ਪੰਜਾਬ ਅਸੈਂਬਲੀ ਸੈਸ਼ਨ ਦਾ ਸੁਨੇਹਾ : ਸਾਰੀਆਂ ਹੀ ਪਾਰਟੀਆਂ ਲੀਰੋ ਲੀਰ ਹੋਈਆਂ ਪਈਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਵਿਧਾਨ ਸਭਾ ਦੇ ਇਸ ਖ਼ਾਸ ਸੈਸ਼ਨ ਨੇ ਇਹ ਸੁਨੇਹਾ ਦੇ ਦਿਤਾ ਹੈ ਕਿ ਸਾਡੀ ਸਿਆਸੀ ਲੀਡਰਸ਼ਿਪ ਲੀਰੋ-ਲੀਰ ਹੋਈ ਪਈ ਹੈ

File Photo

ਪੰਜਾਬ ਵਿਧਾਨ ਸਭਾ ਦੇ ਇਸ ਖ਼ਾਸ ਸੈਸ਼ਨ ਨੇ ਇਹ ਸੁਨੇਹਾ ਦੇ ਦਿਤਾ ਹੈ ਕਿ ਸਾਡੀ ਸਿਆਸੀ ਲੀਡਰਸ਼ਿਪ ਲੀਰੋ-ਲੀਰ ਹੋਈ ਪਈ ਹੈ। ਵਿਰੋਧੀ ਧਿਰ ਕਿਸ ਨੂੰ ਆਖਿਆ ਜਾਵੇ? ਜੇ 'ਆਪ' ਦੀ ਗੱਲ ਕਰੀਏ ਤਾਂ ਉਨ੍ਹਾਂ ਦੀ 20 ਵਿਧਾਇਕਾਂ ਦੀ ਤਾਕਤ ਘੱਟ ਕੇ 14 ਤੇ ਆ ਚੁੱਕੀ ਹੈ। ਪਰ ਉਨ੍ਹਾਂ ਵਿਚ ਏਨੀ ਜਾਨ ਵੀ ਨਹੀਂ ਸੀ ਕਿ ਉਹ ਖ਼ੁਦ ਇਕ ਵੱਡੇ ਵਿਰੋਧ ਦੀ ਆਵਾਜ਼ ਬਣ ਵਿਖਾਉਣ ਅਤੇ ਪਹਿਲੇ ਦਿਨ ਤਾਂ ਜਾਪਦਾ ਸੀ

ਕਿ 'ਆਪ' ਵਾਲੇ, ਅਕਾਲੀ ਛਣਕਣਿਆਂ ਦੀ ਆਵਾਜ਼ ਸੁਣ ਕੇ ਅਪਣੇ ਬਚਪਨੇ ਵਿਚ ਚਲੇ ਗਏ ਸਨ ਅਤੇ ਅਕਾਲੀਆਂ ਦੇ ਪਿੱਛੇ ਲੱਗ ਕੇ ਮਾਰਚ ਕਰਨ ਲੱਗ ਪਏ ਸਨ। ਉਹ ਤਾਂ ਦੂਜੇ ਦਿਨ ਭਗਵੰਤ ਮਾਨ ਨੇ ਆ ਕੇ ਰੌਲਾ ਰੱਪਾ ਪਵਾਇਆ ਜਿਸ ਮਗਰੋਂ ਪਤਾ ਲੱਗਾ ਕਿ ਇਹ ਵੱਡੀ ਵਿਰੋਧੀ ਪਾਰਟੀ ਹੈ ਨਹੀਂ ਤਾਂ ਇਹ ਹੋਏ ਨਾ ਹੋਏ, ਇਕ ਬਰਾਬਰ ਵਾਲੀ ਗੱਲ ਹੀ ਬਣੀ ਹੋਈ ਸੀ। ਸਾਡੀ ਦੂਜੀ ਵਿਰੋਧੀ ਧਿਰ ਵੀ ਅਪਣੇ ਪ੍ਰਧਾਨ ਨੂੰ ਪਾਰਲੀਮੈਂਟ ਵਿਚ ਭੇਜੀ ਬੈਠੀ ਹੈ

ਅਤੇ ਪਰਮਿੰਦਰ ਸਿੰਘ ਢੀਂਡਸਾ ਹੁਣ ਪਾਰਟੀ ਵਿਰੁਧ ਬਗ਼ਾਵਤ ਕਰ ਕੇ ਅਪਣੇ ਪਿਤਾ ਨਾਲ ਅਕਾਲੀ ਦਲ ਨੂੰ ਮੁੜ ਇਕ ਪੰਥਕ ਪਾਰਟੀ ਵਜੋਂ ਆਬਾਦ ਕਰਨ ਵਿਚ ਜੁਟ ਗਏ ਹਨ। ਛਣਕਣਾ ਸਿਆਸਤ ਪੇਸ਼ ਕਰਨ ਵਾਲੇ ਪਤਾ ਨਹੀਂ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ? ਪਰ ਜਾਪਦਾ ਸੀ ਕਿ ਬੱਚੇ ਕੋਈ ਖੇਡ ਖੇਡਣ ਆਏ ਹਨ ਅਤੇ ਤਸਵੀਰਾਂ ਖਿਚਵਾਉਣ ਦੇ ਚਾਹਵਾਨ ਸਨ ਤੇ ਬਸ!

'ਤੁਸੀ ਅੱਗੇ ਆਉ, ਤੁਸੀ ਵਿਚਕਾਰ ਆਉ' ਵਲ ਹੀ ਧਿਆਨ ਜ਼ਿਆਦਾ ਸੀ। ਜਿਹੜੇ ਨਹੀਂ ਆਏ, ਉਹ ਨਿਕਲੇ ਤਾਂ ਇਸੇ ਟੋਲੀ ਵਿਚੋਂ ਹੀ ਹਨ ਭਾਵੇਂ ਅੱਜ ਉਹ ਬਾਦਲ ਦਲ ਵਲੋਂ ਬਰਪਾ ਕੀਤੀ 'ਬਰਬਾਦੀ' ਦਾ ਹੀ ਜ਼ਿਕਰ ਕਰਦੇ ਹਨ। ਪਰਮਿੰਦਰ ਢੀਂਡਸਾ ਪਿਛਲੇ ਸੈਸ਼ਨ ਵਿਚ ਤਾਂ ਉਸੇ ਟੋਲੀ ਦੇ ਮੁਖੀ ਵੀ ਸਨ ਅਤੇ ਅਪਣੀ ਚੁੱਪੀ ਨਾਲ ਇਸ 'ਸਾਰੀ ਬਰਬਾਦੀ' ਵਿਚ ਸ਼ਾਮਲ ਸਨ। ਉਨ੍ਹਾਂ ਵਲੋਂ ਕਿਹੜੇ 'ਬਾਦਲ ਦਲੀਏ' ਦੀ ਪੰਥਕ ਸੋਚ ਵਾਪਸ ਲਿਆਉਣ ਦੀ ਤਿਆਰੀ ਹੈ,

ਇਸ ਬਾਰੇ ਅਜੇ ਤਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਸਿਰਫ਼ ਅਪਣੇ ਪਿਤਾ ਦੇ ਦਬਾਅ ਹੇਠ ਆਏ ਛੋਟੇ ਢੀਂਡਸਾ ਵੀ ਅੰਤਮ ਤੌਰ ਤੇ ਕਿਸ ਦਿਸ਼ਾ ਵਲ ਮੁੜ ਜਾਣਗੇ, ਕੋਈ ਕੁੱਝ ਨਹੀਂ ਜਾਣਦਾ। ਅਸਲੀ ਸੋਚ ਵਾਲੇ ਅਕਾਲੀ ਦਲ ਦੀ ਬਹਾਲੀ ਕਰਨ ਦਾ ਜਿਹੜਾ ਨਾਹਰਾ ਮਾਰਿਆ ਜਾ ਰਿਹਾ ਹੈ, ਉਸ ਵਿਚ ਸਿਵਾਏ ਬਾਦਲ ਪ੍ਰਵਾਰ ਦਾ ਕਬਜ਼ਾ ਹਟਾਉਣ ਦੇ, ਹੋਰ ਕਿਹੜਾ ਟੀਚਾ ਮਿਥਿਆ ਜਾ ਰਿਹਾ ਹੈ, ਇਸ ਬਾਰੇ ਜਾਣਨ ਦਾ ਹਰ ਕੋਈ ਇਛੁਕ ਹੈ।

ਕਿਤੇ ਇਹ ਭਾਜਪਾ ਦੀ ਬੀ-ਟੀਮ ਨਾ ਸਾਬਤ ਹੋਵੇ ਜੋ ਬਾਦਲ ਪ੍ਰਵਾਰ ਨੂੰ ਹਟਾ ਕੇ ਇਕ ਹੋਰ ਪ੍ਰਵਾਰ ਖੜਾ ਕਰ ਦੇਵੇ ਜਾਂ ਇਨ੍ਹਾਂ ਸਾਰੇ 'ਅਕਾਲੀ' ਪ੍ਰਵਾਰਾਂ ਵਿਚ ਹਲਕੇ ਅਨੁਸਾਰ ਪੰਥ ਨੂੰ ਪੱਕੇ ਤੌਰ ਤੇ ਵੰਡ ਨਾ ਦਿਤਾ ਜਾਵੇ। ਪਰ ਜਿੰਨਾ ਵੱਡਾ ਤੂਫ਼ਾਨ ਕਾਂਗਰਸ ਵਿਚ ਚਲ ਰਿਹਾ ਹੈ, ਉਹ ਸ਼ਾਇਦ ਹੀ ਕਿਸੇ ਸਰਕਾਰ ਵਿਚ ਪਹਿਲਾਂ ਵੇਖਿਆ ਗਿਆ ਹੋਵੇ। ਵਿਰੋਧੀਆਂ ਨਾਲੋਂ ਜ਼ਿਆਦਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਅਪਣੇ ਕਾਂਗਰਸੀ ਹੀ ਉਨ੍ਹਾਂ ਨੂੰ ਘੇਰੀ ਬੈਠੇ ਹਨ।

ਪ੍ਰਤਾਪ ਸਿੰਘ ਬਾਜਵਾ ਵਲੋਂ ਪਹਿਲਾਂ ਬਿਆਨਬਾਜ਼ੀ ਰਾਹੀਂ ਅਤੇ ਹੁਣ ਇਕ ਖੁੱਲ੍ਹੀ ਚਿੱਠੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮ-ਖ਼ਾਸ ਮਿੱਤਰਾਂ 'ਤੇ ਨਿਸ਼ਾਨਾ ਲਾਇਆ ਗਿਆ ਹੈ ਜਿਸ ਬਾਰੇ ਬਾਕੀ ਦੇ ਕਾਂਗਰਸੀ ਅਜੇ ਸਿਰਫ਼ ਦਬੀ ਆਵਾਜ਼ ਵਿਚ ਬੋਲ ਰਹੇ ਸਨ। ਪਹਿਲਾਂ ਸੁਨੀਲ ਜਾਖੜ ਵਲੋਂ ਪੰਜਾਬ ਸਰਕਾਰ ਦੇ ਏ.ਜੀ. ਅਤੁਲ ਨੰਦਾ ਵਲੋਂ ਸਰਕਾਰ ਦੇ ਅਕਸ ਨੂੰ ਕਮਜ਼ੋਰ ਕਰ ਕੇ ਅਪਣੀ ਦੁਕਾਨ ਚਲਾਉਣ ਦੇ ਇਲਜ਼ਾਮ ਤੇ ਹੁਣ ਬਾਜਵਾ ਵਲੋਂ ਅਤੁਲ ਨੰਦਾ ਉਤੇ ਟਿਪਣੀ ਕਰ ਕੇ ਇਹ ਕਹਿਣਾ ਕਿ ਇਹ ਸਿਰਫ਼ ਇਸ ਕਰ ਕੇ ਏ.ਜੀ. ਹਨ ਕਿਉਂਕਿ ਉਹ ਕੈਪਟਨ ਦੇ ਦੋਸਤ ਹਨ, ਨਾ ਸਿਰਫ਼ ਅਤੁਲ ਨੰਦਾ ਦੀ ਕਾਬਲੀਅਤ ਉਤੇ ਚੋਟ ਹੈ ਬਲਕਿ ਕੈਪਟਨ ਅਮਰਿੰਦਰ ਸਿੰਘ ਲਈ ਵੀ ਸਿੱਧੀ ਚੁਨੌਤੀ ਹੈ।

ਕੈਪਟਨ ਅਮਰਿੰਦਰ ਸਿੰਘ ਵਾਸਤੇ ਚੁਨੌਤੀਆਂ ਖ਼ਾਲੀ ਖ਼ਜ਼ਾਨਾ, ਸੂਬੇ 'ਚ ਵਧਦੀ ਨਸ਼ਿਆਂ ਦੀ ਸਮੱਸਿਆ ਜਾਂ ਮਾਫ਼ੀਆ ਨਹੀਂ ਬਲਕਿ ਉਨ੍ਹਾਂ ਦੇ ਅਪਣੇ ਵਿਧਾਇਕ ਵੀ ਸਾਬਤ ਹੋਏ ਹਨ। ਜਿੱਤੇ ਭਾਵੇਂ ਸਾਰੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਰ ਕੇ ਸਨ, ਪਰ ਹੁਣ ਉਨ੍ਹਾਂ ਸਾਰਿਆਂ ਨੂੰ ਸੱਤਾ ਦਾ ਮਿੱਠਾ ਸੁਆਦ ਵੀ ਚਾਹੀਦਾ ਹੈ। ਇਹ ਜਿਹੜੇ ਵਿਰੋਧ ਕਰਦੇ ਹਨ, ਜ਼ਿਆਦਾਤਰ ਵਿਧਾਇਕ ਤਾਂ ਅਪਣੇ ਸਵਾਰਥ ਵਾਸਤੇ ਕਰਦੇ ਹਨ ਅਤੇ ਫਿਰ ਕੁੱਝ ਮਿਲ ਜਾਣ ਤੇ ਚੁੱਪ ਵੀ ਹੋ ਜਾਂਦੇ ਹਨ। ਇਹੀ ਹਾਲ ਪੰਜਾਬ ਦੀਆਂ ਤਿੰਨੇ ਪਾਰਟੀਆਂ ਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਤਾਂ ਠੀਕ ਹੈ ਕਿ ਜਿਹੜਾ ਢੀਂਡਸਾ ਪ੍ਰਵਾਰ ਪਿਛਲੇ 30 ਸਾਲਾਂ ਵਿਚ ਹਾਰਿਆ ਜ਼ਿਆਦਾ ਹੈ ਅਤੇ ਜਿਤਿਆ ਘੱਟ, ਉਸ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਣ ਤੋਂ ਬਿਨਾਂ ਹੋਰ ਕੀ ਕੀਤਾ ਜਾ ਸਕਦਾ ਸੀ? ਪਰ ਇਹੀ ਤਾਂ ਸਿਆਸਤ ਹੈ ਕਿ ਜੋ ਮਿਲਿਆ ਸੋ ਥੋੜਾ ਅਤੇ ਜੋ ਕੀਤਾ ਉਹ ਮਿਲੇ ਨਾਲੋਂ ਵੱਡਾ। ਢੰਡੋਰਾ ਕੀਤੇ ਦਾ ਫੇਰਿਆ ਜਾਂਦਾ ਹੈ, ਮਿਲੇ ਦਾ ਨਹੀਂ। ਵਿਰੋਧੀ ਧਿਰਾਂ ਕੋਲ ਤਾਂ ਦੋ ਸਾਲ ਦਾ ਸਮਾਂ ਹੈ

ਆਪੋ-ਅਪਣੀਆਂ ਪਾਰਟੀਆਂ ਨੂੰ ਸੰਭਾਲਣ ਲਈ ਪਰ ਕੈਪਟਨ ਅਮਰਿਦਰ ਸਿੰਘ ਕੋਲ ਅਪਣੀ ਸਰਕਾਰ ਅਤੇ ਮੰਤਰੀਆਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਦੋ ਦਿਨਾਂ ਦੀ ਦੇਰ ਵੀ ਜ਼ਿਆਦਾ ਹੈ। ਭਾਵੇਂ ਖ਼ਾਸਮ-ਖ਼ਾਸਾਂ ਦਾ ਪੱਖ ਪੂਰਿਆ ਜਾਇਜ਼ ਦਸਣਾ ਹੋਵੇ, ਭਾਵੇਂ ਅਫ਼ਸਰਸ਼ਾਹੀ ਨੂੰ ਕਾਬੂ ਕਰਨਾ ਹੋਵੇ, ਭਾਵੇਂ ਨਵਜੋਤ ਸਿੰਘ ਸਿੱਧੂ ਵਰਗੇ ਆਗੂਆਂ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਹੋਵੇ ਜਾਂ ਲੋਕ-ਦਰਬਾਰ ਲਾ ਕੇ ਪੰਜਾਬ ਦੀ ਜਨਤਾ ਦੀ ਸੁਣਨੀ ਹੋਵੇ, ਹਰ ਕਦਮ ਬਿਜਲੀ ਦੀ ਰਫ਼ਤਾਰ ਨਾਲ ਕਰਨ ਦੀ ਜ਼ਰੂਰਤ ਹੈ। ਜਿੰਨੀ ਸਰਕਾਰ ਲੀਰੋ-ਲੀਰ ਹੁੰਦੀ ਹੈ, ਅਸਲ ਵਿਚ ਓਨਾ ਹੀ ਲੀਰੋ-ਲੀਰ ਹੁੰਦਾ ਹੈ ਪੰਜਾਬ ਦਾ ਅੱਜ ਅਤੇ ਪੰਜਾਬ ਦਾ ਕਲ। -ਨਿਮਰਤ ਕੌਰ