ਸੰਪਾਦਕੀ: ਬਾਦਲ ਅਕਾਲੀ ਦਲ ਮੁੜ ਤੋਂ ਭਾਜਪਾ ਦੀ ਸ਼ਰਨ ਵਿਚ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਵਲੋਂ ਬੜੇ ਸਾਫ਼ ਸ਼ਬਦਾਂ ਵਿਚ ਭਾਜਪਾ ਨਾਲ ਵਾਪਸ ਭਾਈਵਾਲੀ ਬਣਾਉਣ ਵਾਸਤੇ ਅਪਣੇ ਦਰ ਖੋਲ੍ਹ ਦਿਤੇ ਗਏ ਹਨ|

Sikandar Singh Maluka

 

: ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਅਕਾਲੀ ਦਲ ਬਾਦਲ ਨੇ ਜਿਤ ਤਾਂ ਲਈ ਪਰ ਜਾਪਦਾ ਹੈ ਕਿ ਉਨ੍ਹਾਂ ਨੂੰ 42 ਬਾਗ਼ੀ ਮੈਂਬਰਾਂ ਦੇ ਰਵਈਏ ਤੋਂ ਆਉਣ ਵਾਲੇ ਸੰਕਟ ਦਾ ਅੰਦਾਜ਼ਾ ਲੱਗ ਗਿਆ ਹੈ ਅਤੇ ਬੀਬੀ ਜਗੀਰ ਕੌਰ ਦੇ ਵੱਡੇ ਇਲਜ਼ਾਮ ਨੂੰ ਝੂਠਾ ਦੱਸਣ ਲਈ ਸ਼ੋ੍ਰਮਣੀ ਕਮੇਟੀ ਵਲੋਂ ਆਰ.ਐਸ.ਐਸ. ਦੇ ਮੁਖੀ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਰੋਕ ਲਗਾਉਣ ਲਈ ਲਿਖਿਆ ਗਿਆ ਹੈ| ਜਨਤਾ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਬੀ ਜਗੀਰ ਕੌਰ ਦੀ ਬਗ਼ਾਵਤ ਭਾਜਪਾ ਤੇ ਆਰ.ਐਸ.ਐਸ. ਦੇ ਇਸ਼ਾਰੇ ਨਾਲ ਹੋਈ ਸੀ|

ਪਰ ਇਕ ਪਾਸੇ ਅਪਣੀ ਜਿਤ ਦੇ ਸਿਰ ਤੇ ਆਰ.ਐਸ.ਐਸ. ਨੂੰ ਚੇਤਾਵਨੀ ਦਿਤੀ ਜਾ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਵਲੋਂ ਬੜੇ ਸਾਫ਼ ਸ਼ਬਦਾਂ ਵਿਚ ਭਾਜਪਾ ਨਾਲ ਵਾਪਸ ਭਾਈਵਾਲੀ ਬਣਾਉਣ ਵਾਸਤੇ ਅਪਣੇ ਦਰ ਖੋਲ੍ਹ ਦਿਤੇ ਗਏ ਹਨ| ਪਰਦੇ ਪਿਛੇ ਪਹਿਲਾਂ ਵੀ ਦੋਸਤੀ ਚਲ ਰਹੀ ਸੀ ਪਰ ਹੁਣ....| ਸ਼ੋ੍ਰਮਣੀ ਕਮੇਟੀ ਦੇ 42 ਮੈਂਬਰਾਂ ਨੇ ਬਗ਼ਾਵਤ ਕਿਉਂ ਕੀਤੀ, ਉਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਵੀ ਤਾਂ ਬੀਬੀ ਜਗੀਰ ਕੌਰ ਦਾ ਮੈਨੀਫ਼ੈਸਟੋ ਖੋਲ੍ਹ ਕੇ ਪੜ੍ਹੇ ਲਵੇ ਜੋ ਉਨ੍ਹਾਂ ਨੇ ਵੋਟਾਂ ਪੈਣ ਤੋਂ ਪਹਿਲਾਂ ਜਾਰੀ ਕੀਤਾ ਸੀ| ਉਸ ਵਿਚ ਨਾਨਕਸ਼ਾਹੀ ਕੈਲੰਡਰ ਤੇ ਸੌਦਾ ਸਾਧ ਵਿਰੁਧ ਕਾਰਵਾਈ ਕਰਨ ਦੀਆਂ ਗੱਲਾਂ ਸਨ ਪਰ ਅਕਾਲੀ ਦਲ ਦੇ ਆਗੂਆਂ ਨੂੰ ਲੋਕਾਂ ਦੀ ਨਰਾਜ਼ਗੀ ਸਮਝ ਨਹੀਂ ਆ ਰਹੀ| ਉਹ ਸਿਰਫ਼ ਅਪਣੀਆਂ ਕੁਰਸੀਆਂ ਬਚਾਉਣ ਦੀ ਸੋਚ ਤਕ ਸੀਮਤ ਰਹਿਣਾ ਚਾਹੁੰਦੇ ਹਨ| 

ਉਨ੍ਹਾਂ ਨੂੰ ਲੋਕਾਂ ਦੀ ਨਰਾਜ਼ਗੀ ਵੇਖ ਕੇ ਇਹ ਸਮਝ ਆ ਗਈ ਹੈ ਕਿ ਵਾਪਸ ਭਾਜਪਾ ਦੀ ਸ਼ਰਨ ਵਿਚ ਚਲੇ ਜਾਣਾ ਹੀ ਠੀਕ ਰਹੇਗਾ ਕਿਉਂਕਿ ਹੁਣ ਭਾਜਪਾ ਨਾਲ ਰਲਿਆਂ ਹੀ, 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਬਾਦਲ ਪ੍ਰਵਾਰ ਦੇ ਹਿੱਸੇ ਇਕ ਅੱਧ ਸੀਟ ਆ ਸਕਦੀ ਹੈ ਤੇ ਭਾਜਪਾ ਦੀ ਸ਼ਰਨ ਵਿਚ ਡਿਗ ਕੇ ਹੀ ਸ਼ੋ੍ਰਮਣੀ ਕਮੇਟੀ ਚੋਣਾਂ ਟਾਲੀਆਂ ਜਾ ਸਕਦੀਆਂ ਹਨ| ਜੇ ਬਾਦਲ ਅਕਾਲੀ ਦਲ ਅੱਜ ਸ਼ੋ੍ਰਮਣੀ ਕਮੇਟੀ ਦੀਆਂ ਆਮ ਚੋਣਾਂ ਹੋਣ ਦੇਵੇ ਤਾਂ ਮੁਮਕਿਨ ਹੈ ਕਿ ਉਸ ਦਾ ਉਹੀ ਹਾਲ ਹੋਵੇ ਜਿਹੜਾ ਉਸ ਦਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਇਆ ਸੀ| ਅੱਜ ਤਕ ਜਿਸ ਤਰ੍ਹਾਂ ਦੇ ਫ਼ੈਸਲੇ ਸ਼ੋ੍ਰਮਣੀ ਕਮੇਟੀ ਵਲੋਂ ਕਈ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਲਏ ਗਏ ਹਨ, ਉਨ੍ਹਾਂ ਤੋਂ ਤਾਂ ਇਹੀ ਸੰਕੇਤ ਮਿਲਦੇ ਹਨ ਕਿ ਆਰ.ਐਸ.ਐਸ. ਦਾ ਦਖ਼ਲ ਕੰਮ ਨਹੀਂ ਸੀ ਕਰ ਰਿਹਾ ਸਗੋਂ ਫ਼ੈਸਲੇ ਲੈਣ ਸਮੇਂ ਆਰ.ਐਸ.ਐਸ.ਨਾਲ ਵਿਚਾਰਾਂ ਦੀ ਪੂਰੀ ਸਾਂਝ ਬਣੀ ਹੋਈ ਸੀ| ਆਰ.ਐਸ.ਐਸ. ਦੀ ਵਿਚਾਰਧਾਰਾ ਤੇ ਚਲਦਿਆਂ, ਸ਼ੋ੍ਰਮਣੀ ਕਮੇਟੀ ਵਲੋਂ ਗੁਰਮਤਿ ਦੇ ਉਲਟ ਚਲਣ ਦੀ ਸਪੱਸ਼ਟ ਗਵਾਹੀ ਮਿਲਦੀ ਹੈ ਜਿਸ ਦੀ ਸਭ ਤੋਂ ਵੱਡੀ ਉਦਾਹਰਣ ਨਾਨਕਸ਼ਾਹੀ ਕੈਲੰਡਰ  ਹੈ|

ਪਰ ਜਿਸ ਮਜਬੂਰੀ ਵਿਚੋਂ ਅਕਾਲੀ ਦਲ ਬਾਦਲ ਲੰਘ ਰਿਹਾ ਹੈ, ਇਹ ਵੇਖਣਾ ਪਵੇਗਾ ਕਿ ਹੁਣ ਭਾਜਪਾ ਉਨ੍ਹਾਂ ਨਾਲ ਦੁਬਾਰਾ ਭਾਈਵਾਲੀ ਕਰਨਾ ਚਾਹੇਗੀ ਵੀ ਜਾਂ ਨਹੀਂ| ਭਾਵੇਂ ਅਕਾਲੀ ਦਲ ਦੇ ਕਈ ਪੁਰਾਣੇ ਕਾਂਗਰਸੀ ਮਿੱਤਰ ਵੀ ਹੁਣ ਭਾਜਪਾ ਵਿਚ ਹਨ, ਉਹ ਤਾਂ ਅਜੇ ਅਪਣੇ ਵਾਸਤੇ ਵੀ ਭਾਜਪਾ ਵਿਚ ਕੋਈ ਥਾਂ ਬਣਾਉਣ ਵਿਚ ਕਾਮਯਾਬ ਨਹੀਂ ਹੋ ਰਹੇ ਭਾਵੇਂ ਉਨ੍ਹਾਂ ਨੂੰ ਈ.ਡੀ. ਤੋਂ ਸੁਰੱਖਿਆ ਜ਼ਰੂਰ ਮਿਲ ਗਈ ਹੈ| ਕਈ ਅਕਾਲੀ ਲੀਡਰ ਵੀ ਹੁਣ ਭਾਜਪਾ ਵਿਚ ਹਨ ਪਰ ਉਨ੍ਹਾਂ ਵਲੋਂ ਬਾਦਲ ਪ੍ਰਵਾਰ ਦੇ ਰਸਤੇ ਵਿਚ ਅੜਿੱਕੇ ਡਾਹੇ ਜਾਣ ਦੇ ਸੰਕੇਤ ਜ਼ਿਆਦਾ ਉਘੜਵੇਂ ਰੂਪ ਵਿਚ ਮਿਲ ਰਹੇ ਹਨ| ਸਾਬਕਾ ਅਕਾਲੀ ਲੀਡਰਾਂ ਦਾ ਅਕਾਲੀ ਦਲ ਛੱਡਣ ਪਿਛੇ ਵੱਡਾ ਕਾਰਨ ਬਾਦਲ ਪ੍ਰਵਾਰ ਨਾਲ ਜੁੜਿਆ ਬੇਅਦਬੀ ਦੇ ਮਾਮਲਿਆਂ ਦਾ ਦੋਸ਼ ਹੈ ਜੋ ਅਦਾਲਤਾਂ ਵਿਚ ਕਮਜ਼ੋਰ ਪੈ ਚੁੱਕਾ ਹੈ|  ਪਰ ਲੋਕਾਂ ਦੇ ਮਨਾਂ ਵਿਚ ਇਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ|

ਇਸ ਸਾਰੀ ਗੁੱਥੀ ਦਾ ਸੱਚ ਤਦ ਸਾਫ਼ ਹੋਵੇਗਾ ਜਦ ਕੇਂਦਰ ਵਲੋਂ ਸ਼ੋ੍ਰਮਣੀ ਕਮੇਟੀ ਚੋਣਾਂ ਕਰਵਾਉਣ ਦੀ ਘੋਸ਼ਣਾ ਹੋਵੇਗੀ ਅਤੇ ਸੰਗਤ ਹੀ ਤੈਅ ਕਰੇਗੀ ਕਿ ਕਿਸ ’ਤੇ ਵਿਸ਼ਵਾਸ ਕਰਨਾ ਹੈ ਤੇ ਕਿਸ ਦੀ ਭੁੱਲ ਮਾਫ਼ ਕੀਤੀ ਜਾ ਸਕਦੀ ਹੈ| ਅਜੇ ਤਾਂ ਧਰਮ ਦੇ ਮਸਲਿਆਂ ਵਿਚ ਸਿਆਸੀ ਚਾਲਾਂ ਚਲੀਆਂ ਜਾ ਰਹੀਆਂ ਹਨ ਤੇ ਚਲਦੀਆਂ ਰਹਿਣਗੀਆਂ ਕਿਉਂਕਿ ਸਿਆਸਤਦਾਨਾਂ ਦੀ ਸੋਚ ਕੁਰਸੀ ਤੋਂ ਉਪਰ ਨਹੀਂ ਉਠ ਸਕਦੀ|             -ਨਿਮਰਤ ਕੌਰ