Editorial: ਇਕ ਯੁੱਗ-ਪੁਰਸ਼ ਦੀ ਜਹਾਨ ਤੋਂ ਰੁਖ਼ਸਤੀ
‘ਦਸਤਾਰਧਾਰੀ ਤੂਫ਼ਾਨ’ (ਟਰਬਨਡ ਟੋਰਨੈਡੋ) ਵਜੋਂ ਜਾਣੇ ਜਾਂਦੇ ਫ਼ੌਜਾ ਸਿੰਘ ਦੀ ਜੀਵਨ ਗਾਥਾ ਹੋਣਹਾਰ ਬਿਰਵਾਨੀ ਨਾਲ ਸ਼ੁਰੂ ਨਹੀਂ ਹੁੰਦੀ
Editorial : ਬਜ਼ੁਰਗ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਸੜਕ ਹਾਦਸੇ ਰਾਹੀਂ ਇਸ ਜਹਾਨ ਤੋਂ ਸਦੀਵੀ ਰੁਖ਼ਸਤੀ ਇਕ ਸੋਗਮਈ ਘਟਨਾ ਹੈ। ਉਹ 114 ਵਰਿ੍ਹਆਂ ਦੇ ਸਨ। ਏਨੀ ਉਮਰ ਹੋਣ ਦੇ ਬਾਵਜੂਦ ਉਹ ਪੂਰੇ ਸਿਹਤਮੰਦ ਸਨ। ਸੋਮਵਾਰ ਦੁਪਹਿਰ ਬਾਅਦ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਦਮਪੁਰ (ਜਲੰਧਰ) ਨੇੜਲੇ ਅਪਣੇ ਪਿੰਡ ਬਿਆਸ ਵਿਚ ਆਦਮਪੁਰ-ਭੋਗਪੁਰ ਸੜਕ ’ਤੇ ਸਥਿਤ ਢਾਬੇ ਵਲ ਜਾਣ ਲਈ ਸੜਕ ਪਾਰ ਕਰ ਰਹੇ ਸਨ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸੜਕ ’ਤੇ ਇਕ ਤੇਜ਼-ਰਫ਼ਤਾਰ ਐਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰੀ। ਇਸ ਗੱਡੀ ਦਾ ਚਾਲਕ ਰੁਕਣ ਦੀ ਬਜਾਏ ਗੱਡੀ ਭਜਾ ਕੇ ਲੈ ਗਿਆ। ਇਹ ਹਾਦਸਾ ਪੰਜਾਬ ਦੀਆਂ ਸੜਕਾਂ ਉਪਰ ਆਪਾਧਾਪੀ ਤੇ ਲਾਕਾਨੂੰਨੀ ਦੇ ਪ੍ਰਭਾਵ ਦੀ ਸਪੱਸ਼ਟ ਮਿਸਾਲ ਹੈ। ਮੀਡੀਆ ਰਿਪੋਰਟਾਂ ਇਹ ਵੀ ਦਸਦੀਆਂ ਹਨ ਕਿ ਜਿਸ ਢਾਬੇ ਵਲ ਫ਼ੌਜਾ ਸਿੰਘ ਜਾ ਰਹੇ ਸਨ, ਉਹ ਉਨ੍ਹਾਂ ਦੇ ਪਰਿਵਾਰ ਦਾ ਹੀ ਹੈ। ਇਹ ਵੀ ਤਕਦੀਰ ਦਾ ਪੁੱਠਾ ਗੇੜ ਹੈ ਕਿ ਜਿਹੜਾ ਬੰਦਾ 114 ਵਰਿ੍ਹਆਂ ਦੀ ਉਮਰ ਵਿਚ ਵੀ ਪੂਰਨ ਸਿਹਤਮੰਦ ਹੋਣ ਸਦਕਾ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਵੱਡਾ ਸੋਮਾ ਸੀ, ਉਸ ਨੂੰ ਮੌਤ ਨੇ ਕੁਦਰਤੀ ਢੰਗ ਨਾਲ ਨਹੀਂ, ਗ਼ੈਰ-ਕੁਦਰਤੀ ਢੰਗ ਨਾਲ ਗ੍ਰਸਿਆ।
‘ਦਸਤਾਰਧਾਰੀ ਤੂਫ਼ਾਨ’ (ਟਰਬਨਡ ਟੋਰਨੈਡੋ) ਵਜੋਂ ਜਾਣੇ ਜਾਂਦੇ ਫ਼ੌਜਾ ਸਿੰਘ ਦੀ ਜੀਵਨ ਗਾਥਾ ਹੋਣਹਾਰ ਬਿਰਵਾਨੀ ਨਾਲ ਸ਼ੁਰੂ ਨਹੀਂ ਹੁੰਦੀ। ਦੌੜਨ ਦੀ ਨਾ ਉਨ੍ਹਾਂ ਨੇ ਸਿਖਲਾਈ ਲਈ, ਨਾ ਹੀ ਇਸ ਨੂੰ ਪੇਸ਼ਾ ਬਣਾਇਆ। ਸਰੀਰ ਨੂੰ ਹਰਕਤ ਵਿਚ ਰਖਣਾ ਉਨ੍ਹਾਂ ਦੀ ਜੀਵਨ-ਜਾਚ ਸੀ। ਉਨ੍ਹਾਂ ਨੇ ਮੀਲਾਂ-ਲੰਮੀਆਂ ਦੌੜਾਂ ਦੌੜਨ ਦਾ ਸਿਲਸਿਲਾ ਨਾਨਿਆਂ-ਦਾਦਿਆਂ (ਬਲਕਿ ਪੜਨਾਨਿਆਂ-ਪੜਦਾਦਿਆਂ) ਦੀ ਉਮਰ ਭਾਵ 89 ਵਰਿ੍ਹਆਂ ਦਾ ਹੋਣ ’ਤੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਕਿਆਸਿਆ ਤਕ ਨਹੀਂ ਸੀ ਕਿ ਉਹ ਕਈ ਪੀੜ੍ਹੀਆਂ ਵਾਸਤੇ ਆਦਰਸ਼ ਜਾਂ ਰੋਲ-ਮਾਡਲ ਬਣ ਜਾਣਗੇ। ਪਿੰਡ ਵਿਚ ਉਨ੍ਹਾਂ ਦੀ ਪਤਨੀ ਦੀ ਮੌਤ ਹੋਣ ਮਗਰੋਂ ਉਨ੍ਹਾਂ ਦਾ ਇੰਗਲੈਂਡ ਵਾਸੀ ਪੁੱਤਰ ਹਵਾ-ਬਦਲੀ ਲਈ ਉਨ੍ਹਾਂ ਨੂੰ ਉਸ ਮੁਲਕ ਲੈ ਗਿਆ। ਉਹ ਉੱਥੇ ਹੀ ਸਨ ਕਿ 1995 ਵਿਚ ਉਨ੍ਹਾਂ ਦਾ ਛੋਟਾ ਪੁੱਤਰ ਕੁਲਦੀਪ ਸਿੰਘ ਵੀ ਚੱਲ ਵਸਿਆ। ਦੂਹਰੇ ਗ਼ਮ ਦਾ ਅਸਰ ਘਟਾਉਣ ਲਈ ਉਨ੍ਹਾਂ ਨੇ ਇੰਗਲੈਂਡ ਸਥਿਤ ਅਪਣੇ ਘਰ ਨੇੜਲੇ ਪਾਰਕ ਵਿਚ ਦੌੜਨਾ ਸ਼ੁਰੂ ਕਰ ਦਿਤਾ।
ਇਸੇ ਵਰਤਾਰੇ ਦੌਰਾਨ ਉਹ ਇੰਗਲੈਂਡ ਰਹਿੰਦੇ ਮੈਰਾਥਨ ਕੋਚ ਹਰਮੰਦਰ ਸਿੰਘ ਦੀ ਨਜ਼ਰੀਂ ਚੜ੍ਹ ਗਏ। ਉਸ ਨੇ ਉਨ੍ਹਾਂ ਨੂੰ ਪਾਰਕ ਜਾਂ ਸ਼ਹਿਰ ਦੀਆਂ ਸੜਕਾਂ ਉੱਤੇ ਦੌੜਨ ਦੀ ਬਜਾਏ ਮੈਰਾਥਨ ਦੌੜ ਦੇ ਅਭਿਆਸ ਦਾ ਮਸ਼ਵਰਾ ਦਿਤਾ ਅਤੇ ਨਾਲ ਹੀ ਅਜਿਹੀਆਂ ਦੌੜਾਂ ਦੌੜਨ ਲਈ ਢੁਕਵਾਂ ਟਰੈਕ-ਸੂਟ ਤੇ ਬੂਟ ਵੀ ਉਨ੍ਹਾਂ ਨੂੰ ਮੁਹੱਈਆ ਕਰਵਾ ਦਿਤੇ। ਫ਼ੌਜਾ ਸਿੰਘ ਨੇ ਅਪ੍ਰੈਲ 2000 ਵਿਚ ਲੰਡਨ ਮੈਰਾਥਨ ਵਿਚ ਭਾਗ ਲਿਆ ਅਤੇ ਇਹ ਦੌੜ 6 ਘੰਟੇ 54 ਮਿੰਟਾਂ ਵਿਚ ਮੁਕਾਈ ਜੋ ਕਿ 80ਵਿਆਂ ਵਾਲੇ ਉਮਰ ਵਰਗ ਵਿਚ ਨਵਾਂ ਵਿਸ਼ਵ ਰਿਕਾਰਡ ਸੀ। ਇਸ ਪੇਸ਼ੇਵਾਰਾਨਾ ਦੌੜ ਵਿਚ ਭਾਗ ਲੈਣ ਤੋਂ ਪਹਿਲਾਂ ਉਹ ਲੋਕ ਭਲਾਈ ਨਾਲ ਜੁੜੇ ਦੌੜਾਂ ਵਾਲੇ ਈਵੈਂਟਸ ਵਿਚ ਹਿੱਸਾ ਜ਼ਰੂਰ ਲੈਂਦੇ ਰਹੇ, ਪਰ ਇਹ ਈਵੈਂਟਸ 20 ਕਿਲੋਮੀਟਰ ਲੰਮੀਆਂ ਦੌੜਾਂ ਵਾਲੇ ਸਨ।
ਅਗਲੇ 11 ਵਰਿ੍ਹਆਂ ਵਿਚੋਂ 9 ਦੌਰਾਨ ਉਹ ਲੰਡਨ ਮੈਰਾਥਨ ਵਿਚ ਲਗਾਤਾਰ ਹਿੱਸਾ ਲੈਂਦੇ ਰਹੇ। ਇਸੇ ਅਰਸੇ ਦੌਰਾਨ ਉਨ੍ਹਾਂ ਨੇ ਦੁਨੀਆਂ ਦੇ ਤਕਰੀਬਨ ਸਾਰੇ ਅਹਿਮ ਸ਼ਹਿਰਾਂ ਦੇ ਮੈਰਾਥਨ ਈਵੈਂਟਸ ਵਿਚ ਹਾਜ਼ਰੀ ਅਵੱਸ਼ ਭਰੀ। ਅਜਿਹਾ ਕਰਨ ਪਿੱਛੇ ਕੋਈ ਮਾਇਕ ਲਾਲਸਾ ਜਾਂ ਲੋਭ-ਲਾਲਚ ਨਹੀਂ ਸੀ, ਬਲਕਿ ਜੋ ਇਨਾਮੀ ਕਮਾਈ ਹੁੰਦੀ ਉਹ ਸਮਾਜ-ਭਲਾਈ ਜਾਂ ਧਰਮ-ਅਰਥੀ ਕਾਰਜਾਂ ਲਈ ਦਾਨ ਕਰ ਦਿਤੀ ਜਾਂਦੀ। ਉਨ੍ਹਾਂ ਦੀ ਜੀਵਨੀ ‘ਟਰਬਨਡ ਟੋਰਨੈਡੋ’ ਦੇ ਲੇਖਕ ਖ਼ੁਸ਼ਵੰਤ ਸਿੰਘ ਵਲੋਂ ਇਸ ਕਿਤਾਬ ਵਿਚ ਦਰਜ ਇਕ ਟੋਟਕੇ ਮੁਤਾਬਿਕ ਫ਼ੌਜਾ ਸਿੰਘ, ਆਸਟਰੇਲੀਆ ਵਿਚ ਸਨ ਜਿੱਥੇ ਇਕ ਗੁਰਦਵਾਰੇ ਵਿਖੇ ਉਨ੍ਹਾਂ ਦੀ ਝੋਲੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਆਸਟਰੇਲੀਅਨ ਡਾਲਰਾਂ ਨਾਲ ਭਰ ਦਿਤੀ। ਉਨ੍ਹਾਂ ਨੇ ਇਹ ਸਾਰੇ ਡਾਲਰ ਸਮੇਟੇ ਅਤੇ ਗੁਰਦਵਾਰੇ ਦੀ ਗੋਲਕ ਅੰਦਰ ਪਾ ਦਿਤੇ।
ਇਕ ਸ਼ੁੱਧ ਸ਼ਾਕਾਹਾਰੀ ਵਿਅਕਤੀ ਵਲੋਂ ਤਾਉਮਰ ਸ਼ਾਕਾਹਾਰੀ ਭੋਜਨ ਖਾਂਦੇ ਰਹਿਣ ਦੇ ਬਾਵਜੂਦ 101 ਵਰਿ੍ਹਆਂ ਦੀ ਉਮਰ ਤਕ ਮੈਰਾਥਨ ਦੌੜਾਂ ਦੌੜਦੇ ਰਹਿਣਾ ਅਤੇ ਸਕੂਲਾਂ-ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵਿਚ ਜਾ ਕੇ ਨੌਜਵਾਨੀ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਦੇ ਰਹਿਣਾ ਸਮਾਜਿਕ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਬਿਹਤਰੀਨ ਮਿਸਾਲ ਹੈ। ਖੇਡ ਵਸਤਰਾਂ ਦੀ ਮਸ਼ਹੂਰ ਬਰਾਂਡ ‘ਐਡੀਡਾਜ਼’ ਵਰਗੀ ਬਹੁਕੌਮੀ ਕੰਪਨੀ ਨੇ ਉਨ੍ਹਾਂ ਨੂੰ ਅਪਣਾ ‘ਬਰੈਂਡ ਅੰਬੈਸੇਡਰ’ ਬਣਾਇਆ, ਪਰ ਇਸ ਕਿਸਮ ਦੀਆਂ ਮਸ਼ਹੂਰੀਆਂ ਤੋਂ ਹੁੰਦੀ ਕਮਾਈ ਨੂੰ ਵੀ ਉਨ੍ਹਾਂ ਨੇ ਧਰਮ-ਅਰਥੀ ਤੇ ਪਰਉਪਕਾਰੀ ਕਾਰਜਾਂ ਲਈ ਦਾਨ ਕਰਨਾ ਬਿਹਤਰ ਸਮਝਿਆ। ਉਨ੍ਹਾਂ ਦਾ ਸਮੁੱਚਾ ਜੀਵਨ ਇਸ ਕਥਨ ਦਾ ਤਸਵੀਰੀ-ਰੂਪ ਹੈ ਕਿ ਉਮਰ ਦੇ ਬੰਧਨ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਉਮਰ ਨੂੰ ਬੰਧਨ ਸਮਝਦੇ-ਮੰਨਦੇ ਹਨ। ਜਿਹੜੇ ਉਮਰ ਨੂੰ ਬੰਧਨ ਨਹੀਂ ਮੰਨਦੇ, ਉਨ੍ਹਾਂ ਲਈ ਕਿਸੇ ਵੀ ਉਮਰੇ ਆਸਮਾਨ ਤੋਂ ਤਾਰੇ ਤੋੜ ਲਿਆਉਣਾ ਕੋਈ ਜਟਿਲ ਕਾਰਜ ਨਹੀਂ।