ਚਿੱਟੇ ਇਨਕਲਾਬ ਵਿਚ ‘ਅਮੁਲ’ ਦਾ ਸ਼ਾਨਦਾਰ ਹਿੱਸਾ ਤੇ ਆਰ ਐਸ ਸੋਢੀ ਦੀ ਸ਼ਾਨਦਾਰ ਅਗਵਾਈ ਦਾ ਅੰਤ ਪ੍ਰੇਸ਼ਾਨ ਕਰ ਦੇਣ ਵਾਲਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਸ ਵੇਲੇ ਸਹਿਕਾਰੀ ਲਹਿਰ ਵਿਚ ਗੁਜਰਾਤ ਨੇ ਅਗਵਾਈ ਦਿਤੀ ਤੇ ‘ਗੁਜਰਾਤ-ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫ਼ੈਡਰੇਸ਼ਨ’ ਨੇ ਚਿੱਟੇ (ਦੁਧ) ਇਨਕਲਾਬ ਦਾ ਰਾਹ ਖੋਲ੍ਹਿਆ।

Amul's brilliant role in white revolution and end of RS Sodhi's leadership is troubling

 

ਹਿੰਦੁਸਤਾਨ ਦੀ ਆਬਾਦੀ, ਜੋ 1947 ਵਿਚ 33 ਕਰੋੜ ਦੇ ਕਰੀਬ ਸੀ, ਅੱਜ 133 ਕਰੋੜ ਤੋਂ ਉਪਰ ਹੋ ਗਈ ਹੈ ਤੇ ਆਬਾਦੀ ਵਿਚ ਹੋਏ ਇਸ ਬੇਪਨਾਹ ਵਾਧੇ ਨੇ, ਹੋਰ ਖੇਤਰਾਂ ਦੇ ਨਾਲ ਨਾਲ, ਦੁਧ ਦੇ ਖੇਤਰ ਵਿਚ ਵੀ ਨਵੀਆਂ ਔਕੜਾਂ ਪੈਦਾ ਕਰ ਦਿਤੀਆਂ। ਪਹਿਲਾਂ ਵੱਡੇ ਘਰਾਂ ਤੇ ਜ਼ਮੀਨਾਂ ਵਿਚ ਹਰ ਘਰ ਇਕ ਦੋ ਦੁਧਾਰੂ ਪਸ਼ੂ ਜ਼ਰੂਰ ਰਖਦਾ ਸੀ ਤੇ ਸਾਰਾ ਟੱਬਰ ਦੁੱਧ ਤੇ ਲੱਸੀ ਰੱਜ ਕੇ ਪੀਂਦਾ ਸੀ। ਪਰ ਆਬਾਦੀ ਦੇ ਵਾਧੇ ਕਾਰਨ ਸ਼ਹਿਰਾਂ ਵਿਚ ਘਰ ਛੋਟੇ ਹੋ ਗਏ ਤੇ ਗਾਂ-ਮੱਝ ਰਖਣੀ ਅਸੰਭਵ ਹੋ ਗਈ। ਦੁਧ ਬਿਨਾਂ ਜੀਵਨ ਦੀ ਗੱਡੀ ਚਲਾਉਣੀ ਬੜੀ ਔਖੀ ਹੁੰਦੀ ਹੈ।

ਇਸ ਵੇਲੇ ਸਹਿਕਾਰੀ ਲਹਿਰ ਵਿਚ ਗੁਜਰਾਤ ਨੇ ਅਗਵਾਈ ਦਿਤੀ ਤੇ ‘ਗੁਜਰਾਤ-ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫ਼ੈਡਰੇਸ਼ਨ’ ਨੇ ਚਿੱਟੇ (ਦੁਧ) ਇਨਕਲਾਬ ਦਾ ਰਾਹ ਖੋਲ੍ਹਿਆ। ਇਹ ਡੇਅਰੀ ਦੇ ਧੰਦੇ ਵਿਚ ਲੱਗੇ ਕਿਸਾਨਾਂ ਦੀ ਸਹਿਕਾਰੀ ਸੰਸਥਾ ਸੀ ਜਿਸ ਨੇ ਘਰ ਘਰ ’ਚੋਂ ਦੁਧ ਇਕੱਠਾ ਕਰ ਕੇ, ਦੂਰ ਦੂਰ ਤਕ ਪਹੁੰਚਾਇਆ ਤੇ ਵੱਡੇ ਪਲਾਂਟ ਲਗਾ ਕੇ ਦੁਧ ’ਚੋਂ ਲੱਸੀ, ਮੱਖਣ ਤੇ ਘਿਉ ਵੱਖ ਕਰ ਕੇ ਵੀ ਵੇਚਣੇ ਸ਼ੁਰੂ ਕਰ ਦਿਤੇ।

ਇਸ ਵੇਲੇ 34.6 ਲੱਖ ਕਿਸਾਨ ਇਸ ਸਹਿਕਾਰੀ ਸੰਸਥਾ ਦੇ ਮਾਲਕ ਹਨ ਜਿਨ੍ਹਾਂ ਨੇ ਆਪਸ ਵਿਚ ਹੱਥ ਮਿਲਾ ਕੇ ਜਿਥੇ ਅਪਣੇ ਲਈ ਵੀ ਚੰਗਾ ਮੁਨਾਫ਼ਾ ਯਕੀਨੀ ਬਣਾਇਆ, ਉਥੇ ਭਾਰਤੀ ਜਨਤਾ ਦੀ ਵੀ ਚੰਗੀ ਸੇਵਾ ਕੀਤੀ ਤੇ ਅਪਣੇ ਲਈ ਜੱਸ ਵੀ ਖਟਿਆ। ਦਿੱਲੀ ਵਿਚ ‘ਮਦਰ ਡੇਅਰੀ’ ਵੀ ਇਨ੍ਹਾਂ ਹੀ ਲੀਹਾਂ ’ਤੇ ਚਲ ਕੇ ਬੜੀ ਕਾਮਯਾਬ ਰਹੀ ਪਰ ‘ਅਮੁਲ’ ਦਾ ਮੁਕਾਬਲਾ ਕੋਈ ਨਾ ਕਰ ਸਕਿਆ। ਪੰਜਾਬ ਵਿਚ ‘ਵੇਰਕਾ’ ਵੀ ਅਪਣੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਕੇ ਸੂਬੇ ਦੇ ਲੋਕਾਂ ਦੀ ਚੰਗੀ ਸੇਵਾ ਕਰਦੀ ਆ ਰਹੀ ਹੈ।

ਗੱਲ ਅਮੁਲ ਦੀ ਕਰ ਰਹੇ ਸੀ ਤੇ ਇਸ ਸਹਿਕਾਰੀ ਸੰਸਥਾ ਨੇ 2001-02 ਤੋਂ 2021-22 ਤਕ ਅਪਣੀ ਵੱਟਕ 2.336 ਕਰੋੜ ਤੋਂ ਵਧਾ ਕੇ 46,481 ਕਰੋੜ ਕਰ ਲਈ ਜੋ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਇਹ ਇਸੇ ਅਰਸੇ ਦੌਰਾਨ ਹਰ ਰੋਜ਼ 4.732 ਲੱਖ ਲੀਟਰ ਦੁਧ ਇਕੱਠਾ ਕਰਨ ਤੋਂ ਵੱਧ ਕੇ 263.66 ਲੱਖ ਲੀਟਰ ਕਰਨ ਲੱਗ ਪਈ ਜਿਸ ਵਿਚ 42.68 ਲੱਖ ਲੀਟਰ ਗੁਜਰਾਤ ਤੋਂ ਬਾਹਰੋਂ ਇਕੱਠਾ ਕੀਤਾ ਦੁਧ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਇਸ ਸਾਰੀ ਦੌੜ ਭੱਜ ਚੋਂ ਦੁਧ ਪੈਦਾ ਕਰਨ ਵਾਲੇ ਕਿਸਾਨ ਨੂੰ ਕੀ ਮਿਲਿਆ? ਪਿਛਲੇ 20 ਸਾਲ ਵਿਚ ਇਕ ਕਿਲੋ ਚਿਕਨਾਈ ਦਾ ਰੇਟ 184 ਤੋਂ ਵੱਧ ਕੇ 820 ਰੁਪਏ ਹੋ ਗਿਆ। ਪੂਰੀ ਚਿਕਨਾਈ ਵਾਲੇ ਅਮੁਲ ਦੁਧ ਵਿਚ 6 ਪ੍ਰਤੀਸ਼ਤ ਚਿਕਨਾਈ ਹੁੰਦੀ ਹੈ ਜੋ ਦਿੱਲੀ ਵਿਚ ਇਸ ਵੇਲੇ 63 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਉਸ ਵਿਚੋਂ 80 ਪ੍ਰਤੀਸ਼ਤ ਰਕਮ ਦੁਧ ਉਤਪਾਦਕ ਅਥਵਾ ਕਿਸਾਨ ਨੂੰ ਮਿਲਦੀ ਹੈ।

ਇਹ ਚਮਤਕਾਰ ਇਸ ਦੇ ਚੰਗੇ ਪ੍ਰਬੰਧਕਾਂ ਵਲੋਂ ਚੰਗੇ ਅਧਿਕਾਰੀ ਥਾਪਣ ਤੇ ਉਨ੍ਹਾਂ ਨੂੰ ਅਪਣਾ ਕੰਮ ਆਜ਼ਾਦੀ ਨਾਲ ਕਰਨ ਦੀ ਖੁਲ ਦੇਣ ਕਾਰਨ ਹੀ ਹੋ ਸਕਿਆ। ਇਨ੍ਹਾਂ ਚੰਗੇ ਅਧਿਕਾਰੀਆਂ ਵਿਚ ਸਰਦਾਰ ਆਰ.ਐਸ. ਸੋਢੀ ਵੀ ਸ਼ਾਮਲ ਸਨ ਜੋ ਪਿਛਲੇ ਹਫ਼ਤੇ ਹੀ ‘ਅਮੁਲ’ ਚੋਂ ਬਾਹਰ ਕਰ ਦਿਤੇ ਗਏ। ਕਿਉਂ? ਉਨ੍ਹਾਂ ਨੇ ਜਿਸ ਉਚਾਈ ’ਤੇ ‘ਅਮੁਲ’ ਨੂੰ ਪਹੁੰਚਾ ਦਿਤਾ ਹੈ, ਉਸ ਦਾ ਮੁਕਾਬਲਾ ਹੀ ਕੋਈ ਨਹੀਂ ਪਰ ਅਖ਼ਬਾਰੀ ਖ਼ਬਰਾਂ ਦਸਦੀਆਂ ਹਨ ਕਿ ‘ਸਿਆਸੀ ਕਾਰਨਾਂ’ ਕਰ ਕੇ ਅਮੁਲ ਦੀ ਸਰਦਾਰੀ ‘ਸਰਦਾਰ’ ਕੋਲੋਂ ਖੋਹ ਕੇ ਕਿਸੇ ਗੁਜਰਾਤੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਜਿਹੜੀ ਚਿੱਠੀ ਸਰਦਾਰ ਸੋਢੀ ਨੂੰ ਭੇਜੀ ਗਈ ਹੈ, ਉਹ ਬੜੀ ਹੀ ‘ਅਫ਼ਸੋਸਨਾਕ’ ਭਾਸ਼ਾ ਵਾਲੀ ਹੈ - ਕਿ ‘‘ਤੁਹਾਡੀਆਂ ਸੇਵਾਵਾਂ ਬਤੌਰ ਐਮ.ਡੀ. ਤੁਰਤ ਖ਼ਤਮ ਕੀਤੀਆਂ ਜਾਂਦੀਆਂ ਹਨ...ਹੁਕਮ ਦਿਤਾ ਜਾਂਦਾ ਹੈ ਕਿ ਤੁਸੀ ਚਾਰਜ ਇਕਦੰਮ ਚੀਫ਼ ਆਪ੍ਰੇਟਿੰਗ ਅਫ਼ਸਰ ਨੂੰ ਦੇ ਦਿਉ।’’

ਸਰਦਾਰ ਸੋਢੀ ਨੇ ਜਿਸ ਸੰਸਥਾ ਨੂੰ ਅਪਣੇ 40 ਸਾਲ ਦਿਤੇ ਹੋਣ ਅਤੇ ਐਮ.ਡੀ. (ਮੈਨੇਜਿੰਗ ਡਾਇਰੈਕਟਰ) ਵਜੋਂ ਇਸ ਦਾ 15.8 ਪ੍ਰਤੀਸ਼ਤ ਸਾਲਾਨਾ ਵਿਕਾਸ ਬਣਾਈ ਰਖਿਆ ਹੋਵੇ, ਉਸ ਨੂੰ ਅਹੁਦੇ ਤੋਂ ਹਟਾਉਣ ਲਈ ਇਸ ਤਰ੍ਹਾਂ ਦੀ ਭਾਸ਼ਾ ਵਾਲੀ ਚਿੱਠੀ ਨਹੀਂ ਲਿਖੀ ਜਾਂਦੀ। ਸਰਦਾਰ ਆਰ.ਐਸ. ਸੋਢੀ 12 ਸਾਲ ਅਮੁਲ ਦੇ ਮੈਨੇਜਿੰਗ ਡਾਇਰੈਕਟਰ ਰਹੇ ਜਿਸ ਦੌਰਾਨ ਗੁਜਰਾਤ ਫ਼ੈਡਰੇਸ਼ਨ (ਅਮੁਲ ਦੀ ਮਾਲਕੀ) ਦੀ ਕਮਾਈ 6 ਗੁਣਾਂ ਹੋ ਗਈ (2009-10 ਦੀ 8,005 ਕਰੋੜ ਤੋਂ) ਤੇ ਦੁਧ ਦਾ ਜ਼ਖ਼ੀਰਾ ਤਿੰਨ ਗੁਣਾਂ ਹੋ ਗਈ ਜਿਸ ਕਾਰਨ ਹੁਣ ਇਹ ਦਿੱਲੀ ਵਿਚ ਵੀ 40 ਲੱਖ ਲੀਟਰ ਰੋਜ਼ਾਨਾ ਦੁਧ ਵੇਚਦੀ ਹੈ ਜਦਕਿ ਮਦਰ ਡੇਅਰੀ ਕੇਵਲ 30 ਲੱਖ ਲੀਟਰ ਵੇਚ ਰਹੀ ਹੈ। ਏਨੀਆਂ ਵੱਡੀਆਂ ਪ੍ਰਾਪਤੀਆਂ ਵਾਲੇ ਐਮ.ਡੀ. ਦੀਆਂ ਸੇਵਾਵਾਂ ਏਨੀ ਖਰ੍ਹਵੀ ਤੇ ਨਾਜ਼ੇਬ ਭਾਸ਼ਾ ਵਾਲੀ ਚਿੱਠੀ ਨਾਲ, ਸਿਆਸੀ ਕਾਰਨਾਂ ਸਦਕਾ ਖ਼ਤਮ ਕਰਨਾ ਦੇਸ਼ ਬਾਰੇ ਦੁਨੀਆਂ ਨੂੰ ਵੀ ਤੇ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਬੜਾ ਗ਼ਲਤ ਸੁਨੇਹਾ ਦੇਵੇਗਾ। ਪਰ ਸਿਆਸੀ ‘ਲਾਭ’ ਨੂੰ ਹੋਰ ਸੱਭ ਕੁੱਝ ਤੋਂ ਉਪਰ ਰੱਖਣ ਵਾਲਿਆਂ ਨੂੰ ਇਸ ਨਾਲ ਕੀ ਮਤਲਬ? ਉਹ ਤਾਂ ਅਪਣੇ ਲਾਭ ਬਾਰੇ ਸੋਚ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ।                         - ਨਿਮਰਤ ਕੌਰ