ਇਹ ਪੈਸੇ ਦੀ ਦੁਨੀਆਂ ਹੈ, ਭਾਵੇਂ ਅਪਣੇ ਦੇਸ਼ ਦੀ ਗੱਲ ਕਰੀਏ, ਭਾਵੇਂ ਚੀਨ, ਰੂਸ ਜਾਂ ਸੰਯੁਕਤ ਰਾਸ਼ਟਰ ਦੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਅਸੀ ਵਪਾਰੀ ਰਾਜ ਵਿਚ ਜੀਅ ਰਹੇ ਹਾਂ ਜਿਥੇ ਇਨਸਾਨ ਦੀ ਕੀਮਤ ਪੈਸਾ ਤੈਅ ਕਰੇਗਾ।

Photo

 

ਭਾਰਤ ਤੇ ਚੀਨ ਦਰਮਿਆਨ ਸਰਹੱਦਾਂ ਤੇ ਜੰਗ ਨਾ ਸਹੀ, ਛੇੜਛਾੜ ਜ਼ਰੂਰ ਚਲ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਮੇਂ ਦੌਰਾਨ, ਦੋਹਾਂ ਦੇਸ਼ਾਂ ਵਿਚਕਾਰ ਵਪਾਰ ਵਿਚ 29 ਫ਼ੀ ਸਦੀ ਦਾ ਵਾਧਾ ਹੋ ਗਿਆ ਹੈ। ਜਿਥੇ ਇਕ ਪਾਸੇ ਸਿਆਸਤਦਾਨ ਲੋਕ ਚੀਨ ਤੋਂ ਆਏ ਮਹਿੰਗੇ ਟੀਵੀ ਸੈੱਟ ਸੜਕਾਂ ’ਤੇ ਸਾੜਦੇ ਦਿਸਦੇ ਹਨ ਉਥੇ ਦੂਜੇ ਪਾਸੇ ਉਸ ਦੇਸ਼ ਨਾਲ ਵਪਾਰ ਵੀ ਵਧਾ ਰਹੇ ਹਨ। ਵਪਾਰ ਵਿਚ ਵਾਧਾ ਵੀ ਇਸ ਤਰ੍ਹਾਂ ਹੋ ਰਿਹਾ ਹੈ ਕਿ ਭਾਰਤ ਤੋਂ ਬਣਿਆ ਸਮਾਨ ਚੀਨ ਵਿਚ ਨਹੀਂ ਜਾ ਰਿਹਾ ਬਲਕਿ ਚੀਨੀ ਸਮਾਨ ਦੀ ਭਾਰਤ ਵਿਚ ਆਮਦ ਹੋਰ ਵੱਧ ਗਈ ਹੈ।

ਕੂਟਨੀਤੀ ਆਖਦੀ ਹੈ ਕਿ ਦੇਸ਼ਾਂ ਵਿਚ ਸਰਹੱਦਾਂ ਤੇ ਸ਼ਾਂਤੀ ਤੇ ਦੋਸਤੀ ਹੀ ਸੱਭ ਤੋਂ ਫ਼ਾਇਦੇ ਵਾਲੀ ਗੱਲ ਹੈ। ਸਿਆਸੀ ਹਾਕਮ, ਵਧੇ ਹੋਏ ਵਪਾਰ ਦਾ ਲਾਹਾ ਤਾਂ ਅਪਣੇ ਲਈ ਲੈ ਲੈਂਦੇ ਹਨ ਪਰ ਉਸ ਦਾ ਮਤਲਬ ਵਖਰਾ ਹੀ ਹੁੰਦਾ ਹੈ। ਇਕ ਆਮ ਇਨਸਾਨ ਕਿਸੇ ਦੁਸ਼ਮਣ ਨੂੰ ਫ਼ਾਇਦਾ ਪਹੁੰਚਾਉਣ ਦੀ ਗੱਲ ਨਹੀਂ ਕਰੇਗਾ ਪਰ ਸਰਕਾਰਾਂ ਕਰਦੀਆਂ ਹਨ। ਵਪਾਰੀ ਦਾ ਫ਼ਾਇਦਾ ਅਰਥ ਵਿਵਸਥਾ ਠੀਕ ਕਰਨ ਵਾਸਤੇ ਜ਼ਰੂਰੀ ਹੈ ਪਰ ਫ਼ੌਜੀ ਵਾਸਤੇ ਮਾਪਦੰਡ ਵਖਰਾ ਹੈ। ਫ਼ੌਜੀ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਦਾ ਹੋਇਆ ਅਪਣੀ ਜਾਨ ਜੋਖਮ ਵਿਚ ਪਾਉਂਦਾ ਹੈ, ਇਹ ਸੋਚ ਕੇ ਕਿ ਇਹ ਮੇਰੇ ਦੇਸ਼ ਦਾ ਦੁਸ਼ਮਣ ਹੈ ਜਦਕਿ ਉਸੇ ਦੁਸ਼ਮਣ ਨਾਲ ਸਾਰਾ ਦੇਸ਼ ਵਪਾਰ ਦੀਆਂ ਜੱਫੀਆਂ ਹੋਰ ਪੀਡੀਆਂ ਕਰ ਰਿਹਾ ਹੁੰਦਾ ਹੈ।

ਇਹੀ ਗੱਲ ਯੂਕਰੇਨ ਦੇ ਵਿੱਤ ਮੰਤਰੀ ਨੇ ਪਿਛਲੇ ਹਫ਼ਤੇ ਆਖੀ ਤੇ ਉਸ ਨੇ ਨਾ ਸਿਰਫ਼ ਭਾਰਤ ਬਲਕਿ ਸਮੁੱਚੇ ਯੂਰਪ ਤੇ ਬਾਕੀ ਦੇਸ਼ਾਂ ਨੂੰ ਆਖੀ ਕਿ ਉਹ ਰੂਸ ਤੋਂ ਸਸਤਾ ਤੇਲ ਨਾ ਲੈਣ। ਸਸਤੇ ਤੇਲ ਨਾਲ ਰੂਸ ਪੈਸਾ ਕਮਾ ਕੇ ਯੂਕਰੇਨ ਵਿਚ ਤਬਾਹੀ ਮਚਾ ਰਿਹਾ ਹੈ। ਭਾਵੇਂ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਰੂਸ ਤੋਂ ਘੱਟ ਤੇਲ ਲੈ ਰਿਹਾ ਹੈ ਪਰ ਲੈ ਜ਼ਰੂਰ ਰਿਹਾ ਹੈ। ਸੱਭ ਤੋਂ ਪਹਿਲਾਂ, ਦੇਸ਼ ਅਪਣਾ ਲਾਭ ਵੇਖਦੇ ਹਨ, ਜਿਵੇਂ ਬਾਕੀ ਯੂਰਪੀ ਦੇਸ਼ ਵੇਖਦੇ ਹਨ। ਅਮਨ ਸ਼ਾਂਤੀ ਦੀਆਂ ਗੱਲਾਂ ਸਿਰਫ਼ ਵਿਖਾਵੇ ਦੀਆਂ ਹੁੰਦੀਆਂ ਹਨ।

ਅਮਰੀਕਾ, ਇੰਗਲੈਂਡ ਵਰਗੇ ਦੇਸ਼ ਵੱਡੀ ਮਾਤਰਾ ਵਿਚ ਤੇ ਬਾਕੀ ਛੋਟੇ ਦੇਸ਼ ਅਪਣੀ ਹੈਸੀਅਤ ਮੁਤਾਬਕ ਯੂਕਰੇਨ ਨੂੰ ਵੱਧ ਜਾਂ ਘੱਟ ਮਦਦ ਦੇਂਦੇ ਹਨ ਤਾਕਿ ਉਹ ਲੜਦਾ ਰਹੇ ਤੇ ਇਸ ਤਰ੍ਹਾਂ ਸ਼ਾਇਦ ਅਪਣੇ ਮਨ ’ਤੇ ਪਏ ਬੋਝ ਨੂੰ ਹਲਕਾ ਕਰਨ ਦਾ ਢੋਂਗ ਕਰ ਰਹੇ ਹੁੰਦੇ ਹਨ। ਪਰ ਅੱਜ ਅਸੀ ਦੁਨੀਆਂ ਦੇ ਕਿਸੇ ਵੀ ਹਿੱਸੇ ਵਲ ਨਜ਼ਰ ਦੁੜਾ ਕੇ ਵੇਖੀਏ, ਸੱਭ ਦਾ ਧਰਮ ਤੇ ਸੱਭ ਦੇਸ਼ਾਂ ਦਾ ਰੱਬ ਇਕ ਹੀ ਹੈ ਤੇ ਉਸ ਦਾ ਨਾਮ ਪੈਸਾ ਹੈ।  ਵਿਸ਼ਵ ਜੰਗਾਂ ਹੋਈਆਂ ਜਿਨ੍ਹਾਂ ਵਿਚ ਦੁਨੀਆਂ ਵੰਡੀ ਗਈ ਪਰ ਦੋਵੇਂ ਪਾਸੇ ਪੈਸਾ ਨਹੀਂ ਬਲਕਿ ਵਖਰੀ ਸੋਚ ਪ੍ਰਧਾਨ ਹੁੰਦੀ ਸੀ। ਹਿਟਲਰ ਦੀ ਸੋਚ ਨੇ ਉਸ ਨੂੰ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਉਤਸ਼ਾਹਤ ਕੀਤਾ ਤੇ ਦੂਜੇ ਪਾਸੇ ਦੁਨੀਆਂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਲਾਮਬੰਦ ਹੋ ਗਈ। ਉਸ ਸੋਚ ਵਾਸਤੇ ਦੇਸ਼ਾਂ ਨੇ ਬੜੀਆਂ ਔਕੜਾਂ ਝਲੀਆਂ ਭਾਵੇਂ ਉਹ ਲੜਾਈ ਉਨ੍ਹਾਂ ਦੀ ਨਹੀਂ ਸੀ ਸਗੋਂ ਇਨਸਾਨੀਅਤ ਦੀ ਲੜਾਈ ਸੀ।

ਉਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਸਥਾ ਹੋਂਦ ਵਿਚ ਆਈ ਤਾਕਿ ਸਾਰੇ ਦੇਸ਼ ਆਪਸ ਵਿਚ ਸ਼ਾਂਤੀ ਬਰਕਰਾਰ ਰੱਖ ਸਕਣ। ਸੰਯੁਕਤ ਰਾਸ਼ਟਰ ਦੀ ਕਿਸੇ ਹੱਦ ਤਕ ਚਲਦੀ ਵੀ ਰਹੀ ਪਰ ਅੱਜ ਜਿਵੇਂ ਜਿਵੇਂ ਦੇਸ਼ਾਂ ਨੇ ਅਪਣੇ ਆਪ ਨੂੰ ਅਪਣੇ ਲਾਭ ਹਾਣ ਦਾ ਗ਼ੁਲਾਮ ਬਣਾ ਲਿਆ ਹੈ ਤੇ ਸਗੋਂ ਸੰਯੁਕਤ ਰਾਸ਼ਟਰ ਉਨ੍ਹਾਂ ਦੇ ਪੈਸੇ ਤੇ ਨਿਰਭਰ ਹੋ ਕੇ ਰਹਿ ਗਈ ਹੈ, ਇਸ ਆਲਮੀ ਸੰਸਥਾ ਦੇ ਕਹੇ ਦਾ ਵੀ ਕੋਈ ਅਸਰ ਨਹੀਂ ਮੰਨਿਆ ਜਾਂਦਾ। ਸੁਰੱਖਿਆ ਪ੍ਰੀਸ਼ਦ ਵਿਚ ਤੁਸੀ ਭਾਵੇਂ ਰੂਸ ਨੂੰ ਫਟਕਾਰ ਲਉ ਜਾਂ ਚੀਨ ਨੂੰ, ਜਦ ਤਕ ਉਨ੍ਹਾਂ ਦੇਸ਼ਾਂ ਨਾਲ ਵਪਾਰ ਜਾਰੀ ਹੈ ਤੇ ਪੈਸਾ ਹੱਥ ਬਦਲ ਰਿਹਾ ਹੈ, ਸਾਰੇ ਦੇਸ਼ ਆਪੋ ਅਪਣੀਆਂ ਚਾਲਾਂ ਚਲਦੇ ਹੀ ਰਹਿਣਗੇ ਤੇ ਪੀੜਤ ਦੇਸ਼ ਨੂੰ ਕੋਈ ਇਨਸਾਫ਼ ਕਿਧਰੇ ਨਹੀਂ ਮਿਲੇਗਾ।

ਅੱਜ ਅਸੀ ਵਪਾਰੀ ਰਾਜ ਵਿਚ ਜੀਅ ਰਹੇ ਹਾਂ ਜਿਥੇ ਇਨਸਾਨ ਦੀ ਕੀਮਤ ਪੈਸਾ ਤੈਅ ਕਰੇਗਾ। ਤੁਸੀ ਸੋਚਦੇ ਹੋਵੋਗੇ ਕਿ ਤੁਹਾਡੀ ਵੋਟ ਨਾਲ ਸਰਕਾਰਾਂ ਬਣਦੀਆਂ ਹਨ ਪਰ ਅਸਲ ਵਿਚ ਕੋਈ ਵੀ ਸਰਕਾਰ ਆ ਜਾਵੇ, ਪੈਸਾ ਸਰਕਾਰਾਂ ਨੂੰ ਚਲਾਉਂਦਾ ਹੈ। ਇਨਸਾਨੀ ਕਦਰ, ਮਨੁੱਖੀ ਅਧਿਕਾਰ ਹੁਣ ਸਿਰਫ਼ ਫੋਕੀ ਸ਼ਬਦਾਵਲੀ ਹੈ ਜਿਸ ਨੂੰ ਸੁਣ ਕੇ ਆਮ ਆਦਮੀ, ਥੋੜ੍ਹੀ ਦੇਰ ਲਈ ਅਪਣੇ ਆਪ ਨੂੰ ਖ਼ੁਸ਼ ਜ਼ਰੂਰ ਕਰ ਲੈਂਦਾ ਹੈ ਪਰ ਇਹ ਪੈਸੇ ਦਾ ਰਾਜ ਹੈ ਤੇ ਜਿਸ ਦਾ ਪੈਸਾ ਉਸੇ ਦੀ ਜੈ ਜੈਕਾਰ ਹੁੰਦੀ ਰਹੇਗੀ।     -ਨਿਮਰਤ ਕੌਰ