Editorial: ਹਿੰਦੁਸਤਾਨ ਵਾਂਗ ਅਮਰੀਕਾ ਵਿਚ ਵੀ ਸਿਖਰਲੇ ਆਗੂ ਮਿੱਟੀ ਦੇ ਬਾਵੇ ਬਣ ਕੇ ਹੀ ਸਾਹਮਣੇ ਆ ਰਹੇ ਹਨ!
Editorial:ਅਮਰੀਕਾ ਕੋਲ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਬਾਈਡਨ ਹਨ ਤੇ ਉਹ ਬੋਲਦੇ ਬੋਲਦੇ ਹੀ ਭੁੱਲ ਜਾਂਦੇ ਹਨ ਕਿ ਉਹ ਕੀ ਬੋਲ ਰਹੇ ਹਨ।
Like India, the top leaders in America are coming out as dust Editorial: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਹਨ ਪਰ ਇਸ ਵਕਤ ਸਿਆਸੀ ਤਾਪਮਾਨ ਸਿਖਰ ’ਤੇ ਹੈ ਕਿਉਂਕਿ ਐਤਵਾਰ ਵਾਲੇ ਦਿਨ ਡੋਨਲਡ ਟਰੰਪ ਉਤੇ ਉਨ੍ਹਾਂ ਦੀ ਹੀ ਪਾਰਟੀ ਦੇ ਇਕ ਮੈਂਬਰ ਵਲੋਂ ਗੋਲੀ ਚਲਾ ਦਿਤੀ ਗਈ। ਹਮਲਾ ਕਰਨ ਵਾਲਾ ਇਕ 20 ਸਾਲ ਦਾ ਨੌਜੁਆਨ ਸੀ ਤੇ ਹਮਲੇ ਦੇ ਕਾਰਨ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਅਮਰੀਕਾ ਵਿਚ ਇਸ ਤਰ੍ਹਾਂ ਦੇ ਹਮਲੇ ਅਕਸਰ ਹੁੰਦੇ ਰਹਿੰਦੇ ਹਨ, ਸਕੂਲਾਂ-ਕਾਲਜਾਂ ਵਿਚ ਵੀ ਕਿਉਂਕਿ ਅਮਰੀਕਾ ਵਿਚ ਹਥਿਆਰ ਖ਼ਰੀਦਣ ਦੀ ਆਜ਼ਾਦੀ ਹੈ ਅਤੇ ਆਜ਼ਾਦੀ ਹੀ ਟਰੰਪ ਵਰਗੇ ਹੀ ਸਿਆਸਤਦਾਨ ਬਰਕਰਾਰ ਰਖਣਾ ਚਾਹੁੰਦੇ ਨੇ। ਇਸ ਦਾ ਅਸਰ ਇਹ ਹੈ ਕਿ ਕੋਈ ਵੀ ਬੰਦਾ, ਜੇ ਉਹ ਮਾਨਸਕ ਰੋਗੀ ਨਹੀਂ ਤਾਂ ਬੜੇ ਆਰਾਮ ਨਾਲ ਜਾ ਕੇ, ਓਨੇ ਹੀ ਆਰਾਮ ਨਾਲ ਜਿਸ ਤਰ੍ਹਾਂ ਕੋਈ ਸਬਜ਼ੀ ਖ਼ਰੀਦਦਾ ਹੈ, ਉਹ ਬੰਦੂਕ ਵੀ ਖ਼ਰੀਦ ਸਕਦਾ ਹੈ।
ਪਰ ਅਪਣੇ ਹੀ ਸਮਰਥਕ ਵਲੋਂ, ਅਪਣੀ ਹੀ ਸੋਚ ਕਾਰਨ ਹਮਲਾ ਹੋਣ ਦੇ ਬਾਵਜੂਦ ਟਰੰਪ ਨੂੰ ਲਗਦਾ ਨਹੀਂ ਕਿ ਇਹ ਹਿੰਸਕ ਰਾਹ ਉਨ੍ਹਾਂ ਨੂੰ ਕਮਜ਼ੋਰ ਕਰ ਰਿਹਾ ਹੈ ਬਲਕਿ ਉਹ ਹੋਰ ਵੀ ਤਾਕਤਵਰ ਹੋ ਕੇ ਉਭਰ ਰਹੇ ਹਨ। ਅਮਰੀਕਾ ਦੀਆਂ ਚੋਣਾਂ ਨੂੰ ਵੇਖ ਕੇ ਇਹ ਤਾਂ ਸਾਫ਼ ਹੋ ਗਿਆ ਹੈ ਕਿ ਜਿਸ ਤਰ੍ਹਾਂ ਲੀਡਰਾਂ ਦੇ ਆਚਾਰ ਵਿਉਹਾਰ ਵਿਚ ਅਸੀ ਕਮੀਆਂ ਵੇਖ ਰਹੇ ਹਾਂ, ਅਮਰੀਕਾ ਨੂੰ ਇਹ ਘਾਟ ਸਾਡੇ ਤੋਂ ਵੱਧ ਮਹਿਸੂਸ ਹੋ ਰਹੀ ਹੋਵੇਗੀ ਕਿਉਂਕਿ ਜਿਥੇ ਇਕ ਪਾਸੇ ਡੋਨਲਡ ਟਰੰਪ ਹਨ ਜੋ ਸਾਬਕਾ ਰਾਸ਼ਟਰਪਤੀ ਰਹਿ ਚੁੱਕੇ ਹੋਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਪਿਛਲੇ ਕੁੱਝ ਸਾਲਾਂ ਵਿਚ ਕੁੱਝ ਵੱਡੇ ਸੱਚ ਸਾਹਮਣੇ ਆਏ ਤੇ ਅਦਾਲਤਾਂ ਵਲੋਂ ਉਨ੍ਹਾਂ ਖ਼ਿਲਾਫ਼ ਵੱਡੇ ਫ਼ੈਸਲੇ ਵੀ ਆਏ ਨੇ ਤੇ ਇਹ ਉਹ ਰਾਸ਼ਰਟਰਪਤੀ ਨੇ ਜਿਨ੍ਹਾਂ ਨੇ ਹਾਰਨ ਤੋਂ ਬਾਅਦ ਅਪਣੇ ਸਮਰਥਕਾਂ ਨੂੰ ਹਿੰਸਾ ਲਈ ਉਕਸਾਇਆ ਵੀ ਸੀ।
ਦੂਜੇ ਪਾਸੇ ਅਮਰੀਕਾ ਕੋਲ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਬਾਈਡਨ ਹਨ ਤੇ ਉਹ ਬੋਲਦੇ ਬੋਲਦੇ ਹੀ ਭੁੱਲ ਜਾਂਦੇ ਹਨ ਕਿ ਉਹ ਕੀ ਬੋਲ ਰਹੇ ਹਨ। ਉਨ੍ਹਾਂ ਨੂੰ ਬੀਮਾਰੀ ਤਾਂ ਕੋਈ ਨਹੀਂ ਪਰ ਉਮਰ ਕਾਰਨ ਉਹ ਦਿਨ ਬਦਿਨ ਕਮਜ਼ੋਰ ਹੁੰਦੇ ਜਾ ਰਹੇ ਹਨ। ਡੈਮੋਕੇ੍ਰਟਿਕ ਪਾਰਟੀ ਦੇ ਜਿਹੜੇ ਸਮਰਥਕ ਹਨ, ਉਨ੍ਹਾਂ ਦਾ ਵੀ ਅਪਣੇ ਉਮੀਦਵਾਰ ’ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ ਤੇ ਜਿਹੜੇ ਵੱਡੇ ਉਦਯੋਗਪਤੀ ਹਨ, ਉਨ੍ਹਾਂ ਨੇ ਸੈਂਕੜੇ ਕਰੋੜ ਰੁਪਿਆਂ ਦਾ ਜੋ ਸਮਰਥਨ ਦੇਣਾ ਸੀ, ਉਸ ’ਤੇ ਅਜੇ ਰੋਕ ਲਗਾ ਦਿਤੀ ਹੈ ਕਿ ਸ਼ਾਇਦ ਪਾਰਟੀ ਅਪਣਾ ਉਮੀਦਵਾਰ ਬਦਲ ਹੀ ਲਵੇ। ਜਿਥੇ ਡੋਨਲਡ ਟਰੰਪ ਦੇ ਕਿਰਦਾਰ ਵਿਚ ਕਮਜ਼ੋਰੀਆਂ ਉਨ੍ਹਾਂ ਦੀ ਤਾਕਤ ਨਾਲੋਂ ਵੱਧ ਹਨ, ਉਥੇ ਹੀ ਜੋਇ ਬਾਈਡਨ ਉਹ ਇਨਸਾਨ ਹਨ ਜਿਨ੍ਹਾਂ ਨੇ ਇਜ਼ਰਾਈਲ ਨੂੰ ਹਰ ਵਾਰ ਸਮਰਥਨ ਦੇ ਕੇ ਗਾਜ਼ਾ ਨੂੰ ਖ਼ਤਮ ਕਰਨ ਵਿਚ ਬਰਾਬਰ ਦਾ ਯੋਗਦਾਨ ਪਾਇਆ ਹੈ।
ਸੋ ਇਕ ਤਾਕਤਵਰ ਦੇਸ਼ ਜਿਸ ਨੂੰ ਲੋਕਤੰਤਰ ਦਾ ਸੱਭ ਤੋਂ ਵੱਡਾ ਮੰਦਰ ਆਖਿਆ ਜਾਂਦਾ ਹੈ ਤੇ ਜਿਸ ਦੇ ਲੋਕਤੰਤਰਿਕ ਮਿਆਰ ਦੀ ਦੁਨੀਆਂ ਵਿਚ ਚਰਚਾ ਹੋ ਰਹੀ ਹੈ, ਅੱਜ ਉਨ੍ਹਾਂ ਕੋਲ ਅਪਣੇ ਉਮੀਦਵਾਰਾਂ ਦੀ ਹੀ ਕਮੀ ਨਜ਼ਰ ਆ ਰਹੀ ਹੈ। ਇਸ ਦਾ ਕੀ ਕਾਰਨ ਹੈ, ਇਸ ’ਤੇ ਜ਼ਰੂਰ ਡੂੰਘੀ ਖੋਜ ਕਰਨ ਦੀ ਲੋੜ ਹੈ ਪਰ ਇਕ ਗੱਲ ਜ਼ਰੂਰ ਸਾਫ਼ ਹੈ ਕਿ ਅਮਰੀਕਾ ਇਕ ਪੂੰਜੀਵਾਦੀ ਦੇਸ਼ ਹੋਣ ਦੇ ਨਾਤੇ, ਉਸ ਦਾ ਜੋ ਧਿਆਨ ਹੈ ਉਹ ਕਮਰਸ਼ੀਅਲ ਸੋਚ ਵਲ ਜਾਂਦਾ ਹੈ। ਸ਼ਾਇਦ ਉਹ ਕਮਰਸ਼ੀਅਲ ਸੋਚ ਇਸ ਤਰ੍ਹਾਂ ਦੀ ਹੈ ਕਿ ਕਿਰਦਾਰਾਂ ਵਿਚ ਕਮਜ਼ੋਰੀਆਂ ਵੱਧ ਗਈਆਂ ਹਨ ਤੇ ਸ਼ਾਇਦ ਸਾਡੀ ਪੁਰਾਣੀ ਜੋ ਸਮਾਜਕ ਸੋਚ ਸੀ, ਉਹ ਵੀ ਬਿਹਤਰ ਸੀ ਕਿਉਂਕਿ ਉਸ ਵਕਤ ਦੇ ਸਿਆਸਤਦਾਨ ਜਿਸ ਤਰ੍ਹਾਂ ਦੇ ਹੁੰਦੇ ਸਨ, ਉਸ ਤਰ੍ਹਾਂ ਦੇ ਸਿਆਸਤਦਾਨ ਹੁਣ ਨਜ਼ਰ ਨਹੀਂ ਆਉਂਦੇ।
- ਨਿਮਰਤ ਕੌਰ