ਕੋਰੋਨਾ ਦਾ ਮੁੜ ਜੀਅ ਪੈਣ ਤੇ ਖ਼ਤਰਨਾਕ ਹੋਣ ਦਾ ਮਤਲਬ, ਪੰਜਾਬ ਤੇ ਦਿੱਲੀ ਵਾਲੇ ਕਿਉਂ ਨਹੀਂ ਸਮਝ ਰਹੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਨਾ ਸਮਝਿਉ ਕਿ ਪੰਜਾਬ ਦੇ ਲੋਕ ਦਿੱਲੀ  ਵਾਲਿਆਂ ਤੋਂ ਜ਼ਿਆਦਾ ਸਿਆਣੇ ਹਨ। ਦਿੱਲੀ ਵਾਲਿਆਂ ਦੇ ਸ਼ਹਿਰ ਵਿਚ ਤਾਂ ਖੜੇ ਰਹਿਣ ਲਈ ਵੀ ਥਾਂ ਨਹੀਂ ਮਿਲਦੀ।

Coronavirus

ਜਦ ਕੋਰੋਨਾ ਦੀ ਮਹਾਂਮਾਰੀ ਦੀ ਲਪੇਟ ਵਿਚ ਸਾਰੀ ਦੁਨੀਆਂ ਆ ਗਈ ਤਾਂ ਇਕ ਸੱਚ ਇਹ ਵੀ ਉਭਰ ਕੇ ਸਾਹਮਣੇ ਆ ਗਿਆ ਕਿ ਕੁਦਰਤ ਸਾਨੂੰ ਸਾਵਧਾਨ ਕਰ ਰਹੀ ਹੈ ਕਿ ਹੇ ਇਨਸਾਨ! ਕੁੱਝ ਪਲ ਲਈ ਠਹਿਰ!! ਸੋਚ ਕਿ ਤੂੰ ਕੁਦਰਤ 'ਤੇ ਕੀ-ਕੀ ਕਹਿਰ ਢਾਹਿਆ ਹੈ। ਮਨੁੱਖ ਜਿਨ੍ਹਾਂ ਪੰਛੀਆਂ ਨੂੰ ਪਿੰਜਰੇ ਵਿਚ ਕੈਦ ਕਰ ਕੇ ਰਖਦਾ ਸੀ, ਤਾਲਾਬੰਦੀ ਨੇ ਇਨਸਾਨ ਨੂੰ ਉਨ੍ਹਾਂ ਪੰਛੀਆਂ ਵਾਂਗ ਹੀ ਕੈਦ ਕਰ ਦਿਤਾ।

ਕੋਰੋਨਾ ਤੋਂ ਬਚਣ ਲਈ ਜਦ ਇਨਸਾਨ ਅਪਣੇ ਘਰਾਂ ਵਿਚ ਬੰਦ ਸੀ ਤਾਂ ਕੁਦਰਤ ਦੇ ਬਾਕੀ ਜੀਵ ਜੰਤੂ ਖਿੜ ਉਠੇ ਸਨ। ਅਸਮਾਨ ਸਾਫ਼ ਹੋ ਗਿਆ ਸੀ, ਸ਼ਹਿਰਾਂ ਵਿਚ ਵੀ ਪੰਛੀਆਂ ਦੀ ਚਹਿਚਾਹਟ ਸੁਣਾਈ ਦੇਣ ਲੱਗ ਪਈ ਸੀ।  ਸੜਕਾਂ ਉਤੇ ਮੋਰ ਘੁੰਮਦੇ ਤਾਂ ਆਮ ਹੀ ਵੇਖੇ ਗਏ ਜਦਕਿ ਸ਼ੇਰ-ਚੀਤੇ ਵੀ ਸ਼ਹਿਰਾਂ ਵਿਚ ਘੁੰਮਣ ਫਿਰਨ ਆ ਗਏ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਸੱਭ ਤੋਂ ਵੱਡਾ ਪਾਪੀ ਤੇ ਜ਼ਾਲਮ, ਇਨਸਾਨ ਸ਼ਾਇਦ ਧਰਤੀ ਛੱਡ ਕੇ ਚੰਨ ਤੇ ਚਲਾ ਗਿਆ ਹੈ, ਇਸ ਲਈ ਜੰਗਲਾਂ ਵਿਚ ਲੁਕਣ ਦੀ ਲੋੜ ਨਹੀਂ ਰਹੀ, ਸਾਰੀ ਧਰਤੀ ਹੀ ਮੁੜ ਤੋਂ ਅਪਣੀ ਹੋ ਗਈ ਹੈ।

ਸਾਹ ਲੈਣ ਦੀਆਂ ਦਿੱਕਤਾਂ ਵੀ ਦੂਰ ਹੋ ਗਈਆਂ ਸਨ ਕਿਉਂਕਿ ਮਨੁੱਖ ਦੇ ਅੰਦਰ ਵੜ ਬੈਠਣ ਨਾਲ ਹਵਾ ਬਿਲਕੁਲ ਸਾਫ਼ ਹੋ ਗਈ ਸੀ। ਪਰ ਇਨਸਾਨ ਨੇ ਕੁਦਰਤ ਦੇ ਇਸ ਸਬਕ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਸਗੋਂ ਅਪਣੇ ਹੀ ਝਮੇਲਿਆਂ ਵਿਚ ਇਸ ਤਰ੍ਹਾਂ ਉਲਝਿਆ ਹੋਇਆ ਹੈ ਕਿ ਉਸ ਨੂੰ ਅਪਣੀਆਂ ਗ਼ਲਤੀਆਂ ਨਾਲ ਕੁਦਰਤ ਉਤੇ ਪਏ ਭਾਰ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਤੇ ਉਹ ਬਾਹਰ ਨਿਕਲ ਕੇ ਚੌਗਿਰਦੇ ਨੂੰ ਤੇ ਵਾਯੂ ਮੰਡਲ ਨੂੰ ਫਿਰ ਤੋਂ ਅਤਿ ਮਲੀਨ ਕਰਨ ਵਿਚ ਜ਼ਰਾ ਦੇਰ ਨਹੀਂ ਲਾਉਂਦਾ।

ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਸਾਰਾ ਕੁੱਝ ਖੋਲ੍ਹ ਦਿਤਾ ਤਾਕਿ ਕਿਸੇ ਤਰ੍ਹਾਂ ਵਪਾਰ, ਉਦਯੋਗ ਤੇ ਬਜ਼ਾਰ ਵਿਚ ਰੌਣਕ ਲਿਆਂਦੀ ਜਾ ਸਕੇ। ਸਾਡੀ ਅਰਥ ਵਿਵਸਥਾ ਦੀ ਅਸਲੀਅਤ ਹੀ ਇਹ ਹੈ ਕਿ ਉਹ ਚਲਦੇ ਵਪਾਰ 'ਤੇ ਨਿਰਭਰ ਕਰਦੀ ਹੈ। ਪਰ ਨਾਲ ਨਾਲ ਹਰ ਸੂਬੇ ਦੀ ਸਰਕਾਰ ਚੇਤਾਵਨੀ ਵੀ ਦੇਂਦੀ ਰਹੀ ਹੈ ਕਿ ਵਾਤਾਵਰਣ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਪਟਾਕੇ ਨਾ ਚਲਾਏ ਜਾਣ ਅਤੇ ਪਟਾਕਿਆਂ ਦੀ ਖ਼ਰੀਦਦਾਰੀ 'ਤੇ ਸਖ਼ਤ ਪਾਬੰਦੀ ਵੀ ਲਗਾ ਦਿਤੀ ਗਈ।

ਪਰ ਮਨੁੱਖ ਦੀ ਫ਼ਿਤਰਤ ਹੀ ਐਸੀ ਹੈ ਕਿ ਜਦ ਤਕ ਉਸ ਦੇ ਅਪਣੇ ਸਿਰ 'ਤੇ ਨਹੀਂ ਆ ਬਣਦੀ, ਉਹ ਸਿਆਣਪ ਦਾ ਪ੍ਰਯੋਗ ਨਹੀਂ ਕਰਦਾ। ਨਤੀਜਾ ਇਹ ਕਿ ਅੱਜ ਦਿੱਲੀ ਨੂੰ ਦੇਸ਼ ਦੀ ਨਹੀਂ ਸਗੋਂ ਕੋਰੋਨਾ ਦੀ ਰਾਜਧਾਨੀ ਆਖਿਆ ਜਾ ਰਿਹਾ ਹੈ। ਦਿੱਲੀ ਵਿਚ ਇਕ ਦਿਨ ਵਿਚ 7000 ਤੋਂ ਵੱਧ ਕੋਰੋਨਾ ਕੇਸ ਆਏ ਹਨ ਪਰ ਦਿੱਲੀ ਦੇ ਬਾਜ਼ਾਰਾਂ ਵਿਚ ਭੀੜਾਂ ਲੱਗੀਆਂ ਹੋਈਆਂ ਸਨ ਅਤੇ ਕਿਸੇ ਵਿਰਲੇ ਨੇ ਹੀ ਮਾਸਕ ਪਾਇਆ ਹੋਇਆ ਸੀ।

ਕੋਰੋਨਾ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਨਾਲ ਸਿਹਤ ਉਤੇ ਅਸਰ ਬਾਰੇ ਚੇਤਾਵਨੀਆਂ ਸੁਪਰੀਮ ਕੋਰਟ ਤਕ ਪਹੁੰਚ ਗਈਆਂ ਹਨ। ਇਕ ਖੋਜ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਪ੍ਰਦੂਸ਼ਣ ਕਾਰਨ ਦਿੱਲੀ ਵਾਸੀਆਂ ਦੀ ਉਮਰ 10 ਸਾਲ ਤਕ ਘੱਟ ਰਹੀ ਹੈ। ਪਰ ਅਸਰ ਕੀ ਵੇਖਣ ਨੂੰ ਮਿਲਿਆ? ਇਸ ਸਾਲ ਦਿੱਲੀ ਵਿਚ ਸੱਭ ਤੋਂ ਵੱਧ ਪਟਾਕੇ ਚਲਾਏ ਗਏ ਅਤੇ ਦਿੱਲੀ ਦੀ ਹਵਾ ਪਿਛਲੇ ਚਾਰ ਸਾਲ ਦੌਰਾਨ ਇਸ ਸਾਲ ਸੱਭ ਤੋਂ ਵੱਧ ਦੂਸ਼ਿਤ ਹੋਈ ਹੈ।

ਹੁਣ ਇਸ ਪ੍ਰਦੂਸ਼ਣ ਲਈ ਵੀ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਨ੍ਹਾਂ ਦੀ ਪਰਾਲੀ ਸਾੜਨ ਦੇ ਅੰਕੜੇ ਗਿਣੇ ਜਾਣਗੇ। ਵਾਤਾਵਰਣ ਮਾਹਰ ਟੀ.ਵੀ. ਚੈਨਲਾਂ 'ਤੇ ਬੈਠ ਕੇ ਦਿੱਲੀ ਵਿਚ ਪੰਜਾਬ ਦੇ ਕਿਸਾਨ ਦੀ ਲਾਪ੍ਰਵਾਹੀ ਬਾਰੇ ਟਿਪਣੀਆਂ ਕਰਨਗੇ ਪਰ ਕੋਈ ਵੀ ਦਿੱਲੀ ਵਾਸੀਆਂ ਦੀ ਲਾਪ੍ਰਵਾਹੀ ਬਾਰੇ ਗੱਲ ਨਹੀਂ ਕਰੇਗਾ। ਕੋਈ ਇਹ ਨਹੀਂ ਪੁੱਛੇਗਾ ਕਿ ਦਿੱਲੀ ਪ੍ਰਸ਼ਾਸਨ ਵਲੋਂ ਪਟਾਕਿਆਂ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਵੱਡੀ ਮਾਤਰਾ ਵਿਚ ਪਟਾਕੇ ਕਿਉਂ ਚਲਾਏ ਗਏ? ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਿੱਲੀ ਪੁਲਿਸ ਦੀ ਨਾਕਾਮੀ ਬਾਰੇ ਸਵਾਲ ਨਹੀਂ ਪੁੱਛਣਗੇ।

ਪਰ ਇਹ ਨਾ ਸਮਝਿਉ ਕਿ ਪੰਜਾਬ ਦੇ ਲੋਕ ਦਿੱਲੀ  ਵਾਲਿਆਂ ਤੋਂ ਜ਼ਿਆਦਾ ਸਿਆਣੇ ਹਨ। ਦਿੱਲੀ ਵਾਲਿਆਂ ਦੇ ਸ਼ਹਿਰ ਵਿਚ ਤਾਂ ਖੜੇ ਰਹਿਣ ਲਈ ਵੀ ਥਾਂ ਨਹੀਂ ਮਿਲਦੀ। ਲੋਕਾਂ ਦਾ ਹਾਲ, ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿਚਲੀਆਂ ਮੱਖੀਆਂ ਵਰਗਾ ਬਣਿਆ ਹੋਇਆ ਹੈ। ਦਿੱਲੀ ਵਿਚ ਪ੍ਰਦੂਸ਼ਣ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਪਰ ਪਟਿਆਲਾ ਅਤੇ ਲੁਧਿਆਣਾ ਤਾਂ ਖੁੱਲ੍ਹੇ ਡੁੱਲ੍ਹੇ ਸ਼ਹਿਰ ਹਨ, ਇਥੋਂ ਦੀ ਹਵਾ ਵੀ ਪਟਾਕਿਆਂ ਨਾਲ ਦੂਸ਼ਿਤ ਹੋ ਰਹੀ ਹੈ ਅਤੇ ਇਸ ਪ੍ਰਦੂਸ਼ਣ ਵਿਚ ਦੋਸ਼ ਕਿਸਾਨ ਦਾ ਨਹੀਂ ਸਗੋਂ ਅੰਨ੍ਹੇਵਾਹ ਪਟਾਕੇ ਚਲਾਉਣ ਵਾਲਿਆਂ ਦਾ ਹੈ।

ਕੋਰੋਨਾ ਦੇ ਮਾਮਲੇ ਵਿਚ ਅੱਜ ਪੰਜਾਬ ਦਿੱਲੀ ਨਾਲੋਂ ਕਾਫ਼ੀ ਠੀਕ ਚਲ ਰਿਹਾ ਹੈ ਕਿਉਂਕਿ ਇਥੇ ਕੋਰੋਨਾ ਦੇ ਕੇਸ ਪ੍ਰਤੀ ਦਿਨ 500-600 ਤਕ ਆ ਰਹੇ ਹਨ। ਖੁਲ੍ਹੀਆਂ ਥਾਵਾਂ ਕਰ ਕੇ ਦਮੇ ਦਾ ਅਸਰ ਉਨਾ ਨਹੀਂ ਜਿੰਨਾ ਦਿੱਲੀ ਵਿਚ ਹੈ ਪਰ ਅਸਰ ਹੈ ਤਾਂ ਸਹੀ। ਪੰਜਾਬ ਵਿਚ ਹਾਲਾਤ ਬੇਹਤਰ ਹੋ ਸਕਦੇ ਸਨ ਪਰ ਨਹੀਂ ਹੋ ਰਹੇ ਕਿਉਂਕਿ ਇਥੇ ਅੰਤਾਂ ਦੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਅਸੀ ਆਪ ਅਪਣੇ ਲਈ ਇਕ ਮਾਰੂ ਗੈਸ ਦਾ ਸਿਲੰਡਰ ਬਣਾ ਰਹੇ ਹਾਂ।

ਅਸੀ ਮਾਸਕ ਨਾ ਪਾ ਕੇ ਅਪਣੇ ਆਪ ਨੂੰ ਕੋਰੋਨਾ ਨੂੰ ਸੱਦਾ ਦੇਂਦੇ ਲੱਗ ਰਹੇ ਹਾਂ। ਸਾਨੂੰ ਪੈਸੇ ਦੀ ਬਰਬਾਦੀ ਵਿਚ ਹੀ ਅਪਣੀ ਸ਼ਾਨ ਨਜ਼ਰ ਆਉਂਦੀ ਹੈ। ਜਦ ਤਕ ਦੁਨੀਆਂ ਸਾਡੀ ਸ਼ੇਖ਼ੀ ਅਤੇ ਭਲਵਾਨੀ ਵਾਲੀ ਆਕੜ ਲਈ ਦੋ ਤਾੜੀਆਂ ਨਹੀਂ ਮਾਰਦੀ, ਤਦ ਤਕ ਸਾਨੂੰ ਅਪਣੇ ਵਜੂਦ ਦੀ ਕੀਮਤ ਹੀ ਸਮਝ ਨਹੀਂ ਆਉਂਦੀ। ਡਬਲਿਊ ਐਚ ਓ ਨੇ ਕੋਰੋਨਾ ਦੇ ਵਧਣ ਦੀ ਚੇਤਾਵਨੀ ਦੇ ਦਿਤੀ ਹੈ ਅਤੇ ਨਾਲ ਹੀ ਇਹ ਵੀ ਆਖ ਦਿਤਾ ਹੈ ਕਿ 2021 ਵਿਚ ਸਰਕਾਰ ਕੋਲ ਅਰਥ ਵਿਵਸਥਾ ਨੂੰ ਸੰਭਾਲਣ ਲਈ ਪੈਸਾ ਨਹੀਂ ਹੋਵੇਗਾ, ਨਾ ਹੀ ਕਰਜ਼ਾ ਮਾਫ਼ੀ ਜਾਂ ਕਰਜ਼ਾ ਚੁਕਾਉਣ ਦੀ ਸਮਰੱਥਾ ਹੀ ਹੋਵੇਗੀ।

ਸੋ ਤੁਸੀ ਜੇ ਖ਼ਾਸ ਕਰ ਕੇ ਮੱਧਮ ਵਰਗ ਵਿਚ ਆਉਂਦੇ ਹੋ ਤਾਂ ਅਪਣੀ ਸਿਹਤ ਸੰਭਾਲ ਦੀ ਖ਼ੁਦ ਜ਼ਿੰਮੇਵਾਰੀ ਲਵੋ। ਤੁਹਾਡੀ ਸਿਹਤ ਅਤੇ ਤੁਹਾਡੀ ਸੁਰੱਖਿਆ ਸਰਕਾਰ ਨਹੀਂ, ਤੁਸੀ ਆਪ ਹੀ ਯਕੀਨੀ ਬਣਾ ਸਕਦੇ ਹੋ। ਜੇ ਨਹੀਂ ਤਾਂ ਕੁਦਰਤ ਦਾ ਇਕ ਹੋਰ ਵਾਰ ਝੱਲਣ ਲਈ ਵੀ ਤਿਆਰ ਰਹੋ।                                          
- ਨਿਮਰਤ ਕੌਰ