ਕਾਂਗਰਸ ਦਾ ਚਿੰਤਨ: ਅੱਜ ਦੇਸ਼ ਦੀ ਸੱਭ ਤੋਂ ਵੱਡੀ ਵਿਰੋਧੀ ਧਿਰ ਮਰ ਕਿਉਂ ਰਹੀ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਯੋਤੀਰਾਦਿਤਿਆ ਸਿੰਧੀਆ  ਤੋਂ ਸ਼ੁਰੂ ਹੋਇਆ ਸਿਲਸਿਲਾ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਹੈ।

Rahul Gandhi, Sonia Gandhi

ਜਿਹੜੇ ਕਾਂਗਰਸੀ ਅਪਣੀ ਪਾਰਟੀ ਦੇ ਭਵਿੱਖ ਨੂੰ ਲੈ ਕੇ ‘ਚਿੰਤਨ’ ਕਰਨ ਬੈਠੇ ਸਨ, ਉਨ੍ਹਾਂ ਦੇ ‘ਚਿੰਤਨ’ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚਿੰਤਾ ਵਿਚ ਬਦਲ ਦਿਤਾ ਹੈ। ਜਯੋਤੀਰਾਦਿਤਿਆ ਸਿੰਧੀਆ  ਤੋਂ ਸ਼ੁਰੂ ਹੋਇਆ ਸਿਲਸਿਲਾ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਹੈ। ਕਈ ਵੱਡੇ ਕਾਂਗਰਸੀ ਆਗੂ ਜਾਂ ਤਾਂ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਜਾਂ ਕਾਂਗਰਸ ਵਿਚ ਟਿਕੇ ਰਹਿ ਕੇ ਹੀ ਅਪਣੀ ਪਾਰਟੀ ਵਿਰੁਧ ਬੋਲਦੇ ਰਹਿੰਦੇ ਹਨ। ਪਰ ਜਾਖੜ ਵਲੋਂ ਕਾਂਗਰਸ ਨੂੰ ‘ਗੁਡ ਬਾਏ’ ਕਹਿ ਦੇਣ ਦੀ ਪ੍ਰਕਿਰਿਆ ਤੋਂ ਜਾਪਦਾ ਹੈ ਕਿ ਹੁਣ ਉਹ ਇਕ ਨਵੀਂ ਸ਼ੁਰੂਆਤ ਵੀ ਕਰ ਸਕਦੇ ਹਨ।

ਉਹ ਭਾਜਪਾ ਵਿਚ ਜਾ ਕੇ ਨਹੀਂ ਸਗੋਂ ‘ਆਪ’ ਪਾਰਟੀ ਵਿਚ ਸ਼ਾਮਲ ਹੋ ਕੇ ਸੰਗਰੂਰ ਦੀ ਲੋਕ ਸਭਾ ਸੀਟ ਦੇ ਉਮੀਦਵਾਰ ਬਣ ਸਕਦੇ ਹਨ। ਪਰ ਕਾਂਗਰਸ ਦੇ ‘ਚਿੰਤਨ’ ਦੇ ਪਿਛੇ ਦੀ ਚਿੰਤਾ ਦਾ ਵਿਸ਼ਾ ਸਿਰਫ਼ ਇਹੀ ਹੈ ਕਿ ਉਹ ਕਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਕੁਰਸੀ ਤੇ ਬਣਾਈ ਰੱਖਣ ਦੀ ਨੀਤੀ ਤਿਆਰ ਕਰੇ। ਹੁਣ ਤਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈਆਂ ਹਾਰਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਗਈ ਹੈ ਪਰ ਇਸ ਚਿੰਤਨ ਤੋਂ ਬਾਅਦ ਇਕ ਵਾਰ ਫਿਰ ਇਹ ਸਾਫ਼ ਹੋ ਗਿਆ ਹੈ ਕਿ ਇਹ ਪਾਰਟੀ ਅਪਣੇ ਆਪ ਨੂੰ ਡਾਇਨਾਸੋਰ ਜਿੰਨਾ ਤਾਕਤਵਰ ਸਮਝਦੀ ਹੈ। ਪਰ ਉਹ ਇਤਿਹਾਸ ਨੂੰ ਨਹੀਂ ਸਮਝਦੀ ਅਤੇ ਭੁੱਲ ਜਾਂਦੀ ਹੈ ਕਿ ਡਾਇਨਾਸੋਰ ਦਾ ਵੀ ਖ਼ਾਤਮਾ ਹੋ ਗਿਆ ਸੀ ਤੇ ਅੱਜ ਸਿਰਫ਼ ਉਸ ਦੇ ਬਚੇ ਖੁਚੇ ਹੱਡਾਂ ਤੋਂ ਹੀ ਉਸ ਦੀ ਹੋਂਦ ਦਾ ਪਤਾ ਲਗਦਾ ਹੈ।

ਚਾਹੀਦਾ ਤਾਂ ਇਹ ਸੀ ਕਿ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਵੇਖ ਕੇ, ਉਨ੍ਹਾਂ ਵਲੋਂ ਲਾਏ ਗਏ ਸੱਭ ਤੋਂ ਵੱਡੇ ਦੋਸ਼ ਨੂੰ ਅਪਣੀ ਸੋਚ ਵਿਚਾਰ ਦਾ ਹਿੱਸਾ ਬਣਾਇਆ ਜਾਂਦਾ ਤੇ ਪੁਛਿਆ ਜਾਂਦਾ ਕਿ ਕਿਉਂ ਦਿੱਲੀ, ਉਤਰਾਖੰਡ ਅਤੇ ਰਾਜਸਥਾਨ ਦੇ ਆਗੂਆਂ ਦੇ ਹੱਥ ਵਿਚ ਪੰਜਾਬ ਦੀ ਕਮਾਨ ਫੜਾਈ ਗਈ। ਰਾਹੁਲ ਗਾਂਧੀ ਕਈ ਵਾਰ ਆਖਦੇ ਹਨ ਕਿ ਉੁਨ੍ਹਾਂ ਨੇ ਆਰ.ਐਸ.ਐਸ., ਭਾਜਪਾ ਤੇ ਉਨ੍ਹਾਂ ਦੇ ਖ਼ਾਸ ਮਿੱਤਰ ਉਦਯੋਗਪਤੀਆਂ ਵਿਰੁਧ ਲੜਨਾ ਹੈ ਪਰ ਇਸ ਗੱਲ ਵਲ ਧਿਆਨ ਹੀ ਨਹੀਂ ਦੇ ਰਹੇ ਕਿ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਕੀ ਹਨ? ਚਲੋ ਮੰਨ ਲਿਆ ਕਿ ਕਾਂਗਰਸ ਕੋਲ ਰਾਹੁਲ ਗਾਂਧੀ ਤੋਂ ਵੱਡਾ ਹੋਰ ਕੋਈ ਨੇਤਾ ਨਹੀਂ ਤੇ ਰਾਹੁਲ ਗਾਂਧੀ ਇਕ ਵੱਡੀ ਵਿਚਾਰਧਾਰਾ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਵੀ ਕਰਦੇ ਹਨ ਪਰ ਇਹ ਵੀ ਸੱਚ ਹੈ ਕਿ ਅੱਜ ਲੋਕਾਂ ਨੂੰ ਕਾਂਗਰਸ ਉਤੇ ਪਹਿਲਾਂ ਵਾਲਾ ਵਿਸ਼ਵਾਸ ਨਹੀਂ ਰਿਹਾ।

ਰਾਹੁਲ ਗਾਂਧੀ ਨੂੰ ਹੁਣ ਚਿੰਤਨ ਤੇ ਚਿੰਤਾ ਕਰਨ ਦੀ ਜ਼ਰੂਰਤ ਹੈ ਕਿ ਪੰਜਾਬ ਵਿਚ ਪਾਰਟੀ ਨੂੰ ਲੋਕਾਂ ਨੇ ਕਿਉਂ ਛਡਿਆ ਤੇ ਸੁਨੀਲ ਜਾਖੜ ਕਾਂਗਰਸ ਪਾਰਟੀ ਨੂੰ ਛੱਡਣ ਵਾਸਤੇ ਕਿਉਂ ਮਜਬੂਰ ਹੋਏ। ਇਹ ਕਹਿਣਾ ਬੜਾ ਆਸਾਨ ਹੈ ਕਿ ਦਲਿਤ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਸਦਕਾ, ਕਾਂਗਰਸ ਨੂੰ ਵੋਟ ਨਹੀਂ ਮਿਲੀ ਜਾਂ ਸੁਨੀਲ ਜਾਖੜ ਦੇ ਜਾਣ ਨਾਲ ਪਾਰਟੀ ਨੂੰ ਫ਼ਾਇਦਾ ਹੋਵੇਗਾ। ਇਹ ਕਹਿਣਾ ਵੀ ਸਹੀ ਨਹੀਂ ਕਿ ਜਾਖੜ ਨੂੰ ਪਾਰਟੀ ਵਿਚੋਂ ਕਿੰਨਾ ਕੁੱਝ ਮਿਲਿਆ ਹੈ। ਇਹ ਬਹੁਤ ਛੋਟੀਆਂ ਗੱਲਾਂ ਹਨ ਤੇ ਰਾਹੁਲ ਗਾਂਧੀ ਵਰਗੇ ਵੱਡੀ ਸੋਚ ਵਾਲੇ ਇਨਸਾਨ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਜੇ ਉਹ ‘ਨਫ਼ਰਤ’ ਦੀਆਂ ਤਾਕਤਾਂ ਨਾਲ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਸਾਹਮਣੇ ਜਾਣ ਤੋਂ ਪਹਿਲਾਂ ਅਪਣੀ ਪਾਰਟੀ ਦੇ ਅੰਦਰ ਦੀਆਂ ਬੀਮਾਰੀਆਂ ਨੂੰ ਦੂਰ ਕਰਨਾ ਪਵੇਗਾ। 

ਜਿਵੇਂ ਜਾਖੜ ਜੀ ਨੇ ਆਖਿਆ ਹੈ, ‘ਚਿੰਤਨ’ ਦਾ ਵਿਸ਼ਾ ਪੰਜਾਬ, ਗੋਆ, ਉਤਰਾਖੰਡ, ਉਤਰ ਪ੍ਰਦੇਸ਼ ਵਿਚ ਕਾਂਗਰਸ ਦੀ ਹੋਈ ਹਾਰ ਹੋਣਾ ਚਾਹੀਦਾ ਸੀ। ਕਾਂਗਰਸ ਵਿਚ ਸਿਉਂਕ ਵਾਂਗ ਫੈਲਿਆ ਭ੍ਰਿਸ਼ਟਾਚਾਰ ਦੂਜਾ ਵਿਸ਼ਾ ਹੋਣਾ ਚਾਹੀਦਾ ਸੀ। ਜਿਸ ਕਾਂਗਰਸ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, ਉਸ ਦੇ ਵਾਰਸਾਂ ਨੇ ਭਾਰਤ ਨੂੰ ਭ੍ਰਿਸ਼ਟਾਚਾਰ ਨਾਲ ਤਬਾਹ ਕੀਤਾ ਹੈ।

ਪੰਜਾਬ ਵਿਚ ਕਾਂਗਰਸ ਰਾਜ ਦੇ ਪੰਜ ਸਾਲ ਯੋਜਨਾਬਧ ਲੁਟ ਖਸੁਟ ਆਮ ਪੰਜਾਬੀ ਨੂੰ ਬੇਸੁਧ ਕਰ ਗਈ ਸੀ। ਰਾਹੁਲ ਗਾਂਧੀ ਇਸ ਦਾ ਕਾਰਨ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਠਹਿਰਾ ਸਕਦੇ। ਭ੍ਰਿਸ਼ਟ ਆਗੂਆਂ ਨੂੰ ਟਿਕਟਾਂ ਮਿਲੀਆਂ। ਬਾਗ਼ੀ ਆਗੂ, ਜਿਨ੍ਹਾਂ ਨੇ ਜਾਖੜ ਜੀ ਤੋਂ ਵੱਧ ਬਗ਼ਾਵਤ ਕੀਤੀ, ਅੱਜ ਵੀ ਪਾਰਟੀ ਵਿਚ ਮੌਜੂਦ ਹਨ। ਪਰ ਰਾਹੁਲ ਗਾਂਧੀ ਅਸਲ ਮੁੱਦੇ ਤਕ ਪਹੁੰਚ ਹੀ ਨਹੀਂ ਸਕੇ। ਦੇਸ਼ ਕਾਂਗਰਸ ਦੀ ਨਹੀਂ ਬਲਕਿ ਲੋਕਤੰਤਰ ਵਿਚ ਸੱਭ ਤੋਂ ਵੱਡੀ ਵਿਰੋਧੀ ਧਿਰ ਦੀ ਮੌਤ ਵੇਖ ਰਿਹਾ ਹੈ।               -ਨਿਮਰਤ ਕੌਰ