ਕਿਸਾਨ ਆਗੂ ਹੁਣ ਸਿਆਸਤਦਾਨ ਬਣ ਕੇ ਸਰਕਾਰੀ ਗੱਦੀਆਂ 'ਤੇ ਬੈਠਣਗੇ!
ਸ਼ੁਕਰ ਹੈ, ਅੰਦੋਲਨ ਦੌਰਾਨ ਤਾਂ ਉਹ ਏਕੇ ਦਾ ਵਿਖਾਵਾ ਕਰ ਸਕੇ
ਜਦ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਕਿਸਾਨਾਂ ਨੇ ਫ਼ੈਸਲਾ ਲਿਆ ਸੀ ਕਿ ਕੋਈ ਸਿਆਸੀ ਧਿਰ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੇਗੀ ਤਾਕਿ ਸਿਆਸੀ ਲੋਕ, ਇਸ ਅੰਦੋਲਨ ਦਾ ਲਾਹਾ ਨਾ ਲੈ ਸਕਣ। ਉਸ ਸਮੇਂ ਕਿਸਾਨੀ ਸੰਘਰਸ਼ ਨੂੰ ਵਿਰੋਧੀ ਧਿਰ ਦੀ ਹਮਾਇਤ ਦੀ ਭਾਰੀ ਲੋੜ ਸੀ ਪਰ ਫਿਰ ਵੀ ਉਨ੍ਹਾਂ ਨੇ ਸਿਆਸਤਦਾਨਾਂ ਤੋਂ ਦੂਰੀ ਬਣਾਈ ਰੱਖੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲਿਆਂ ਨੂੰ ਵਿਰੋਧੀ ਪਾਰਟੀਆਂ ਨੇ ਸਿਰ ਮੱਥੇ ਰਖਦਿਆਂ ਹੋਇਆਂ ਸਮਰਥਨ ਵੀ ਪੂਰਾ ਦਿਤਾ। ਇਸ ਸੰਘਰਸ਼ ਵਿਚ ਕਈ ਵਖਰੇ ਵਖਰੇ ਧੜੇ ਸਾਹਮਣੇ ਆਏ ਜਿਸ ਦਾ ਅਸਰ ਅਸੀ ਅੰਦੋਲਨ ਵਿਚ ਵੇਖਿਆ।
ਸਿਆਸਤਦਾਨਾਂ ਨਾਲ ਦੂਰੀ ਤਾਂ ਬਣਾਈ ਰੱਖੀ ਗਈ ਪਰ ਅਸਲ ਵਿਚ ਸਿਆਸਤ ਵਿਚ ਹੋਰ ਜ਼ਿਆਦਾ ਖੁਭ ਗਏ। ਕਿਸਾਨੀ ਸੰਘਰਸ਼ ਵਿਚ ਮਾਰੇ ਗਏ ਕਿਸਾਨਾਂ ਦੀ ਬਜਾਏ, ਕੇਂਦਰ ਵਿਰੁਧ ਲੜਨ ਵਾਲੇ ਅੰਦੋਲਨਕਾਰੀਆਂ ਦੀਆਂ ਤਸਵੀਰਾਂ ਕਿਸਾਨ ਬੀਬੀਆਂ ਦੇ ਹੱਥਾਂ ਵਿਚ ਥਮਾ, ਅੰਦੋਲਨ ਨੂੰ ਇਕ ਖ਼ਾਸ ਦਿਸ਼ਾ ਵਲ ਧਕੇਲ ਦਿਤੇ ਜਾਣ ਦੇ ਯਤਨ ਕੀਤੇ ਗਏ। ਕੁੱਝ ਵੱਡੇ ਨਾਮ ਇਸ ਅੰਦੋਲਨ ਦਾ ਹਿੱਸਾ ਸਨ ਜੋ ਅਸਲ ਵਿਚ ਪੇਸ਼ੇਵਰ ਕਾਮਰੇਡ ਹਨ ਤੇ ਉਸੇ ਸੋਚ ਨੂੰ ਮਜ਼ਬੂਤ ਕਰਨ ਲਈ ਹੀ ਅੰਦੋਲਨ ਅੰਦਰ ਵੜ ਬੈਠੇ ਸਨ।
ਫਿਰ ਵੀ ਕਿਸਾਨਾਂ, ਖ਼ਾਸ ਕਰ ਕੇ ਛੋਟੇ ਕਿਸਾਨਾਂ ਨੂੰ ਭਰਮਾਉਣ ਲਈ, ਖੇਤੀ ਕਾਨੂੰਨਾਂ ਦੇ ਨਾਂ ਹੇਠ ਕਈ ਗੱਲਾਂ ਤੇ ਪਰਦੇ ਪਾਏ ਗਏ। ਅੱਜ ਜਦ ਕਿਸਾਨ ਅਪਣੇ ਅਪਣੇ ਸ਼ਹਿਰਾਂ ਵਿਚ ਫ਼ਤਿਹ ਤੇ ਸ਼ੁਕਰਾਨਾ ਮਾਰਚ ਕਰ ਰਹੇ ਹਨ, ਵਿਰੋਧੀ ਧਿਰ ਲਖੀਮਪੁਰ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਸ਼ੋਰ ਪਾ ਰਹੀ ਹੈ ਕਿਉਂਕਿ ਜਿਹੜਾ ਜੋਸ਼ ਇਸ ਸੰਘਰਸ਼ ਵਿਚ ਸੀ, ਉਹ ਤਾਂ ਖਿਲਰ ਗਿਆ ਹੈ ਤੇ ਸਰਕਾਰ ਅਪਣੀਆਂ ਪੁਰਾਣੀਆਂ ਨੀਤੀਆਂ ਵਲ ਵਾਪਸ ਪਰਤ ਆਈ ਹੈ। ਅਜੇ ਕਿਸਾਨਾਂ ਨੂੰ ਵਾਪਸ ਆਏ ਹਫ਼ਤਾ ਵੀ ਨਹੀਂ ਹੋਇਆ ਕਿ ਇਨ੍ਹਾਂ ਦੇ ਅੰਦਰ ਦੀ ਸਿਆਸਤ ਬਾਹਰ ਆਉਣੀ ਸ਼ੁਰੂ ਹੋ ਗਈ ਹੈ
ਜਿਸ ਤੋਂ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਨੇ ਅਸਲ ਵਿਚ ਸਿਆਸਤਦਾਨਾਂ ਨੂੰ ਏਨਾ ਦੂਰ ਨਹੀਂ ਰਖਿਆ ਜਿੰਨਾ ਵਿਰੋਧੀ ਧਿਰ ਨੂੰ ਅਪਣੇ ਤੋਂ ਦੂਰ ਰਖਣ ਦਾ ਕੰਮ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਵਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੀਡੀਆ ਵਿਚ ਆਰ.ਐਸ.ਐਸ. ਦਾ ਆਗੂ ਦਸਿਆ ਗਿਆ ਹੈ। ਇਹ ਭੇਤ ਅੱਜ ਕਿਉਂ ਖੋਲ੍ਹਿਆ ਗਿਆ ਹੈ ਜਦਕਿ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਦਾ ਅਟੁੱਟ ਹਿੱਸਾ ਰਹੇ ਹਨ? ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਬਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣ ਦੀ ਗੱਲ ਚਰਚਾ ਵਿਚ ਰਹੀ ਪਰ ਕਿਸਾਨ ਆਗੂਆਂ ਤੇ ਆਮ ਜਨਤਾ ਉਤੇ ਪੰਜਾਬ ਤੇ ਹਰਿਆਣਾ ਦਾ ਦਬਾਅ ਅਜਿਹਾ ਸੀ ਕਿ ਕੋਈ ਅਪਣੀ ਸਿਆਸੀ ਸੋਚ ਨੂੰ ਖੁਲ੍ਹ ਕੇ ਨਾ ਪ੍ਰਗਟਾਅ ਸਕਿਆ।
ਕੌਣ ਕਿਸੇ ਧੜੇ ਜਾਂ ਕਿਸ ਸੋਚ ਨਾਲ ਖੜਾ ਹੈ, ਇਸ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ ਪਰ ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਹੁਣ ਕਿਸਾਨ ਆਗੂਆਂ ਦਾ ਵੱਡਾ ਹਿੱਸਾ ਆਪ ਸਿਆਸਤਦਾਨਾਂ ਦਾ ਹਮਜੋਲੀ ਬਣ ਚੁੱਕਾ ਹੈ। ਜਿਸ ਕਾਹਲੀ ਨਾਲ ਐਮ.ਐਸ.ਪੀ. ਤੇ ਲਖੀਮਪੁਰ ਕਾਂਡ ਦੀ ਜੰਗ ਅੱਧ ਵਿਚਕਾਰ ਛੱਡ ਕੇ ਕਿਸਾਨ ਆਗੂ ਪਰਤੇ ਹਨ, ਇਹ ਪੰਜਾਬ ਚੋਣਾਂ ਸਦਕੇ ਹੋਇਆ ਹੈ। ਹੁਣ ਕਿਸਾਨ ਆਗੂਆਂ ਬਾਰੇ ਛੇਤੀ ਹੀ ਬਹੁਤ ਕੁੱਝ ਬਾਹਰ ਆਵੇਗਾ। ਜਿਹੜੇ ‘ਆਪ’ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਕੀ ਆਰਐਸਐਸ ਦੇ ਹੀ ਲੱਗਣਗੇ।
ਜੇ ਅਪਣਾ ਸਮਰਥਨ ਕੈਪਟਨ ਦੀ ਲੋਕ ਕਾਂਗਰਸ ਪਾਰਟੀ ਨੂੰ ਦੇਣਾ ਚਾਹੁੰਦੇ ਹੋ ਤਾਂ ਸੂਬੇ ਵਿਚ ਧਰਨੇ ਲਗਾਉਣ ਦਾ ਕੋਈ ਮੁੱਦਾ ਨਹੀਂ ਬਣੇਗਾ। ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੇ ਸੂਬੇ ਦੇ ਸਿਰ ਉਤੇ ਕਿਸਾਨੀ ਸੰਘਰਸ਼ ਦੀ ਬੇਮਿਸਾਲ ਸਫ਼ਲਤਾ ਦਾ ਤਾਜ ਸਜਿਆ, ਅੱਜ ਉਸੇ ਹੀ ਰਾਜ ਦੇ ਕਿਸਾਨ ਨੇਤਾ,ਅਪਣੀਆਂ ਨਿਜੀ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਲਈ ਪੰਜਾਬ ਦਾ ਨੁਕਸਾਨ ਕਰਵਾਉਣ ਲੱਗ ਪਏ ਹਨ। ਲੋੜ ਇਸ ਗੱਲ ਦੀ ਸੀ ਕਿ ਇਹ ਸਾਰੇ ਇਕੱਠੇ ਹੋ ਕੇ ਖੇਤੀ ਨੂੰ ਬਚਾਉਣ ਤੇ ਫੈਲਾਉਣ ਦੀਆਂ ਯੋਜਨਾਵਾਂ ਬਣਾਉਣ,ਸਿਆਸਤ ਵਿਚ ਕਿਸਾਨ ਦੀ ਆਵਾਜ਼ ਉੱਚੀ ਕਰਨ ਦੀ ਰਣਨੀਤੀ ਬਣਾਉਣ ਪਰ ਉਹ ਹੀ ਕਿਸਾਨੀ ਮੁੱਦੇ ਤੇ ਇਕ ਦੂਜੇ ਨੂੰ ਰੋਲ ਕੇ, ਕੁਰਸੀਆਂ ਵਲ ਦੌੜਨ ਲੱਗ ਪਏ ਹਨ। ਸ਼ੁਕਰ ਹੈ, ਉਹ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਤਾਂ ਇਕਜੁਟ ਰਹਿ ਸਕੇ।