ਖਟਕੜ ਕਲਾਂ ਦੀ ਸਹੁੰ, ਇਕ ਨਵਾਂ ਪੰਜਾਬ ਬਣਾਉਣ ਦਾ ਪ੍ਰਣ ਲੈ ਕੇ ਉਤਰੀ ਨਵੀਂ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਾਗਮ ਵਿਚ ਜਿਹੜੀ ਰੌਣਕ, ਆਮ ਆਦਮੀ ਦੇ ਚਿਹਰੇ ਤੇ ਵੇਖੀ ਗਈ, ਉਹ ਕਿਸੇ ਆਮ ਰੈਲੀ ਵਿਚ ਨਹੀਂ ਦਿਸਦੀ।

Bhagwant Mann

 

ਖਟਕੜ ਕਲਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਹੁੰ ਚੁਕ ਸਮਾਗਮ ਇਕ ਸਰੋ੍ਹਂ ਦੇ ਖੇਤ ਵਾਂਗ ਦਿਸ ਰਿਹਾ ਸੀ। ਬਸੰਤੀ ਰੰਗ ਦੀਆਂ ਚੁੰਨੀਆਂ ਤੇ ਪੱਗਾਂ ਦੇ ਹੜ੍ਹ ਵਿਚ ਖ਼ੁਸ਼ੀ ਨਾਲ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਵੀ ਫਿਜ਼ਾ ਵਿਚ ਗੂੰਜ ਰਿਹਾ ਸੀ। ਸਮਾਗਮ ਵਿਚ ਜਿਹੜੀ ਰੌਣਕ, ਆਮ ਆਦਮੀ ਦੇ ਚਿਹਰੇ ਤੇ ਵੇਖੀ ਗਈ, ਉਹ ਕਿਸੇ ਆਮ ਰੈਲੀ ਵਿਚ ਨਹੀਂ ਦਿਸਦੀ। ਲੋਕ ਕਿਸੇ ਨੂੰ ਸੁਣਨ ਜਾਂ ਹਾਜ਼ਰੀ ਲਗਵਾਉਣ ਨਹੀਂ ਸਨ ਆਏ ਬਲਕਿ ਅਪਣੀ ‘ਜਿੱਤ’ ਦੀ ਖ਼ੁਸ਼ੀ ਦਾ ਮੇਲਾ ਵੇਖਣ ਆਏ ਸਨ ਤੇ ਅਪਣੀ ਨਵੀਂ ਸਰਕਾਰ ਨੂੰ ਅਸ਼ੀਰਵਾਦ ਦੇਣ ਆਏ ਸਨ। ਪੀ.ਆਰ.ਟੀ.ਸੀ. ਦੀਆਂ ਬਸਾਂ ਤੋਂ ਲੈ ਕੇ ਗੱਡੀਆਂ, ਮੋਟਰਸਾਈਕਲਾਂ ਉਤੇ ਲੋਕ ਬੜੇ ਚਾਅ ਨਾਲ ਗਰਮੀ ਵਿਚ ਹੜ੍ਹ ਦਾ ਰੂਪ ਧਾਰ ਕੇ ਆਏ ਸਨ ਤੇ ਇਹ ਸਾਰੇ ਉਸ ਸੁਨਾਮੀ ਦਾ ਪ੍ਰਤੀਕ ਸਨ ਜਿਸ ਨੇ ਚੋਣਾਂ ਵਿਚ ‘ਆਪ’ ਦੇ ਸਿਰ ਤੇ ਤਾਜ ਸਜਾ ਦਿਤਾ ਸੀ।

ਅੱਜ ਦਾ ਸਮਾਗਮ ਖਟਕੜ ਕਲਾਂ ਵਿਚ ਰੱਖਣ ਤੇ ਸਰਕਾਰ ਦੀ ਬੜੀ ਆਲੋਚਨਾ ਹੋ ਰਹੀ ਹੈ। ਬਸਾਂ ਦੇ ਖ਼ਰਚੇ ਤੋਂ ਲੈ ਕੇ ਫ਼ਸਲ ਦੀ ਬਰਬਾਦੀ ਨੂੰ ਲੈ ਕੇ ਚਰਚਾ ਚਲ ਰਹੀ ਹੈ। ਇਸ਼ਤਿਹਾਰਾਂ ਦੇ ਖ਼ਰਚੇ ਨੂੰ ਲੈ ਕੇ ਵੀ ਸਵਾਲ ਚੁਕੇ ਜਾ ਰਹੇ ਹਨ। ਸਾਦਗੀ ਦੀ ਉਮੀਦ ਰੱਖੀ ਗਈ ਸੀ ਤੇ ਪਿਛਲੀ ਸਰਕਾਰ ਦਾ ਸਹੁੰ ਚੁਕ ਸਮਾਗਮ ਬੜਾ ਸਾਦਾ ਸੀ। ਅੱਜ ਦਾ ਸਮਾਗਮ ਉਸ ਤੋਂ ਇਕਦਮ ਉਲਟ ਸੀ। ਭੀੜ ਭੁੱਖ ਅਤੇ ਪਿਆਸ ਨਾਲ ਵਿਆਕਲ ਹੋ ਰਹੀ ਸੀ। ਨਵੇਂ ਮੁੱਖ ਮੰਤਰੀ ਦੀ ਤੀਬਰ ਇੱਛਾ ਸੀ ਕਿ ਉਹ ਅਪਣੇ ਪ੍ਰੇਰਣਾ ਸ੍ਰੋਤ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਅਪਣੇ ਮੁੱਖ ਮੰਤਰੀ ਕਾਲ ਦੀ ਸ਼ੁਰੂਆਤ ਕਰਨ।

ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਸਮਰਪਿਤ ਅੱਜ ਦਾ ਸਹੁੰ ਚੁਕ ਸਮਾਗਮ ਸ਼ਾਇਦ ਘੱਟ ਖ਼ਰਚੇ ਵਿਚ ਕੀਤਾ ਜਾ ਸਕਦਾ ਸੀ। ਸ਼ਾਇਦ ਥੋੜ੍ਹੀ ਜਹੀ ਫ਼ਸਲ ਬਚਾਈ ਵੀ ਜਾ ਸਕਦੀ ਸੀ ਪਰ ਕੀ ਕੋਈ ਦੀਵਾਨਾ ਕਦੇ ਅਪਣੇ ਪ੍ਰੇਰਣਾ ਸਰੋਤ ਦੀ ਜਨਮ ਭੂਮੀ ਉਤੇ ਹੋਣ ਵਾਲੇ ਸਮਾਗਮ ਦੇ ਖ਼ਰਚੇ ਦੀ ਪ੍ਰਵਾਹ ਵੀ ਕਰਦਾ ਹੈ? ਸਮਾਗਮ ਵਿਚ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਗੂੰਜ ਰਹੇ ਸਨ ਤੇ ਉਹ ਸਾਰੇ ਸ਼ਹੀਦ ਭਗਤ ਸਿੰਘ ਦੇ ਪ੍ਰੇਮੀਆਂ ਦੇ ਦਿਲਾਂ ਵਿਚੋਂ ਨਿਕਲ ਕੇ ਆ ਰਹੇ ਸਨ। ਅੱਜ ਦਾ ਸਹੁੰ ਚੁਕ ਸਮਾਗਮ ਭਗਤ ਸਿੰਘ ਦੇ ਪ੍ਰੇਮੀਆਂ ਦੀ ਸ਼ਰਧਾ ਨੂੰ ਸਮਰਪਿਤ ਸੀ। 

Bhagwant Mann

ਇਹ ਇਕ ਵਖਰੀ ਕਿਸਮ ਦੀ ਸਰਕਾਰ ਦੀ ਵਖਰੀ ਤਰ੍ਹਾਂ ਦੀ ਸ਼ੁਰੂਆਤ ਹੈ ਤੇ ਆਲੋਚਕਾਂ  ਨੂੰ ਪੁਰਾਣੀਆਂ ਰਵਾਇਤਾਂ ਟੁਟਦੇ ਵੇਖ ਬਹੁਤ ਘਬਰਾਹਟ ਹੋ ਰਹੀ ਹੋਵੇਗੀ। ਜਿਹੜੀ ਆਮ ਲੋਕਾਂ ਦੀ ਸਰਕਾਰ ਬਣਨ ਜਾ ਰਹੀ ਹੈ, ਉਸ ਕੋਲ ਤਜਰਬਾ ਨਹੀਂ ਹੈ। ਉਨ੍ਹਾਂ ਦੀ ਵੱਡੇ ਅਫ਼ਸਰਾਂ ਨਾਲ ਕਿਸ ਤਰ੍ਹਾਂ ਨਿਭੇਗੀ, ਕਿਸੇ ਨੂੰ ਕੁੱਝ ਪਤਾ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਵੀ ਅਪਣੇ ਵਰਕਰਾਂ ਤੇ ਵਿਧਾਇਕਾਂ ਨੂੰ ਸਬਰ ਤੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਸਨ। ਪਰ ਅੱਜ ਤਕ ਦੇ ਰਵਾਇਤੀ ਸਿਆਸਤਦਾਨਾਂ ਦੀਆਂ ਕਾਇਮ ਕੀਤੀਆਂ ਰੀਤਾਂ ਨੂੰ ਤੋੜਨ ਵਾਸਤੇ ਹੀ ਤਾਂ ਨਵਾਂ ਇਨਕਲਾਬ ਆਇਆ ਹੈ।

Bhagwant Mann

ਜਦ ਆਜ਼ਾਦੀ ਮਿਲੀ ਸੀ ਤਾਂ ਸਾਡੇ ਬਜ਼ੁਰਗਾਂ ਨੂੰ ਵੀ ਆਜ਼ਾਦੀ ਦਾ ਮਤਲਬ ਸਿਖਣਾ ਪਿਆ ਸੀ। ਗ਼ੁਲਾਮੀ ਵਾਲੀ ਸੋਚ ਸਾਡੇ ਵਿਚ ਅਜੇ ਵੀ ਕਿਤੇ ਨਾ ਕਿਤੇ ਝਲਕ ਹੀ ਪੈਂਦੀ ਹੈ। ਕਦੇ ਗੋਰੀ ਚਮੜੀ ਵਲ ਖਿੱਚ ਤੇ ਕਦੇ ਵਿਦੇਸ਼ਾਂ ਵਿਚ ਜਾ ਆਏ ਲੋਕਾਂ ਦਾ ਅਪਣੇ ਤੋਂ ਵੱਧ ਸਤਿਕਾਰ। ਜਦ ਸਾਡੇ ਬਜ਼ੁਰਗਾਂ ਨੇ ਪੁਰਾਣੀਆਂ ਰੀਤਾਂ ਤੋੜ ਕੇ ਆਜ਼ਾਦੀ ਅਪਣਾ ਲਈ ਸੀ ਤਾਂ ਇਹ ਨਵੀਂ ਸਰਕਾਰ ਵੀ ਪ੍ਰਚਲਤ ਸਿਸਟਮ ਨੂੰ ਸਿਖ ਹੀ ਲਵੇਗੀ। 

ਅੱਜ ਦੇ ਦਿਨ ਇਨ੍ਹਾਂ ਦੇ ਦਿਲਾਂ ਵਿਚ ਪੰਜਾਬ ਵਾਸਤੇ ਪਿਆਰ ਛਲਕ ਰਿਹਾ ਹੈ ਜਿਸ ਕਰ ਕੇ ਇਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਲੈ ਲਈ ਹੈ। ਪੰਜਾਬ ਦੇ ਲੋਕਾਂ ਦੀਆਂ ਆਸਾਂ ਨਿਗੂਣੀਆਂ ਨਹੀਂ ਹਨ ਤੇ ਸਾਡੇ ਖ਼ਜ਼ਾਨੇ ਵਿਚ ਜ਼ਿਆਦਾ ਜਾਨ ਵੀ ਨਹੀਂ ਹੈ। ਕੇਂਦਰ ਦੀ ਨਜ਼ਰ ਇਸ ਸਰਕਾਰ ਤੇ ਟਿਕੀ ਹੋਈ ਹੈ ਤੇ ਬੀ.ਐਸ.ਐਫ਼ ਦਾ ਸਰਹੱਦੀ ਏਰੀਆ ਵਧਿਆ ਹੋਇਆ ਹੈ। ਸਰਹੱਦ ਤੇ ਵਸਦੇ ਪੰਜਾਬ ਵਿਚ ਬੜਾ ਤਾਕਤਵਰ ਮਾਫ਼ੀਆ ਵੀ ਘਬਰਾਇਆ ਹੋਇਆ ਹੈ ਕਿਉਂਕਿ ਹੁਣ ਨਸ਼ਾ, ਰੇਤਾ, ਕੇਬਲ, ਸ਼ਰਾਬ ਮਾਫ਼ੀਆ ਉਤੇ ਝਾੜੂ ਚਲਣ ਵਾਲਾ ਹੈ। ਉਹ ਅਸਾਨੀ ਨਾਲ ਮਰਨ ਵਾਸਤੇ ਤਿਆਰ ਨਹੀਂ ਹੋਣ ਵਾਲੇ। 

ਸੋ ਅਜੇ ਨਵੀਂ ਸਰਕਾਰ ਨੂੰ ਸਾਡੀਆਂ ਸ਼ੁਭ ਇੱਛਾਵਾਂ। ਸਰਕਾਰ ਨੂੰ ਸਾਡੇ ਸਾਥ, ਸਾਡੇ ਸਮਰਥਨ ਦੀ ਲੋੜ ਹੈ ਤਾਕਿ ਉਹ ਸਾਡੇ ਸਾਰਿਆਂ ਵਾਸਤੇ ਇਕ ਮਾਫ਼ੀਆ ਮੁਕਤ ਤਰੱਕੀ ਵਲ ਵਧ ਰਿਹਾ ਪੰਜਾਬ ਸਿਰਜ ਸਕਣ। ਜੋ ਪਿਆਰ ਉਨ੍ਹਾਂ ਦੇ ਦਿਲ ਵਿਚ ਹੈ, ਉਹ ਰਵਾਇਤੀ ਤਜਰਬੇ ਤੋਂ ਕਿਤੇ ਜ਼ਿਆਦਾ ਕੀਮਤੀ ਸਾਬਤ ਹੋਵੇਗਾ।       -ਨਿਮਰਤ ਕੌਰ