ਪੰਜਾਬ ਵਿਚ ਦੋਵੇਂ ਰਵਾਇਤੀ ਪਾਰਟੀਆਂ ਇਕ ਦੂਜੇ ਵਲ ਕਿਉਂ ਵੇਖੀ ਜਾ ਰਹੀਆਂ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2017 ਵਿਚ ਪੰਜਾਬ ਨੂੰ ਵੋਟਰਾਂ ਦੇ ਪ੍ਰੇਮ 'ਚੋਂ ਨਿਕਲੀ ਸੁਨਾਮੀ ਨਾਲ ਜਿੱਤਣ ਵਾਲੀ ਕਾਂਗਰਸ, ਸਿਰਫ਼ ਦੋ ਸਾਲਾਂ ਵਿਚ ਹੀ ਨਿਢਾਲ ਜਹੀ ਹੋਈ ਕਿਉਂ ਲੱਗ ਰਹੀ ਹੈ? ਜਿਥੇ...

Pic

2017 ਵਿਚ ਪੰਜਾਬ ਨੂੰ ਵੋਟਰਾਂ ਦੇ ਪ੍ਰੇਮ 'ਚੋਂ ਨਿਕਲੀ ਸੁਨਾਮੀ ਨਾਲ ਜਿੱਤਣ ਵਾਲੀ ਕਾਂਗਰਸ, ਸਿਰਫ਼ ਦੋ ਸਾਲਾਂ ਵਿਚ ਹੀ ਨਿਢਾਲ ਜਹੀ ਹੋਈ ਕਿਉਂ ਲੱਗ ਰਹੀ ਹੈ? ਜਿਥੇ ਦੇਸ਼ ਦੇ ਕਈ ਕੋਨਿਆਂ ਵਿਚ ਚੋਣਾਂ ਖ਼ਤਮ ਵੀ ਹੋ ਚੁੱਕੀਆਂ ਹਨ, ਪੰਜਾਬ ਵਿਚ ਅਜੇ ਵੀ ਕਾਂਗਰਸ ਦੋ ਸੀਟਾਂ ਤੇ ਉਮੀਦਵਾਰਾਂ ਦੀ ਭਾਲ ਵਿਚ ਬੈਠੀ ਹੈ। ਇਹ ਉਮੀਦਵਾਰਾਂ ਦੀ ਭਾਲ ਹੈ ਜਾਂ ਅੰਦਰੂਨੀ ਲੜਾਈ? ਜਿਹੜੀ ਦੇਰੀ ਬਠਿੰਡਾ ਅਤੇ ਫ਼ਿਰੋਜ਼ਪੁਰ ਦੀਆਂ ਸੀਟਾਂ ਲਈ ਉਮੀਦਵਾਰ ਲੱਭਣ ਵਿਚ ਹੋ ਰਹੀ ਹੈ, ਉਹ ਕਾਂਗਰਸ ਦੇ ਅਕਸ ਨੂੰ ਕਮਜ਼ੋਰ ਕਰ ਰਹੀ ਹੈ।

ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਇਸ ਸੀਟ ਨੂੰ ਲੈ ਕੇ, ''ਤੂੰ ਪਹਿਲਾਂ ਦੱਸ, ਮੈਂ ਬਾਅਦ 'ਚ ਮੁੱਠੀ ਖੋਲਾਂਗਾ?'' ਵਾਲਾ ਨਾਚ ਚਲ ਰਿਹਾ ਹੈ, ਉਹ ਅਕਾਲੀ ਦਲ ਅਤੇ ਕਾਂਗਰਸ ਵਲੋਂ ਪਿੱਠ ਪਿਛੇ ਹੱਥ ਮਿਲਾ ਲੈਣ ਦੀਆਂ ਸ਼ੰਕਾਵਾਂ ਨੂੰ ਤੇਜ਼ ਕਰਦਾ ਹੈ। ਬਠਿੰਡਾ ਹਲਕਾ ਅਕਾਲੀ ਦਲ ਦਾ ਗੜ੍ਹ ਹੈ ਅਤੇ ਪਿਛਲੀ ਚੋਣ ਵਿਚ ਮਨਪ੍ਰੀਤ ਸਿੰਘ ਬਾਦਲ ਪੀ.ਪੀ.ਪੀ. ਹੇਠ ਰਹਿ ਕੇ ਵੀ ਸਿਰਫ਼ 20 ਹਜ਼ਾਰ ਵੋਟਾਂ ਤੋਂ ਹਾਰੇ ਸਨ। ਹੁਣ ਦੋ ਸਾਲਾਂ ਦੇ ਕਾਂਗਰਸ ਰਾਜ ਮਗਰੋਂ ਵੀ, ਅੱਜ ਬਠਿੰਡਾ ਸੀਟ ਜਿੱਤਣ ਦਾ ਆਤਮਵਿਸ਼ਵਾਸ ਕਾਂਗਰਸ ਵਿਚ ਨਹੀਂ ਦਿਸ ਰਿਹਾ। ਹਰ ਆਗੂ ਇਕ-ਦੂਜੇ ਨੂੰ ਭੇਜਣ ਦੀ ਗੱਲ ਕਰਦਾ ਹੈ ਪਰ ਖ਼ੁਦ ਬਠਿੰਡਾ ਜਾਣ ਤੋਂ ਕਤਰਾਉਂਦਾ ਹੈ। 

ਪਰ ਕਾਂਗਰਸ ਨਾਲੋਂ ਜ਼ਿਆਦਾ ਹੈਰਾਨੀਜਨਕ ਸਥਿਤੀ ਅਕਾਲੀ ਦਲ ਦੀ ਹੈ। ਬਾਦਲ ਪ੍ਰਵਾਰ ਦੀ ਘਬਰਾਹਟ ਸੁਭਾਵਕ ਹੀ ਹੈ ਪਰ ਕਾਂਗਰਸ ਦੇ ਉਮੀਦਵਾਰ ਉਤੇ ਉਨ੍ਹਾਂ ਦੀ ਨਾਮਜ਼ਦਗੀ ਕਿਉਂ ਟਿਕੀ ਹੋਈ ਹੈ? ਕੀ ਇਸ ਦੇਰੀ ਨਾਲ ਇਹ ਜਾਪਦਾ ਹੈ ਕਿ ਉਹ ਵੇਖ ਰਹੇ ਹਨ ਕਿ ਕਾਂਗਰਸ ਕੋਈ ਕਮਜ਼ੋਰ ਉਮੀਦਵਾਰ ਖੜਾ ਕਰਦੀ ਹੈ ਤਾਂ ਹੀ ਬੀਬਾ ਬਾਦਲ ਉਸ ਉਮੀਦਵਾਰ ਵਿਰੁਧ ਚੋਣ ਲੜਨਗੇ? ਜਿਸ ਸਮੇਂ, ਅਕਾਲੀ ਦਲ ਲਈ ਅਪਣੇ ਇਸ ਗੜ੍ਹ ਵਿਚ ਅਪਣਾ ਦ੍ਰਿੜ ਵਿਸ਼ਵਾਸ ਅਤੇ ਤਾਕਤ ਵਿਖਾਉਣ ਦਾ ਮੌਕਾ ਸੀ, ਉਸ ਸਮੇਂ ਜੱਕੋ-ਤੱਕੀ ਵਿਖਾ ਕੇ, ਉਹ ਅਪਣੇ ਅੰਦਰ ਦਾ ਡਰ ਹੀ ਵਿਖਾ ਰਹੇ ਹਨ।

ਇਸ ਦਾ ਅਸਰ ਅਕਾਲੀ ਦਲ ਅਤੇ 'ਆਪ' ਦੇ ਵਰਕਰਾਂ ਦਾ ਕਾਂਗਰਸ ਜਾਂ ਪੀ.ਡੀ.ਏ. ਵਿਚ ਸ਼ਾਮਲ ਹੋਈ ਜਾਣ ਦੇ ਰੂਪ ਵਿਚ ਨਜ਼ਰ ਆ ਰਿਹਾ ਹੈ। ਟਕਸਾਲੀਆਂ ਦੇ ਛੱਡ ਜਾਣ ਦਾ ਅਸਰ ਵੀ ਅਕਾਲੀ ਦਲ ਨੂੰ ਬੇਆਰਾਮ ਕਰ ਰਿਹਾ ਹੋਵੇਗਾ। ਪਰ ਇਸ ਪ੍ਰਕਿਰਿਆ 'ਚ ਕਾਂਗਰਸ ਉਤੇ ਮੁੜ ਤੋਂ ਮਾੜਾ ਅਸਰ ਪੈ ਰਿਹਾ ਹੈ। ਕਾਂਗਰਸ ਦੇ ਵੱਡੇ ਆਗੂਆਂ ਦੀ ਨਾਰਾਜ਼ਗੀ ਅਤੇ ਧੜੇਬੰਦੀ ਦਾ ਪ੍ਰਦਰਸ਼ਨ ਹੁਣ ਬੜਾ ਸ਼ਰਮਨਾਕ ਮੋੜ ਲੈ ਰਿਹਾ ਹੈ। ਨਾਭਾ ਤੋਂ ਵਿਰੋਧ ਫਿਰ ਵੀ ਪਾਰਟੀ ਦੇ ਘੇਰੇ ਵਿਚ ਰਹਿ ਕੇ ਆਇਆ ਸੀ ਪਰ ਹੁਣ ਇਕ ਕਾਂਗਰਸੀ ਬੁਲਾਰੇ ਵਲੋਂ ਅਪਣੀ ਪਾਰਟੀ ਨੂੰ ਛੱਡਣ ਸਮੇਂ ਜੋ ਸ਼ਬਦਾਵਾਲੀ ਵਰਤੀ ਗਈ ਹੈ, ਉਹ ਕਾਂਗਰਸ ਬਾਰੇ ਸਵਾਲ ਤਾਂ ਖੜੇ ਕਰਦੀ ਹੀ ਹੈ ਪਰ ਇਸ ਪਾਰਟੀ ਦੇ ਅੰਦਰ ਦੀ ਚਲ ਰਹੀ ਤੂੰ-ਤੂੰ ਮੈਂ-ਮੈਂ ਨੂੰ ਵੀ ਨੰਗਾ ਕਰਦੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਅੰਦਰੋਂ ਕਮਜ਼ੋਰ ਹੋਈ ਜਾਪਦੀ ਹੈ। ਭਾਵੇਂ ਬਾਗ਼ੀ ਹੋਏ ਕਾਂਗਰਸੀ ਬੁਲਾਰੇ ਦੇ ਸ਼ਬਦ, ਸੀਟ ਨਾ ਮਿਲਣ ਕਾਰਨ ਹੋਈ ਨਿਰਾਸ਼ਾ ਵਿਚੋਂ ਨਿਕਲੇ ਸਨ ਪਰ ਉਹ ਕਾਂਗਰਸ ਦੇ ਸ਼ਾਸਨ ਬਾਰੇ ਲੋਕਾਂ ਦੇ ਖ਼ਦਸ਼ਿਆਂ ਨੂੰ ਬੱਲ ਹੀ ਦੇਂਦੇ ਹਨ। ਦੋਹਾਂ ਰਵਾਇਤੀ ਪਾਰਟੀਆਂ, ਅਕਾਲੀ ਦਲ ਅਤੇ ਕਾਂਗਰਸ ਨੂੰ ਇਸ ਗੱਲ ਦਾ ਯਕੀਨ ਹੈ ਕਿ 'ਆਪ' ਤੋਂ ਬਾਅਦ ਹੁਣ ਪੰਜਾਬ 'ਚ ਕੋਈ ਨਵਾਂ ਤਜਰਬਾ ਨਹੀਂ ਕਰੇਗਾ ਅਤੇ ਵੋਟਰਾਂ ਕੋਲ ਅਪਣੇ ਪਹਿਲੇ ਖ਼ੇਮਿਆਂ ਵਿਚ ਜਾ ਇਕੱਤਰ ਹੋਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਰਹੇਗਾ। ਪਰ ਰੀਪੋਰਟਾਂ ਦਸਦੀਆਂ ਹਨ ਕਿ ਗ਼ੈਰ-ਰਵਾਇਤੀ ਉਮੀਦਵਾਰਾਂ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਇਸ ਨਾਲ ਦੋਹਾਂ ਪਾਰਟੀਆਂ ਨੂੰ ਝਟਕਾ ਮਿਲਣ ਦੇ ਆਸਾਰ ਬਹੁਤ ਜ਼ਿਆਦਾ ਰਹੇ ਹਨ। ਅਤੇ 2014 ਵਾਂਗ ਪੰਜਾਬ ਦੀ ਜਨਤਾ ਬਾਕੀ ਦੇਸ਼ਵਾਸੀਆਂ ਨਾਲੋਂ ਵਖਰਾ ਜਿਹਾ ਨਤੀਜਾ ਪੇਸ਼ ਕਰਨ ਤੋਂ ਝਿਜਕਦੀ ਨਹੀਂ ਨਜ਼ਰ ਆ ਰਹੀ। ਰਿਕਸ਼ਾ ਉਤੇ ਪ੍ਰਚਾਰ ਕਰਦੇ ਡਾ. ਗਾਂਧੀ, ਕੁਰਬਾਨੀਆਂ ਵਾਲੇ ਪ੍ਰਵਾਰ 'ਚੋਂ ਨਿਕਲੀ ਬੀਬੀ ਖਾਲੜਾ ਵਰਗੇ ਉਮੀਦਵਾਰ, ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੇ ਪ੍ਰਤੀਕ ਹਨ ਜਿਨ੍ਹਾਂ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਅਤੇ ਜੋ ਪੰਜਾਬ ਨਾਲ ਪਿਆਰ ਵੀ ਕਰਦ ੇਸਨ ਅਤੇ ਵਫ਼ਾਦਾਰੀ ਵੀ ਪੂਰੀ ਨਿਭਾਉਂਦੇ ਸਨ। ਨਾ ਕਿਸੇ ਉਦਯੋਗਪਤੀ ਦੀ ਤਜੌਰੀ 'ਚੋਂ ਉਪਜੇ ਤੇ ਨਾ ਕਿਸੇ ਪ੍ਰਸਿੱਧ ਰਾਜਸੀ ਘਰਾਣੇ 'ਚੋਂ ਨਿਕਲੇ ਇਹੋ ਜਿਹੇ ਆਗੂ ਅੱਜ ਵੀ ਚੋਣ ਨਤੀਜਿਆਂ ਵਿਚ ਕੁੱਝ ਵੀ ਕਰ ਕੇ ਵਿਖਾ ਸਕਦੇ ਹਨ।  - ਨਿਮਰਤ ਕੌਰ