ਇਕ ਇਕ ਕਰ ਕੇ, ਧਮਾਕੇ ਕਰਨ ਵਾਲੇ ਸਾਰੇ 'ਹਿੰਦੂਤਵੀ' ਬਰੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਥੋਂ ਤਕ ਕਿ ਇਕਬਾਲ ਜੁਰਮ ਕਰਨ ਵਾਲੇ ਵੀ ਬਰੀ!!!

Aseem Anand

ਕੇਸ ਵਿਚ ਸਬੂਤਾਂ ਤੋਂ ਇਲਾਵਾ, ਮੁੱਖ ਮੁਲਜ਼ਮ ਅਸੀਮਾਨੰਦ ਨੇ ਪੁਲਿਸ ਸਾਹਮਣੇ ਅਪਣਾ ਗੁਨਾਹ ਕਬੂਲਿਆ ਸੀ ਜਿਥੇ ਉਸ ਨੇ ਆਖਿਆ ਸੀ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਸਜ਼ਾ-ਏ-ਮੌਤ ਹੋ ਸਕਦੀ ਹੈ ਪਰ ਮੈਂ ਫਿਰ ਵੀ ਅਪਣੇ ਗੁਨਾਹ ਕਬੂਲਣਾ ਚਾਹੁੰਦਾ ਹਾਂ। ਇਹ ਉਹੀ ਅਸੀਮਾਨੰਦ ਹੈ ਜਿਸ ਨੂੰ ਅਜਮੇਰ ਬੰਬ ਧਮਾਕਾ ਕੇਸ ਵਿਚ ਪਿੱਛੇ ਜਿਹੇ ਹੀ ਬਰੀ ਕੀਤਾ ਗਿਆ ਸੀ। ਇਸ ਪ੍ਰਗਟਾਵੇ ਵਿਚ ਅਸੀਮਾਨੰਦ ਨੇ ਸਾਰੀ ਜਾਣਕਾਰੀ ਦਿਤੀ ਸੀ ਕਿ ਪੈਸਾ ਇੰਦਰੇਸ਼ ਕੁਮਾਰ ਨੇ ਸੁਨੀਲ ਜੋਸ਼ੀ ਨੂੰ ਦਿਤਾ ਅਤੇ ਅਸੀਮਾਨੰਦ, ਜੋਸ਼ੀ ਦੀ ਮਦਦ ਕਰਦੇ ਸਨ ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ 2006-2008 ਵਿਚ ਦਹਿਸ਼ਤ ਫੈਲਾਉਣ ਲਈ ਕੰਮ ਕੀਤਾ ਸੀ। ਜੁਨੈਦ ਨੂੰ ਕਿਸੇ ਧਰਮ ਦੇ ਵਖਰੇਵੇਂ ਕਾਰਨ ਨਹੀਂ ਸੀ ਮਾਰਿਆ ਗਿਆ ਅਤੇ ਮੱਕਾ ਮਸਜਿਦ ਵਿਚ ਧਮਾਕੇ ਕਰਨ ਵਾਲਾ ਕੋਈ ਨਹੀਂ ਸੀ। ਛੱਤੀਸਗੜ੍ਹ ਹਾਈ ਕੋਰਟ ਨੇ ਫ਼ੈਸਲਾ ਦਿਤਾ ਹੈ ਕਿ ਜੁਨੈਦ ਦੇ ਕਾਤਲ ਨੇ ਕਿਸੇ ਹੋਰ ਨੂੰ ਜੁਨੈਦ ਦਾ ਕਤਲ ਕਰਨ ਲਈ ਆਖਿਆ ਸੀ। ਸ਼ਾਇਦ ਭਾਰਤ ਵਿਚ ਫ਼ਿਰਕੂ ਭੀੜ ਇਕ 16 ਸਾਲ ਦੇ ਮੁਸਲਮਾਨ ਨੂੰ ਵੇਖ ਕੇ ਆਪੇ ਹੀ ਕਾਤਲ ਬਣ ਜਾਂਦੀ ਹੈ। ਲਗਦਾ ਹੈ ਕਿ ਮੁਗ਼ਲਾਂ ਵਲੋਂ ਭਾਰਤ ਉਤੇ ਕੀਤੇ ਹਮਲਿਆਂ ਵਿਰੁਧ ਰੰਜਿਸ਼ ਸਾਡੇ ਖ਼ੂਨ ਵਿਚ ਸਦੀਆਂ ਤੋਂ ਛੁਪੀ ਬੈਠੀ ਸੀ। ਇਹ ਅਜਿਹੀ ਰੰਜਿਸ਼ ਹੈ ਜੋ ਇਹ ਲੋਕ ਮੁਗ਼ਲਾਂ ਤੋਂ ਬਾਅਦ ਆਏ ਅੰਗਰੇਜ਼ਾਂ ਵਲੋਂ ਕੀਤੀ ਲੁੱਟ ਤੇ ਤਬਾਹੀ ਤਾਂ ਭੁਲ ਹੀ ਗਏ ਪਰ ਨਾਲ ਹੀ ਮੁਗ਼ਲਾਂ ਦੇ ਭਾਰਤ ਨਿਰਮਾਣ ਨੂੰ ਵੀ ਭੁਲ ਗਏ।
ਇਹ ਬਦਲੇ ਦੀ ਅੱਗ ਅੱਜ ਭਾਰਤ ਦੀ ਹਰ ਕਥਿਤ 'ਦੇਸ਼-ਪ੍ਰੇਮੀ' ਅੱਖ ਵਿਚ ਬਲਦੀ ਨਜ਼ਰ ਆ ਰਹੀ ਹੈ। ਐਨ.ਆਈ.ਏ. ਦੀ ਅਦਾਲਤ ਨੇ ਇਕ ਵਾਰ ਫਿਰ ਤੋਂ ਅਪਣੀ ਨਾਕਾਮੀ ਅਤੇ ਅਸਮਰੱਥਾ ਦਾ ਨਮੂਨਾ ਪੇਸ਼ ਕਰਦਿਆਂ ਮੱਕਾ ਮਸਜਿਦ ਧਮਾਕਾ ਕੇਸ ਵਿਚ ਪੰਜ ਜਣਿਆਂ ਨੂੰ ਬਾਇੱਜ਼ਤ ਬਰੀ ਕਰ ਦਿਤਾ ਹੈ। ਜਿਸ ਹਮਲੇ ਵਿਚ 9 ਵਿਅਕਤੀ ਮਾਰੇ ਗਏ ਸਨ ਅਤੇ 60 ਗੰਭੀਰ ਜ਼ਖ਼ਮੀ ਹੋ ਗਏ ਸਨ, ਉਸ ਹਮਲੇ ਦੇ ਕੇਸ ਵਿਚ ਪੰਜਾਂ ਨੂੰ ਬਰੀ ਕਰ ਦਿਤਾ ਗਿਆ। ਸੀ.ਬੀ.ਆਈ. ਵਲੋਂ ਸਬੂਤ ਵਜੋਂ ਭੇਜੀ ਇਕ ਲਾਲ ਕਮੀਜ਼ ਐਨ.ਆਈ.ਏ. ਪਹੁੰਚਦੇ-ਪਹੁੰਚਦੇ ਗ਼ਾਇਬ ਹੋ ਗਈ ਪਰ ਨਾ ਕਿਸੇ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਨਾ ਪਤਾ ਲਾਇਆ ਕਿ ਉਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਸੀ।ਐਨ.ਆਈ.ਏ. ਦੀ ਇਕ ਅਫ਼ਸਰ, ਰੋਹਿਨੀ ਸਾਲਿਆਨ ਨੇ 2015 ਵਿਚ ਪ੍ਰਗਟਾਵਾ ਕੀਤਾ ਸੀ ਕਿ ਉਸ ਉਤੇ ਮਾਲੇਗਾਉਂ ਕੇਸ ਦੇ ਹਿੰਦੂਤਵੀ ਅਪਰਾਧੀਆਂ ਬਾਰੇ ਨਰਮ ਰਵਈਆ ਧਾਰਨ ਕਰਨ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ। ਇਸ ਕੇਸ ਵਿਚ ਜਿਹੜੀ ਅਫ਼ਸਰ, ਅੰਬੇਦਕਰ ਇਸ ਦੀ ਜਾਂਚ ਕਰ ਰਹੀ ਸੀ, ਉਸ ਨੂੰ ਦੋ ਹਫ਼ਤੇ ਪਹਿਲਾਂ ਹੀ ਹਟਾ ਦਿਤਾ ਗਿਆ ਸੀ।

ਕੇਸ ਵਿਚ ਸਬੂਤਾਂ ਤੋਂ ਇਲਾਵਾ, ਮੁੱਖ ਮੁਲਜ਼ਮ ਅਸੀਮਾਨੰਦ ਨੇ ਪੁਲਿਸ ਸਾਹਮਣੇ ਅਪਣਾ ਗੁਨਾਹ ਕਬੂਲਿਆ ਸੀ ਜਿਥੇ ਉਸ ਨੇ ਆਖਿਆ ਸੀ ਕਿ ਮੈਂ ਜਾਣਦਾ ਹਾਂ ਕਿ ਮੈਨੂੰ ਸਜ਼ਾ-ਏ-ਮੌਤ ਹੋ ਸਕਦੀ ਹੈ ਪਰ ਮੈਂ ਫਿਰ ਵੀ ਅਪਣੇ ਗੁਨਾਹ ਕਬੂਲਣਾ ਚਾਹੁੰਦਾ ਹਾਂ। ਇਹ ਉਹੀ ਅਸੀਮਾਨੰਦ ਹੈ ਜਿਸ ਨੂੰ ਅਜਮੇਰ ਬੰਬ ਧਮਾਕਾ ਕੇਸ ਵਿਚ ਪਿੱਛੇ ਜਿਹੇ ਹੀ ਬਰੀ ਕੀਤਾ ਗਿਆ ਸੀ। ਇਸ ਪ੍ਰਗਟਾਵੇ ਵਿਚ ਅਸੀਮਾਨੰਦ ਨੇ ਸਾਰੀ ਜਾਣਕਾਰੀ ਦਿਤੀ ਸੀ ਕਿ ਪੈਸਾ ਇੰਦਰੇਸ਼ ਕੁਮਾਰ ਨੇ ਸੁਨੀਲ ਜੋਸ਼ੀ ਨੂੰ ਦਿਤਾ ਅਤੇ ਅਸੀਮਾਨੰਦ, ਜੋਸ਼ੀ ਦੀ ਮਦਦ ਕਰਦੇ ਸਨ ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ 2006-2008 ਵਿਚ ਦਹਿਸ਼ਤ ਫੈਲਾਉਣ ਲਈ ਕੰਮ ਕੀਤਾ ਸੀ। ਸੱਭ ਤੋਂ ਵੱਡੇ ਕਾਂਡ ਸਨ ਸਮਝੌਤਾ ਐਕਸਪ੍ਰੈੱਸ (2007), ਅਜਮੇਰ ਸ਼ਰੀਫ਼ (2007), ਮਾਲੇਗਾਉਂ (2006) ਅਤੇ ਮੱਕਾ ਮਸਜਿਦ (2007)। ਹੁਣ ਐਨ.ਆਈ.ਏ. ਵਲੋਂ ਸਮਝੌਤਾ, ਅਜਮੇਰ ਅਤੇ ਮੱਕਾ ਬੰਬ ਧਮਾਕਾ ਕੇਸ ਵਿਚ ਕੋਈ ਵੀ ਮੁਲਜ਼ਮ ਨਹੀਂ ਰਹਿ ਗਿਆ। ਸਾਰੇ ਹਿੰਦੂਤਵ ਆਗੂਆਂ ਨੂੰ ਜਾਂ ਤਾਂ ਜ਼ਮਾਨਤ ਮਿਲ ਗਈ ਹੈ ਜਾਂ ਬਰੀ ਕਰ ਦਿਤਾ ਗਿਆ ਹੈ। ਐਨ.ਆਈ.ਏ. ਨੇ ਇਹ ਤਾਂ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਦਾ ਨਿਆਂ ਨਾਲ ਕੋਈ ਵਾਸਤਾ ਨਹੀਂ। ਐਨ.ਆਈ.ਏ. ਦੇ ਮੁਖੀ ਵਾਈ.ਸੀ. ਮੋਦੀ ਹਨ ਜਿਨ੍ਹਾਂ ਨੂੰ ਇਕ ਵਾਰ ਗੁਜਰਾਤ ਹਾਈ ਕੋਰਟ ਤੋਂ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ, ਹਿਰੇਨ ਪਾਂਡਿਆ ਦੇ ਕਤਲ ਮਾਮਲੇ ਵਿਚ ਝੰਬਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਵਲੋਂ ਅਯੋਗਤਾ ਵਾਲਾ ਹਲਕਾ ਕੰਮ ਕਾਰਨ ਸਦਕਾ ਉਸ ਕੇਸ ਵਿਚ ਨਿਆਂ ਨਾ ਹੋ ਸਕਿਆ। ਹੁਣ ਉਸ ਹਲਕੇ ਕੰਮ ਪਿੱਛੇ ਉਨ੍ਹਾਂ ਦੀ ਕਾਬਲੀਅਤ ਹੈ ਜਾਂ ਉਨ੍ਹਾਂ ਦਾ ਹਿੰਦੂਤਵ ਸੋਚ ਪ੍ਰਤੀ ਝੁਕਾਅ, ਜੋ ਵੀ ਹੈ ਇਸ ਤਰ੍ਹਾਂ ਦੇ ਸ਼ਖ਼ਸ ਦਾ ਐਨ.ਆਈ.ਏ. ਦਾ ਮੁਖੀ ਹੋਣ ਦਾ ਨਤੀਜਾ ਅੱਜ ਸੱਭ ਦੇ ਸਾਹਮਣੇ ਹੈ। ਇਸੇ ਤਰ੍ਹਾਂ ਦੇ ਜੋ ਦੂਜੇ ਫ਼ੈਸਲੇ ਆ ਰਹੇ ਹਨ, ਉਹ ਮੁਲਜ਼ਮਾਂ ਨੂੰ ਤਾਕਤ ਦੇ ਰਹੇ ਹਨ ਜੋ ਕਿ ਗੁਨਾਹ ਕਰ ਕੇ ਵੀ ਕੋਈ ਪਛਤਾਵਾ ਨਹੀਂ ਵਿਖਾਉਂਦੇ ਸਗੋਂ ਉਹ ਹੋਰ ਵੀ ਚੌੜੇ ਹੋ ਕੇ ਅਪਣੇ ਆਪ ਨੂੰ ਮਹਾਂਬਲੀ ਦਰਸਾਉਣ ਲਗਦੇ ਹਨ। ਰਾਜਸਥਾਨ ਵਿਚ ਦਲਿਤਾਂ ਨੂੰ ਮਾਰ ਕੇ ਉਸ ਦਾ ਵੀਡੀਉ ਬਣਾਉਣ ਵਾਲੇ ਦੀ ਤਸਵੀਰ ਇਕ ਹਿੰਦੂ ਤਿਉਹਾਰ ਦੇ ਜਲਸੇ ਵਿਚ ਸਜਾਈ ਗਈ। 8 ਸਾਲਾਂ ਦੀ ਜੰਮੂ ਦੀ ਧੀ ਦੇ ਕਾਤਲਾਂ ਵਾਸਤੇ ਕਾਨੂੰਨ ਦੇ ਰਾਖੇ, ਸਿਪਾਹੀ, ਵਕੀਲ, ਸੜਕਾਂ ਤੇ ਉਤਰ ਆਏ। ਅੱਜ ਉਨ੍ਹਾਂ ਮੁਲਜ਼ਮਾਂ ਨੇ ਅਪਣਾ ਕਬੂਲਨਾਮਾ ਵਾਪਸ ਲੈ ਕੇ ਅਪਣੇ ਆਪ ਨੂੰ ਬੇਕਸੂਰ ਅਖਵਾ ਲਿਆ ਹੈ।ਜੋ ਲੋਕ ਅੱਜ ਹਿੰਦੂਤਵ ਦੇ ਨਾਂ ਤੇ ਕਤਲ, ਦਹਿਸ਼ਤ, ਬਲਾਤਕਾਰ ਕਰਨ ਵਾਲਿਆਂ ਨੂੰ ਬਚਾ ਰਹੇ ਹਨ, ਉਹ ਨਹੀਂ ਸਮਝਦੇ ਕਿ ਇਹ ਲੋਕ ਇਨਸਾਨ ਨਹੀਂ, ਰਾਖਸ਼ ਹਨ। ਜਦੋਂ ਰਾਖ਼ਸ਼ਾਂ ਦੇ ਅੱਗੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਪਤਾ ਨਹੀਂ ਕਦੋਂ ਇਹ ਰਾਖ਼ਸ਼ ਤੁਹਾਨੂੰ ਹੀ ਖਾ ਜਾਣਗੇ। ਅਸੀ ਮਨੁੱਖ ਹਾਂ ਤੇ ਮਨੁੱਖਤਾ ਨੂੰ ਭੁਲਾ ਕੇ ਜੇ ਤੁਸੀ ਰਾਖ਼ਸ਼ਾਂ ਦੀ ਨਗਰੀ ਵਸਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਯਾਦ ਰਖਣਾ ਤੁਸੀ ਵੀ ਸੁਰੱਖਿਅਤ ਨਹੀਂ ਰਹੋਗੇ।  -ਨਿਮਰਤ ਕੌਰ