ਹਿੰਦੁਸਤਾਨ ਦੇ ਨੌਜੁਆਨਾਂ ਨੂੰ ਲਾਠੀਆਂ ਤੇ ਜਬਰ ਨਾਲ ਨਾ ਦਬਾਉ, ਲੋਕਰਾਜ ਨੂੰ...
ਜੇ ਅੱਜ ਤੋਂ 35 ਸਾਲ ਪਹਿਲਾਂ ਇਸੇ ਦਿੱਲੀ ਵਲ ਵੇਖੀਏ ਤਾਂ ਬਦਲਿਆ ਕੀ ਹੈ? ਸਿਰਫ਼ ਇਹ ਕਿ 1984 ਵਿਚ ਪਹਿਲਾਂ ਇਕ ਭੀੜ ਇਕੱਠੀ ਕਰਨ ਲਈ ਮਿਹਨਤ ਕਰਨੀ ਪੈਂਦੀ ਸੀ
ਦਿੱਲੀ ਮੁੜ ਤੋਂ ਸੜਨ ਲੱਗ ਪਈ ਹੈ ਅਤੇ ਮੁੜ ਤੋਂ ਸਾਹਮਣੇ ਆ ਗਿਆ ਹੈ ਕਿ ਦਿੱਲੀ ਪੁਲਿਸ ਅਪਣੇ ਹੁਕਮਰਾਨਾਂ ਦੇ ਇਸ਼ਾਰੇ ਤੇ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ। ਇਕ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਏਨੀ ਤਾਕਤ ਦਾ ਇਸਤੇਮਾਲ ਕਰਨਾ ਜ਼ਰੂਰੀ ਨਹੀਂ ਸੀ ਪਰ ਦਿੱਲੀ ਪੁਲਿਸ ਨੇ ਅਪਣੀ ਹੈਵਾਨੀਅਤ ਦਾ ਪ੍ਰਦਰਸ਼ਨ ਕਰਨ ਵਿਚ ਕੋਈ ਕਸਰ ਨਾ ਛੱਡੀ।
ਜਿਹੜੇ ਵੀਡੀਉ ਸਾਹਮਣੇ ਆਏ ਹਨ, ਉਹ ਨਾ ਸਿਰਫ਼ ਇਹ ਦਰਸਾਉਂਦੇ ਹਨ ਕਿ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕਣ ਲਈ ਹੱਦ ਤੋਂ ਵੱਧ ਤਾਕਤ ਦਾ ਇਸਤੇਮਾਲ ਕੀਤਾ ਬਲਕਿ ਪੁਲਿਸ ਵਲੋਂ ਵੀ ਬਸਾਂ ਸਾੜੀਆਂ ਗਈਆਂ। ਪੁਲਿਸ ਵਲੋਂ ਵੱਡਾ ਨੁਕਸਾਨ ਕੀਤਾ ਗਿਆ ਜਿਸ ਦਾ ਬਾਅਦ 'ਚ ਇਲਜ਼ਾਮ ਭੀੜ ਦੇ ਮੱਥੇ ਮੜ੍ਹੇ ਜਾਣ ਦੀ ਕੋਸ਼ਿਸ਼ ਵੀ ਜ਼ੋਰ ਸ਼ੋਰ ਨਾਲ ਕੀਤੀ ਗਈ।
ਅਪਣੇ ਅਪਣੇ ਏਜੰਡੇ ਨੂੰ ਲੈ ਕੇ ਕਦੇ ਕਿਸੇ ਵਰਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਕਿਸੇ ਨੂੰ। ਅੱਜ ਵਿਦਿਆਰਥੀਆਂ ਨਾਲ ਦਿੱਲੀ ਵਿਚ ਜੋ ਕੁੱਝ ਵੀ ਹੋ ਰਿਹਾ ਹੈ, ਉਸ ਨੂੰ ਵੇਖ ਕੇ ਕਾਫ਼ੀ ਲੋਕ ਭਾਵੁਕ ਵੀ ਹੋ ਰਹੇ ਹਨ ਪਰ ਬੜੇ ਲੋਕ ਅਜਿਹੇ ਵੀ ਹਨ ਜੋ ਪੁਲਿਸ ਨੂੰ ਸਹੀ ਵੀ ਕਹਿ ਰਹੇ ਹਨ। ਪੁਲਿਸ ਨੇ ਜਾਮੀਆ 'ਵਰਸਟੀ ਦੇ ਗੇਟ ਤੋੜ ਕੇ ਅੰਦਰ ਲਾਇਬ੍ਰੇਰੀ ਅਤੇ ਹੋਸਟਲ ਖ਼ਾਲੀ ਕਰਵਾਏ, ਗੈਸ ਛੱਡੀ ਅਤੇ ਇਸ ਸੱਭ ਕੁੱਝ ਦਾ ਕਾਰਨ ਕੀ ਸੀ?
ਇਕ ਪੁਲਿਸ ਅਫ਼ਸਰ ਦੇ ਮੂੰਹ ਤੇ ਪੱਥਰ ਲੱਗ ਗਿਆ ਸੀ। ਪਰ ਜੋ ਪੁਲਿਸ ਨੇ ਸਾਰਾ ਦਿਨ ਖ਼ੁਦ ਬੱਚੀਆਂ ਅਤੇ ਨੌਜੁਆਨ ਮੁੰਡਿਆਂ ਉਤੇ ਲਾਠੀਆਂ ਵਰ੍ਹਾਈਆਂ, ਨਾਲੀ ਵਿਚ ਫਸੇ ਚੂਹੇ ਵਾਂਗ ਮਾਰਿਆ, ਉਸ ਦਾ ਪਛਤਾਵਾ ਕੋਈ ਨਹੀਂ ਕਰ ਰਿਹਾ। ਯਾਨੀ ਕਿ ਸਾਡੇ ਹੁਕਮਰਾਨਾਂ ਅੰਦਰ ਸਹਿਣਸ਼ੀਲਤਾ ਦੀ ਏਨੀ ਕਮੀ ਪੈਦਾ ਹੋ ਗਈ ਹੈ ਕਿ ਅਪਣੀ ਛੋਟੀ ਜਹੀ ਖ਼ਰੋਚ ਵਾਸਤੇ ਉਹ ਬੱਚਿਆਂ ਉਤੇ ਵੀ ਵਰ੍ਹ ਸਕਦੇ ਹਨ।
ਆਉਣ ਵਾਲੇ ਦਿਨਾਂ ਵਿਚ ਇਹ ਵਿਰੋਧ, ਦੇਸ਼ ਦੇ ਵਿਦਿਆਰਥੀਆਂ ਦੇ ਸਿਰ ਤੇ ਇਕ ਲਹਿਰ ਵੀ ਬਣ ਸਕਦਾ ਹੈ। ਕੇਂਦਰ ਨੂੰ ਲਗਦਾ ਹੈ ਕਿ ਕਿਉਂਕਿ ਭਾਰਤ ਦੀ ਜਨਤਾ ਨੇ ਬਾਬਰੀ ਮਸਜਿਦ, ਧਾਰਾ 370/35ਏ ਦੀ ਸੋਧ ਦੇ ਮਾਮਲੇ 'ਚ ਸਿਰ ਝੁਕਾ ਰਖਿਆ ਹੈ ਤੇ ਕਸ਼ਮੀਰ ਦੀਆਂ ਚੀਕਾਂ ਨੂੰ ਅਣਸੁਣਿਆ ਕਰ ਦਿਤਾ ਹੈ, ਇਸ ਲਈ ਉਹ ਕੁੱਝ ਵੀ ਕਰ ਲਵੇ, ਕੋਈ ਆਵਾਜ਼ ਨਹੀਂ ਕੱਢੇਗਾ।
ਪਰ ਇਤਿਹਾਸ ਨੂੰ ਯਾਦ ਰਖਣਾ ਇਸ ਕਰ ਕੇ ਜ਼ਰੂਰੀ ਹੁੰਦਾ ਹੈ ਕਿ ਉਸ ਤੋਂ ਸਬਕ ਸਿਖੇ ਜਾਣ ਨਾਕਿ ਸਦੀਆਂ ਦੀਆਂ ਰੰਜਸ਼ਾਂ ਨੂੰ ਪਾਲ ਕੇ ਅੱਜ ਦੀਆਂ ਲਾਲਸਾਵਾਂ ਪੂਰੀਆਂ ਕੀਤੀਆਂ ਜਾਣ। ਇਤਿਹਾਸ ਦਾ ਸਬਕ ਇਹੀ ਹੈ ਕਿ ਨਫ਼ਰਤ ਨਾਲ ਕੋਈ ਨਹੀਂ ਜਿੱਤ ਸਕਦਾ। ਅਕਬਰ ਵਰਗੇ ਮੁਗ਼ਲਾਂ ਨੇ ਵੀ ਭਾਰਤ ਨੂੰ ਅਪਣਾ ਦੇਸ਼ ਬਣਾ ਕੇ ਜਿਤਿਆ ਅਤੇ ਇਸ ਦਾ ਹਿੱਸਾ ਬਣੇ ਤਾਂ ਹੀ ਉਹ ਅੱਜ ਸੁਨਹਿਰੀ ਸ਼ਬਦਾਂ ਵਿਚ ਯਾਦ ਕੀਤੇ ਜਾਂਦੇ ਹਨ।
ਜਿਨ੍ਹਾਂ ਨੇ ਸਬਕ ਨਹੀਂ ਸਿਖਿਆ, ਭਾਵੇਂ ਉਹ ਹਿਟਲਰ ਹੋਵੇ ਅਤੇ ਭਾਵੇਂ ਇੰਦਰਾ ਗਾਂਧੀ ਹੋਵੇ, ਉਨ੍ਹਾਂ ਨੂੰ ਸਬਕ ਜਨਤਾ ਨੇ ਸਿਖਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਖੜੇ ਹੋ ਕੇ ਬੜਾ ਹੰਕਾਰੀ ਬਿਆਨ ਦਿਤਾ ਸੀ ਕਿ 'ਅਭੀ ਚਾਰ ਸਾਲ ਹੈਂ ਹਮਾਰੇ ਪਾਸ, ਆਪ ਕੋ ਹਮਾਰੀ ਬਾਤ ਸੁਨਨੇ ਕੀ ਆਦਤ ਡਾਲਨੀ ਪੜੇਗੀ।'
ਜੇ ਵਿਦਿਆਰਥੀਆਂ ਤੇ ਦੇਸ਼ ਦੇ ਬੱਚਿਆਂ ਨਾਲ ਵਿਤਕਰਾ ਹੋਵੇਗਾ, ਭਾਰਤ ਕਿਸੇ ਦੀ ਗੱਲ ਨਹੀਂ ਸੁਣਨ ਵਾਲਾ। ਸੋ ਸਾਡੇ ਆਗੂਆਂ, ਸਾਡੀਆਂ ਅਦਾਲਤਾਂ, ਸਾਡੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਦੇਸ਼ ਦੀ ਦੌਲਤ ਦੇਸ਼ ਦੇ ਬੱਚਿਆਂ 'ਤੇ ਹਮਲੇ ਨਾ ਕਰਨ। ਇਹ ਬਰਦਾਸ਼ਤ ਦੇ ਬੰਨ੍ਹ ਤੋੜ ਦੇਵੇਗਾ ਅਤੇ ਇਤਿਹਾਸ ਦੀਆਂ ਗ਼ਲਤੀਆਂ ਦੁਹਰਾਉਣੀਆਂ ਬੰਦ ਨਾ ਹੋਈਆਂ ਤਾਂ ਕੀ ਭਾਰਤ ਬਚ ਵੀ ਸਕੇਗਾ? -ਨਿਮਰਤ ਕੌਰ