ਨਿਊਜ਼ੀਲੈਂਡ ਦੀ ਮਸਜਿਦ ਵਿਚ ਗੋਰੇ ਅਤਿਵਾਦੀ ਦਾ ਹੈਵਾਨੀ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਨਫ਼ਰਤ ਦੀ ਖ਼ੂਨੀ ਖੇਡ ਖੇਡੀ ਜਾਣੀ ਚਿੰਤਾ ਦਾ ਵਿਸ਼ਾ ਹੈ। ਅੱਜ ਮੁਸਲਮਾਨਾਂ ਲਈ ਹਨੇਰ ਦਾ ਉਹ ਸਮਾਂ ਚਲ ਰਿਹਾ ਹੈ ਜੋ ਕਦੇ ਅਫ਼ਰੀਕੀ...

New Zealand Mosque attack

ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਨਫ਼ਰਤ ਦੀ ਖ਼ੂਨੀ ਖੇਡ ਖੇਡੀ ਜਾਣੀ ਚਿੰਤਾ ਦਾ ਵਿਸ਼ਾ ਹੈ। ਅੱਜ ਮੁਸਲਮਾਨਾਂ ਲਈ ਹਨੇਰ ਦਾ ਉਹ ਸਮਾਂ ਚਲ ਰਿਹਾ ਹੈ ਜੋ ਕਦੇ ਅਫ਼ਰੀਕੀ ਦੇਸ਼ਾਂ ਨੇ ਵੇਖਿਆ ਸੀ। ਨਿਊਜ਼ੀਲੈਂਡ ਟਾਪੂ ਵਿਚ ਨਫ਼ਰਤ ਦੀ ਇਹ ਪ੍ਰਦਰਸ਼ਨੀ ਦਰਸਾਉਂਦੀ ਹੈ ਕਿ ਨਫ਼ਰਤ ਫੈਲਾਣੀ ਕਿੰਨੀ ਆਸਾਨ ਹੁੰਦੀ ਹੈ। ਬੰਦੂਕ ਚਲਾਉਣ ਵਾਲੇ ਬਰੈਨਟਨ ਟਾਰੈਂਟ ਦਾ ਕਹਿਣਾ ਹੈ ਕਿ ਉਹ ਵਿਖਾਉਣਾ ਚਾਹੁੰਦਾ ਸੀ ਕਿ ਦੁਨੀਆਂ ਦਾ ਕੋਈ ਵਿਅਕਤੀ ਹੁਣ ਸੁਰੱਖਿਅਤ ਨਹੀਂ ਰਿਹਾ ਅਤੇ ਇਸ ਕਰ ਕੇ ਉਸ ਨੇ ਇਸ ਸ਼ਾਂਤ, ਸੁਰੱਖਿਅਤ ਧਰਤੀ ਉਤੇ ਜੰਨਤ ਦੇ ਪ੍ਰਤੀਕ ਇਸ ਟਾਪੂ ਨੂੰ ਚੁਣਿਆ। ਪਰ ਮੁਸਲਮਾਨਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ?

ਕਿਸੇ ਤਿੰਨ ਸਾਲ ਦੇ ਬੱਚੇ ਉਤੇ ਗੋਲੀਆਂ ਚਲਾ ਕੇ ਅਪਣਾ ਨਜ਼ਰੀਆ ਸਿੱਧ ਕਰਨ ਵਾਲਾ ਟਾਰੈਂਟ ਵੱਡੇ ਵੱਡੇ ਹੈਵਾਨਾਂ ਨੂੰ ਪਿੱਛੇ ਛੱਡ ਗਿਆ। ਪਰ ਇਸ ਤੋਂ ਵੀ ਹੋਰ ਚਿੰਤਾਜਨਕ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਦੁਨੀਆਂ ਦੇ ਕੋਨੇ ਕੋਨੇ 'ਚੋਂ ਕਈ ਲੋਕ ਇਸ ਹੈਵਾਨ ਦੀ ਹਮਾਇਤ ਅਤੇ ਤਾਰੀਫ਼ ਕਰ ਰਹੇ ਹਨ। ਗੋਲੀਆਂ ਚਲਾਉਂਦੇ ਇਸ ਹੈਵਾਨ ਨੇ ਅਪਣੇ ਸਾਰੇ ਕਾਰਨਾਮੇ ਨੂੰ ਫ਼ੇਸਬੁੱਕ ਰਾਹੀਂ ਦੁਨੀਆਂ ਨਾਲ ਸਾਂਝਾ ਕੀਤਾ। ਇਸ ਨੂੰ ਭਾਵੇਂ ਫ਼ੇਸਬੁੱਕ ਨੇ ਹੁਣ ਹਟਾ ਦਿਤਾ ਹੈ ਪਰ ਇਸ ਤੋਂ ਪਹਿਲਾਂ ਉਸ ਨੂੰ ਦੁਨੀਆਂ ਦੇ ਲੋਕਾਂ ਨੇ ਵੇਖਿਆ ਅਤੇ ਦਰਦ ਵਿਚ ਕੁਰਲਾਏ ਵੀ ਪਰ ਤਾੜੀਆਂ ਵਜਾਉਣ ਵਾਲੇ ਵੀ ਘੱਟ ਨਹੀਂ ਸਨ। 

ਇਸ ਹਮਲਾਵਰ ਦਾ ਸਮਰਥਨ ਕਰਨ ਵਾਲੇ ਕੁੱਝ ਲੋਕਾਂ ਨੂੰ ਇੰਗਲੈਂਡ ਦੀ ਸਰਕਾਰ ਵਲੋਂ ਹਿਰਾਸਤ 'ਚ ਵੀ ਲਿਆ ਗਿਆ ਹੈ ਪਰ ਭਾਰਤ ਵਿਚ ਤਾਂ ਇਹ ਲੋਕ ਬੇਕਾਬੂ ਹੋ ਕੇ ਅਪਣੀਆਂ ਫ਼ਿਰਕੂ ਟਿਪਣੀਆਂ ਜਾਰੀ ਰੱਖ ਰਹੇ ਹਨ। ਫ਼ੇਸਬੁੱਕ ਉਤੇ ਇਕ ਮੁੰਡੇ ਨੇ ਟਿਪਣੀ ਕਰ ਕੇ ਕਿਹਾ ਕਿ ਅੱਜ ਨਿਊਜ਼ੀਲੈਂਡ ਵਿਚ 49 ਨਵੇਂ ਬਣਨ ਵਾਲੇ ਅਤਿਵਾਦੀ ਮਾਰ ਦਿਤੇ ਗਏ। ਇਸ ਖ਼ਿਆਲ ਨੂੰ ਹੱਲਾਸ਼ੇਰੀ ਦੇਣ ਵਾਲੇ ਇਹ ਵੀ ਕਹਿ ਗਏ ਕਿ ਕਸ਼ਮੀਰ ਦੇ ਮੁਸਲਮਾਨ ਵੀ ਚੌਕਸ ਹੋ ਜਾਣ। 

ਇਸ ਤਰ੍ਹਾਂ ਦੇ ਵਿਚਾਰਾਂ ਨੂੰ ਵੇਖ ਕੇ ਦੁਨੀਆਂ ਵਿਚ ਵਧਦੀ ਹੈਵਾਨੀਅਤ ਉਤੇ ਸ਼ਰਮ ਤਾਂ ਮਹਿਸੂਸ ਹੁੰਦੀ ਹੈ ਪਰ ਜਿਹੜੀ ਗੱਲ ਸਮਝ ਵਿਚ ਨਹੀਂ ਆਉਂਦੀ, ਉਹ ਇਹ ਹੈ ਕਿ ਆਖ਼ਰ ਕਿਉਂ ਇਹ ਲੋਕ ਅਪਣੇ ਆਪ ਨੂੰ ਮੁਸਲਮਾਨਾਂ ਤੋਂ ਵਧੀਆ ਮੰਨਦੇ ਹਨ? ਮੁਸਲਮਾਨਾਂ ਪ੍ਰਤੀ ਦਹਾਕਿਆਂ ਤੋਂ ਪਲਰ ਰਹੀ ਨਫ਼ਰਤ ਕਿਸੇ ਨਾ ਕਿਸੇ ਕਾਰਨ ਕਰ ਕੇ ਵਧਦੀ ਜਾ ਰਹੀ ਹੈ। ਅਮਰੀਕਾ ਤੋਂ ਤੇਲ ਦੀ ਜੰਗ ਉਸਾਮਾ ਬਿਨ ਲਾਦੇਨ ਨਾਲ ਸ਼ੁਰੂ ਹੋਈ। ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਕਿੰਨੀਆਂ ਹੀ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਵੀ ਰੋਹਿੰਗਿਆ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਪ੍ਰਵਾਨ ਨਹੀਂ ਕਰ ਸਕੀ। ਮੁਸਲਮਾਨਾਂ ਵਾਸਤੇ ਨਫ਼ਰਤ ਇਸ ਕਦਰ ਤੇਜ਼ ਸਾਬਤ ਹੋਈ ਕਿ ਬੁੱਧ ਧਰਮ ਦੇ ਪੈਰੋਕਾਰ, ਜੋ ਕਿ ਇਕ ਕੀੜੀ ਨੂੰ ਮਾਰਨ ਤੋਂ ਪਹਿਲਾਂ ਵੀ ਸੌ ਵਾਰੀ ਸੋਚਣਗੇ, ਮੁਸਲਮਾਨਾਂ ਨੂੰ ਇਕ ਅੱਗ ਦੇ ਖੱਡੇ ਵਿਚ ਸੁਟ ਕੇ ਜ਼ਿੰਦਾ ਸਾੜਨ ਵਿਚ ਮਜ਼ਾ ਲੈਂਦੇ ਹਨ। 

ਭਾਰਤ ਵਿਚ ਧਰਮਨਿਰਪੱਖਤਾ ਦੀਆਂ ਧੱਜੀਆਂ ਉਡਾ ਕੇ ਮੁਸਲਮਾਨਾਂ ਦੇ ਰਹਿਣ-ਸਹਿਣ, ਖਾਣ-ਪੀਣ ਤੇ ਉਨ੍ਹਾਂ ਦੇ ਆਰਥਕ ਵਜੂਦ ਉਤੇ ਹਾਵੀ ਹੋਣ ਦੀ ਲਹਿਰ ਚਲ ਰਹੀ ਹੈ। ਕਸ਼ਮੀਰ ਵਿਚ ਇਸ ਅੱਗ ਨੂੰ ਫੈਲਾਇਆ ਜਾ ਰਿਹਾ ਹੈ ਜਿਸ ਦਾ ਸੇਕ ਭਾਰਤ ਦੇ ਕੋਨੇ ਕੋਨੇ ਵਿਚ ਦਿਸ ਰਿਹਾ ਹੈ। ਇਨ੍ਹਾਂ ਨਫ਼ਰਤ ਦੇ ਵਣਜਾਰਿਆਂ ਨੂੰ ਸਮਝਣ ਦੀ ਬਜਾਏ ਸ਼ਾਇਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਵਲ ਧਿਆਨ ਦੇਣਾ ਬਿਹਤਰ ਹੋਵੇਗਾ। ਉਨ੍ਹਾਂ ਨੂੰ ਅਪਣੇ ਦੇਸ਼ ਵਿਚ ਨਫ਼ਰਤ ਨੂੰ ਕਮਜ਼ੋਰ ਕਰਨ ਲਈ ਪੀੜਤਾਂ ਦੇ ਗਲ ਲੱਗ ਕੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ। 

ਜੇਹਾਦ ਦੀ ਜਿਸ ਲੜਾਈ ਨੂੰ ਦੁਨੀਆਂ ਦੇ ਤਾਕਤਵਰਾਂ ਨੇ ਕੁੱਝ ਆਰਥਕ ਫ਼ਾਇਦਿਆਂ ਵਾਸਤੇ ਸ਼ੁਰੂ ਕੀਤਾ ਸੀ, ਅੱਜ ਉਸ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਫ਼ੈਜ਼ਲ ਸ਼ਾਹ ਵਰਗੇ ਨੌਜੁਆਨ ਸਿਆਸਤ ਵਿਚ ਆਉਣੇ ਜ਼ਰੂਰੀ ਹਨ ਤਾਕਿ ਉਹ ਮੁਸਲਮਾਨਾਂ ਉਤੇ ਲੱਗੇ ਅਤਿਵਾਦ ਦੇ ਧੱਬੇ ਨੂੰ ਮਿਟਾ ਸਕਣ। ਮੁੱਠੀ ਭਰ ਅਤਿਵਾਦੀ, ਜੋ ਕਿ ਜੇਹਾਦ ਲਫ਼ਜ਼ ਦਾ ਪ੍ਰਯੋਗ ਕਰ ਰਹੇ ਹਨ, ਦੁਨੀਆਂ ਦੇ 24.1% ਲੋਕਾਂ ਦੀ ਪਛਾਣ ਨਹੀਂ ਬਣ ਸਕਦੇ। ਇਸਲਾਮ ਧਰਮ ਦੀ ਰਾਖੀ ਲਈ ਵੀ ਅਪਣੇ ਅਕਸ ਨੂੰ ਸੁਧਾਰਨ ਦੀ ਪਹਿਲ ਕਰਨ ਦੀ ਵੀ ਜ਼ਰੂਰਤ ਹੈ, ਖ਼ਾਸ ਤੌਰ ਤੇ ਜਿਥੇ ਉਨ੍ਹਾਂ ਦੇ ਧਰਮ 'ਚੋਂ ਔਰਤ ਵਿਰੋਧੀ ਜਾਂ ਪਿਛੜੀ ਸੋਚ ਨੂੰ ਬਲ ਦੇਂਦੀਆਂ ਰੀਤਾਂ ਦੀ ਗੱਲ ਸਾਹਮਣੇ ਆਉਂਦੀ ਹੈ। ਮੁਸਲਮਾਨ ਕੌਮ ਲਈ ਇਮਤਿਹਾਨ ਦੀ ਘੜੀ ਹੈ ਕਿ ਉਹ ਕਿਵੇਂ ਅਪਣੇ ਆਪ ਨੂੰ ਇਨ੍ਹਾਂ ਹੈਵਾਨਾਂ ਤੋਂ ਉੱਚੀ ਅਤੇ ਚੰਗੀ ਸਾਬਤ ਕਰ ਸਕਣ।  - ਨਿਮਰਤ ਕੌਰ