ਸਿੱਖ ਕੌਮ ਗੌਰਵਮਈ ਇਤਿਹਾਸ ਦਾ ਸਾਹਿਤਕ ਲੰਗਰ ਲਗਾਉਣ ਵਿਚ ਪਛੜੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਖ ਧਰਮ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕਰ ਕੇ ਸੰਸਾਰ ਦੇ ਬਾਕੀ ਧਰਮਾਂ ਨਾਲੋਂ ਵਿਲੱਖਣ ਹੈ। ਸਿਰਫ਼ ਅਪਣੇ ਧਰਮ ਲਈ ਹੀ ਨਹੀਂ ਸਗੋਂ ਹੋਰ ਧਰਮਾਂ ਦੀ ਰਖਿਆ ਲਈ.,.

Langar

ਸਿੱਖ ਧਰਮ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕਰ ਕੇ ਸੰਸਾਰ ਦੇ ਬਾਕੀ ਧਰਮਾਂ ਨਾਲੋਂ ਵਿਲੱਖਣ ਹੈ। ਸਿਰਫ਼ ਅਪਣੇ ਧਰਮ ਲਈ ਹੀ ਨਹੀਂ ਸਗੋਂ ਹੋਰ ਧਰਮਾਂ ਦੀ ਰਖਿਆ ਲਈ ਕੁਰਬਾਨੀਆਂ ਦੇਣ ਦਾ ਮਾਣ ਸਿੱਖ ਕੌਮ ਨੂੰ ਹੀ ਪ੍ਰਾਪਤ ਹੈ। ਇਨਸਾਨੀਅਤ ਦੇ ਅਸੂਲਾਂ ਉਤੇ ਪਹਿਰਾ ਦਿੰਦਿਆਂ ਪਿਤਾ ਤੇ ਪੁਤਰਾਂ ਦੀ ਕੁਰਬਾਨੀ ਸਮੇਤ ਪ੍ਰਵਾਰ ਵਿਛੋੜਾ ਸਹਿ ਜਾਣ ਦਾ ਸਾਕਾ ਸਿੱਖ ਧਰਮ ਤੋਂ ਬਿਨਾਂ ਸੰਸਾਰ ਦੇ ਕਿਸੇ ਹੋਰ ਧਰਮ ਵਿਚ ਨਹੀਂ ਮਿਲਦਾ। ਕੁਰਬਾਨੀਆਂ ਦੇ ਨਾਲ-ਨਾਲ, ਬਿਨਾਂ ਵਿਤਕਰੇ, ਖਾਣੇ ਦਾ ਅਤੁੱਟ ਲੰਗਰ ਵਰਤਾਉਣ ਵਰਗੀਆਂ ਵਿਸ਼ੇਸ਼ਤਾਵਾਂ ਨੇ ਵੀ ਸਿੱਖ ਧਰਮ ਨੂੰ ਹੋਰ ਧਰਮਾਂ ਨਾਲੋਂ ਨਿਆਰਾਪਣ ਬਖ਼ਸ਼ਿਆ ਹੈ। ਸ੍ਰੀ ਹਰਮਿੰਦਰ ਸਾਹਿਬ ਵਿਖੇ ਵਰਤਦਾ ਲੰਗਰ ਪੂਰੇ ਸੰਸਾਰ ਵਿਚ ਪ੍ਰਸਿੱਧ ਹੈ ਜਿਥੇ ਹਰ ਰੋਜ਼ ਲੱਖਾਂ ਸੰਗਤਾਂ ਲੰਗਰ ਛਕਦੀਆਂ ਹਨ। ਇਥੇ ਹੀ ਨਹੀਂ ਹਰ ਗੁਰੂ ਘਰ ਵਿਚ ਲੰਗਰ ਦਾ ਅਤੁੱਟ ਭੰਡਾਰਾ ਵਰਤਦਾ ਰਹਿੰਦਾ ਹੈ।

ਸਿੱਖ ਧਰਮ ਫਿਰ ਵੀ ਇਕ ਖੇਤਰ ਵਿਚ ਸਿਮਟਿਆ ਹੋਇਆ ਹੈ। ਸਿੱਖ ਇਤਿਹਾਸ ਨੂੰ ਸਾਹਿਤ ਰਾਹੀਂ ਲੋਕਾਂ ਤਕ ਪਹੁੰਚਾਉਣ ਲਈ ਜੋ ਕੰਮ ਕੀਤਾ ਜਾਣਾ ਬਣਦਾ ਸੀ, ਉਹ ਨਹੀਂ ਕੀਤਾ ਜਾ ਸਕਿਆ। ਸ਼੍ਰੋਮਣੀ ਕਮੇਟੀ ਵਲੋਂ ਅਰਬਾਂ ਦੇ ਬਜਟ ਦੇ ਬਾਵਜੂਦ ਵੀ ਇਸ ਖੇਤਰ ਵਿਚ ਕੋਈ ਜ਼ਿਕਰਯੋਗ ਕਾਰਜ ਨਹੀਂ ਕੀਤਾ ਗਿਆ। ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਮਨਾਂ ਵਿਚ ਉਸ ਅਸਥਾਨ ਨਾਲ ਸਬੰਧਿਤ ਇਤਿਹਾਸ ਨੂੰ ਜਾਣਨ ਦੀ ਅਥਾਹ ਉਤਸੁਕਤਾ ਹੁੰਦੀ ਹੈ। ਪਰ ਅਫ਼ਸੋਸ ਕਿਸੇ ਵੀ ਗੁਰਦਵਾਰਾ ਸਾਹਿਬ ਦੀ ਮੈਨੇਜਮੈਂਟ ਵਲੋਂ ਇਹ ਇਤਿਹਾਸ ਸੰਗਤਾਂ ਨੂੰ ਮੁਫ਼ਤ ਮੁਹਈਆ ਕਰਵਾਉਣ ਦਾ ਉੱਦਮ ਨਜ਼ਰ ਨਹੀਂ ਆਉਂਦਾ।

ਪਿਛਲੇ ਦਿਨੀਂ ਤਕਰੀਬਨ ਹਫ਼ਤਾਭਰ ਇਤਿਹਾਸਕ ਗੁਰਦਵਾਰਾ ਸਾਹਿਬਾਨ ਦੇ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਥੇ  ਲੰਗਰ ਤਾਂ ਅਤੁੱਟ ਵਰਤਦਾ ਮਿਲਿਆ, ਪਰ ਜਦੋਂ ਵੀ ਸਬੰਧਿਤ ਗੁਰਦਵਾਰਾ ਸਾਹਿਬ ਦਾ ਇਤਿਹਾਸ ਜਾਣਨ ਦੀ ਇੱਛਾ ਪ੍ਰਗਟ ਕੀਤੀ ਤਾਂ ਇਤਿਹਾਸ ਦਾ ਕਿਤਾਬਚਾ ਹਮੇਸ਼ਾ ਮੁੱਲ ਹੀ ਮਿਲਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਲਈ ਲੰਗਰ ਵਾਂਗ ਸਾਹਿਤ ਦਾ ਵੀ ਮੁਫ਼ਤ ਲੰਗਰ ਵਰਤਦਾ। ਸਮੂਹ ਗੁਰੂ ਘਰਾਂ ਦੀਆਂ ਮੈਨੇਜਮੈਂਟ ਕਮੇਟੀਆਂ ਅਤੇ ਸਿੱਖਾਂ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬਾਨ ਵਿਚ ਸਿੱਖ ਇਤਿਹਾਸ ਦੇ ਸਾਹਿਤ ਦੇ ਮੁਫ਼ਤ ਲੰਗਰਾਂ ਦੀ ਪ੍ਰਥਾ ਸ਼ੁਰੂ ਕੀਤੀ ਜਾਵੇ।
-ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ : 98786-05965