ਅਸੀਂ ਗੁਰੂ ਤੇ ਪੰਥ ਨਾਲ ਦਗ਼ਾ ਕਮਾਉਣ ਵਾਲਿਆਂ ਦੇ ਨਾਲ ਖੜੇ ਨਹੀਂ ਹੋ ਸਕਦੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਗੱਲ ਸੰਕੇਤ ਦਿੰਦੀ ਹੈ ਕਿ ਉਹ ਜਾਣਦੇ ਸਨ ਕਿ ਕੁੱਝ ਮਾੜਾ ਹੋਣ ਜਾ ਰਿਹਾ ਹੈ ਤੇ ਉਹ ਅਪਣੀ ਗਵਾਹੀ ਦੇਣੋਂ ਬਚਣ ਵਾਸਤੇ ਬਾਹਰ ਭੱਜ ਗਏ

We cannot stand with those who cheated the Guru and Panth

 

ਫ਼ਰੀਦਕੋਟ ਦੀ ਅਦਾਲਤ ਨੇ ਜਦ ਸਾਬਕਾ ਉਪ ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਅਦਾਲਤ ਨੇ ਇਸ ਬਾਰੇ ਜੋ ਟਿਪਣੀ ਕੀਤੀ, ਉਸ ਨੂੰ ਪੜ੍ਹ ਕੇ ਮਨ ਉਚਾਟ ਜਿਹਾ ਹੋ ਗਿਆ। ਅੱਜ ਤਕ ਸੁਖਬੀਰ ਬਾਦਲ ਨੇ ਵਾਰ ਵਾਰ ਇਹ ਬਿਆਨ ਦਿਤਾ ਹੈ ਕਿ ਉਹ ਦੇਸ਼ ਵਿਚ ਨਹੀਂ ਸਨ ਜਿਸ ਦਿਨ ਬਹਿਬਲ ਕਲਾਂ ਵਿਚ ਸ਼ਾਂਤਮਈ ਤੇ ਨਿਹੱਥੇ ਸਿੰਘਾਂ ਉਤੇ ਗੋਲੀਆਂ ਚਲਾਈਆਂ ਗਈਆਂ। ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਐਸ.ਐਸ.ਪੀ. ਉਮਰਾਨੰਗਲ ਦੀ ਕਿਸੇ ਗੱਲ ਤੇ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਨੇ ਜਦ ਵਰਦੀ ਪਾ ਲਈ ਤਾਂ ਇਨ੍ਹਾਂ ਨੇ ਉਪਰਲਿਆਂ ਅਥਵਾ ਹਾਕਮਾਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਹੀ ਹੁੰਦੀ ਹੈ।

ਪਰ ਕਲ ਦੇ ਅਦਾਲਤੀ ਫ਼ੈਸਲੇ ਵਿਚੋਂ ਜੋ ਗੱਲ ਸਾਫ਼ ਹੁੰਦੀ ਹੈ, ਉਹ ਇਹ ਹੈ ਕਿ ਸੁਖਬੀਰ ਬਾਦਲ ਦੇਸ਼ ਤੋਂ ਬਾਹਰ ਨਹੀਂ ਸਨ।  ਅਦਾਲਤ ਦੇ ਆਰਡਰ ਵਿਚ ਇਹ ਲਿਖਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ 12 ਤਕ ਪੰਜਾਬ ਵਿਚ ਸਨ ਤੇ ਉਸ ਤੋਂ ਬਾਅਦ ਗੁੜਗਾਉਂ ਗਏ। ਜਦ ਪੰਜਾਬ ਦਾ ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਚੁੱਕਾ ਸੀ ਤਾਂ ਗ੍ਰਹਿ ਮੰਤਰੀ ਦਾ ਸੂਬੇ ਤੋਂ ਬਾਹਰ ਜਾਣਾ ਸ਼ੱਕ ਪੈਦਾ ਕਰਦਾ ਹੈ। ਆਖ਼ਰ ਕੋਈ ਜ਼ਿਮੇਵਾਰ ਆਗੂ ਤਾਂ ਅਪਣੇ ਸੂਬੇ ਨੂੰ ਮੁਸ਼ਕਲ ਵਿਚ ਵੇਖ ਕੇ ਇਸ ਤਰ੍ਹਾਂ ਨਹੀਂ ਦੌੜਦਾ ਤੇ ਜੇ ਉਹ 13 ਨੂੰ ਬਾਹਰ ਗਏ ਤਾਂ ਕਿਉਂ?

ਇਹ ਗੱਲ ਸੰਕੇਤ ਦਿੰਦੀ ਹੈ ਕਿ ਉਹ ਜਾਣਦੇ ਸਨ ਕਿ ਕੁੱਝ ਮਾੜਾ ਹੋਣ ਜਾ ਰਿਹਾ ਹੈ ਤੇ ਉਹ ਅਪਣੀ ਗਵਾਹੀ ਦੇਣੋਂ ਬਚਣ ਵਾਸਤੇ ਬਾਹਰ ਭੱਜ ਗਏ ਤਾਕਿ ਬਾਅਦ ਵਿਚ ਆਖ ਸਕਣ ਕਿ ਉਹ ਤਾਂ ਉਥੇ ਸਨ ਹੀ ਨਹੀਂ। ਇਸੇ ਤਰ੍ਹਾਂ 1985 ਤੋਂ ਲੈ ਕੇ 2019 ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹਰ 6 ਜੂਨ ਨੂੰ ਦਿੱਲੀ ਜਾ ਕੇ ਫ਼ੌਜ ਵਲੋਂ ਸਾਕਾ ਨੀਲਾ ਤਾਰਾ ਦੌਰਾਨ ਜ਼ਬਤ ਕੀਤੇ ਗ੍ਰੰਥਾਂ ਦੀ ਮੰਗ ਰੱਖਣ ਜਾਂਦੇ ਰਹੇ ਜਦ ਤਕ ਕਿ ਅਖ਼ੀਰ 2019 ਵਿਚ ਫ਼ੌਜ ਨੇ ਐਲਾਨ ਨਾ ਕਰ ਦਿਤਾ ਕਿ ਸਾਰਾ ਸਮਾਨ (ਸਿਵਾਏ ਇਕ ਖ਼ਾਲਿਸਤਾਨ ਬਾਰੇ ਕਿਤਾਬ ਤੇ ਇਕ ਨਿੱਜੀ ਡਾਇਰੀ ਦੇ) 1985 ਵਿਚ ਵਾਪਸ ਕਰ ਦਿਤਾ ਗਿਆ ਸੀ।  ਪਰ ਉਹ ਹਥ ਲਿਖਤ ਗ੍ਰੰਥ ਅੱਜ ਵੀ ਕਿਸੇ ਨੂੰ ਨਹੀਂ ਪਤਾ ਕਿ ਕਿਸ ਕੋਲ ਹਨ ਅਤੇ ਸੱਭ ਕੁੱਝ ਜਾਣਦੇ ਹੋਏ ਵੀ ਸੁਖਬੀਰ ਬਾਦਲ ਵਲੋਂ ਵੀ ਇਲਜ਼ਾਮ ਫ਼ੌਜ ਤੇ ਹੀ ਲਗਾਏ ਗਏ।   

ਅੱਜ ਕਲ ਅਕਾਲੀ ਦਲ ਦੀ ਮੀਡੀਆ ਟੀਮ ਨੇ ਇਕ ਮੁਹਿਮ ਸ਼ੁਰੂ ਕੀਤੀ ਹੈ (ਕਿਉਂਕਿ ਮੇਰੇ ਨਾਲ ਇਕ ਇੰਟਰਵਿਊ ਵਿਚ ਦੀਪ ਸਿੱਧੂ ਦੀ ਮੰਗੇਤਰ ਨੇ ਦਾਅਵਾ ਕੀਤਾ ਸੀ ਕਿ ਦੀਪ ਸਿੱਧੂ ਦੀ ਮੌਤ ਇਕ ਐਕਸੀਡੈਂਟ ਸੀ ਤੇ ਉਸ ਦੀ ਮੰਗੇਤਰ ਅਨੁਸਾਰ ਉਹ ਸ਼ਹੀਦ ਨਹੀਂ ਸੀ)। ਏਨੀ ਕੁ ਗੱਲ ਉਤੇ ਉਹ ਮੈਨੂੰ ਯਾਦ ਕਰਵਾਉਂਦੇ ਹਨ ਕਿ ਮੈਂ ਇਕ ਤਨਖ਼ਾਹੀਏ ਦੀ ਧੀ ਹਾਂ ਤੇ ਹਰ ਥਾਂ ਮੇਰੇ ਪਿਤਾ ਖ਼ਿਲਾਫ਼ ਹੁਕਮਨਾਮਾ ਵਿਖਾਉਂਦੇ ਹਨ। ਉਹ ਇਹ ਨਹੀਂ  ਦਸਦੇ ਕਿ ਮੇਰੇ ਪਿਤਾ ਨੂੰ ਤਨਖ਼ਾਹ ਲਾਉਣ ਵਾਲੇ ਕੌਣ ਸਨ? ਉਹੀ ਸਨ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਕਹਿਣ ’ਤੇ ਸੌਦਾ ਸਾਧ ਨੂੰ ਮਾਫ਼ ਕੀਤਾ ਸੀ ਜਦਕਿ 50-50 ਹਜ਼ਾਰ ਗੁਰਸਿੱਖਾਂ ਨੇ ਇਕੱਤਰ ਹੋ ਕੇ ਤੇ ਜਲੂਸ ਕੱਢ ਕੇ ਰੋਜ਼ਾਨਾ ਸਪੋਕਸਮੈਨ ਨੂੰ ਕਾਮਯਾਬ ਕਰ ਕੇ ਗ਼ਲਤ ਹੁਕਮਨਾਮਾ ਜਾਰੀ ਕਰਨ ਵਾਲਿਆਂ ਨੂੰ ਰੱਦ ਕੀਤਾ ਸੀ। ਇਹ ਤਾਂ ਆਪ ਗੁਰੂ ਸਾਹਿਬ ਦੇ ਸਰੂਪਾਂ ਦੇ ਗੁੰਮ ਹੋਣ ਦੀ ਜਾਣਕਾਰੀ ਬਾਰੇ ਝੂਠ ਬੋਲਦੇ ਹਨ। ਇਨ੍ਹਾਂ ਉਤੇ ਹੁਣ ਅਦਾਲਤ ਵਿਚ ਕੇਸ ਦਾਖ਼ਲ ਹੈ ਕਿ ਪੰਥਕ ਸਰਕਾਰ ਵਲੋਂ ਪੰਜਾਬ ਪੁਲਿਸ ਤੋਂ ਸਿੱਖਾਂ ਉਤੇ ਗੋਲੀਆਂ ਚਲਵਾਈਆਂ ਗਈਆਂ।

ਇਨ੍ਹਾਂ ਦੇ ਹੁਕਮਨਾਮੇ ਸਿੱਖ ਫ਼ਲਸਫ਼ੇ ਨੂੰ ਲੈ ਕੇ ਨਹੀਂ ਬਲਕਿ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਨੀਅਤ ਨਾਲ ਜਾਰੀ ਹੁੰਦੇ ਹਨ। ਇਨ੍ਹਾਂ ਨੇ ਤਾਂ ਹੁਕਮਨਾਮੇ ਦੀ ਆੜ ਵਿਚ ਦਰਬਾਰ ਸਾਹਿਬ ਤੋਂ ਬਾਣੀ ਦੇ ਪ੍ਰਸਾਰਨ ਦੇ ਹੱਕ ਉਤੇ ਕਬਜ਼ਾ ਜਮਾਈ ਰੱਖਣ ਅਤੇ ਅਪਣੇ ਚਹੇਤੇ ਦੀ ਅਖ਼ਬਾਰ ਵਾਸਤੇ ਇਸ਼ਤਿਹਾਰਾਂ ਦੀ ਮੋਨਾਪਲੀ ਬਰਕਰਾਰ ਰਖਣ ਵਾਸਤੇ ਸ. ਜੋਗਿੰਦਰ ਸਿੰਘ ਨੂੰ ਛੇਕਿਆ। ਇਨ੍ਹਾਂ ਝੂਠਿਆਂ ਨਾਲ ਖੜੇ ਹੋਣ ਵਾਲਿਆਂ ਨੂੰ ਤਾਂ ਮੇਰਾ ਇਹੋ ਜਵਾਬ ਹੈ ਕਿ ਤੁਸੀ ਸਾਡੇ ਨਾਂ ਨਾਲ ਵੀ ਤਨਖ਼ਾਹੀਆ ਲਗਾ ਦੇਵੋ ਤਾਂ ਅਸੀਂ ਕੋਈ ਇਤਰਾਜ਼ ਨਹੀਂ ਕਰਾਂਗੇ ਕਿਉਂਕਿ ਪੰਜਾਬ ਪੰਜਾਬੀਆਂ ਤੇ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕਰਨ ਵਾਲਿਆਂ ਨਾਲ ਖੜੇ ਹੋਣਾ ਸਾਡੀ ਸੋਚ ਵਿਚ ਸ਼ਾਮਲ ਨਹੀਂ। ਸਾਡੇ ਵਿਚ ਲੱਖ ਕਮੀਆਂ ਹੋਣਗੀਆਂ ਪਰ ਅਸੀ ਗੁਰੂ ਨਾਲ ਦਗ਼ਾ ਕਮਾਉਣ ਵਾਲੇ ਕਿਸੇ ਬੰਦੇ ਨਾਲ ਖੜੇ ਨਹੀਂ ਹੋ ਸਕਦੇ।     -ਨਿਮਰਤ ਕੌਰ