ਇਕ ਨੌਜੁਆਨ ਜੋੜੇ ਨੇ ਕਾਨੂੰਨ ਦੀ ਮੁਫ਼ਤ ਕੋਚਿੰਗ ਸ਼ੁਰੂ ਕਰ ਕੇ ਗ਼ਰੀਬ ਬੱਚੇ ‘ਜੱਜ ਸਾਹਿਬ’ ਬਣਾ ਦਿਤੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਰਮਿੰਦਰ ਕੌਰ ਦੀ ਕਹਾਣੀ ਸੁਣ ਕੇ ਦਿਲ ਹਿਲ ਜਾਂਦਾ ਹੈ। ਪਰਮਿੰਦਰ ਕੌਰ ਹਮੇਸ਼ਾ ਵਕਾਲਤ ਕਰਨਾ ਚਾਹੁੰਦੀ ਸੀ ਪਰ ਉਸ ਦਾ ਘਰ ’ਚ ਹੀ ਵਿਰੋਧ ਹੁੰਦਾ ਸੀ।

File Photo

‘ਵਿਦੇਸ਼ੀ’ ਲੇਬਲ ਪੰਜਾਬੀਆਂ ਦੀ ਮਨਪਸੰਦ ਚੋਣ ਬਣ ਗਿਆ ਹੈ। ਇਕ ਅਖ਼ਬਾਰ ਵਲੋਂ ਕੀਤੇ ਵਿਸ਼ੇਸ਼ ਸਰਵੇਖਣ ਦੀ ਰੀਪੋਰਟ ਚਿੰਤਾ ਦਾ ਕਾਰਨ ਬਣ ਗਈ ਹੈ। ਵਿਦੇਸ਼ਾਂ ਵਿਚ ਜਾਂਦੇ ਲੋਕ ਇਕ ਵਧੀਆ ਜ਼ਿੰਦਗੀ ਦੀ ਤਲਾਸ਼ ਵਿਚ ਹਵਾਈ ਜਹਾਜ਼ ਭਰ ਭਰ ਕੇ ਜਾ ਰਹੇ ਹਨ। ਹੁਣ ਇਹ ਵੀ ਨਜ਼ਰ ਆ ਰਿਹਾ ਹੈ ਕਿ ਕੈਨੇਡਾ ਹੀ ਨਹੀਂ ਬਲਕਿ ਅਮਰੀਕਾ ਜਾਣ ਲਈ ਸਹੀ ਗ਼ਲਤ ਰਸਤੇ ਵੀ ਕੱਢੇ ਜਾ ਰਹੇ ਹਨ।

ਜਦੋਂ ਇਸ ਗੱਲ ਦੀ ਸ਼ੁਰੂਆਤ ਹੁੰਦੀ ਹੈ ਤਾਂ ਫਿਰ ਥੋੜਾ ਤੜਕਾ, ਕੁੱਝ ਨੰਬਰ ਲਵਾਉਣਾ ਚਾਹੁਣ ਵਾਲੇ ਸਿਆਸਤਦਾਨਾਂ ਨੇ ਲਗਾਉਣਾ ਹੀ ਹੁੰਦਾ ਹੈ ਤੇ ਉਹ ਫਿਰ ਅੰਕੜਿਆਂ ਦੇ ਸਹਾਰੇ ਕਹਿਣਗੇ ਕਿ ਹੁਣ ਪ੍ਰਵਾਸੀਆਂ ਨੂੰ ਪੰਜਾਬ ਵਿਚ ਜ਼ਮੀਨ ਨਾ ਖ਼ਰੀਦਣ ਦਿਉ। ਪਰ ਉਹ ਇਹ ਨਹੀਂ ਸੋਚਦੇ ਕਿ ਜੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੁਹਾਡੇ ਬੋਲਾਂ ਨੂੰ ਸੁਣ ਕੇ, ਤੁਹਾਡੀ ਨਕਲ ਕਰ ਕੇ ਹੀ ਇਨ੍ਹਾਂ ਦੇਸ਼ਾਂ ਵਿਚ ਬੈਠੇ ਪੰਜਾਬੀ ਪ੍ਰਵਾਸੀਆਂ ਨੂੰ ਜ਼ਮੀਨ ਖ਼ਰੀਦਣ ਤੋਂ ਰੋਕ ਦੇਣ ਤਾਂ ਫਿਰ ਕੀ ਕਰੋਗੇ? ਅੱਜ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਉਨ੍ਹਾਂ ਦੇਸ਼ਾਂ ਦੀ ਹਰ ਚੀਜ਼ ਦੇ ਹਿੱਸੇਦਾਰ ਹਨ।

ਮਜ਼ਦੂਰੀ ਕਰਨ ਵਾਲੀ ਮੁੰਡੀਰ ਤਾਂ ਅੱਜਕਲ ਦਾ ਫ਼ੈਸ਼ਨ ਹੈ ਪਰ ਅੱਜ ਤੋਂ ਕਈ ਦਹਾਕੇ ਪਹਿਲਾਂ ਗਏ ਪੰਜਾਬੀ ਤਾਂ ਅੱਜ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਕੀ ਉਨ੍ਹਾਂ ਨੂੰ ਉਥੇ ਜ਼ਮੀਨ ਮਾਲਕ ਬਣਨ ਤੋਂ ਰੋਕਿਆ ਜਾ ਸਕਦਾ ਹੈ? ਜੇ ਅਸੀ ਪੰਜਾਬ ਤੋਂ ਅੱਗੇ ਜਾਣਾ ਚਾਹੁੰਦੇ ਹਾਂ ਤਾਂ ਸਾਡੇ ਨੌਜੁਆਨਾਂ ਦਾ ਮੂੰਹ ਵਿਦੇਸ਼ਾਂ ਵਲ ਹੀ ਜਾਂਦਾ ਹੈ।

ਕਦੇ ਉੱਤਰ ਪ੍ਰਦੇਸ਼ ਵਿਚ ਸਸਤੀਆਂ ਜ਼ਮੀਨਾਂ ਤੇ ਜਾ ਕੇ ਖੇਤੀ ਕਰਦੇ ਸਨ ਪਰ ਅੱਜ ਦਿਸ਼ਾ ਕੁੱਝ ਹੋਰ ਹੈ। ਅੱਜ ਚਿੰਤਾ ਪੰਜਾਬ ਤੋਂ ਬਾਹਰ ਜਾਣ ਵਾਲੇ ਸਿਰਾਂ ਦੀ ਗਿਣਤੀ ਦੀ ਨਹੀਂ ਬਲਕਿ ਪੰਜਾਬ ਵਿਚ ਰਹਿ ਰਹੀ ਨੌਜੁਆਨੀ ਸਮੇਤ ਸਾਰੀ ਵਿਦੇਸ਼ਾਂ ਨੂੰ ਭਜਦੀ ਜਵਾਨੀ ਬਾਰੇ ਚਿੰਤਾ ਕਰਨ ਦੀ ਹੈ। ਹਾਲ ਹੀ ਵਿਚ ਪੀਸੀਐਸ ਰਾਹੀਂ ਭਰਤੀ ਹੋਏ ਨਵੇਂ ਜੱਜਾਂ ਦੀ ਕਹਾਣੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਛੋਟੇ ਪ੍ਰਵਾਰਾਂ ਦੇ ਬੱਚਿਆਂ ਦੇ ਵੱਡੇ ਸੁਪਨੇ ਦੀਆਂ ਕਹਾਣੀਆਂ ਹਨ।

ਪਰ ਜਦੋਂ ਤੁਸੀ ਉਨ੍ਹਾਂ ’ਚੋਂ 13 ਗ਼ਰੀਬ ਬੱਚਿਆਂ ਦੀ ਕਹਾਣੀ ਦੇ ਮੁੱਖ ਸੂਤਰਧਾਰ ਬਾਰੇ ਜਾਣੋਗੇ ਤਾਂ ਸ਼ਾਇਦ ਇਹ ਤਸਵੀਰ ਨਵੇਂ ਰੂਪ ਵਿਚ ਸਾਹਮਣੇ ਆ ਸਕਦੀ ਹੈ। ਚੰਡੀਗੜ੍ਹ ਦੇ 20 ਸੈਕਟਰ ਵਿਚ ਗੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਸ਼ਮਾ ਸਿੰਘ ਨੇ 2019 ਵਿਚ ਇਕ ਮੁਫ਼ਤ ਕੋਚਿੰਗ ਕੇਂਦਰ ਦੀ ਸ਼ੁਰੂਆਤ ਕੀਤੀ ਜਦੋਂ ਉਨ੍ਹਾਂ ਨੂੰ ਦੋ ਅਜਿਹੇ ਬੱਚਿਆਂ ਦਾ ਪਤਾ ਲੱਗਾ ਜੋ ਜੁਡੀਸ਼ਰੀ ਦਾ ਇਮਤਿਹਾਨ ਇਸ ਕਰ ਕੇ ਨਾ ਦੇ ਸਕੇ ਕਿਉਂਕਿ ਉਨ੍ਹਾਂ ਕੋਲ ਕੋਚਿੰਗ ਕੇਂਦਰ ਜਾਣ ਜੋਗੇ ਪੈਸੇ ਨਹੀਂ ਸਨ।

ਪਰਮਿੰਦਰ ਕੌਰ ਦੀ ਕਹਾਣੀ ਸੁਣ ਕੇ ਦਿਲ ਹਿਲ ਜਾਂਦਾ ਹੈ। ਪਰਮਿੰਦਰ ਕੌਰ ਹਮੇਸ਼ਾ ਵਕਾਲਤ ਕਰਨਾ ਚਾਹੁੰਦੀ ਸੀ ਪਰ ਉਸ ਦਾ ਘਰ ’ਚ ਹੀ ਵਿਰੋਧ ਹੁੰਦਾ ਸੀ। ਘਰ ਵਿਚ ਪਿਤਾ ਹੀ ਕਿਤਾਬਾਂ ਸੁੱਟ ਦੇਂਦੇ ਸਨ ਤੇ ਕਹਿੰਦੇ ਸਨ ਕਿ ਉਹ ਐਲਐਲਬੀ ਛੱਡ ਕੇ ਕਾਲ ਸੈਂਟਰ ਵਿਚ ਨੌਕਰੀ ਕਰਨ ਨੂੰ ਆਖਦੇ ਸਨ। ਉਹ ਐਲ.ਐਲ.ਬੀ. ਕਰਨ ਤੋਂ ਬਾਅਦ ਇਕ ਦੁਕਾਨ ਵਿਚ 5-6 ਹਜ਼ਾਰ ਦੀ ਨੌਕਰੀ ਕਰਨ ਨੂੰ ਮਜਬੂਰ ਸੀ। ਪਰ ਜਦ ਉਸ ਨੂੰ ਐਲ.ਐਲ.ਬੀ. ਦੇ ਮੁਫ਼ਤ ਕੇਂਦਰ ਦਾ ਪਤਾ ਲੱਗਾ ਤਾਂ ਉਸ ਨੇ ਜੱਜੀ ਦੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿਤੀ ਤੇ ਹੁਣ ਜੱਜ ਸਾਹਿਬਾ ਅਖਵਾਏਗੀ।

ਜੇ ਪੰਜਾਬ ਵਿਚ ਸੌ ਗੁਰਿੰਦਰਪਾਲ ਸਿੰਘ ਵਰਗੇ ਸੇਵਾ ਕਰਨ ਵਾਲੇ ਸੱਜਣ ਆ ਜਾਣ ਤਾਂ ਸਾਡੇ ਨੌਜੁਆਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਸਾਡੇ ਨੌਜੁਆਨਾਂ ਕੋਲ ਮਾਰਗ ਦਰਸ਼ਕ ਨਹੀਂ ਹਨ। ਜਦ ਵੀ ਆਮ ਸਿੱਖ ਦਸਵੰਧ ਦੀ ਗੱਲ ਕਰਦਾ ਹੈ ਤਾਂ ਉਹ ਲੰਗਰ ਜਾਂ ਸੰਗਮਰਮਰ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਵੱਡੇ ਸਿੱਖ ਗੁਰੂ ਘਰਾਂ ਤੇ ਸੋਨਾ ਚਾਂਦੀ ਚੜ੍ਹਵਾ ਦੇਂਦੇ ਹਨ ਜਾਂ ਮਹਿੰਗੇ ਰੁਮਾਲੇ ਪਾ ਕੇ ਅਪਣੇ ਧਰਮ ਦੀ ਪਾਲਣਾ ਕਰਦੇ ਹਨ।

ਪਰ ਜੇ ਉਨ੍ਹਾਂ ’ਚੋਂ ਸੌ ਵੀ ਗੁਰਿੰਦਰਪਾਲ ਸਿੰਘ ਵਾਂਗ ਅੱਜ ਦੇ ਨੌਜੁਆਨਾਂ ਨੂੰ ਪੜ੍ਹਾਉਣ, ਉਦਯੋਗ ਦੇ ਸਿਖਲਾਈ ਕੇਂਦਰ ਸ਼ੁਰੂ ਕਰ ਦੇਣ ਤਾਂ ਭਾਵੇਂ ਉਹ ਪੰਜਾਬ ਵਿਚ ਰਹਿਣ ਜਾਂ ਬਾਹਰ ਚਲੇ ਜਾਣ, ਉਹ ਪੰਜਾਬ ਦੀ ਚੜ੍ਹਤ ਵਿਚ ਯੋਗਦਾਨ ਜ਼ਰੂਰ ਪਾਉਣਗੇ। ਦੁਨੀਆਂ ਬਦਲ ਰਹੀ ਹੈ ਤੇ ਲੋਕ ਅਪਣੇ ਦੇਸ਼ ਵੀ ਬਦਲ ਰਹੇ ਹਨ। ਪਰ ਉਨ੍ਹਾਂ ਵਿਚ ਕਾਬਲੀਅਤ ਹੋਵੇ ਤਾਂ ਫਿਰ ਘਬਰਾਹਟ ਜ਼ਿਆਦਾ ਨਹੀਂ ਹੋਵੇਗੀ।                      - ਨਿਮਰਤ ਕੌਰ