Editorial: ਜੈਸ਼ੰਕਰ ਦੀ ਪਾਕਿ ਫੇਰੀ ਦੀ ਅਹਿਮੀਅਤ....
ਉਨ੍ਹਾਂ ਨੇ SCO ਦੇ ਹੋਰਨਾਂ ਮੈਂਬਰਾਂ ਦੇਸ਼ਾਂ ਦੇ ਆਗੂਆਂ ਨਾਲ ਗ਼ੈਰ-ਰਸਮੀ ਮੁਲਾਕਾਤਾਂ ਜ਼ਰੂਰ ਕੀਤੀਆਂ, ਪਰ ਕਿਸੇ ਪਾਕਿਸਤਾਨੀ ਆਗੂ ਪ੍ਰਤੀ ਗ਼ੈਰ-ਤਕਲੁੱਫੀ ਨਹੀਂ ਦਰਸਾਈ।
Editorial: ਇਸਲਾਮਾਬਾਦ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਿਖ਼ਰ ਸੰਮੇਲਨ ਵਿਚ ਭਾਰਤੀ ਵਿਦੇਸ਼ ਮੰਤਰੀ ਸੁਬਰਮਣੀਅਮ ਜੈਸ਼ੰਕਰ ਦੀ ਹਾਜ਼ਰੀ ਦਾ ਪਾਕਿਸਤਾਨੀ ਰਾਜਸੀ-ਸਮਾਜਿਕ ਹਲਕਿਆਂ ਵਲੋਂ ਚੰਗਾ ਸਵਾਗਤ ਹੋਇਆ। ਨੌਂ ਵਰਿ੍ਹਆਂ ਬਾਅਦ ਕੋਈ ਭਾਰਤੀ ਵਿਦੇਸ਼ ਮੰਤਰੀ ਪਾਕਿਸਤਾਨ ਗਿਆ। ਇਸ ਤੋਂ ਪਹਿਲਾਂ ਦਸੰਬਰ 2015 ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਅਫ਼ਗ਼ਾਨਿਸਤਾਨ ਬਾਰੇ ਕੌਮਾਂਤਰੀ ਕਾਨਫ਼ਰੰਸ ’ਚ ਸ਼ਿਰਕਤ ਲਈ ਉੱਥੇ ਗਏ ਸਨ। ਉਦੋਂ ਦੁਵੱਲੇ ਸਬੰਧ ਲੀਹ ’ਤੇ ਲਿਆਉਣ ਸਬੰਧੀ ਦੋ ਸਮਝੌਤੇ ਵੀ ਸਿਰੇ ਚੜ੍ਹੇ ਸਨ, ਪਰ ਇਸ ਵਾਰ ਸ੍ਰੀ ਜੈਸ਼ੰਕਰ ਦੀ ਫੇਰੀ ਨਿਰੋਲ ਰਸਮੀ ਰਹੀ।
ਉਨ੍ਹਾਂ ਨੇ ਐਸ.ਸੀ.ਓ. ਦੇ ਹੋਰਨਾਂ ਮੈਂਬਰਾਂ ਦੇਸ਼ਾਂ ਦੇ ਆਗੂਆਂ ਨਾਲ ਗ਼ੈਰ-ਰਸਮੀ ਮੁਲਾਕਾਤਾਂ ਜ਼ਰੂਰ ਕੀਤੀਆਂ, ਪਰ ਕਿਸੇ ਪਾਕਿਸਤਾਨੀ ਆਗੂ ਪ੍ਰਤੀ ਗ਼ੈਰ-ਤਕਲੁੱਫੀ ਨਹੀਂ ਦਰਸਾਈ। ਅਜਿਹੇ ਸੰਮੇਲਨ ਵੱਖ-ਵੱਖ ਮੁਲਕਾਂ ਦੇ ਆਗੂਆਂ ਦਰਮਿਆਨ ਦੂਰੀਆਂ ਮਿਟਾਉਣ ਅਤੇ ਇਕ ਦੂਜੇ ਦੀਆਂ ਖ਼ੂਬੀਆਂ-ਖ਼ਾਮੀਆਂ ਸਮਝਣ-ਪਰਖਣ ਦੇ ਮੌਕੇ ਪ੍ਰਦਾਨ ਕਰਦੇ ਹਨ, ਪਰ ਸ੍ਰੀ ਜੈਸ਼ੰਕਰ ਨੇ ਪਾਕਿਸਤਾਨੀ ਜਾਂ ਚੀਨੀ ਵਫ਼ਦਾਂ ਨਾਲ ‘ਅਸਾਧਾਰਨ’ ਨੇੜਤਾ ਪੈਦਾ ਕਰਨ ਦੀ ਪਹਿਲ ਨਹੀਂ ਕੀਤੀ। ਹਾਂ, ਸ਼ਿਸ਼ਟਾਚਾਰੀ ਕਦਰਾਂ ਦੇ ਉਹ ਪੂਰੇ ਪਾਬੰਦ ਰਹੇ।
ਜਦੋਂ ਉਨ੍ਹਾਂ ਨੂੰ ਹਿੰਦ-ਪਾਕਿ ਵਾਰਤਾਲਾਪ ਮੁੜ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਾਰੇ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਦਾ ਇਕੋ ਹੀ ਜਵਾਬ ਰਿਹਾ ਕਿ ਭਾਰਤ ਦਾ ਪੱਖ ਸਪੱਸ਼ਟ ਹੈ : ‘‘ਜਦੋਂ ਤਕ ਸਰਹੱਦ ਪਾਰੋਂ (ਭਾਵ ਪਾਕਿਸਤਾਨ ਤੋਂ) ਦਹਿਸ਼ਤਗਰਦੀ ਦੀ ‘ਦਰਾਮਦ’ ਬੰਦ ਨਹੀਂ ਹੁੰਦੀ, ਉਦੋਂ ਤਕ ਗੱਲਬਾਤ ਕਿਵੇਂ ਸ਼ੁਰੂ ਹੋ ਸਕਦੀ ਹੈ?’’ ਇਹ ਰਾਗ ਪਾਕਿਸਤਾਨੀ ਮੀਡੀਆ ਨੂੰ ਘਸਿਆ-ਪਿਟਿਆ ਜਾਪ ਸਕਦਾ ਹੈ, ਪਰ ਪਾਕਿਸਤਾਨੀ ਸਰਬਰਾਹ ਅਸਲੀਅਤ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਹਰ ਮੰਚ ਉਤੇ ‘ਕਸ਼ਮੀਰ ਰਾਗ’ ਅਲਾਪਣਾ ਜਿਵੇਂ ਉਨ੍ਹਾਂ ਦੀ ਸਿਆਸੀ ਮਜਬੂਰੀ ਹੈ, ਉਵੇਂ ਹੀ ਦਹਿਸ਼ਤਗਰਦੀ ਵਿਰੁਧ ਰਿਕਾਰਡ ਵਜਾਉਣ ਦਾ ਹੱਕ ਭਾਰਤ ਨੂੰ ਵੀ ਹੈ।
ਸ੍ਰੀ ਜੈਸ਼ੰਕਰ 38 ਵਰਿ੍ਹਆਂ ਤਕ ਭਾਰਤੀ ਵਿਦੇਸ਼ ਸੇਵਾ ਵਿਚ ਰਹੇ ਹਨ। ਉਨ੍ਹਾਂ ਨੂੰ ਸਫ਼ਾਰਤੀ ਸਬੰਧਾਂ ਦੀਆਂ ਬਾਰੀਕੀਆਂ ਤੇ ਕੂਟਨੀਤਕ ਪੇਚੀਦਗੀਆਂ ਦਾ ਗੂੜ੍ਹਾ ਗਿਆਨ ਹੈ। ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ ਉਹ ਵਿਦੇਸ਼ ਸਕੱਤਰ ਸਨ। ਅਮਰੀਕਾ ਸਮੇਤ ਕਈ ਤਾਕਤਵਰ ਮੁਲਕਾਂ ਵਿਚ ਉਹ ਭਾਰਤੀ ਸਫ਼ੀਰ ਵੀ ਰਹੇ।
ਕੌਮਾਂਤਰੀ ਮਾਮਲਿਆਂ ਦੇ ਜਮਘਟੇ ਵਿਚ ਭਾਰਤੀ ਹਿਤਾਂ ਦੀ ਰਾਖੀ ਕਰਨ ਦੇ ਉਹ ਮਾਹਿਰ ਮੰਨੇ ਜਾਂਦੇ ਹਨ। ਅਪਣੀਆਂ ਤਕਰੀਰਾਂ ਵਿਚ, ਲੋੜ ਪੈਣ ’ਤੇ, ਉਹ ਸਖ਼ਤ ਭਾਸ਼ਾ ਵੀ ਵਰਤਦੇ ਆਏ ਹਨ। ਇਸਲਾਮਾਬਾਦ ਵਿਚ ਬੁੱਧਵਾਰ ਨੂੰ ਅਪਣੀ ਤਕਰੀਰ ਵਿਚ ਉਨ੍ਹਾਂ ਕਿਹਾ ਕਿ ਜਦੋਂ ਤਕ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਹਵਾ ਦੇਣ ਦੀ ਪ੍ਰਥਾ ਬੰਦ ਨਹੀਂ ਹੁੰਦੀ, ਉਦੋਂ ਤਕ ਸਹਿਯੋਗ ਸੰਭਵ ਹੀ ਨਹੀਂ ਹੋ ਸਕਦਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਹਿਯੋਗ ਸੰਭਵ ਬਣਾਉਣ ਲਈ ਹਰ ਗੁਆਂਢੀ ਮੁਲਕ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਕਦਰ ਕਰਨ ਦੀ ਰੀਤ ਨੂੰ ਐਸ.ਸੀ.ਓ. ਸਮੇਤ ਸਾਰੀਆਂ ਕੌਮਾਂਤਰੀ ਸੰਸਥਾਵਾਂ ਦੇ ਚਾਰਟਰ ਦਾ ਨਾ ਸਿਰਫ਼ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਬਲਕਿ ਇਸ ਦੀ ਬਾਕਾਇਦਗੀ ਨਾਲ ਪਾਲਣਾ ਵੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਕਿਸੇ ਮੁਲਕ ਦਾ ਨਾਂਅ ਨਹੀਂ ਲਿਆ, ਪਰ ਇਹ ਇਸ਼ਾਰਾ ਪਾਕਿਸਤਾਨ ਤੇ ਚੀਨ ਵਲ ਸੀ।
ਪਾਕਿਸਤਾਨ ਇਸ ਸੰਮੇਲਨ ਦਾ ਮੇਜ਼ਬਾਨ ਤੇ ਇਸ ਵਰ੍ਹੇ ਲਈ ਪ੍ਰਧਾਨ ਵੀ ਹੈ। ਉਸ ਨੂੰ ਉਮੀਦ ਸੀ ਕਿ ਸ੍ਰੀ ਜੈਸ਼ੰਕਰ ਦੀ ਫੇਰੀ, ਜ਼ਾਹਰਾ ਤੌਰ ’ਤੇ, ਕੁੱਝ ਸਾਰਥਿਕ ਪ੍ਰਗਤੀ ਸਾਹਮਣੇ ਲਿਆਏਗੀ। ਅਜਿਹਾ ਕੁੱਝ ਨਹੀਂ ਹੋਇਆ, ਘੱਟੋ ਘੱਟ ਪ੍ਰਤੱਖ ਰੂਪ ਵਿਚ ਤਾਂ ਨਹੀਂ। ਹਾਂ, ਤਸੱਲੀ ਇਹ ਰਹੀ ਕਿ ਆਪਸੀ ਮੇਲ-ਮੁਲਾਕਾਤਾਂ ਦੌਰਾਨ ਸਭਿਅਕ ਆਚਾਰ-ਵਿਹਾਰ ਦੇਖਣ ਨੂੰ ਮਿਲਿਆ।
ਜੇ ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਨੇ ਨਿੱਘ ਦਿਖਾਈ ਤਾਂ ਸ੍ਰੀ ਜੈਸ਼ੰਕਰ ਦਾ ਹੁੰਗਾਰਾ ਵੀ ਸ਼ਿਸ਼ਟਤਾ-ਭਰਪੂਰ ਰਿਹਾ। ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਵਿਚ ਚੀਨ, ਰੂਸ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਬੇਲਾਰੂਸ, ਭਾਰਤ, ਪਾਕਿਸਤਾਨ, ਇਰਾਨ, ਤਾਜਿਕਸਤਾਨ ਤੇ ਉਜ਼ਬੇਕਿਸਤਾਨ ਸ਼ਾਮਲ ਹਨ। ਅਫ਼ਗ਼ਾਨਿਸਤਾਨ ਤੇ ਮੰਗੋਲੀਆ ਦਾ ਦਰਜਾ ਦਰਸ਼ਕਾਂ (ਆਬਜ਼ਰਵਰਾਂ) ਵਾਲਾ ਹੈ।
ਡੇਢ ਦਰਜਨ ਹੋਰ ਮੁਲਕ ਵੀ ਇਸ ਸੰਗਠਨ ਨਾਲ ਜੁੜਨ ਦੇ ਖ਼ਾਹਿਸ਼ਮੰਦ ਹਨ। ਇਸ ਦੇ 10 ਮੈਂਬਰ ਦੇਸ਼ ਦੁਨੀਆਂ ਦੀ 33 ਫ਼ੀਸਦੀ ਵਸੋਂ ਦੀ ਨੁਮਾਇੰਦਗੀ ਕਰਦੇ ਹਨ। ਲਿਹਾਜ਼ਾ, ਇਸ ਨੂੰ ਤਾਕਤਵਰ ਸੰਗਠਨ ਦਾ ਰੁਤਬਾ ਹਾਸਿਲ ਹੈ। ਪਾਕਿਸਤਾਨ ਚਾਹੁੰਦਾ ਸੀ ਕਿ ਉਸ ਦੀ ਮੇਜ਼ਬਾਨੀ ਦੌਰਾਨ ਹਿੰਦ-ਪਾਕਿ ਸਬੰਧਾਂ ਨੂੰ ਸੁਖਾਵਾਂ ਮੋੜਾ ਦੇਣ ਦਾ ਅਮਲ ਸ਼ੁਰੂ ਹੋ ਜਾਵੇ।
ਪਰ ਇਸ ਦਿਸ਼ਾ ਵਲ ਉਸ ਨੇ ਕੋਈ ਅਜਿਹੀ ਪਹਿਲਕਦਮੀ ਨਹੀਂ ਕੀਤੀ ਜੋ ਭਾਰਤ ਨੂੰ ਵੀ ਸੁਖਾਵੇਂ ਹੁੰਗਾਰੇ ਦੇ ਰਾਹ ਪਾਵੇ। ਅਜਿਹੀ ਮਾਯੂਸੀ ਦੇ ਬਾਵਜੂਦ ਸ੍ਰੀ ਜੈਸ਼ੰਕਰ ਦੀ ਇਸਲਾਮਾਬਾਦ ਵਿਚ ਹਾਜ਼ਰੀ ਨੇ ਭਵਿੱਖ ਵਿਚ ਕੁੱਝ ਸਾਰਥਕ ਪ੍ਰਗਤੀ ਦੀ ਉਮੀਦ ਜ਼ਰੂਰ ਜਗਾਈ ਹੈ। ਇਸੇ ਪ੍ਰਸੰਗ ਵਿਚ ਪਾਕਿਸਤਾਨ ਦੇ ਸਾਬਕਾ ਨਿਗ਼ਰਾਨ ਵਜ਼ੀਰੇ ਆਜ਼ਮ ਅਨਵਾਰ-ਉਲ-ਹੱਕ ਕੱਕੜ ਦੀ ਇਹ ਟਿੱਪਣੀ ਵਜ਼ਨਦਾਰ ਲਗਦੀ ਹੈ : ‘‘ਗੱਲ ਤਾਂ ਹੋਣੀ ਹੀ ਹੈ। ਅੱਜ ਨਹੀਂ ਤਾਂ ਭਲਕ। ਰੁਸੇਵਾਂ ਸਦਾ ਨਹੀਂ ਰਹਿੰਦਾ। ਮਸਲਾ ਤਾਂ ਬਸ ਸ਼ੁਰੂਆਤ ਦਾ ਹੈ। ... ਦੁਆ ਸ਼ੁਰੂਆਤ ਲਈ ਕਰੋ।’’