ਜੇ ਸਰਕਾਰਾਂ ਤੇ ਗੁੰਡੇ ਇਕੋ ਪੱਧਰ 'ਤੇ ਆ ਗਏ ਤਾਂ ਅਖ਼ੀਰ ਨਿਆਂ ਵੀ ਅਮੀਰ ਲੋਕ ਹੀ ਝੜੁੱਪ ਲੈਣਗੇ!

ਏਜੰਸੀ

ਵਿਚਾਰ, ਸੰਪਾਦਕੀ

ਅਤੀਕ ਅਹਿਮਦ ਇਕ ਗੁੰਡਾ ਸੀ, ਇਸ ਬਾਰੇ ਅਜੇ ਕੋਈ ਅਦਾਲਤੀ ਫ਼ੈਸਲਾ ਨਹੀਂ ਸੀ ਆਇਆ

photo

 

ਅਤੀਕ ਅਹਿਮਦ ਇਕ ਗੁੰਡਾ ਸੀ, ਇਸ ਬਾਰੇ ਅਜੇ ਕੋਈ ਅਦਾਲਤੀ ਫ਼ੈਸਲਾ ਨਹੀਂ ਸੀ ਆਇਆ। ਉਸ ’ਤੇ ਚਲਦੇ 100 ਮੁਕਦਮਿਆਂ ਵਿਚੋਂ ਅਜੇ ਇਕ ਹੀ ਕੇਸ ਵਿਚ ਫ਼ੈਸਲਾ ਸੁਣਾਇਆ ਗਿਆ ਸੀ। ਪਰ ਅਤੀਕ ਅਹਿਮਦ ਤਿੰਨ ਵਾਰ ਚੋਣ ਜਿਤਿਆ, ਵਿਧਾਇਕ ਬਣਿਆ ਤੇ ਇਕ ਵਾਰ ਪਾਰਲੀਮੈਂਟ ਦਾ ਮੈਂਬਰ ਵੀ ਬਣ ਗਿਆ ਸੀ। ਇਹ ਫ਼ੈਸਲਾ ਲੋਕਾਂ ਨੇ ਸੁਣਾਇਆ ਸੀ ਪਰ ਜਿਸ ਤਰ੍ਹਾਂ ਉਸ ਦੀ ਮੌਤ ਹੋਈ, ਉਹ ਨਾ ਤਾਂ ਉਸ ਦੇ ਗੁੰਡੇ ਹੋਣ ਦੇ ਇਲਜ਼ਾਮ ਨਾਲ ਤੇ ਨਾ ਉਸ ਦੇ ਸਿਆਸਤਦਾਨ ਹੋਣ ਨਾਲ ਜੋੜੀ ਜਾ ਸਕਦੀ ਹੈ। ਉਹ ਇਕ ਮੁਜਰਮ ਸੀ ਜੋ ਕਿ ਉੱਤਰ ਪ੍ਰਦੇਸ਼ ਪੁਲਿਸ ਦੀ ਹਿਰਾਸਤ ਵਿਚ ਸੀ ਤੇ ਰਾਤ ਨੂੰ 10 ਵਜੇ ਪੁਲਿਸ ਵਲੋਂ ਉਸ ਨੂੰ ਬਿਨਾਂ ਕਿਸੇ ਮੈਡੀਕਲ ਜ਼ਰੂਰਤ ਦੇ, ਜੇਲ ਤੋਂ ਬਾਹਰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਸ ਨੂੰ ਪੁਲਿਸ ਪੈਦਲ ਚਲਾ ਕੇ ਆਮ ਮੈਡੀਕਲ ਜਾਂਚ ਵਾਸਤੇ ਲਿਜਾ ਰਹੀ ਸੀ ਤੇ ਮੀਡੀਆ ਨੂੰ ਜਾਣਕਾਰੀ ਵੀ ਸੀ ਤੇ ਉਨ੍ਹਾਂ ਨੇ ਚਾਰੇ ਪਾਸੇ ਤੋਂ ਅਤੀਕ ਨੂੰ ਘੇਰਿਆ ਹੋਇਆ ਸੀ ਤੇ ਇਸ ਦੌਰਾਨ ਆਰਾਮ ਨਾਲ ਤਿੰਨ ਕਾਤਲਾਂ ਨੇ ਅਤੀਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਸ ਦਾ ਵੀਡੀਉ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਵਿਚ ਵੇਖਿਆ ਗਿਆ ਹੈ। ਸਾਰੇ ਇਹੋ ਸਵਾਲ ਪੁੱਛ ਰਹੇ ਨੇ ਕਿ ਆਖ਼ਰਕਾਰ ਪੁਲਿਸ ਨੇ ਬਚਾਅ ਕਰਨ ਦਾ ਯਤਨ ਕਿਉਂ ਨਾ ਕੀਤਾ? ਹਮਲਾਵਰਾਂ ਨੇ ਦਨਾਦਨ ਗੋਲੀਆਂ ਚਲਾਈਆਂ ਪਰ ਪੁਲਿਸ ਨੇ ਇਕ ਵੀ ਗੋਲੀ ਨਾ ਚਲਾਈ।

ਮਾਰਨ ਤੋਂ ਬਾਅਦ ਕਈ ਕਹਿੰਦੇ ਹਨ ਕਿ ਉਹ ਗੁੰਡਾ ਸੀ ਤੇ ਇਹ ਰੱਬ ਦਾ ਨਿਆਂ ਹੈ। ਹਰ ਵੱਡੇ ਚੈਨਲ ’ਤੇ ਉਸ ਨੂੰ ਇਕ ਵੱਡਾ ਮਾਫੀਆ ਡਾਨ ਦਸਿਆ ਜਾ ਰਿਹਾ ਹੈ। ਪਰ ਇਹ ਨਹੀਂ ਦਸਿਆ ਜਾ ਰਿਹਾ ਕਿ ਮੌਜੂਦਾ ਸਰਕਾਰ ਦਾ ਛੇ ਸਾਲ ਤੋਂ ਰਾਜ ਚਲ ਰਿਹਾ ਸੀ ਤੇ ਉਸ ਵਿਚ ਇਸ ਤਰ੍ਹਾਂ ਦੇ ਗੁੰਡੇ ਨੂੰ ਵਧਣ ਦਾ ਮੌਕਾ ਕਿਉਂ ਮਿਲਿਆ? ਅੱਜ ਕੋਈ ਨਹੀਂ ਪੁੱਛ ਰਿਹਾ ਕਿ ਅਤੀਕ ਅਹਿਮਦ ਕੋਲ ਭ੍ਰਿਸ਼ਟਾਚਾਰ ਦੇ ਕੁੱਝ ਮਾਮਲਿਆਂ ਬਾਰੇ ਪੂਰੇ ਸਬੂਤ ਸਨ ਜਿਨ੍ਹਾਂ ਦੇ ਉਹ ਕੁੱਝ ਰਾਜ਼ ਖੋਲ੍ਹਣਾ ਚਾਹੁੰਦਾ ਸੀ। ਉਨ੍ਹਾਂ ਰਾਜ਼ਾਂ ਦਾ ਹੁਣ ਕੀ ਹੋਵੇਗਾ?

ਜਿਨ੍ਹਾਂ ਤਿੰਨ ਮੁੰਡਿਆਂ ਨੇ ਅਤੀਕ ਅਹਿਮਦ ਦਾ ਕਤਲ ਕੀਤਾ ਹੈ, ਉਹ ਨਸ਼ੇੜੀ ਸਨ ਜਿਨ੍ਹਾਂ ਉਪਰ ਕਈ ਕੇਸ ਦਰਜ ਸਨ। ਉਨ੍ਹਾਂ ਵਿਚੋਂ ਇਕ ਦੇ ਪਿਉ ਨੇ ਤਾਂ ਅਪਣੇ ਪੁੱਤਰ ਨਾਲ ਰਿਸ਼ਤਾ ਹੀ ਤੋੜ ਦਿਤਾ ਸੀ। ਪਰ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਇਹ ਮੁੰਡੇ ਬੜੇ ਧਾਰਮਕ ਬਿਰਤੀ ਵਾਲੇ ਸਨ। ਇਨ੍ਹਾਂ ਮੁੰਡਿਆਂ ਦਾ ਕਹਿਣਾ ਹੈ ਕਿ ਉਹ ਅਤੀਕ ਨੂੰ ਮਾਰ ਕੇ ਮਾਫ਼ੀਆ ਜਗਤ ਵਿਚ ਅਪਣਾ ਨਾਂ ਕਾਇਮ ਕਰਨਾ ਚਾਹੁੰਦੇ ਸਨ। ਯਾਨੀ ਕਿ ਯੋਗੀ ਬਾਰੇ ਜੋ ਇਹ ਆਖਿਆ ਜਾਂਦਾ ਹੈ ਕਿ ਉਨ੍ਹਾਂ ਯੂ.ਪੀ. ਵਿਚ ਮਾਫ਼ੀਆ ਖ਼ਤਮ ਕਰ ਦਿਤਾ ਹੈ ਤੇ ਗੁੰਡੇ ਉਨ੍ਹਾਂ ਦੇ ਨਾਂ ਤੋਂ ਡਰਦੇ ਹਨ, ਉਹ ਖ਼ਬਰ ਸਹੀ ਨਹੀਂ। 

ਇਕ ਹੋਰ ਗੱਲ ਵੀ ਕਹੀ ਜਾ ਰਹੀ ਹੈ ਤੇ ਉਹ ਇਹ ਕਿ ਅਤੀਕ ਅਹਿਮਦ ਮੁਸਲਮਾਨ ਸੀ ਤੇ ਮੁਸਲਮਾਨ ਵਾਸਤੇ ਵਖਰਾ ਹੀ ਨਿਆਂ ਦਾ ਵਕਤ ਆ ਗਿਆ ਹੈ। ਜਿਵੇਂ 2020 ਵਿਚ ਦਿੱਲੀ ਵਿਚ ਵੇਖਿਆ ਕਿ ਜੇ ਭੀੜ ਸਾਹਮਣੇ ਅਪਣੇ ਆਪ ਨੂੰ ਬਚਾਉਣ ਦਾ ਯਤਨ ਵੀ ਕੀਤਾ ਜਾਵੇਗਾ ਤਾਂ ਪਰਚਾ ਮੁਸਲਮਾਨ ’ਤੇ ਹੀ ਹੋਵੇਗਾ ਕਿਉਂਕਿ ਹੁਣ ਨਿਆਂ ਧਰਮ ਦੀ ਐਨਕ ਲਾ ਕੇ ਦਿਤਾ ਜਾਵੇਗਾ।

ਚਲੋ ਸਾਰੀ ਗੱਲ ਮੰਨ ਵੀ ਲਈਏ ਕਿ ਅਤੀਕ ਅਹਿਮਦ ਬਹੁਤ ਮਾੜਾ ਇਨਸਾਨ ਸੀ ਤਾਂ ਫਿਰ ਅੱਜ ਦੀ ਸਥਿਤੀ ਬਾਰੇ ਕੀ ਆਖਦੇ ਹੋ? ਕੀ ਅਸੀ ਮਾੜੇ ਗੁੰਡਿਆਂ ਨੂੰ ਦੇਸ਼ ਦੀ ਵਾਗਡੋਰ ਫੜਾ ਸਕਦੇ ਹਾਂ?  ਤੇ ਜਿਹੜਾ ਗੁੰਡਾ, ਕੁਰਸੀ ਤੇ ਗੋਲੀ ਉਸੇ ਦੀ। ਸਾਨੂੰ ਸਾਡੀ ਨਿਆਂਪਾਲਿਕਾ ’ਤੇ ਵਿਸ਼ਵਾਸ ਨਹੀਂ। ਅਦਾਲਤਾਂ ਸਿਰਫ਼ ਆਮ ਇਨਸਾਨ ਵਾਸਤੇ ਰਹਿ ਗਈਆਂ ਹਨ ਜੋ ਪਿਸਦੇ ਰਹਿੰਦੇ ਨੇ? ਅੱਜ ਦੇ ਰਾਮਰਾਜ ਵਿਚ ਅਸੀ ਲੋਕਤੰਤਰ ਤੇ ਸੰਵਿਧਾਨ ਉਤੇ ਯਕੀਨ ਕਰਨਾ ਛੱਡ ਕੇ ਅਪਣੇ ਆਪ ਨੂੰ ਇਨਸਾਨੀ ਕਦਰਾਂ ਕੀਮਤਾਂ ਦੇ ਮਿਆਰ ਨੂੰ ਉੱਚਾ ਚੁਕਣ ਦਾ ਯਤਨ ਕਿਉਂ ਨਾ ਕਰੀਏ? 

ਜੇ ਸਰਕਾਰਾਂ ਹੁਣ ਗੁੰਡਿਆਂ ਦੇ ਪੱਧਰ ’ਤੇ ਡਿਗਣ ਵਾਲੀ ਸਿਆਸਤ ਕਰਨਗੀਆਂ, ਫਿਰ ਇਕ ਗੁੰਡੇ ਤੇ ਨਿਆਂਪਾਲਿਕਾ, ਅਫ਼ਸਰਸ਼ਾਹੀ, ਪੁਲਿਸ, ਸੁਰੱਖਿਆ ਕਰਮਚਾਰੀਆਂ ਵਿਚ ਅੰਤਰ ਕੀ ਰਹਿ ਜਾਏਗਾ? ਤੇ ਜੇ ਮੁਸਲਮਾਨ ਵਾਸਤੇ ਨਿਆਂ ਵਖਰਾ ਹੈ ਤਾਂ ਫਿਰ ਤਾੜੀਆਂ ਮਾਰਨ ਵਾਲੇ ਯਾਦ ਰੱਖਣ ਕਿ ਇਕ ਦਿਨ ਅਜਿਹਾ ਵੀ ਆਵੇਗਾ ਕਿ ਫ਼ਰਕ ਧਰਮ ਦਾ ਵੀ ਨਹੀਂ ਰਹੇਗਾ ਬਲਕਿ ਨਿਆਂ ਅਮੀਰ ਤੇ ਤਾਕਤਵਰ ਦੇ ਹੱਥਾਂ ਵਿਚ ਚਲਾ ਜਾਵੇਗਾ।
- ਨਿਮਰਤ ਕੌਰ