ਇਸ ਤੋਂ ਪਹਿਲਾਂ ਕਿ ਮਹਾਂਮਾਰੀ ਤੁਹਾਨੂੰ ਆ ਫੜੇ, ਟੀਕਾ ਜ਼ਰੂਰ ਲਗਾ ਲਉ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹੋਰ ਕੁੱਝ ਨਹੀਂ ਤਾਂ ਕੋਰੋਨਾ ਦਾ ਅਸਰ ਘੱਟ ਜ਼ਰੂਰ ਕਰ ਦੇਵੇਗਾ

Corona vaccine

ਪਿਛਲੇ 10 ਦਿਨਾਂ ਵਿਚ ਭਾਰਤ ’ਚ ਕੋਵਿੰਡ 19 ਦੇ ਅੰਕੜੇ 105 ਫ਼ੀ ਸਦੀ ਵੱਧ ਗਏ ਹਨ ਤੇ ਕੋਰੋਨਾ ਦਾ ਕਹਿਰ ਏਨਾ ਵੱਧ ਗਿਆ ਹੈ ਜਿੰਨਾ ਕਿਸੇ ਹੋਰ ਦੇਸ਼ ਵਿਚ ਨਹੀਂ ਦਿਸ ਰਿਹਾ। ਅਮਰੀਕਾ ਵਰਗੇ ਦੇਸ਼ ਵਿਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਘਾਟ ਨਾਲ ਲੋਕ ਮਰੇ ਸਨ ਤੇ ਅਸੀ ਅਪਣੇ ਆਪ ਨੂੰ ਥਾਪੜਾ ਦੇਂਦੇ ਰਹੇ ਕਿ ਅਸੀ ਅਮਰੀਕਾ ਤੋਂ ਕਿਤੇ ਜ਼ਿਆਦਾ ਤਾਕਤਵਰ ਹਾਂ। ਅਸੀ ਸਪੇਨ ਦੇ ਵਧਦੇ ਕੇਸਾਂ ਵਲ ਵੇਖ ਕੇ ਤੇ ਉਸ ਦੇਸ਼ ਨੂੰ ਕੰਬਦੇ ਵੇਖ ਕੇ ਉਨ੍ਹਾਂ ਦੀਆਂ ਤਾਲੀਆਂ ਵੀ ਵਜਾ ਦਿਤੀਆਂ। ਜਦ ਵੈਕਸੀਨ ਆਈ ਤਾਂ ਸਾਰੇ ਸੰਤੁਸ਼ਟ ਹੋ ਕੇ ਬੈਠ ਗਏ ਕਿ ਹੁਣ ਤਾਂ ਕੋਰੋਨਾ ਦਾ ਅੰਤ ਹੋ ਗਿਆ ਹੈ।

ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਕੋਰੋਨਾ ਅਪਣੇ ਆਪ ਨੂੰ ਨਵੇਂ ਰੂਪ ਵਿਚ ਢਾਲ ਕੇ ਇਸ ਤਰ੍ਹਾਂ ਅਪਣਾ ਵਾਰ ਕਰੇਗਾ ਕਿ ਜੋ ਇਸ ਤੋਂ ਬਚੇ ਹੋਏ ਸਨ, ਹੁਣ ਉਹ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਕੋਰੋਨਾ ਇਸ ਵਾਰ ਨੌਜਵਾਨਾਂ ਨੂੰ ਵੀ ਅਪਣੀ ਲਪੇਟ ਵਿਚ ਲੈ ਰਿਹਾ ਹੈ। ਪਰ ਮੌਤ 40 ਤੋਂ 60 ਵਰਿ੍ਹਆਂ ਵਿਚਕਾਰ ਦੇ ਲੋਕਾਂ ਦੀ ਹੀ ਹੋ ਰਹੀ ਹੈ। ਅਸੀ ਸਰਕਾਰਾਂ ਦੇ ਸਿਰ ਤੇ ਸਾਰਾ ਦੋਸ਼ ਮੜ੍ਹ ਸਕਦੇ ਹਾਂ ਕਿਉਂਕਿ ਇਹ ਉਹੀ ਸਰਕਾਰਾਂ ਨੇ ਜੋ ਪਿਛਲੇ ਸਾਲ ਤਾਲਾਬੰਦੀ ਕਰਵਾ ਰਹੀਆਂ ਸਨ ਤੇ ਅੱਜ ਮਹਾਂਮਾਰੀ ਦੇ ਸਿਖਰ ਤੇ ਚੋਣ ਰੈਲੀਆਂ ਕਰਵਾ ਰਹੀਆਂ ਹਨ। ਕੁੰਭ ਮੇਲੇ ਤੇ ਇਕ ਦਿਨ ਵਿਚ 35 ਲੱਖ ਸ਼ਰਧਾਲੂ ਗੰਗਾ ਵਿਚ ਡੁਬਕੀ ਲਗਾਉਣ ਗਏ ਸਨ ਤੇ ਪੂਰੇ ਮਹੀਨੇ ਵਿਚ ਮਹਾਰਾਸ਼ਟਰ ਵਿਚ 17 ਲੱਖ ਵੈਕਸੀਨ ਦੇ ਟੀਕੇ ਲੱਗੇ ਸਨ।

ਸਾਡੀਆਂ ਸਰਕਾਰਾਂ ਇਹ ਤਾਂ ਕਹਿ ਰਹੀਆਂ ਹਨ ਕਿ ਅਸੀ 100 ਮਿਲੀਅਨ ਲੋਕਾਂ ਨੂੰ ਟੀਕਾ ਲਗਾ ਦਿਤਾ ਹੈ। ਦੁਨੀਆਂ ਵਿਚ ਸੱਭ ਤੋਂ ਵੱਧ ਟੀਕੇ ਸਾਰੇ ਦੇਸ਼ ਵਿਚ ਹੀ ਲਗਾਏ ਗਏ ਹਨ। ਪਰ 10 ਕਰੋੜ ਦਾ ਮਤਲਬ ਸਾਡੇ ਦੇਸ਼ ਦੀ ਆਬਾਦੀ ਦਾ 7 ਫ਼ੀ ਸਦੀ ਹਿੱਸਾ ਹੀ ਬਣਦਾ ਹੈ। ਜਿਨ੍ਹਾਂ ਨੂੰ ਦੋ ਵਾਰ ਟੀਕਾ ਲਗਿਆ, ਉਨ੍ਹਾਂ ਦੀ ਗਿਣਤੀ 4 ਫ਼ੀ ਸਦੀ ਹੈ। ਸਿਰਫ਼ ਚਾਰ ਫ਼ੀ ਸਦੀ। ਵੈਕਸੀਨ ਦੇ ਅੰਕੜਿਆਂ ਬਾਰੇ ਗੱਪ ਮਾਰਨ ਤੋਂ ਪਹਿਲਾਂ ਅਪਣੀ ਆਬਾਦੀ ਦੇ ਅੰਕੜੇ ਵੀ ਤਾਂ ਵੇਖ ਲੈਣੇ ਸੀ ਜੋ 1340 ਕਰੋੜ ਬਣਦੇ ਹਨ (ਇਕ ਹਜ਼ਾਰ ਤਿੰਨ ਸੌ ਚਾਲੀ ਕਰੋੜ ਜਾਂ ਇਕ ਅਰਬ, 34 ਕਰੋੜ)

ਅਮਰੀਕਾ ਅਗਲੇ ਦੋ ਮਹੀਨੇ ਵਿਚ ਅਪਣੀ ਸਾਰੀ ਆਬਾਦੀ ਨੂੰ ਟੀਕਾ ਲਗਵਾ ਦੇਵੇਗਾ। 1100 ਅਮਰੀਕਨ ਆਬਾਦੀ ਨੂੰ ਵੈਕਸੀਨ ਲਗਾ ਦਿਤੀ ਜਾਵੇਗੀ ਤੇ ਅਸੀ ਅਜੇ 4 ਫ਼ੀ ਸਦੀ ਨੂੰ ਲਗਾਉਣ ਤੇ ਅਪਣੀ ਪਿੱਠ ਥਪਥਪਾ ਰਹੇ ਹਾਂ। ਇਸ ਰਫ਼ਤਾਰ ਨਾਲ ਤਾਂ ਅਸੀ ਦੋ-ਤਿੰਨ ਸਾਲਾਂ ਵਿਚ ਅੱਧੀ ਆਬਾਦੀ ਨੂੰ ਵੀ ਟੀਕਾ ਨਹੀਂ ਲਗਾ ਸਕਾਂਗੇ। ਪਿਛਲੇ ਸਾਲ ਇਸ ਸਮੇਂ ਇਸਲਾਮੀ ਤਬਲੀਗੀ ਜਮਾਤ ਨੂੰ ਦੇਸ਼ ਦਾ ਦੁਸ਼ਮਣ ਕਰਾਰ ਦੇ ਕੇ ਅਸੀ ਸਿਆਸਤ ਖੇਡ ਰਹੇ ਸੀ ਜਦ ਅੰਕੜਾ ਕੁੱਝ ਹਜ਼ਾਰਾਂ ਵਿਚ ਸੀ ਪਰ ਅੱਜ ਲੱਖਾਂ ਲੋਕਾਂ ਨੂੰ ਇਕੱਤਰ ਕਰ ਕੇ, ਅਪਣੀ ਤਾਕਤ ਵਿਖਾਉਣ ਲਈ, ਰੈਲੀਆਂ ਕਰ ਰਹੇ ਹਾਂ, ਲੱਖਾਂ ਦੀ ਤਾਦਾਦ ਵਿਚ ਕੁੰਭ ਮੇਲਾ ਮਨਾ ਰਹੇ ਹਾਂ ਅਤੇ ਇਹ ਜੋ ਕੋਵਿਡ ਦਾ ਅੰਕੜਾ ਅੱਜ ਰੋਜ਼ਾਨਾ ਦੋ ਲੱਖ ਤੇ ਪਹੁੰਚ ਗਿਆ ਹੈ, ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਰੋਜ਼ਾਨਾ ਤਿੰਨ ਲੱਖ ਤੋਂ ਵੀ ਪਾਰ ਪਹੁੰਚ ਜਾਵੇਗਾ। 

 

 

ਸਾਡੀ ਸਰਕਾਰ ਬਾਹਰਲੇ ਦੇਸ਼ਾਂ ਦੇ ਲੀਡਰਾਂ ਸਾਹਮਣੇ ਅਪਣੀ ਛਵੀ ਬਣਾਉਣ ਵਿਚ ਇਸ ਕਦਰ ਜੁਟੀ ਹੋਈ ਹੈ ਕਿ ਉਨ੍ਹਾਂ ਵੈਕਸੀਨ ਨੂੰ ਵਿਦੇਸ਼ ਭੇਜ ਕੇ ਅਪਣਾ ਵੱਡਾ ਦਿਲ ਤਾਂ ਵਿਖਾ ਦਿਤਾ ਪਰ ਅਪਣੇ ਨੌਜਵਾਨਾਂ ਵਾਸਤੇ ਉਨ੍ਹਾਂ ਕੋਲ ਕੋਈ ਵੈਕਸੀਨ ਨਹੀਂ। ਹੁਣ ਘਬਰਾਹਟ ਵਿਚ ਰੂਸੀ ਵੈਕਸੀਨ ਲਿਆਂਦੀ ਜਾ ਰਹੀ ਹੈ। ਵੈਕਸੀਨ ਲੈਣੋਂ ਬਹੁਤ ਲੋਕ ਅਜੇ ਵੀ ਕਤਰਾ ਰਹੇ ਹਨ ਪਰ ਜਿਸ ਤਰ੍ਹਾਂ ਦੀ ਮਹਾਂਮਾਰੀ ਹੈ, ਹੁਣ ਕੋਵਿਡ ਤੋਂ ਬਚਣਾ ਮੁਸ਼ਕਲ ਜਾਪਦਾ ਹੈ। ਕੋਵਿਡ ਵਲੋਂ ਅਪਣਾ ਸਰੂਪ ਬਦਲ ਲੈਣ ਦਾ ਪੈਂਤੜਾ ਵੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੇਂਡੂ ਵਰਗ ਉਤੇ ਵੀ ਇਸ ਦਾ ਵਾਰ ਸ਼ੁਰੂ ਹੋ ਸਕਦਾ ਹੈ ਜੋ ਅਜੇ ਬਚਿਆ ਹੋਇਆ ਹੈ।

 

ਪਰ ਜੇ ਸਰਕਾਰਾਂ ਤੇ ਦੋਸ਼ ਮੜ੍ਹ ਕੇ ਤੁਹਾਡਾ ਬਚਾਅ ਹੁੰਦਾ ਹੈ ਤਾਂ ਕਰ ਲਵੋ ਨਹੀਂ ਤਾਂ ਅਪਣੇ ਬਾਰੇ ਆਪ ਹੀ ਸੋਚਣਾ ਸ਼ੁਰੂ ਕਰ ਦਿਉ। ਇਕ ਮਾਸਕ ਪਾਉਣ ਨਾਲ ਤੁਸੀਂ ਅਪਣੇ ਆਪ ਦਾ ਬਚਾਅ ਕਰ ਸਕਦੇ ਹੋ ਤਾਂ ਫਿਰ ਕਿਉਂ ਨਹੀਂ ਯਤਨ ਕਰਦੇ? ਜਿਹੜੇ ਕੋਵਿਡ ਦੀ ਵੈਕਸੀਨ ਲਗਵਾ ਸਕਦੇ ਹਨ, ਉਹ ਲਗਵਾ ਕੇ ਇਸ ਦੀ ਚਾਲ ਨੂੰ ਧੀਮੀ ਤਾਂ ਕਰ ਸਕਦੇ ਹਨ, ਉਹ ਇਸ ਤਰ੍ਹਾਂ ਹੀ ਅਪਣਾ ਯੋਗਦਾਨ ਪਾ ਵਿਖਾਉਣ। ਮਹਾਂਮਾਰੀ ਵਿਚ ਸਾਡੇ ਗ਼ਰੀਬ ਦੇਸ਼ ਦੇ ਸਿਆਸਤਦਾਨਾਂ ਤੋਂ ਜ਼ਿਆਦਾ ਉਮੀਦ ਨਾ ਰਖਦੇ ਹੋਏ ਅਪਣੇ ਆਪ ਦੇ ਤੇ ਅਪਣੇ ਪ੍ਰਵਾਰ ਦੇ ਬਚਾਅ ਦੇ ਜ਼ਿੰਮੇਵਾਰ ਆਪ ਬਣੋ।                            -ਨਿਮਰਤ ਕੌਰ