ਗਿ. ਹਰਪ੍ਰੀਤ ਸਿੰਘ ਦੀ ‘ਏਕਤਾ’ ਵਾਲੀ ਬਾਂਗ ਅਸਰ ਨਹੀਂ ਕਰੇਗੀ, ਕਿਉਂਕਿ ਉਹ ਸਿੱਖਾਂ ਦੀ ਏਕਤਾ ਨਹੀਂ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੱਚ ਇਹ ਹੈ ਕਿ ਅੱਜ ਸਿੱਖਾਂ ਨੂੰ ਖ਼ਤਰਾ ਅਪਣੇ ਆਗੂਆਂ ਤੋਂ ਹੈ ਕਿਉਂਕਿ ਉਹ ਜਦ ਪਹਿਰੇਦਾਰੀ ਕਰਦੇ ਹਨ ਤਾਂ ਸਿੱਖ ਫ਼ਲਸਫ਼ੇ ਦੀ ਜਾਂ ਆਮ ਸਿੱਖ ਦੀ ਨਹੀਂ ਬਲਕਿ ਅਪਣੀ ਕਰਦੇ ਹਨ।

Giani Harpreet Singh

ਸੱਚ ਇਹ ਹੈ ਕਿ ਅੱਜ ਸਿੱਖਾਂ ਨੂੰ ਖ਼ਤਰਾ ਅਪਣੇ ਆਗੂਆਂ ਤੋਂ ਹੈ ਕਿਉਂਕਿ ਉਹ ਜਦ ਪਹਿਰੇਦਾਰੀ ਕਰਦੇ ਹਨ ਤਾਂ ਸਿੱਖ ਫ਼ਲਸਫ਼ੇ ਦੀ ਜਾਂ ਆਮ ਸਿੱਖ ਦੀ ਨਹੀਂ ਕਰਦੇ ਬਲਕਿ ਅਪਣੀ ਕਰਦੇ ਹਨ। ਜਦ ਬਿਕਰਮ ਸਿੰਘ ਮਜੀਠੀਆ ਜੇਲ ਵਿਚੋਂ ਬਾਹਰ ਆਏ ਤਾਂ ਮੀਡੀਆ ਵਿਚ ਇਕ ਮਜ਼ਾਕ ਚਲ ਪਿਆ ਕਿ ‘ਚਲੋ ਇਕ ਬੰਦੀ ਸਿੱਖ ਤਾਂ ਰਿਹਾਅ ਹੋ ਗਿਆ’ ਅਤੇ ਅਕਾਲੀ ਦਲ ਦੀ ਮੁਹਿੰਮ ਸਫ਼ਲ ਹੋਈ! ਪਰ ਇਸ ਮਜ਼ਾਕ ਵਿਚ ਕੌੜਾ ਸੱਚ ਵੀ ਹੈ ਕਿ ਅੱਜ ਤਕ ਅਕਾਲੀ ਦਲ ਨੇ ਕਦੇ ਕਿਸੇ ਬੰਦੀ ਸਿੱਖ ਨੂੰ ਰਿਹਾਅ ਨਹੀਂ ਕਰਵਾਇਆ। ਸੱਤਾ ਵਿਚ ਰਹਿੰਦਿਆਂ ਸਿੱਖ ਬੰਦੀਆਂ ਲਈ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ। 

ਅਕਾਲ ਤਖ਼ਤ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਵਾਸਤੇ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ ਅਤੇ ਆਖਿਆ ਹੈ ਕਿ ਹੁਣ ਸਿੱਖਾਂ ਅੰਦਰ ਮੁਕੰਮਲ ਏਕਤਾ ਪੈਦਾ ਕਰਨ ਦਾ ਸਮਾਂ ਹੈ। ਪੰਜਾਬ ਵਿਚ ਤਿਰੰਗਾ ਲਹਿਰਾਉਣ ਤੇ 15 ਅਗੱਸਤ ਨੂੰ ਕਈ ਥਾਵਾਂ ਤੇ ਰੋਸ ਦੇਖਿਆ ਗਿਆ। ਬੰਦਾ ਸਿੰਘ ਬਹਾਦਰ ਯਾਦਗਾਰ ਚਪੜਚਿੜੀ ਨੂੰ ਤਿਰੰਗੇ ਦੇ ਰੰਗਾਂ ਵਿਚ ਰੰਗ ਕੇ ਪੇਸ਼ ਕਰਨ ਦਾ ਵੀ ਤੇ ਤਿਰੰਗੇ ਦੇ ਰੰਗਾਂ ਦੀਆਂ ਲਾਈਟਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਵੀ ਰੋਸ ਪ੍ਰਗਟਾਇਆ ਗਿਆ।

ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਜੇ ਸਾਡੇ ਨਿਸ਼ਾਨ ਸਾਹਿਬ ਨੂੰ ਲਾਲ ਕਿਲ੍ਹੇ ਤੇ ਨਾ ਲਹਿਰਾਇਆ ਗਿਆ ਤਾਂ ਅਸੀ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ। ਪਰ ਇਹ ਘਟਨਾਵਾਂ ਤੇ ਬਿਆਨ ਇਕ ਛੋਟੇ ਜਹੇ ਹਿੱਸੇ ਨਾਲ ਹੀ ਸਬੰਧਤ ਸਨ ਕਿਉਂਕਿ ਵੱਡਾ ਤਬਕਾ ਤਾਂ ਅੱਜ ਵੀ ਅਪਣੇ ਆਪ ਨੂੰ ਹਿੰਦੁਸਤਾਨ ਦਾ ਹਿੱਸਾ ਮੰਨਦਾ ਹੈ ਤੇ ਕਈ ਸਾਰੀਆਂ ਨਾਰਾਜ਼ਗੀਆਂ ਤੇ ਸ਼ਿਕਾਇਤਾਂ ਦੇ ਬਾਵਜੂਦ ਇਸ ਦੇਸ਼ ਤੋਂ ਹੀ ਅਪਣੇ ਹੱਕ ਮੰਗਦਾ ਹੈ। 

ਅੱਜ ਜੇ ਬਰਗਾੜੀ ਦਾ ਅਸਲ ਇਨਸਾਫ਼ ਲੈਣ ਲਈ ਮੋਰਚਾ ਡਟਿਆ ਹੋਇਆ ਹੈ ਤਾਂ ਉਹ ਵੀ ਇਸੇ ਦੇਸ਼ ਦੀ ਨਿਆਂਪਾਲਿਕਾ ਤੋਂ ਹੀ ਆਸ ਰਖਦਾ ਹੈ। ਜੇ ਕਿਸੇ ਲੋਕ ਫ਼ਤਵੇ ਦੀ ਗੱਲ ਹੋਵੇ ਤਾਂ ਉਹ ਚੋਣਾਂ ਦੇ ਨਤੀਜਿਆਂ ਨੇ ਸੁਣਾ ਹੀ ਦਿਤਾ ਹੈ। ਜਿਨ੍ਹਾਂ ਅਕਾਲੀ ਆਗੂਆਂ ਨੂੰ ਲੋਕ ਬਰਗਾੜੀ ਤੇ ਬਹਿਬਲ ਕਲਾਂ ਕਾਂਡਾਂ ਦੇ ਜ਼ਿੰਮੇਵਾਰ ਮੰਨਦੇ ਹਨ, ਉਨ੍ਹਾਂ ਨੂੰ ਸਿੱਖ ਵੋਟਰਾਂ ਨੇ ਸਿਆਸੀ ਤੌਰ ਤੇ ਸਿਫ਼ਰ ਬਣਾ ਹੀ ਦਿਤਾ ਹੈ। 

ਪੰਜਾਬ ਵਿਚ ਏਕਤਾ ਤਾਂ ਹੈ ਤੇ ਉਹ ਵੀ ਬੜੀ ਮਜ਼ਬੂਤ ਪਰ ਜਿਸ ਏਕਤਾ ਦੀ ਦੁਹਾਈ ਗਿ. ਹਰਪ੍ਰੀਤ ਸਿੰਘ ਦੇ ਰਹੇ ਹਨ, ਉਹ ਅਕਾਲੀ ਦਲ ਦੇ ਮਾਲਕਾਂ ਅਥਵਾ ਬਾਦਲਾਂ ਨਾਲ ਬਣਾਈ ਰੱਖਣ ਵਾਲੀ ਏਕਤਾ ਦੀ ਗੱਲ ਹੁੰਦੀ ਹੈ ਤੇ ਉਹ ਚਾਹੁੰਦੇ ਹਨ ਕਿ ਸਾਰੇ ‘ਅਕਾਲੀ’ ਬਾਦਲਾਂ ਦੀ ਉਂਗਲ ਸਦਾ ਲਈ ਫੜੀ ਰੱਖਣ--ਬਾਦਲ ਭਾਵੇਂ ਪੰਥਕ ਗੱਡੀ ਦਾ ਕਾਂਟਾ ਜਦੋਂ ਮਰਜ਼ੀ ਬਦਲ ਲੈਣ। ਸੱਚ ਇਹ ਹੈ ਕਿ ਅੱਜ ਸਿੱਖਾਂ ਨੂੰ ਖ਼ਤਰਾ ਅਪਣੇ ਆਗੂਆਂ ਤੋਂ ਹੈ ਕਿਉਂਕਿ ਉਹ ਜਦ ਪਹਿਰੇਦਾਰੀ ਕਰਦੇ ਹਨ, ਉਹ ਸਿੱਖ ਫ਼ਲਸਫ਼ੇ ਦੀ ਨਹੀਂ ਜਾਂ ਆਮ ਸਿੱਖ ਦੀ ਨਹੀਂ ਬਲਕਿ ਅਪਣੀ ਹੀ ਕਰਦੇ ਹਨ।

ਜਦ ਬਿਕਰਮ ਸਿੰਘ ਮਜੀਠੀਆ ਜੇਲ ਵਿਚੋਂ ਬਾਹਰ ਆਏ ਤਾਂ ਮੀਡੀਆ ਵਿਚ ਇਕ ਮਜ਼ਾਕ ਚਲ ਪਿਆ ਕਿ ‘ਚਲੋ ਇਕ ਬੰਦੀ ਸਿੱਖ ਤਾਂ ਰਿਹਾਅ ਹੋ ਗਿਆ’ ਅਤੇ ਅਕਾਲੀ ਦਲ ਦੀ ਮੁਹਿੰਮ ਸਫ਼ਲ ਹੋਈ। ਪਰ ਇਸ ਮਜ਼ਾਕ ਵਿਚ ਕੌੜਾ ਸੱਚ ਵੀ ਹੈ ਕਿ ਅੱਜ ਤਕ ਅਕਾਲੀ ਦਲ ਨੇ ਕਦੇ ਕਿਸੇ ਬੰਦੀ ਸਿੱਖ ਨੂੰ ਰਿਹਾਅ ਨਹੀਂ ਕਰਵਾਇਆ। ਸੱਤਾ ਵਿਚ ਰਹਿੰਦਿਆਂ ਸਿੱਖ ਬੰਦੀਆਂ ਲਈ ਕੱਖ ਭੰਨ ਕੇ ਦੋਹਰਾ ਨਾ ਕੀਤਾ। ਰਿਹਾਈ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਵਾਈ। ਅਕਾਲੀ ਦਲ ਦੀ ਮੁਹਿੰਮ ਸਿਰਫ਼ ਭਾਜਪਾ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਸੀ ਤੇ ਰਾਸ਼ਟਰਪਤੀ ਚੋਣਾਂ ਵਿਚ ਸਮਰਥਨ ਦੇਣ ਮਗਰੋਂ ਘਰ ਵਿਚ ਸ਼ਾਂਤੀ ਹੈ ਤੇ ਜਿਸ ਨੇ ਬਾਹਰ ਆਉਣਾ ਸੀ, ਉਹ ਆ ਗਿਆ ਹੈ।

ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ 10 ਨਵੇਂ ਜੱਜਾਂ ਵਿਚੋਂ ਇਕ ਵੀ ਸਿੱਖ ਨੂੰ ਜੱਜ ਨਹੀਂ ਬਣਾਇਆ ਗਿਆ। ਅੱਜ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀਆਂ ਕੁਰਸੀਆਂ ਤੇ ਸਿੱਖ ਕੋਈ ਵੀ ਨਹੀਂ ਦਿਸਦਾ। ਇਸ ਦਾ ਇਹ ਮਤਲਬ ਨਹੀਂ ਕਿ ਇਹ ਲੋਕ ਪੰਜਾਬ ਜਾਂ ਸਿੱਖਾਂ ਵਿਰੁਧ ਹਨ ਸਗੋਂ ਇਹ ਤਾਂ ਸਿੱਖਾਂ ਦੇ ਇਤਿਹਾਸ ਤੋਂ ਜਾਣੂੰ ਹੀ ਨਹੀਂ। ਇਨ੍ਹਾਂ ਨੇ 47 ਤੇ 84 ਦਾ ਸੰਤਾਪ ਨਹੀਂ ਹੰਢਾਇਆ।

ਇਹ ਬਾਬੇ ਨਾਨਕ ਦੀ ਸੋਚ ਨਾਲ ਨਹੀਂ ਜੁੜੇ ਜਿਸ ਕਰ ਕੇ ਇਹ ਲੋਕਾਂ ਦੀ ਮਾਨਸਕਤਾ ਨੂੰ ਸਮਝ ਨਹੀਂ ਪਾਉਣਗੇ ਤੇ ਲੋਕਾਂ ਅਤੇ ਸਿਸਟਮ ਵਿਚ ਦੂਰੀਆਂ ਵਧਦੀਆਂ ਜਾਣਗੀਆਂ। ਪਰ ਇਹ ਸੱਭ ਅੱਜ ਸਾਡੇ ਅਖੌਤੀ ਸਿੱਖ ਲੀਡਰਾਂ ਦੀ ਕਮਜ਼ੋਰੀ ਕਾਰਨ ਹੋ ਰਿਹਾ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ। ਅੱਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਨਹੀਂ, ਰੁਕਵਾਉਣ ਦੀਆਂ ਤਰਕੀਬਾਂ ਬਣਾਈਆਂ ਜਾ ਰਹੀਆਂ ਹਨ ਕਿਉਂਕਿ ਸੱਭ ਜਾਣਦੇ ਹਨ ਕਿ ਜਿਸ ਤਰ੍ਹਾਂ ਅਸੈਂਬਲੀ ਚੋਣਾਂ ਵਿਚ ਨਕਲੀ ਸਿਆਸਤਦਾਨਾਂ ਦਾ ਸਫ਼ਾਇਆ ਹੋ ਗਿਆ ਹੈ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਚੋਂ ਵੀ ਸਫ਼ਾਇਆ ਹੋ ਸਕਦਾ ਹੈ।

ਸੋ ਇਕ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਵਿਚ ਸਿੱਖਾਂ ਨੂੰ ‘ਏਕਤਾ’ ਦੇ ਨਾਂ ਤੇ, ਕਿਸੇ ਅਗਿਆਤ ਖ਼ਤਰੇ ਬਾਰੇ ਬੋਲ ਕੇ ਡਰਾਇਆ ਜਾ ਰਿਹਾ ਹੈ ਜਦਕਿ ਅਸਲ ਖ਼ਤਰਾ ਇਨ੍ਹਾਂ ਆਗੂਆਂ ਦੀ ਨਿਜੀ ਦੌਲਤ ਅਤੇ ਤਾਕਤ ਹੈ। ਅਕਾਲ ਤਖ਼ਤ ਵਾਲੇ ਹੀ ਦੱਸਣ, ਜਿਨ੍ਹਾਂ ਲੀਡਰਾਂ ਪਿੱਛੇ ਲੱਗਣ ਨੂੰ ਉਹ ‘ਏਕਤਾ’ ਦਸ ਰਹੇ ਹਨ, ਉਨ੍ਹਾਂ ਨੇ ਸਿੱਖ ਪੰਥ ਲਈ ਅਪਣੇ ਸ਼ਾਸਨ ਕਾਲ ਦੌਰਾਨ ਕੋਈ ਇਕ ਵੀ ਪ੍ਰਾਪਤੀ ਕਰ ਵਿਖਾਈ ਸੀ?                    

-ਨਿਮਰਤ ਕੌਰ