਲ) ਨੇ ਕਦੇ ਸਿੱਖ ਅਤੇ ਪੰਜਾਬ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ।
ਅੱਜ ਦੇ ਅਕਾਲੀ ਲੀਡਰਾਂ ਉਤੇ ਗੋਲਕ ਚੋਰੀ, ਨਸ਼ਾ, ਸ਼ਰਾਬ ਮਾਫ਼ੀਆ ਦੇ ਇਲਜ਼ਾਮ ਲਗਦੇ ਹਨ। ਅੱਜ ਦੇ ਅਕਾਲੀ ਯੁਵਾ ਕੇਡਰ ਨੂੰ ਕਈ ਤਰ੍ਹਾਂ ਦੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਤਾਂ ਦਰਦ ਹੁੰਦਾ ਹੈ ਕਿਉਂਕਿ ਕਲ ਦੇ ਸਿੱਖ ਫ਼ਲਸਫ਼ੇ ਦੇ ਰਾਖੇ ਵੀ ਤਾਂ ਇਨ੍ਹਾ ਨੇ ਹੀ ਬਣਨਾ ਸੀ। ਅਕਾਲੀ ਰਾਜ ਵਿਚ ਸੂਬਾ ਕਰਜ਼ੇ ਵਿਚ ਅਜਿਹਾ ਡੁਬਿਆ ਤੇ ਅਜਿਹੀ ਮਾਰ ਪਈ ਕਿ ਹਰ ਪੰਜਾਬੀ ਮੁਫ਼ਤ ਦਾਲ, ਆਟੇ ਤੋਂ ਅੱਗੇ ਸੋਚ ਹੀ ਨਹੀਂ ਪਾਉਂਦਾ ਪਰ ਬਹੁਤੇ ਅਕਾਲੀ, ਨਾ ਕਿ ਸਿਰਫ਼ ਬਾਦਲ ਪ੍ਰਵਾਰ ਹੀ, ਅਮੀਰੀ ਦੀਆਂ ਹੱਦਾਂ ਬੰਨੇ ਵੀ ਪਾਰ ਕਰ ਗਿਆ।
ਸੂਬੇ ਸਿਰ ਜਿੰਨਾ ਕਰਜ਼ਾ ਹੈ ਤੇ ਜਿੰਨੀ ਗ਼ਰੀਬੀ ਹੈ, ਉਨੀਆਂ ਹੀ ਅਕਾਲੀ ਲੀਡਰਾਂ ਦੀਆਂ ਤਿਜੌਰੀਆਂ ਵੀ ਭਰੀਆਂ ਹਨ। ਜੇ ਕਲ ਮੰਚ ਤੇ ਇਹ ਗੱਲ ਕਰ ਕੇ ਪਿਛਲੇ ਸਾਲਾਂ ਦੀਆਂ ਗ਼ਲਤੀਆਂ ਨੂੰ ਸੁਧਾਰ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਪੁਰਾਣੇ ਆਗੂਆਂ ਦੀਆਂ ਕੁਰਬਾਨੀਆਂ ਅਤੇ ਉਚ ਕਿਰਦਾਰ ਅਨੁਸਾਰ ਮੁੜ ਤੋਂ ਢਾਲਣ ਦੀ ਗੱਲ ਹੁੰਦੀ ਤਾਂ ਭਵਿੱਖ ਲਈ ਕੁੱਝ ਉਮੀਦ ਤਾ ਜ਼ਰੂਰ ਜਾਗਦੀ। ਹੁਣ ਤਾਂ ਅਕਾਲੀ ਦਲ ਤੇ ਸੱਤਾ ਦੀ ਭੁੱਖ ਪੂਰੀ ਕਰਨ ਲਈ ਕੁੱਝ ਵੀ ਕਰ ਜਾਣ ਲਈ ਤਿਆਰ ਦੂਜੀਆਂ ਪਾਰਟੀਆਂ ਵਿਚ ਕੋਈ ਫ਼ਰਕ ਹੀ ਨਜ਼ਰ ਨਹੀਂ ਆਉੁਂਦਾ। -ਨਿਮਰਤ ਕੌਰ