ਗੰਭੀਰ ਕਿਸਾਨ ਅੰਦੋਲਨ ਵਲੋਂ ਧਿਆਨ ਹਟਾ ਕੇ ਅਪਣਾ ਪ੍ਰਚਾਰ ਕਰਨ ਵਾਲੇ ਰਾਜੇਵਾਲ ਨੂੰ ਕਿਉਂ ਪੈ ਰਹੇ ਨੇ?
ਨਾ ਬਰਦਾਸ਼ਤ ਕੀਤੀ ਜਾ ਸਕਣ ਵਾਲੀ ਸਰਦੀ ਤੇ ਬਰਫ਼ਬਾਰੀ ਵਿਚ ਇਸਤਰੀਆਂ, ਬਜ਼ੁਰਗ, ਬੱਚੇ ਲੱਖਾਂ ਦੀ ਗਿਣਤੀ ਵਿਚ ਦਿੱਲੀ ਦੀਆਂ ਸੜਕਾਂ ਤੇ ਰੁਲ ਰਹੇ ਹਨ।
ਨਵੀਂ ਦਿੱਲੀ: ਗੰਭੀਰ ਲੋਕਾਂ ਨੂੰ ਹਮੇਸ਼ਾ ਹੀ ਇਹ ਵੇਖਣਾ ਚੰਗਾ ਨਹੀਂ ਲਗਦਾ ਕਿ ਗੰਭੀਰ ਮੌਕਿਆਂ ਤੇ ਵੀ ਕੁੱਝ ਲੋਕ ਏਧਰੋਂ ਔਧਰੋਂ ਪੈਸੇ ਇਕੱਠੇ ਕਰ ਕੇ (ਅਪਣੇ ਕੋਲੋਂ ਕੁੱਝ ਨਹੀਂ) ‘ਸਵਾਦਿਸ਼ਟ ਲੰਗਰ’ ਲਗਾ ਕੇ ਅਪਣੇ ‘ਮਹਾਂਦਾਨੀ’ ਹੋਣ ਦਾ ਪ੍ਰਚਾਰ ਸ਼ੁਰੂੁ ਕਰ ਦੇਂਦੇ ਹਨ। ਫ਼ਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੀਵਾਨਾਂ ਵਿਚ ਜਾਣ ਵਾਲੇ ਅਕਸਰ ਇਹ ਵੇਖ ਕੇ ਦੁਖੀ ਹੁੰਦੇ ਹਨ ਕਿ ਲੰਗਰ, ‘ਸੇਵਾ’ ਵਜੋਂ ਨਹੀਂ, ਅਪਣੇ ‘ਦਾਨੀ ਹੋਣ’ ਦਾ ਪ੍ਰਚਾਰ ਕਰਨ ਲਈ ਵਰਤੇ ਜਾਂਦੇ ਹਨ ਤੇ ਉਸ ਮਸ਼ਹੂਰੀ ਜਾਂ ਪ੍ਰਚਾਰ ਦਾ ਇਕ ਮਕਸਦ ਹੋਰ ਪੈਸਾ ਇੱਕੱਤਰ ਕਰਨ ਲਈ ਮੈਦਾਨ ਤਿਆਰ ਕਰਨਾ ਹੀ ਹੁੰਦਾ ਹੈ।
ਇਕ ਗੰਭੀਰ ਮੌਕੇ ਤੇ ‘ਦਾਨੀ’ ਹੋਣ ਦਾ ਚੋਲਾ ਪਾ ਕੇ ਅਪਣੇ ਦਾਨ ਦਾ ਪ੍ਰਚਾਰ ਕਰਨਾ ਵੀ, ਧਰਮ ਦੀ ਦੁਰਵਰਤੋਂ ਕਰਨਾ ਮੰਨਿਆ ਜਾਂਦਾ ਹੈ। ਕਿਸੇ ਦੀ ਮੌਤ ਦੇ ਭੋਗ ਤੇ ਜਿਵੇਂ ਅਪਣੇ ‘ਦਾਨ’ ਦਾ ਵਿਖਾਵਾ ਕਰਨਾ ‘ਘਟੀਆਪਨ’ ਤੇ ਮੂਰਖਤਾ ਵਾਲਾ ਕਾਰਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਹਰ ਗੰਭੀਰ ਧਾਰਮਕ ਜਾਂ ਸਮਾਜਕ ਇਕੱਠ ਸਮੇਂ ਅਪਣੇ ‘ਦਾਨ’ ਦਾ ਵਿਖਾਵਾ ਕਰਨ ਵਾਲੇ ਬਹੁਤ ਚੁਭਣ ਲਗਦੇ ਹਨ।
ਕਿਸਾਨ ਧਰਨੇ ਲਈ ਜਦੋਂ ਪਿੰਨੀਆਂ ਭੇਜਣ ਵਾਲੇ, ਪਿੰਨੀਆਂ ਦੀਆਂ ਤਸਵੀਰਾਂ ਛਪਵਾ ਕੇ ਅਪਣੀ ਮਸ਼ਹੂਰੀ ਕਰਵਾਉਂਦੇ ਹਨ ਤੇ ਪੀਜ਼ਿਆਂ, ਪਰੌਠਿਆਂ, ਲਜ਼ੀਜ਼ ਖਾਣਿਆਂ ਤੇ ਗੋਲ ਗੱਪਿਆਂ ਤਕ ਨੂੰ ਅਪਣੇ ਪ੍ਰਚਾਰ ਲਈ ਵਰਤਦੇ ਹਨ ਤਾਂ ਗੰਭੀਰ ਲੋਕਾਂ ਨੂੰ ਉਥੇ ਵੀ ਦੁਖ ਹੁੰਦਾਹੈ। ਦਿੱਲੀ ਵਿਚ ਤਾਂ ਹੱਦ ਹੋ ਗਈ ਜਦ ਇਕ ਸੰਸਥਾ ਵਲੋਂ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਦੀ ਏਨੀ ਮਸ਼ਹੂਰੀ ਕਰਵਾਈ ਗਈ ਕਿ ਕਿਸਾਨ ਸੰਘਰਸ਼ ਦੀ ਸਾਰੀ ਗੰਭੀਰਤਾ ਹੀ ਮਿੱਟੀ ਵਿਚ ਮਿਲਦੀ ਵਿਖਾਈ ਦਿਤੀ।
ਅੰਮਿ੍ਰਤਧਾਰੀ ਨੇਤਾ ਸ. ਬਲਬੀਰ ਸਿੰਘ ਰਾਜੇਵਾਲ ਤਾਂ ਮੌਕੇ ਦੀ ਗੰਭੀਰਤਾ ਨੂੰ ਇਹ ਕਹਿ ਕੇ ਸਵੀਕਾਰਦੇ ਹਨ ਕਿ ‘‘ਹੋ ਸਕਦੈ ਸਰਕਾਰ ਫ਼ੌਜ ਭੇਜ ਦੇਵੇ ਤੇ ਸਾਨੂੰ ਸ਼ਹੀਦੀਆਂ ਦੇਣੀਆਂ ਪੈ ਜਾਣ। ਉਸ ਵੇਲੇ ਅਸੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਤੇ ਸਤਿਕਾਰਯੋਗ ਨਿਸ਼ਾਨੀਆਂ ਦਾ ਸਤਿਕਾਰ ਕਿਵੇਂ ਬਚਾ ਸਕਾਂਗੇ? ਇਸ ਲਈ ਮੈਂ ਚਾਹੁੰਦਾ ਹਾਂ ਕਿ ਧਾਰਮਕ ਤੇ ਪਵਿੱਤਰ ਨਿਸ਼ਾਨੀਆਂ ਸਭ ਹਟਾ ਦਿਤੀਆਂ ਜਾਣ ਅਤੇ ਇਥੇ ਕੇਵਲ ਕਿਸਾਨ ਹੀ ਰਹਿ ਜਾਣ। ਇਸ ਨਾਲ ਸਰਕਾਰ ਨੂੰ ਸਾਡੇ ਤੇ ਝੂਠੇ ਦੋਸ਼ ਲਾਉਣ ਦਾ ਮੌਕਾ ਵੀ ਨਹੀਂ ਮਿਲੇਗਾ।’’ ਪਰ ਰਾਜੇਵਾਲ ਉਤੇ ਆਵਾਜ਼ੇ ਕਸਣ ਵਾਲੇ ਉਦੋਂ ਕਿਉਂ ਨਹੀਂ ਬੋਲਦੇ ਜਦ ਏਨੇ ਗੰਭੀਰ ਅੰਦੋਲਨ ਨੂੰ ‘ਪਿਕਨਿਕ’ ਅਤੇ ‘ਮੇਲਾ’ ਦੱਸਣ ਲਈ ਅਪਣੀਆਂ ਨਿਗੂਣੀਆਂ ਸੇਵਾਵਾਂ ਨੂੰ ‘ਦਾਨ’ ਕਹਿ ਕੇ ਪ੍ਰਚਾਰ ਕਰ ਰਹੇ ਹੁੰਦੇ ਹਨ? ਜਿਸ ਅੰਦੋਲਨ ਵਿਚ 30 ਕਿਸਾਨ, ਜਾਨਾਂ ਗੁਆ ਚੁੱਕੇ ਹੋਣ, ਉਸ ਅੰਦੋਲਨ ਦੇ ਕੇਂਦਰੀ ਧਰਨੇ ਨੂੰ ਪਿਕਨਿਕ ਤੇ ਮੇਲਾ ਲਿਖਣ ਦਾ ਬਹਾਨਾ ਸਪਲਾਈ ਕਰਨ ਵਾਲੇ ‘ਵਿਖਾਵੇਬਾਜ਼ਾਂ’ ਵਲ, ਰਾਜੇਵਾਲ ਦੇ ਆਲੋਚਕਾਂ ਦਾ ਧਿਆਨ ਕਿਉਂ ਨਹੀਂ ਜਾਂਦਾ? ਜੇ ਚਲਾ ਜਾਂਦਾ ਤਾਂ ਉਹ ਕੁਰਬਾਨੀ ਲਈ ਸੀਸ ਤਲੀ ਤੇ ਰੱਖ ਕੇ ਨਿਕਲੇ ਹੋਇਆਂ ਦੇ ਮੂੰਹ ਵਿਚੋਂ ਨਿਕਲੇ ਸੱਚ ਤੇ ਏਨੇ ਲੋਹੇ ਲਾਖੇ ਨਾ ਹੁੰਦੇ।
ਰਾਜੇਵਾਲ ਦੇ ਸੁਨੇਹੇ ਵਿਚ ਕੋਈ ਖ਼ਰਾਬੀ ਨਹੀਂ ਸੀ ਤੇ ਥੋੜੇ ਸ਼ਬਦਾਂ ਵਿਚ ਉਹ ਸਾਰੇ ਵਿਖਾਵੇਬਾਜ਼ਾਂ ਤੇ ਹਉਮੈ ਗ੍ਰਸਤ ਅਖੌਤੀ ਦਾਨੀਆਂ ਨੂੰ, ਬਹੁਤ ਕੁੱਝ ਕਹਿ ਗਏ ਹਨ। ‘ਮੇਰੀ ਛੁਪੇ ਰਹਿਣ ਦੀ ਚਾਹ’ ਵਾਲੇ ਦਾਨੀ ਤਾਂ ਸ਼ਾਇਦ ਖ਼ਤਮ ਹੀ ਹੋ ਗਏ ਹਨ ਤੇ ‘ਮੇਰੀ ਮਸ਼ਹੂਰੀ ਕਰਵਾਉਣ ਦੀ ਚਾਹ’ ਵਾਲੇ ਅਖੌਤੀ ‘ਦਾਨੀ’ ਹੀ ਸਿੱਖੀ ਦੇ ਆਕਾਸ਼ ਤੇ ਛਾਏ ਹੋਏ ਲਗਦੇ ਹਨ। ਨਾ ਬਰਦਾਸ਼ਤ ਕੀਤੀ ਜਾ ਸਕਣ ਵਾਲੀ ਸਰਦੀ ਤੇ ਬਰਫ਼ਬਾਰੀ ਵਿਚ ਇਸਤਰੀਆਂ, ਬਜ਼ੁਰਗ, ਬੱਚੇ ਲੱਖਾਂ ਦੀ ਗਿਣਤੀ ਵਿਚ ਦਿੱਲੀ ਦੀਆਂ ਸੜਕਾਂ ਤੇ ਰੁਲ ਰਹੇ ਹਨ। ਉਹ ਇਕ ਗੰਭੀਰ ਨਿਸ਼ਾਨੇ ਦੀ ਪ੍ਰਾਪਤੀ ਲਈ ਨਰਕ ਵਰਗੀ ਜ਼ਿੰਦਗੀ ਕਿਵੇਂ ਗੁਜ਼ਾਰ ਰਹੇ ਹਨ, ਇਸ ਵਲ ਧਿਆਨ ਦੇ ਕੇ ‘ਦਾਨ’ ਅਤੇ ‘ਮਦਦ’ ਦੇ ਨਾਂ ਤੇ ਮਸ਼ਹੂਰੀ ਅਤੇ ਸਵੈ ਪ੍ਰਚਾਰ ਦੇ ਭੁੱਖੇ ਲੋਕਾਂ ਨੂੰ ਇਕ ਨਾ ਇਕ ਦਿਨ ਸੱਚ ਸੁਣਨਾ ਹੀ ਪੈਣਾ ਸੀ। ਰਾਜੇਵਾਲ ਨਾਲ ਗੁੱਸੇ ਹੋਣ ਦੀ ਬਜਾਏ, ਅਜਿਹੇ ਵਿਖਾਵੇ ਦੇ ਕੰਮ ਕਰਨ ਵਾਲੇ ਵਪਾਰੀ ਰੁਚੀਆਂ ਵਾਲਿਆਂ ਨੂੰ ਸੱਚ ਸਵੀਕਾਰ ਕਰਨ ਦੀ ਜਾਚ ਵੀ ਸਿਖਣੀ ਚਾਹੀਦੀ ਹੈ। ਜੋਗਿੰਦਰ ਸਿੰਘ