ਦਿੱਲੀ ਵਿਚ ਪੁਲਿਸ ਨੂੰ 'ਹਫ਼ਤਾ' ਦੇਣ ਤੋਂ ਨਾਂਹ ਕਰਨ ਵਾਲੇ ਸ਼ਹਿਰੀਆਂ ਨਾਲ ਵਿਦੇਸ਼ੀ ਹਾਮਾਂ ਵਾਲਾ ਸਲੂਕ
ਦਿੱਲੀ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਇਕ ਸਿੱਖ ਗੱਡੀ ਚਾਲਕ ਉਤੇ ਲਾਠੀਆਂ ਦਾ ਮੀਂਹ ਵਰ੍ਹਾਉਂਦੇ ਦਾ ਵੀਡੀਉ ਸਾਹਮਣੇ ਆਉਂਦਿਆਂ ਸਾਰੇ ਹੀ ਸਿੱਖ ਆਗੂ ਹਰਕਤ ਵਿਚ ਆ ਗਏ ਅਤੇ...
ਦਿੱਲੀ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਇਕ ਸਿੱਖ ਗੱਡੀ ਚਾਲਕ ਉਤੇ ਲਾਠੀਆਂ ਦਾ ਮੀਂਹ ਵਰ੍ਹਾਉਂਦੇ ਦਾ ਵੀਡੀਉ ਸਾਹਮਣੇ ਆਉਂਦਿਆਂ ਸਾਰੇ ਹੀ ਸਿੱਖ ਆਗੂ ਹਰਕਤ ਵਿਚ ਆ ਗਏ ਅਤੇ ਸਿੱਖ ਪਿਉ-ਪੁੱਤਰ ਨੂੰ ਕੁੱਟਣ ਵਾਲੇ ਪੁਲਿਸ ਅਫ਼ਸਰਾਂ ਨੂੰ ਕੁੱਝ ਘੰਟਿਆਂ ਵਿਚ ਹੀ ਮੁਅੱਤਲ ਕਰ ਦਿਤਾ ਗਿਆ। ਇਸ ਹਾਦਸੇ ਨੇ ਸਿੱਖਾਂ ਦੇ ਮਨਾਂ ਵਿਚ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿਤੀਆਂ। ਸਿੱਖਾਂ ਦੇ ਮਨਾਂ 'ਚੋਂ ਇਹ ਆਵਾਜ਼ ਨਿਕਲ ਕੇ ਆ ਰਹੀ ਹੈ ਕਿ ਦਿੱਲੀ ਪੁਲਿਸ ਅਜੇ ਵੀ ਸਿੱਖਾਂ ਨੂੰ ਨਫ਼ਰਤ ਕਰਦੀ ਹੈ।
ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਅਜੇ ਪੀੜਤ ਜਾਂ ਪੁਲਿਸ ਵਲੋਂ ਨਹੀਂ ਆ ਰਹੀ ਪਰ ਵੀਡੀਉ ਵੇਖ ਕੇ ਬੜੇ ਹੋਰ ਤੱਥ ਸਾਹਮਣੇ ਆਉਂਦੇ ਹਨ। ਇਸ ਵੀਡੀਉ ਦੀ ਸ਼ੁਰੂਆਤ ਇਸ ਸਿੱਖ ਗੱਡੀ ਚਾਲਕ ਅਤੇ ਪੁਲਿਸ ਕਰਮਚਾਰੀ ਵਿਚਕਾਰ ਤਕਰਾਰ ਤੋਂ ਹੁੰਦੀ ਹੈ। ਪੁਲਿਸ ਅਫ਼ਸਰ ਉਸ ਸਮੇਂ ਨਿਹੱਥਾ ਹੁੰਦਾ ਹੈ ਅਤੇ ਫਿਰ ਕੁੱਝ ਪਲਾਂ ਵਿਚ ਸਿੱਖ ਜਿਸ ਦਾ ਨਾਂ ........ ਹੈ, ਅਪਣੀ ਸਿਰੀ ਸਾਹਿਬ ਕੱਢ ਕੇ ਪੁਲਿਸ ਵਾਲੇ ਨੂੰ ਵਿਖਾਉਂਦਾ ਹੈ। ਪੁਲਿਸ ਕਰਮਚਾਰੀ ਘਬਰਾ ਕੇ ਪਿੱਛੇ ਹਟਦਾ ਹੈ ਤੇ ਫਿਰ ਅਪਣੇ ਕੁੱਝ ਸਾਥੀ ਇਕੱਠੇ ਕਰ ਕੇ ਇਸ ਬਾਪ-ਬੇਟੇ ਦੀ ਜੋੜੀ ਉਤੇ ਹਮਲਾ ਕਰਦੇ ਹਨ।
ਬੇਟਾ ਵਾਰ ਵਾਰ ਅਪਣੇ ਪਿਤਾ ਨੂੰ ਪਿੱਛੇ ਖਿਚਦਾ, ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਵਿਖਾਈ ਦਿੰਦਾ ਹੈ। ਫਿਰ ਕੁੱਝ ਦੇਰ ਲਈ ਝੜਪ ਉਸ ਸਿੱਖ ਅਤੇ ਪੁਲਿਸ ਕਰਮਚਾਰੀਆਂ ਵਿਚਕਾਰ ਚਲਦੀ ਹੈ ਜਿਥੇ ਉਸ ਸਿੱਖ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ 3-4 ਜਣੇ ਲਾਠੀਆਂ ਲੈ ਕੇ ਹਮਲਾ ਕਰਦੇ ਹਨ। ਇਕ ਅਫ਼ਸਰ ਨੂੰ ਸਿਰੀ ਸਾਹਿਬ ਨਾਲ ਜ਼ਖ਼ਮੀ ਕਰਨ ਵਿਚ ਸਿੱਖ ਕਾਮਯਾਬ ਵੀ ਹੁੰਦਾ ਹੈ। ਝੜਪ ਵਿਚ ਸਿੱਖ ਦੀ ਪੱਗ ਵੀ ਲੱਥ ਜਾਂਦੀ ਹੈ। ਇਸ ਤੋਂ ਬਾਅਦ ਮਾਮਲਾ ਭਾਵੁਕ ਹੋਏ ਸਿੱਖਾਂ ਅਤੇ ਪੁਲਿਸ ਵਿਚ ਬਹਿਸਬਾਜ਼ੀ ਦਾ ਮੁੱਦਾ ਬਣ ਗਿਆ।
ਵੱਡਾ ਸਵਾਲ ਇਹ ਹੈ ਕਿ ਇਹ ਦੋਵੇਂ ਆਪਸ ਵਿਚ ਝਗੜ ਕਿਉਂ ਪਏ ਸਨ? ਕੀ ਝੜਪ ਨਿਯਮਾਂ ਨੂੰ ਲਾਗੂ ਕਰਨ ਨੂੰ ਲੈ ਕੇ ਹੋਈ ਸੀ ਜਾਂ ਇਸ ਪਿੱਛੇ ਪੁਲਿਸ ਦੀ ਹਫ਼ਤਾ ਲੈਣ ਦੀ ਪ੍ਰਥਾ ਕੰਮ ਕਰ ਰਹੀ ਸੀ? ਜਦ ਲੜਾਈ ਹੀ 'ਹਫ਼ਤਾ' ਮੰਗਣ ਅਤੇ ਪੁਲਿਸ ਨੂੰ 'ਹਫ਼ਤਾ' ਦੇਣ ਤੋਂ ਨਾਂਹ ਕਰਨ ਕਰ ਕੇ ਸ਼ੁਰੂ ਹੋਈ ਸੀ ਤਾਂ, ਇਸ 'ਚੋਂ ਕਿਸੇ ਚੰਗੇ ਨਤੀਜੇ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ ਤੇ ਇਸ ਤੱਥ ਨੂੰ ਲੈ ਕੇ ਹੀ ਅਗੇ ਵਧਣਾ ਚਾਹੀਦਾ ਹੈ।
ਹਫ਼ਤਾ ਵਸੂਲੀ ਅੱਜ ਦਿੱਲੀ ਛੱਡੋ, ਭਾਰਤ ਦੇ ਪਿੰਡ ਪਿੰਡ 'ਚ ਖੁੱਲੇਆਮ ਚਲਦੀ ਹੈ। ਪੰਜਾਬ ਦੇ ਪਿੰਡਾਂ 'ਚ ਸਾਈਕਲ ਉਤੇ ਚੀਜ਼ਾਂ ਵੇਚਣ ਵਾਲੇ ਅਤੇ ਠੇਲੇ ਤੇ ਵੇਚਣ ਵਾਲੇ ਤੋਂ ਵੱਖ ਵੱਖ ਰਕਮ ਵਸੂਲੀ ਜਾਂਦੀ ਹੈ। ਸੋ ਇਨ੍ਹਾਂ ਦੋਹਾਂ ਵਿਚਕਾਰ ਝੜਪ ਦਾ ਕਾਰਨ ਜਾਣਨਾ ਜ਼ਰੂਰੀ ਹੈ ਤਾਕਿ ਕੋਈ ਦੁਰਘਟਨਾ ਦੇ ਮਗਰੋਂ, ਪੀੜਤ ਦੇਸ਼ਵਾਸੀ ਇਸ ਨੂੰ ਕੋਈ ਹੋਰ ਰੰਗ ਦੇ ਕੇ ਲੋਕਾਂ ਅਤੇ ਸਰਕਾਰ ਦਾ ਧਿਆਨ ਖਿੱਚ ਸਕੇ। ਸਿੱਖ ਪੀੜਤ ਕੋਈ ਪੁਲਿਸ ਵਾਲਿਆਂ ਨੂੰ ਮਾਰਨਾ ਤਾਂ ਨਹੀਂ ਸੀ ਚਾਹੁੰਦਾ, ਉਹ ਤਾਂ ਅਪਣੀ ਗੱਲ ਸੁਣਨ ਤੋਂ ਇਨਕਾਰ ਕਰਨ ਵਾਲੀ ਪੁਲਿਸ ਦੀ ਧੱਕੇਸ਼ਾਹੀ ਵਲ ਲੋਕਾਂ ਦਾ ਧਿਆਨ ਖਿੱਚਣ ਲਈ ਸ੍ਰੀ ਸਾਹਿਬ ਦੀ ਵਰਤੋਂ ਕਰ ਰਿਹਾ ਸੀ। ਸੋ ਅਸਲ ਮਸਲਾ, ਉਸ ਵਲੋਂ ਕੀਤਾ 'ਹਮਲਾ' ਨਹੀਂ ਸੀ ਬਲਕਿ ਪੁਲਿਸ ਵਲੋਂ ਧੱਕੇ ਨਾਲ ਮੰਗਿਆ ਗਿਆ 'ਹਫ਼ਤਾ' ਸੀ।
ਭਾਵੇਂ ਮਾਮਲਾ ਹਫ਼ਤੇ ਦਾ ਸੀ ਜਾਂ ਕਿਸੇ ਵੀ ਕਾਰਨ ਤੋਂ ਝੜਪ ਹੋਈ ਸੀ, ਉਸ ਵਿਚ ਸਿੱਖ ਵਲੋਂ ਜ਼ੁਬਾਨੀ ਲੜਾਈ ਨੂੰ ਹਿੰਸਕ ਬਣਾਉਣ ਲਈ ਸਿਰੀ ਸਾਹਿਬ ਦਾ ਇਸਤੇਮਾਲ ਕਰਨ ਦੀ ਪਹਿਲ ਇਕ ਲੋਕ-ਰਾਜ ਵਿਚ ਏਨੀ ਮਹੱਤਵਪੂਰਨ ਨਹੀਂ ਸੀ ਜਿੰਨਾ ਬਣਾਈ ਜਾ ਰਹੀ ਹੈ। ਜੇ ਸਿੱਖ ਇਕ ਪੁਲਿਸ ਅਫ਼ਸਰ ਨਾਲ ਟੱਕਰ ਲੈਣ ਦੀ ਹਿੰਮਤ ਕਰ ਸਕਦੇ ਹਨ ਤਾਂ ਮਾਮਲੇ ਦੇ ਸੱਚ ਨੂੰ ਵੀ ਸਾਹਮਣੇ ਲਿਆਉਣ ਦੀ ਹਿੰਮਤ ਕਰਨ ਅਤੇ ਸਿਆਸਤਦਾਨਾਂ ਨੂੰ ਇਸ ਮਾਮਲੇ ਨੂੰ ਸਨਸਨੀਖ਼ੇਜ਼ ਨਾ ਬਣਾਉਣ ਦੇਣ। ਜੇ ਇਹ ਮਾਮਲਾ ਹਫ਼ਤਾ ਵਸੂਲੀ ਦਾ ਹੈ ਤਾਂ ਲੱਖਾਂ ਭਾਰਤੀ ਹਰ ਰੋਜ਼ ਦਿੱਲੀ ਪੁਲਿਸ ਦੀ ਲਾਠੀ ਦੇ ਡਰ ਤੋਂ ਅਪਣੀ ਕਮਾਈ ਦਾ ਹਿੱਸਾ ਦਿੰਦੇ ਹਨ ਅਤੇ ਉਸ ਵਾਸਤੇ ਕੇਂਦਰ ਜ਼ਿੰਮੇਵਾਰ ਹੈ।
ਮਾਮਲੇ ਦਾ ਇਕ ਹੋਰ ਪਹਿਲਾਂ ਵੀ ਹੈ ਕਿ ਥਾਣੇ ਵਿਚ ਲਿਜਾ ਕੇ ਬੇਰਹਿਮੀ ਨਾਲ ਮਾਰਨਾ ਵੀ ਪੁਲਿਸ ਦਾ ਦਸਤੂਰ ਬਣ ਗਿਆ ਹੈ। ਪੁਲਿਸ ਥਾਣਿਆਂ ਦੀ ਚਾਰਦੀਵਾਰੀ ਵਿਚ ਲੁਕ ਕੇ ਵਰਦੀ ਹੇਠ ਹੈਵਾਨ ਬਣ ਜਾਂਦੀ ਹੈ ਅਤੇ ਇਸ ਮਾਮਲੇ ਵਿਚ ਵੀ ਉਨ੍ਹਾਂ ਅਪਣੀ ਹੈਵਾਨੀਅਤ ਵਿਖਾਈ। ਉਸ ਹੈਵਾਨੀਅਤ ਨੂੰ ਲਗਾਮ ਪਾ ਕੇ ਰੱਖਣ ਲਈ ਸਖ਼ਤ ਕਦਮ ਚੁਕਣੇ ਚਾਹੀਦੇ ਹਨ ਅਤੇ ਅਸਲ ਮੁੱਦੇ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਪਰ ਧਾਰਮਕ ਵੰਡੀਆਂ ਨੂੰ ਵੱਡਾ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ। - ਨਿਮਰਤ ਕੌਰ