ਸਾਡੀ ਪੈਲੀ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਾ ਬਾਬਾ ਨਾ, ਰੋਕ ਇਸ ਮਰ ਜਾਣੇ ਬੱਦਲ ਨੂੰ!!

Rain, flood, landslides hit normal life in india

ਭਾਰਤ ਵਿਚ ਜਿਥੇ ਕੁੱਝ ਦਿਨ ਪਹਿਲਾਂ, ਹਰ ਕੋਈ ਮੀਂਹ ਵਾਸਤੇ ਅਰਦਾਸ 'ਚ ਹੱਥ ਜੋੜੀ ਬੈਠਾ ਸੀ, ਅੱਜ ਬੱਦਲਾਂ ਦੇ ਜਾਣ ਦੀ ਅਰਦਾਸ ਕਰ ਰਿਹਾ ਹੈ। ਹੁਣ ਜਦ ਕੁਦਰਤ ਨੇ ਭਾਰਤ ਦੀਆਂ ਅਰਦਾਸਾਂ ਪ੍ਰਵਾਨ ਕਰ ਲਈਆਂ ਹਨ ਤਾਂ ਵੀ ਭਾਰਤ ਖ਼ੁਸ਼ ਨਹੀਂ। ਪਿੰਡਾਂ ਵਿਚ ਨਾਲੀਆਂ 'ਚੋਂ ਪਾਣੀ ਬਾਹਰ ਨਿਕਲ ਕੇ ਘਰਾਂ 'ਚ ਵੜ ਰਿਹਾ ਹੈ। ਖੇਤਾਂ ਦੇ ਖੇਤ ਅਪਣੀ ਫ਼ਸਲ ਸਮੇਤ ਉਜੜ ਰਹੇ ਹਨ। ਬਠਿੰਡਾ, ਜਿਸ ਨੂੰ ਪੰਜਾਬ ਦਾ ਪੈਰਿਸ ਆਖਿਆ ਜਾਂਦਾ ਹੈ, ਮੋਢੇ ਮੋਢੇ ਪਾਣੀ ਹੇਠ ਡੁਬਿਆ ਪਿਆ ਹੈ ਅਤੇ ਇਕ ਜਾਨ ਵੀ ਗੁਆ ਬੈਠਾ ਹੈ। 

ਮੁੰਬਈ ਵਿਚ ਮੀਂਹ ਦੇ ਕਹਿਰ ਨਾਲ ਇਕ ਪੁਰਾਣੀ ਇਮਾਰਤ ਢਹਿ ਗਈ ਅਤੇ 13 ਜਾਨਾਂ ਲੈ ਗਈ। ਇਹੋ ਜਹੀਆਂ ਕਈ ਹੋਰ ਇਮਾਰਤਾਂ ਵੀ ਖ਼ਤਰੇ ਵਿਚ ਹਨ। ਮੀਂਹ ਨਾ ਰੁਕੇ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਖ਼ੌਫ਼ਨਾਕ ਖ਼ਬਰਾਂ ਆ ਸਕਦੀਆਂ ਹਨ। ਆਸਾਮ ਅਤੇ ਬਿਹਾਰ ਵਿਚ ਹੜ੍ਹਾਂ ਨਾਲ ਅਜੇ ਤਕ 56 ਮੌਤਾਂ ਹੋ ਚੁਕੀਆਂ ਹਨ। ਲੋਕਾਂ ਦੇ ਘਰ ਢਹਿ ਢੇਰੀ ਹੋ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੈ ਕਿ ਭਾਰਤ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਨਹੀਂ ਮਿਲਦਾ। ਜੇ ਜ਼ਿਆਦਾ ਗਰਮੀ ਹੋਵੇ ਤਾਂ ਮੌਤਾਂ, ਜ਼ਿਆਦਾ ਠੰਢ ਹੋਵੇ ਤਾਂ ਗ਼ਰੀਬ ਕੰਬਦੇ ਮਰ ਜਾਂਦੇ ਹਨ, ਜ਼ਿਆਦਾ ਮੀਂਹ ਦੇ ਕਹਿਰ ਤੋਂ ਬਾਅਦ ਮੱਛਰਾਂ ਦੇ ਪੈਦਾ ਹੋਣ ਨਾਲ ਡੇਂਗੂ ਦਾ ਹਮਲਾ ਹੋ ਜਾਂਦਾ ਹੈ।

ਕਿਸੇ ਨਾ ਕਿਸੇ ਤਰੀਕੇ ਜਾਨਾਂ ਖ਼ਤਰੇ ਵਿਚ ਰਹਿੰਦੀਆਂ ਹੀ ਹਨ। ਇਕ ਤਾਂ ਸਾਡੀ ਸੋਚ ਵੀ ਇਹ ਹੈ ਕਿ ਇਨਸਾਨਾਂ ਦੀ ਫ਼ੈਕਟਰੀ ਭਾਰਤ ਵਿਚ ਲੱਗੀ ਹੋਈ ਹੈ ਅਤੇ ਜਦੋਂ ਤਕ ਕੋਈ ਕਿਸੇ ਦਾ ਅਪਣਾ ਖ਼ਤਰੇ ਵਿਚ ਨਹੀਂ ਪੈਂਦਾ, ਦੂਜੇ ਦੀ ਮੌਤ ਦਾ ਅਸਰ ਕੋਈ ਘੱਟ ਹੀ ਕਬੂਲਦਾ ਹੈ। ਪਰ ਫਿਰ ਵੀ ਜ਼ਿੰਮੇਵਾਰੀ ਤਾਂ ਚੁਕਣੀ ਹੀ ਪਵੇਗੀ ਤਾਕਿ ਆਉਣ ਵਾਲੇ ਸਮੇਂ 'ਚ ਸੁਧਾਰ ਹੋ ਸਕੇ। ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਪਰ ਜੇ ਉਨ੍ਹਾਂ ਦਾ ਪੱਖ ਸੁਣਿਆ ਜਾਵੇ ਤਾਂ ਤਸਵੀਰ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦੀ। ਜੇ ਮੁੰਬਈ ਦੇ ਮਾਮਲੇ 'ਚ ਵੇਖਿਆ ਜਾਵੇ ਤਾਂ ਪ੍ਰਸ਼ਾਸਨ ਨੇ ਚੇਤਾਵਨੀਆਂ ਦਿਤੀਆਂ ਪਰ ਉਸ ਇਮਾਰਤ ਵਿਚ ਰਹਿੰਦੇ ਲੋਕਾਂ ਨੇ ਇਮਾਰਤ ਖ਼ਾਲੀ ਕਰਨ ਤੋਂ ਇਨਕਾਰ ਕਰ ਦਿਤਾ। ਆਸਾਮ ਵਿਚ ਪ੍ਰਸ਼ਾਸਨ ਦੂਰ ਦੂਰ ਜਾ ਕੇ ਲੋਕਾਂ ਨੂੰ ਹੜ੍ਹਾਂ ਦੇ ਰਾਹ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲੋਕ ਘਰ ਨਹੀਂ ਛੱਡ ਰਹੇ।

ਪੰਜਾਬ ਦੇ ਪਿੰਡਾਂ ਦੀ ਉਸਾਰੀ ਵੇਲੇ ਘਰਾਂ ਨੂੰ ਸੜਕਾਂ ਦੀ ਉਚਾਈ ਵੇਖ ਕੇ ਨਹੀਂ ਬਣਾਇਆ ਗਿਆ, ਜਿਸ ਕਰ ਕੇ ਸੜਕ ਅਤੇ ਘਰਾਂ ਦਰਮਿਆਨ ਊਚ ਨੀਚ ਬਣੀ ਰਹਿੰਦੀ ਹੈ ਅਤੇ ਪਾਣੀ ਖੜਾ ਹੋ ਜਾਂਦਾ ਹੈ। ਸੀਵਰੇਜ ਦੀ ਸਮੱਸਿਆ ਤਾਂ ਪੂਰੇ ਭਾਰਤ ਵਿਚ ਹੀ ਹੈ ਕਿਉਂਕਿ ਕਿਤੇ ਸਿਸਟਮ ਪੁਰਾਣੇ ਹਨ ਅਤੇ ਕਿਤੇ ਨਵੇਂ ਬਣਾਉਣ ਵਿਚ ਦਿਮਾਗ਼ ਦੀ ਵਰਤੋਂ ਘੱਟ ਹੋਈ ਹੈ। ਸਾਰੇ ਕਾਰਨਾਂ ਦੇ ਪਿੱਛੇ ਇਕ ਕਮਜ਼ੋਰ ਕੜੀ ਹੈ, ਵੋਟ ਬੈਂਕ ਦੀ ਸਿਆਸਤ।

ਮੁੰਬਈ ਵਿਚ ਕਿਰਾਏਦਾਰਾਂ ਦੀ ਖ਼ਤਰੇ ਵਿਚ ਟਿਕੇ ਰਹਿਣ ਦੀ ਜ਼ਿੱਦ ਮੰਨ ਲਈ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਵੋਟ, ਸਿਆਸਤਦਾਨਾਂ ਨੂੰ ਚਾਹੀਦੀ ਹੁੰਦੀ ਹੈ ਤੇ ਸਿਆਸਤਦਾਨ ਵੀ ਚਾਹੁੰਦਾ ਹੈ ਕਿ ਖ਼ਤਰੇ ਵਿਚ ਘਿਰੇ ਹੋਣ ਦੇ ਬਾਵਜੂਦ, ਲੋਕ ਉਥੇ ਹੀ ਟਿਕੇ ਰਹਿਣ। ਸ਼ਿਵ ਸੈਨਾ ਕੋਲ ਮੁੰਬਈ ਨਗਰ ਪਾਲਿਕਾ ਦੀ ਸਾਂਭ ਸੰਭਾਲ ਪਿਛਲੇ 25 ਸਾਲਾਂ ਤੋਂ ਹੈ, ਪਰ ਸੁਧਾਰ ਨਹੀਂ ਹੋ ਰਿਹਾ ਕਿਉਂਕਿ ਉਨ੍ਹਾਂ ਨੇ ਉਹ ਸੁਧਾਰ ਨਹੀਂ ਲਿਆਉਣੇ ਜਿਨ੍ਹਾਂ ਨਾਲ ਵੋਟਰ ਨਾਰਾਜ਼ ਹੋ ਕੇ ਵਿਰੋਧੀ ਖ਼ੇਮੇ ਵਿਚ ਚਲਾ ਜਾਵੇ।

ਆਸਾਮ 'ਚ ਲੋਕ ਘਰ ਨਹੀਂ ਛੱਡ ਰਹੇ ਕਿਉਂਕਿ ਉਹ ਡਰ ਰਹੇ ਹਨ ਕਿ ਉਨ੍ਹਾਂ ਦੀ ਪਛਾਣ ਗੁਆਚ ਜਾਵੇਗੀ ਅਤੇ ਸਰਕਾਰ ਐਨ.ਐਫ਼.ਸੀ. ਹੇਠ ਉਨ੍ਹਾਂ ਨੂੰ ਦੇਸ਼ 'ਚੋਂ ਕੱਢ ਦੇਵੇਗੀ। ਪੰਜਾਬ 'ਚ ਲੋਕਾਂ ਨੂੰ ਦਿਖਾਵਾ ਪਸੰਦ ਹੈ ਅਤੇ ਬਠਿੰਡਾ, ਜੋ ਕਿ 10 ਸਾਲਾਂ ਵਾਸਤੇ ਪੰਜਾਬ ਦੀ ਸਿਆਸੀ ਰਾਜਧਾਨੀ ਬਣਿਆ ਰਿਹਾ, ਉਸ ਨੂੰ ਖ਼ੂਬਸੂਰਤ ਬਣਾਇਆ ਗਿਆ, ਝੀਲਾਂ ਅਤੇ  ਵਧੀਆ ਲਾਈਟਾਂ ਨਾਲ। ਪਰ ਬੁਨਿਆਦ ਕਮਜ਼ੋਰ ਹੈ। ਲੁਧਿਆਣਾ ਦੀ ਸਿਆਸਤ ਦੋ ਵਿਰੋਧੀ ਧਿਰਾਂ ਵਿਚ ਵੰਡੀ ਹੋਈ ਹੈ ਅਤੇ ਉਹ ਸ਼ਹਿਰ ਕਦੇ ਸਫ਼ਾਈ ਦੇ ਨੇੜੇ ਵੀ ਨਹੀਂ ਢੁਕ ਸਕਿਆ। ਪਟਿਆਲਾ ਵਿਰੋਧੀਆਂ ਦੀ ਸ਼ਾਹੀ ਰਾਜਧਾਨੀ ਹੈ, ਸੋ ਉਸ ਨੂੰ ਗੁੱਠੇ ਲਾ ਕੇ ਖ਼ਤਮ ਕਰ ਦਿਤਾ।

ਤਕਰੀਬਨ ਤਕਰੀਬਨ ਹਰ ਮੁਸ਼ਕਲ ਪਿੱਛੇ ਡਰ ਹੈ। ਕਿਤੇ ਸਿਆਸਤਦਾਨ ਲੋਕਾਂ ਨੂੰ ਨਾਰਾਜ਼ ਕਰਨ ਤੋਂ ਡਰਦੇ ਹਨ ਅਤੇ ਕਿਤੇ ਲੋਕ ਸਿਆਸਤ ਦੇ ਡਰ ਹੇਠ ਜਿਊਂਦੇ ਹਨ। ਇਸ ਡਰ ਦਾ ਫ਼ਾਇਦਾ ਉਠਾ ਕੇ ਸਿਸਟਮ 'ਚੋਂ ਪੈਸਾ ਵੀ ਬਣਾਇਆ ਜਾਂਦਾ ਹੈ। ਪਰ ਅੱਜ ਸਾਰੇ ਦੇ ਸਾਰੇ ਭਾਰਤੀ ਇਸ ਹੜ੍ਹ ਦੀ ਕੀਮਤ ਤਾਰ ਰਹੇ ਹਨ। ਜਦੋਂ ਤਕ ਵਿਕਾਸ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਦੀ ਜ਼ਿੰਮੇਵਾਰੀ ਵੋਟਾਂ ਤੋਂ ਵੱਖ ਨਹੀਂ ਕੀਤੀ ਜਾਂਦੀ, ਇਹ ਸਮੱਸਿਆ ਖ਼ਤਮ ਨਹੀਂ ਹੋਣ ਵਾਲੀ।  -ਨਿਮਰਤ ਕੌਰ