ਬੀਬੀਸੀ ਉਤੇ ਇਨਕਮ ਟੈਕਸ ਰੇਡ ਅਤੇ ਵਿਦੇਸ਼ੀ ਮੀਡੀਆ ਵਿਚ ਇਸ ਦਾ ਪ੍ਰਤੀਕਰਮ ਵੇਖ ਕੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬੀਬੀਸੀ ਮੀਡੀਆ ਦਾ ਅਪਣੇ ਦੇਸ਼ ਦੀ ਸਰਕਾਰ ਨਾਲ ਰਿਸ਼ਤਾ ਇਕਦਮ ਵਖਰਾ ਹੈ।

Income tax raid on the BBC

 

ਬੀਬੀਸੀ ਵਲੋਂ ਗੁਜਰਾਤ ਦੰਗਿਆਂ ਬਾਰੇ ਇਕ ਡਾਕੂਮੈਂਟਰੀ ਜਾਰੀ ਕਰਨ ’ਤੇ ਭਾਰਤ ਸਰਕਾਰ ਏਨੀ ਨਾਖ਼ੁੁਸ਼ ਹੋ ਗਈ ਕਿ ਉਸ ਫ਼ਿਲਮ ਦੇ ਪ੍ਰਸਾਰਨ ’ਤੇ ਭਾਰਤ ਵਿਚ ਪਾਬੰਦੀ ਵੀ ਲਗਾ ਦਿਤੀ ਗਈ ਤੇ ਹੁਣ ਬੀਬੀਸੀ ਦੇ ਭਾਰਤ ਵਿਚਲੇ ਦਫ਼ਤਰਾਂ ’ਤੇ ਇਨਕਮ ਟੈਕਸ ਵਾਲਿਆਂ ਨੇ ਰੇਡ ਵੀ ਪਾਈ ਹੋਈ ਹੈ ਜਿਸ ’ਤੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਵੇਂ ਬੀਬੀਸੀ ਦੀ ਆਮਦਨ ਚੀਨ ਤੋਂ ਆਉਂਦੀ ਹੋਵੇ। ਸਿਆਣੇ ਜਾਣਦੇ ਹਨ ਕਿ ਬੀਬੀਸੀ ਦਾ ਖ਼ਰਚਾ ਇੰਗਲੈਂਡ ਦਾ ਹਰ ਨਾਗਰਿਕ ਅਪਣੇ ਵਲੋਂ ਦਿਤੇ ਟੈਕਸਾਂ ਦੀ ਰਕਮ ਨਾਲ ਅਦਾ ਕਰਦਾ ਹੈ ਤਾਕਿ ਉਨ੍ਹਾਂ ਦੇ ਦੇਸ਼ ਦਾ ਇਹ ਮੀਡੀਆ ਕਦੇ ਕਿਸੇ ਦੇ ਅੱਗੇ ਮੋਹਤਾਜ ਨਾ ਹੋਵੇ ਤੇ ਨਿਰਪੱਖ ਪੱਤਰਕਾਰੀ ਕਰਦਾ ਰਹੇ। 

 

ਬੀਬੀਸੀ ਮੀਡੀਆ ਦਾ ਅਪਣੇ ਦੇਸ਼ ਦੀ ਸਰਕਾਰ ਨਾਲ ਰਿਸ਼ਤਾ ਇਕਦਮ ਵਖਰਾ ਹੈ। ਅੱਜ ਤਕ ਉਨ੍ਹਾਂ ਦਾ ਪ੍ਰਧਾਨ ਮੰਤਰੀ ਅਪਣੇ ਦੇਸ਼ ਦੇ ਚੈਨਲ ’ਤੇ ਚਲ ਰਹੀ  ਰੇਡ ਬਾਰੇ ਇਕ ਸ਼ਬਦ ਨਹੀਂ ਬੋਲਿਆ ਸਗੋਂ ਭਾਰਤ ਵਲੋਂ ਅਮਰੀਕੀ ਜਹਾਜ਼ ਖਰੀਦਣ ਦੀ ਤਾਰੀਫ਼ ਜ਼ਰੂਰ ਕੀਤੀ ਗਈ ਹੈ।ਭਾਰਤ ਸਰਕਾਰ ਦੇ ਇਸ ਕਦਮ ਨਾਲ ਅੱਜ ਇਕ ਚਰਚਾ ਜ਼ਰੂਰ ਛਿੜ ਗਈ ਹੈ ਕਿ ਭਾਰਤ ਹੁਣ ਇਕ ਉਦਾਰ ਲੋਕਤੰਤਰ ਹੈ ਵੀ ਜਾਂ ਨਹੀਂ? ਵਿਦੇਸ਼ੀ ਮੀਡੀਆ ਅੱਜ ਬੀਬੀਸੀ ਉਤੇ ਹੋਈ ਰੇਡ ਤੋਂ ਬਹੁਤ ਨਾਰਾਜ਼ ਹੈ। ਭਾਰਤੀ ਮੀਡੀਆ ਅੱਜ ਚਰਚਾ ਕਰ ਰਿਹਾ ਹੈ ਪਰ ਜਦ ਇੰਗਲੈਂਡ ਤੇ ਅਮਰੀਕਾ ਦੇ ਮੁਖੀ, ਭਾਰਤ ਨੂੰ ਮਿਲੇ ਹਵਾਈ ਜਹਾਜ਼ ਦੀ ਤਾਰੀਫ਼ ਹੀ ਕਰਨ ਵਿਚ ਮਸਰੂਫ਼ ਹਨ ਤਾਂ ਫਿਰ ਸ਼ਾਇਦ ਅੱਜ ਮੰਨਣਾ ਪਵੇਗਾ ਕਿ ਉਦਾਰ ਲੋਕਤੰਤਰ ਦਾ ਦੌਰ, ਹੁਣ ਖ਼ਾਤਮੇ ਵਲ ਚਲ ਪਿਆ ਹੈ।

 

ਗੁਜਰਾਤ ਦੰਗੇ ਕੋਈ ਨਵੀਂ ਵਾਰਦਾਤ ਨਹੀਂ, ਨਾ ਹੀ ਬੀਬੀਸੀ ਡਾਕੂਮੈਂਟਰੀ ਵਿਚ ਕੋਈ ਵੀ ਨਵਾਂ ਤੱਥ ਦਿਤਾ ਗਿਆ ਹੈ। ਇਹ ਤਾਂ  ਸਾਰਾ ਭਾਰਤ ਪਹਿਲਾਂ ਹੀ ਜਾਣਦਾ ਹੈ ਪਰ ਜਦ ਸੱਭ ਕੁੱਝ ਜਾਣਦੇ ਹੋਏ ਵੀ, ਜੇ ਉਹ ਅਪਣੇ ਆਗੂ ਨੂੰ ਪਸੰਦ ਕਰ ਕੇ ਇਕ ਸੁਨਾਮੀ ਵਾਂਗ ਵੋਟ ਪਾਉਂਦੇ ਹਨ ਤਾਂ ਫਿਰ ਫ਼ੈਸਲਾ ਸਾਫ਼ ਹੀ ਹੈ। ਕਦੇ ਇੰਦਰਾ ਤੇ ਰਾਜੀਵ ਗਾਂਧੀ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੀ ਸੀ ਜੋ ਕਿ ਸ਼ਾਇਦ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਕਮਜ਼ੋਰ ਕਰ ਦਿਤੀ ਤੇ ਹੁਣ ਰਾਹੁਲ ਗਾਂਧੀ ਵੀ ਕਾਂਗਰਸ ਦੀ ਸਥਿਤੀ ਨੂੰ ਸੁਧਾਰਨ ਵਿਚ ਸਫ਼ਲ ਨਹੀ ਹੋ ਰਹੇ ਕਿਉਂਕਿ ਉਹ ਲੋਕ ਉਦਾਰ ਸੋਚ ਰਖਦੇ ਹਨ। ਉਹ ਮਨੁਖੀ ਹੱਕਾਂ ਤੇ ਬਰਾਬਰੀ ਦੀ ਗਲ ਕਰਦੇ ਹਨ। ਭਾਵੇਂ ਮਨਮੋਹਨ ਸਿੰਘ ਦਾ ਕਾਰਜ ਕਾਲ ਆਰਥਕ ਤੌਰ ’ਤੇ ਸੱਭ ਤੋਂ ਵਧੀਆ ਰਿਹਾ, ਉਨ੍ਹਾਂ ਦੀਆਂ ਨੀਤੀਆਂ ਨੇ ਸੱਭ ਦੀਆਂ ਜੇਬਾਂ ਵਿਚ ਪੈਸਾ ਪਾਇਆ ਪਰ ਲੋਕ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ ਕਿਉਂਕਿ ਅੱਜ ਦਾ ਸਰਕਾਰੀ ਲੋਕਤੰਤਰ ਧਰਮ ਦੇ ਅਧੀਨ ਹੋ ਕੇ ਚਲਣਾ ਚਾਹੁੰਦਾ ਹੈ।  ਜਿਸ ਕਾਂਗਰਸ ਦੀ ਬਣਾਈ ਮਨਰੇਗਾ ਸਕੀਮ ਨੂੰ ਭਾਜਪਾ ਬੰਦ ਕਰਨਾ ਚਾਹੁੰਦੀ ਸੀ, ਅਮੀਰ ਉਸ ਨੂੰ ਅੱਜ ਵੀ ਮਾੜੀ ਕਹਿੰਦਾ ਹੈ ਪਰ ਜਿਸ ਗ਼ਰੀਬ ਦਾ ਘਰ ਉਸ ਦੇ ਸਹਾਰੇ ਚਲਦਾ ਹੈ, ਉਹ ਵੀ ਅੱਜ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਅੱਜ ਦੀ ਕਾਂਗਰਸ ਧਰਮ ਨਿਰਪੱਖ ਹੋਣ ਦੀ ਗੱਲ ਕਰਦੀ ਹੈ ਤੇ ਰਾਮ ਮੰਦਰ ਦੀ ਹਮਾਇਤ ਨਹੀਂ ਕਰਦੀ ਤੇ ਆਰਟੀਕਲ 370 ਬਾਰੇ ਲਏ ਫ਼ੈਸਲੇ ਨੂੰ ਖੁਲ੍ਹ ਕੇ ਨਹੀਂ ਨਿੰਦਦੀ।

 

ਇਕ ਨਾਮੀ ਗਾਇਕ ਅਨੂਪ ਜਲੋਟਾ ਨੇ ਕਲ ਹੀ ਆਖਿਆ ਸੀ ਕਿ ਹੁਣ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਤ ਕਰਨ ਦਾ ਵਕਤ ਆ ਗਿਆ ਹੈ ਤੇ ਇਹ ਅਵਾਜ਼ ਵਾਰ ਵਾਰ ਵੱਖ-ਵੱਖ ਵਰਗਾਂ ਵਲੋਂ ਉਠਾਈ ਜਾਂਦੀ ਰਹੀ ਹੈ ਤੇ ਹੌਲੀ ਹੌਲੀ ਤੇਜ਼ ਹੋਣੀ ਸ਼ੁਰੂ ਹੋ ਜਾਵੇਗੀ, ਖ਼ਾਸ ਕਰ ਕੇ ਜਦ 2024 ਵਿਚ ਰਾਮ ਮੰਦਰ ਦਾ ਉਦਘਾਟਨ ਹੋ ਜਾਵੇਗਾ। ਅੱਜ ਭਾਰਤ ਦੇ ਸਿਆਸਤਦਾਨ ਹੀ ਨਹੀਂ ਭਾਰਤ ਦੇ ਅਵਾਮ ਵੀ ਇਕ ਉਦਾਰ ਲੋਕਤੰਤਰ ਨਹੀਂ ਚਾਹੁੰਦੇ। ਉਹ ਇਕ ਅਜਿਹੀ ਸਮਾਜਕ ਸੋਚ ਨਾਲ ਸੰਤੁਸ਼ਟ ਹਨ ਜਿਥੇ ਮੀਡੀਆ ਦੀ ਆਜ਼ਾਦੀ ਸੰਪੂਰਨ ਨਾ ਹੋਵੇ, ਜਿਥੇ ਗ਼ਰੀਬ ਹੋਰ ਗ਼ਰੀਬ ਹੋਵੇ ਤੇ ਅਮੀਰ ਹੋਰ ਅਮੀਰ ਹੁੰਦਾ ਜਾਵੇ। ਉਨ੍ਹਾਂ ਨੂੰ ਅਪਣੀ ਆਰਥਕ ਕਮਜ਼ੋਰੀ ਦੀ ਵੀ ਪ੍ਰਵਾਹ ਨਹੀਂ। ਜੇ ਦੇਸ਼ ਦਾ ਹਾਕਮ ਹਿੰਦੂ ਧਰਮ ਦੇ ਨਾਹਰੇ ਖੁਲ੍ਹ ਕੇ ਮਾਰ ਰਿਹਾ ਹੋਵੇ ਤੇ ਬੇਸ਼ੱਕ ਭਾਵੇਂ ਆਰਥਕ ਤੌਰ ਤੇ ਬਾਕੀ ਧਰਮਾਂ ਦੇ ਨਾਲ ਨਾਲ ਉਹ ਆਪ ਵੀ ਪਿਸਦਾ ਚਲਾ ਜਾਵੇ, ਇਸ ਦੀ ਉਸ ਨੂੰ ਕੋਈ ਚਿੰਤਾ ਨਹੀਂ। ਸ਼ਾਇਦ ਸੰਪੂਰਨ ਆਜ਼ਾਦੀ, ਬਰਾਬਰੀ, ਇਨਸਾਨੀਅਤ, ਹੱਕਾਂ ਦੀ ਗੱਲ ਇਕ ਸੁਫ਼ਨਾ ਸੀ ਤੇ ਆਖ਼ਰਕਾਰ ਪੂੰਜੀਵਾਦ ਨੇ ਬੜੀ ਸ਼ਾਂਤੀ ਨਾਲ ਅਪਣੇ ਆਪ ਨੂੰ ਦੁਨੀਆਂ ਦਾ ਰਾਜਾ ਬਣਾ ਲਿਆ ਹੈ। ਸੱਭ ਤੋਂ ਵੱਡੀ ਗਲ ਇਹ ਹੈ ਕਿ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕਿਸ ਦੇ ਸਾਮਹਣੇ ਗੋਡੇ ਟੇਕ ਚੁੱਕਾ ਹੈ।                 
- ਨਿਮਰਤ ਕੌਰ