ਸੰਸਾਰ ਸਿਹਤ ਸੰਸਥਾ ਪ੍ਰਤੀ ਅਮਰੀਕਾ ਦਾ ਗੁੱਸਾ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਰੀਕਾ ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਆਰਥਕ ਸਹਾਇਤਾ ਦੇਣੀ ਬੰਦ

File Photo

ਅਮਰੀਕਾ ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਆਰਥਕ ਸਹਾਇਤਾ ਦੇਣੀ ਬੰਦ ਕਰਨ ਦਾ ਫ਼ੈਸਲਾ ਅਮਰੀਕਾ ਅਤੇ ਚੀਨ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਬਣਨ ਦੀ ਲੜਾਈ ਦਾ ਇਕ ਭਾਗ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਕਹਿਣਾ ਇਹ ਹੈ ਕਿ ਡਬਲਿਊ.ਐਚ.ਓ. ਨੇ ਚੀਨ ਨਾਲ ਪੱਖਪਾਤ ਕੀਤਾ। ਡਬਲਿਊ.ਐਚ.ਓ. ਨੂੰ ਦਸੰਬਰ ਵਿਚ ਹੀ ਦੁਨੀਆਂ ਨੂੰ ਦਸ ਦੇਣਾ ਚਾਹੀਦਾ ਸੀ ਕਿ ਕੋਰੋਨਾ ਨਾਲ ਮਹਾਂਮਾਰੀ ਦੀ ਸਥਿਤੀ ਬਣ ਸਕਦੀ ਹੈ, ਪਰ ਡਬਲਿਊ.ਐਚ.ਓ. ਨੇ ਜਨਵਰੀ-ਫ਼ਰਵਰੀ ਤਕ ਇਹ ਨਾ ਦਸਿਆ ਕਿ ਕੋਰੋਨਾ ਵਾਇਰਸ ਇਨਸਾਨ ਤੋਂ ਇਨਸਾਨ ਅੰਦਰ ਫੈਲ ਰਿਹਾ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਚੀਨ ਅਤੇ ਖ਼ਾਸ ਕਰ ਕੇ ਵੁਹਾਨ ਨਾਲ ਸਾਰੀ ਆਵਾਜਾਈ ਬੰਦ ਕਰ ਦਿਤੀ ਜਾਂਦੀ। ਅੱਜ ਉਸ ਢਿੱਲ ਮੱਠ ਦਾ ਖ਼ਮਿਆਜ਼ਾ ਪੂਰੀ ਦੁਨੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਵੀ ਘਬਰਾਏ ਹੋਏ ਹਨ ਅਤੇ ਭਾਵੇਂ ਅੱਜ ਦੀ ਤਰੀਕ ਵਿਚ ਅਮਰੀਕਾ ਵਿਚ 35000 ਮੌਤਾਂ ਹੋ ਚੁਕੀਆਂ ਹਨ, ਉਹ ਅਪਣੀ ਆਰਥਕਤਾ ਨੂੰ ਜਲਦੀ ਹੀ ਖੋਲ੍ਹਣ ਦੀ ਤਿਆਰੀ ਦਾ ਭਰੋਸਾ ਦੇ ਰਹੇ ਹਨ। ਅਮਰੀਕਾ ਅਤੇ ਚੀਨ ਦੀ ਤਾਕਤ ਉਨ੍ਹਾਂ ਦੀ ਮਜ਼ਬੂਤ ਆਰਥਕਤਾ ਹੀ ਹੈ। ਜਿਸ ਤਰ੍ਹਾਂ ਚੀਨ ਨੇ ਕੋਰੋਨਾ ਦਾ ਅਪਣੀ ਆਰਥਕਤਾ ਉਤੇ ਪੈ ਰਿਹਾ ਅਸਰ, ਦੁਨੀਆਂ ਤੋਂ ਲੁਕਾਉਣਾ ਚਾਹਿਆ। ਤਾਕਿ ਦੁਨੀਆਂ ਨੂੰ ਉਸ ਦੀ ਕਮਜ਼ੋਰੀ ਦਾ ਛੇਤੀ ਪਤਾ ਨਾ ਲੱਗੇ, ਉਸੇ ਦਲੀਲ ਅਨੁਸਾਰ ਅਮਰੀਕਾ ਵੀ ਅਪਣੀ ਲੱਖ ਦੋ ਲੱਖ ਮੌਤਾਂ ਵਲੋਂ ਬੇਪ੍ਰਵਾਹ ਹੋ ਕੇ, ਆਰਥਕਤਾ ਦੀ ਗੱਡੀ ਰੁਕਣ ਨਹੀਂ ਦੇਣਾ ਚਾਹੁੰਦਾ। ਡਬਲਿਊ.ਐਚ.ਓ. ਵੀ ਇਨ੍ਹਾਂ ਦੋਹਾਂ ਦੇਸ਼ਾਂ ਦੇ ਸਾਹਮਣੇ ਇਨ੍ਹਾਂ ਦੇ ਵੱਡੇ ਆਰਥਕ ਯੋਗਦਾਨ ਕਰ ਕੇ ਮਜਬੂਰ ਹੋਈ ਪਈ ਹੈ।

ਸੰਸਾਰ ਸਿਹਤ ਸੰਸਥਾ ਵੀ ਪੈਸੇ ਤੋਂ ਬਗ਼ੈਰ ਕੰਮ ਨਹੀਂ ਕੰਮ ਕਰ ਸਕਦੀ ਅਤੇ ਉਹ ਸ਼ਾਇਦ ਚੀਨ ਵਲੋਂ ਦਿਤੀ ਜਾਂਦੀ ਰਾਸ਼ੀ ਨੂੰ ਧਿਆਨ ਵਿਚ ਰੱਖ ਕੇ, ਦੁਨੀਆਂ ਨੂੰ ਇਹੀ ਕਹਿੰਦੀ ਰਹੀ ਕਿ ਅਜੇ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ। ਹੁਣ ਜਦ ਅਮਰੀਕਾ ਨੇ ਪੈਸਾ ਦੇਣ ਤੋਂ ਇਨਕਾਰ ਕਰ ਦਿਤਾ ਹੈ, ਚੀਨ ਸੰਸਾਰ ਸਿਹਤ ਸੰਸਥਾ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਬਾਰੇ ਸੋਚ ਰਿਹਾ ਹੈ।

ਪਰ ਕੀ ਇਹ ਫ਼ੈਸਲਾ ਦੁਨੀਆਂ ਵਾਸਤੇ ਸਹੀ ਹੋਵੇਗਾ? ਚੀਨ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਬਣਨ ਦਾ ਜਿਹੜਾ ਜਨੂੰਨ ਕੰਮ ਕਰ ਰਿਹਾ ਹੈ, ਉਸ ਵਿਚ ਇਕ ਮਨੁੱਖ ਦੀ ਕੋਈ ਕੀਮਤ ਨਹੀਂ ਹੁੰਦੀ। ਚੀਨ ਦੀ ਸੋਚ ਲੋਕਤੰਤਰੀ ਸੋਚ ਨਹੀਂ ਅਤੇ ਉਹ ਸਿਰਫ਼ ਅਪਣੇ 'ਦੇਸ਼' ਬਾਰੇ ਸੋਚਦਾ ਹੈ, ਦੇਸ਼ ਦੇ ਲੋਕਾਂ ਬਾਰੇ ਨਹੀਂ। ਜਿਨ੍ਹਾਂ ਤਿੰਨ ਵਿਅਕਤੀਆਂ ਨੇ ਵੁਹਾਨ ਨੂੰ ਕੋਰੋਨਾ ਬਾਰੇ ਜਾਗਰੂਰ ਕੀਤਾ ਸੀ, ਉਹ ਅੱਜ ਤਕ ਲਾਪਤਾ ਹਨ। ਵੁਹਾਨ ਖੁਲ੍ਹ ਚੁੱਕਾ ਹੈ ਪਰ ਉਨ੍ਹਾਂ ਤਿੰਨਾਂ ਦੀ ਕੋਈ ਜਾਣਕਾਰੀ ਨਹੀਂ। ਇਹ ਤਿੰਨੇ ਵੂਹਾਨ ਤੋਂ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ ਚੀਨ ਵਿਚ ਲੋਕਾਂ ਉਤੇ ਹੋ ਰਹੀ ਸਰਕਾਰ ਦੀ ਸਖ਼ਤੀ ਵਿਖਾਉਂਦੇ ਸਨ। ਇਕ ਦਿਨ ਇਹ ਚੀਨ ਦੀ ਪੁਲਿਸ ਵਲੋਂ ਚੁੱਕ ਲਏ ਗਏ ਅਤੇ ਫਿਰ ਕੁੱਝ ਨਹੀਂ ਪਤਾ ਕਿ ਉਨ੍ਹਾਂ ਦਾ ਕੀ ਬਣਿਆ।

ਚੀਨ ਵਿਚ ਕੋਈ ਇਸ ਬਾਰੇ ਕੋਈ ਕੁੱਝ ਨਹੀਂ ਲਿਖ ਸਕਦਾ, ਨਾ ਸਰਕਾਰ ਨੂੰ ਸਵਾਲ ਹੀ ਕਰ ਸਕਦਾ ਹੈ। ਕਹਿਣ ਦਾ ਮਤਲਬ ਇਹ ਨਹੀਂ ਕਿ ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ। ਹੁੰਦਾ ਉਥੇ ਵੀ ਸੱਭ ਕੁੱਝ ਹੈ ਪਰ ਕਿਉਂਕਿ ਉਨ੍ਹਾਂ ਨੂੰ ਆਜ਼ਾਦ ਹੋਏ ਸਦੀਆਂ ਹੋ ਗਈਆਂ ਹਨ, ਉਨ੍ਹਾਂ ਦੇ ਸਿਸਟਮ ਵਿਚ ਹਰ ਸੰਸਥਾ ਦੀ ਪੱਕੀ ਥਾਂ ਬਣ ਚੁੱਕੀ ਹੈ। ਜੇ ਅਮਰੀਕੀ ਸਰਕਾਰ ਕੁੱਝ ਗ਼ਲਤ ਕਰਦੀ ਹੈ ਤਾਂ ਆਵਾਜ਼ ਚੁੱਕਣ ਵਾਲੇ ਅਮਰੀਕੀ ਹੀ ਹੁੰਦੇ ਹਨ। ਅਮਰੀਕੀ ਫ਼ੌਜ ਵਲੋਂ ਵਿਦੇਸ਼ੀ ਅਤਿਵਾਦੀਆਂ ਨਾਲ ਤਸੀਹੇ ਕਰਨ ਵਾਲਿਆਂ ਵਿਰੁਧ ਆਵਾਜ਼ ਚੁੱਕਣ ਵਾਲੇ ਵੀ ਅਮਰੀਕੀ ਹੀ ਸਨ। ਜੇ ਉਨ੍ਹਾਂ ਦੇ ਫ਼ੌਜੀਆਂ ਵਲੋਂ ਜੰਗਾਂ ਵਿਚ ਕਿਸੇ ਹੋਰ ਦੇਸ਼ ਦੀਆਂ ਔਰਤਾਂ ਨਾਲ ਜ਼ਿਆਦਤੀ ਹੋਈ ਤਾਂ ਵੀ ਆਵਾਜ਼ ਚੁੱਕਣ ਵਾਲੇ ਅਮਰੀਕੀ ਖ਼ੁਦ ਹੀ ਸਨ।

ਡਬਲਿਊ.ਐਚ.ਓ. ਦੀ ਵੀ ਵੱਡੀ ਜ਼ਰੂਰਤ ਅਤੇ ਅਹਿਮੀਅਤ ਹੈ। ਦੁਨੀਆਂ ਵਿਚ ਅੱਜ ਤੋਂ ਪਹਿਲਾਂ ਸਾਰਸ ਜਾਂ ਕੋਈ ਹੋਰ ਬਿਮਾਰੀ ਆਈ ਹੈ, ਤਾਂ ਉਸ ਤੋਂ ਬਚਾਉਣ ਵਾਸਤੇ ਡਬਲਿਊ.ਐਚ.ਓ. ਹੀ ਅੱਗੇ ਆਇਆ ਸੀ। ਭਾਰਤ ਵਿਚ ਅਤੇ ਹੋਰਨਾਂ ਪਛੜੇ ਦੇਸ਼ਾਂ ਵਿਚ ਸਿਹਤ ਸਮੱਸਿਆਵਾਂ ਨਾਲ ਜੂਝਣ ਵਾਸਤੇ ਡਬਲਿਊ.ਐਚ.ਓ. ਹੀ ਅੱਗੇ ਹੁੰਦੀ ਹੈ।

ਅੱਜ ਇਸ ਤੋਂ ਸਬਕ ਸਿਖਣ ਦੀ ਜ਼ਰੂਰਤ ਹੈ ਕਿ ਕੁੱਝ ਕੌਮਾਂਤਰੀ ਸੰਸਥਾਵਾਂ ਸਾਰੀ ਦੁਨੀਆਂ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਅਮੀਰ ਦੇਸ਼ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਜਿਵੇਂ ਇਕ ਲੋਕਤੰਤਰ ਵਿਚ ਇਕ ਆਜ਼ਾਦੀ ਮੀਡੀਆ ਜਾਂ ਨਿਆਂਪਾਲਿਕਾ ਦੀ ਜ਼ਰੂਰਤ ਹੁੰਦੀ ਹੈ, ਇਕ ਸਿਹਤਮੰਦ ਦੁਨੀਆਂ ਵਾਸਤੇ ਇਕ ਨਿਰਪੱਖ ਅਤੇ ਆਜ਼ਾਦ ਸੰਸਾਰ ਸਿਹਤ ਸੰਸਥਾ ਦੀ ਵੀ ਬੇਹੱਦ ਜ਼ਰੂਰਤ ਹੈ।  -ਨਿਮਰਤ ਕੌਰ