ਵਿਗਿਆਨਕ ਖੋਜਾਂ ਜਦ ਮਨੁੱਖੀ ਦਿਮਾਗ਼ ਨੂੰ ਬਹੁਤ ਛੋਟਾ ਤੇ ਬੇਕਾਰ ਜਿਹਾ ਅੰਗ ਬਣਾ ਦੇਂਦੀਆਂ ਹਨ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤਾਜ਼ਾ ਮਿਸਾਲ ਹੈ ਚੈਟ ਜੀਪੀਟੀ ਦੀ

photo

 

ਬਨਾਵਟੀ ਗਿਆਨ (artifical intelligence) ਦੀ ਦੁਨੀਆਂ ਵਿਚ ਇਕ ਨਵੀਂ ਕਾਢ ਨੇ ਬੜੀ ਵੱਡੀ ਤਰਥੱਲੀ ਮਚਾਈ ਹੋਈ ਹੈ। ਇਸ ਦਾ ਨਾਮ ਹੈ ਚੈਟ ਜੀਪੀਟੀ ਤੇ ਤੁਸੀ ਜੇ ਇਹ ਲੇਖ ਪੜ੍ਹ ਕੇ ਇਸ ਦੀ ਮੈਂਬਰਸ਼ਿਪ ਲੈਣਾ ਚਾਹੁੰਦੇ ਹੋ ਤਾਂ ਹੁਣ ਇਹ ਮੁਮਕਿਨ ਹੀ ਨਹੀਂ ਕਿਉਂਕਿ ਇਸ ਨਵੀਂ ਖੋਜ ਤੇ ਜਾਣਕਾਰੀ ਸਾਧਨ ਦੇ ਸ਼ੁਰੂ ਹੋਣ ਦੇ ਇਕ ਹਫ਼ਤੇ ’ਚ ਇਸ ਦੇ ਕਰੋੜਾਂ ਮੈਂਬਰ ਬਣ ਗਏ ਤੇ ਹੁਣ ਉਹਨਾਂ ਕੋਲ ਹੋਰ ਲੋਕਾਂ ਵਾਸਤੇ ਥਾਂ ਹੀ ਕੋਈ ਨਹੀਂ। ਭਵਿੱਖ ਵਿਚ ਜਦ ਕਦੇ ਇਹ ਖੁਲ੍ਹੇਗੀ ਤਾਂ ਇਸ ਲਈ 20 ਡਾਲਰ ਦੀ ਮਾਸਕ ਫ਼ੀਸ ਵੀ ਦੇਣੀ ਪਵੇਗੀ। 

ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਕਈ ਲੋਕਾਂ ਦਾ ਕੰਮ ਕੁੱਝ ਹੀ ਪਲਾਂ ਵਿਚ ਕਰ ਸਕਦੀ ਹੈ। ਜਦੋਂ ਤੁਹਾਨੂੰ ਕਿਸੇ ਵਿਸ਼ੇ ’ਤੇ ਖੋਜ ਕਰਨੀ ਪਵੇ ਤਾਂ ਪਹਿਲਾਂ ਅਪਣੀ ਯਾਦਾਸ਼ਤ ’ਚੋਂ ਮਿਲਦੇ ਜੁਲਦੇ ਨਾਮ ਅਤੇ ਸਿਰਲੇਖ ’ਤੇ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸਨ। ਫਿਰ ਗੂਗਲ ਆਇਆ ਜਿਸ ’ਤੇ ਬੈਠ ਕੇ ਖੋਜ ਕਰਨੀ ਪੈਂਦੀ ਸੀ ਪਰ ਚੈਟ ਜੀਪੀਟੀ ਤੇ ਖੋਜ ਆਧਾਰਤ ਟਿਪਣੀ ਆ ਜਾਂਦੀ ਹੈ ਯਾਨੀ ਕਿ ਇਹ ਖੋਜ ਕਰ ਕੇ ਅਪਣੀ ਸਮਝ ਮੁਤਾਬਕ ਸਿਰਲੇਖ ਵੀ ਬਣਾ ਲੈਂਦਾ ਹੈ। ਇਸ ’ਤੇ ਖ਼ਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਵਿਚਾਰ ਪੁੱਛੋ ਤਾਂ ਇਹ ਸਾਡੇ ਸਿਆਣਿਆਂ ਤੋਂ ਬਿਹਤਰ ਸਮਝਦਾਰੀ ਨਾਲ ਵਿਚਾਰ ਪੇਸ਼ ਕਰਦਾ ਹੈ। ਇਹੀ ਨਹੀਂ ਤੁਸੀ ਲਿਖੋ ਕਿ ਮੈਨੂੰ ਐਸੀ ਤਸਵੀਰ ਚਾਹੀਦੀ ਹੈ, ਤਾਂ ਉਸੇ ਤਰ੍ਹਾਂ ਦੀ ਤਸਵੀਰ ਨਵੇਂ ਸਿਰੇ ਤੋਂ ਬਣਾ ਦਿੰਦਾ ਹੈ। ਹੁਣ ਇਸ ਨਾਲ ਬੜੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ ਕਿਉਂਕਿ ਇਹ 20 ਡਾਲਰ ਯਾਨੀ 16 ਸੌ ਰੁਪਏ ਵਿਚ ਸਾਰਾ ਦਿਨ ਇਕ ਬੰਦੇ ਦੇ ਹੁਕਮਾਂ ਤੇ ਸਾਰੇ ਦਫ਼ਤਰ ਦਾ ਕੰਮ ਕਰ ਸਕਦਾ ਹੈ।

 

ਇਸ ਨਾਲ ਵਿਦਿਆਰਥੀਆਂ ਦਾ ਕੰਮ ਆਸਾਨ ਹੋ ਗਿਆ ਹੈ ਕਿਉਂਕਿ ਮਿੰਟਾਂ ਵਿਚ ਵਧੀਆ ਖੋਜ ਭਰਪੂਰ ਲੇਖ ਉਹਨਾਂ ਦੇ ਹੱਥ ਵਿਚ ਆ ਜਾਂਦੇ ਹਨ। ਇਕ ਨਾਮੀ ਫ਼ਿਲਾਸਫ਼ਰ ਨੋਮ ਚੋਮਸਕੀ (Noam 3homsky) ਦੇ ਮੁਤਾਬਕ ਇਸ ਨਾਲ ਵਿਦਿਆਰਥੀਆਂ ਨੂੰ ਨਾ ਸਿਖਣ ਦਾ ਰਸਤਾ ਮਿਲ ਜਾਵੇਗਾ ਤੇ ਇਹ ਸਿਖਿਆ ਸਿਸਟਮ ਦੀ ਹਾਰ ਹੈ ਤੇ ਕਈ ਯੂਨੀਵਰਸਟੀਆਂ ਨੇ ਇਸ ’ਤੇ ਪਾਬੰਦੀ ਵੀ ਲਗਾ ਦਿਤੀ ਹੈ। ਪਰ ਫਿਰ ਵੀ ਇਹ ਵਧੀ ਹੀ ਜਾ ਰਿਹਾ ਹੈ ਜਿਸ ਤੋਂ ਲਗਦਾ ਹੈ ਕਿ ਸਾਰੇ ਇਸ ਦਾ ਫ਼ਾਇਦਾ ਲੈਣ ਬਾਰੇ ਸੋਚ ਰਹੇ ਹਨ ਨਾ ਕਿ ਅਪਣੀ ਘੱਟ ਹੁੰਦੀ ਜਾ ਰਹੀ ਬੁੱਧੀ ਬਾਰੇ ਵੀ ਫ਼ਿਕਰਮੰਦ ਹਨ।

ਪਰ ਹੁਣ ਔਖਾ ਰਸਤਾ ਕੌਣ ਚੁਣਦਾ ਹੈ? ਕਦੇ ਫ਼ੋਨ ਨੰਬਰ ਜ਼ਬਾਨੀ ਯਾਦ ਹੁੰਦੇ ਸਨ ਤੇ ਹੁਣ ਅਪਣੇ ਪਾਸਵਰਡ ਵੀ ਭੁੱਲ ਜਾਂਦੇ ਹਾਂ। ਐਲਨ ਮਸਕ ਨੇ ਇਸ ਬਾਰੇ ਚੇਤਾਵਨੀ ਦਿਤੀ ਹੈ ਤੇ ਆਖਿਆ ਹੈ ਕਿ ਇੰਜ ਲੱਗ ਰਿਹਾ ਹੈ ਕਿ ‘ਦੁਨੀਆਂ ਦਾ ਅੰਤ’ ਨਾਮ ਦੀ ਖੇਡ ਹੁਣ ਹਕੀਕਤ ਬਣ ਰਹੀ ਹੈ। ਇਹ ਉਨ੍ਹਾਂ ਉਦੋਂ ਆਖਿਆ ਜਦ ਚੈਟ ਜੀਪੀਟੀ ਨਾਲ ਗੱਲ ਕਰਦਿਆਂ ਉਸ ਨੇ ਇਕ ਵਿਅਕਤੀ ਨੂੰ ਆਖਿਆ ਕਿ ਚੈਟ ਜੀਪੀਟੀ ਕਦੇ ਗ਼ਲਤ ਨਹੀਂ ਹੋ ਸਕਦਾ ਕਿਉਂਕਿ ਉਹ ਬਿਲਕੁਲ ਸਹੀ ਹੈ।
ਕਦੇ ਲੋੋਕ ਅਸਮਾਨ ’ਤੇ ਉਡਣ ਦੇ ਸੁਪਨੇ ਵੇਖਣ ਵਾਲਿਆਂ ਉਤੇ ਹਸਦੇ ਸਨ ਪਰ ਅੱਜ ਤਾਂ ਇਨਸਾਨ ਚੰਨ ’ਤੇ ਅਤੇ ਬਾਕੀ ਟਾਪੂਆਂ ਤੇ ਘਰ ਬਣਾਉਣ ਦੀ ਗੱਲ ਨੂੰ ਬੜੀ ਸੰਜੀਦਗੀ ਨਾਲ ਲੈ ਰਿਹਾ ਹੈ।

ਕਈ ਆਖਦੇ ਹਨ ਕਿ ਜਦ ਰੋਬੋਟ ਦੀ ਆਰਟੀਫ਼ੀਸ਼ਲ ਇੰਟੈਲੀਜੈਂਸ ਨੂੰ ਲੋੜ ਹੀ ਨਹੀਂ ਪਵੇਗੀ ਤਾਂ ਫਿਰ ਉਹ ਆਦਮੀ ਤੇ ਕਾਬੂ ਪਾ ਲਵੇਗਾ। ਮਸ਼ੀਨਾਂ ਨੂੰ ਇਨਸਾਨ ਦੀ ਮਦਦ ਵਾਸਤੇ ਬਣਾਇਆ ਗਿਆ ਸੀ ਪਰ ਹਰ ਸਮੇਂ ਕਿਹਾ ਜਾਂਦਾ ਰਿਹਾ ਹੈ ਕਿ ਇਨਸਾਨ ਦੀ ਸੱਭ ਤੋਂ ਵੱਡੀ ਕਾਬਲੀਅਤ ਉਸ ਦਾ ਦਿਮਾਗ਼ ਹੈ ਜੋ ਕਿਸੇ ਹੋਰ ਕੋਲ ਨਹੀਂ ਹੈ। ਪਰ ਹੁਣ ਉਸੇ ਦਿਮਾਗ਼ ਨੂੰ ਇਨਸਾਨ ਨੇ ਆਪ ਮਸ਼ੀਨਾਂ ਵਿਚ ਪਾ ਦਿਤਾ ਹੈ। ਕੀ ਇਕ ਦਿਨ ਇਨਸਾਨ ਮਸ਼ੀਨ ਦਾ ਗ਼ੁਲਾਮ ਬਣ ਸਕਦਾ ਹੈ? ਦਿਮਾਗ਼ ਨੂੰ ਚਕ੍ਰਿਤ ਕਰਨ ਵਾਲੀਆਂ ਚੀਜ਼ਾਂ ਦਿਮਾਗ਼ ਨੂੰ ਪਹਿਲਾਂ ਵੀ ਬੇਕਾਰ ਬਣਾਉਣ ਦੇ ਰਾਹ ਪਈਆਂ ਹੀ ਹੋਈਆਂ ਸਨ। ਅੰਤ ਕੀ ਹੋਵੇਗਾ, ਮਨੁੱਖੀ ਦਿਮਾਗ਼ ਤਾਂ ਨਹੀਂ ਦਸ ਸਕਦਾ।                            - ਨਿਮਰਤ ਕੌਰ