ਲੋੜ ਹੈ ਕੂਟਨੀਤੀ ਸੋਧਣ ਦੀ ਤਾਕਿ ਭਾਰਤ ਮਾਂ ਨੂੰ ਰੋਜ਼ ਅਪਣੇ ਬੇਟਿਆਂ ਦੀਆਂ ਲਾਸ਼ਾਂ ਨਾ ਵੇਖਣ ਨੂੰ ਮਿਲਣ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਦੀਆਂ ਸਰਹੱਦਾਂ ਤੇ ਸਾਰੇ ਪਾਸੇ ਅਸ਼ਾਂਤੀ

Indian Army

ਪ੍ਰਧਾਨ ਮੰਤਰੀ ਮੋਦੀ ਨੇ ਠੀਕ ਹੀ ਕਿਹਾ ਹੈ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਫਿਰ ਵੀ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਅਸ਼ਾਂਤ ਨੇ ਤੇ ਸ਼ਾਂਤੀ ਰੁੱਸੀ ਪਈ ਹੈ। ਪਾਕਿਸਤਾਨ ਨਾਲ ਦਹਾਕਿਆਂ ਦੀ ਲੜਾਈ ਤੋਂ ਬਾਅਦ ਨੇਪਾਲ ਨਾਲ ਹੁਣ ਨਕਸ਼ੇ ਵਿਚ ਤਬਦੀਲੀ ਨੂੰ ਲੈ ਕੇ ਵਿਵਾਦ ਖੜੇ ਹੋ ਚੁਕੇ ਹਨ। ਪਰ ਚੀਨ ਨਾਲ ਹੁਣ ਦੇ ਖਟਾਸ ਭਰੇ ਰਿਸ਼ਤੇ ਸਰਹੱਦ ਉਤੇ 20 ਜਾਨਾਂ ਲੈ ਚੁਕੇ ਹਨ।

ਭਾਰਤ ਮੁਤਾਬਕ ਚੀਨ ਨੇ ਭਾਰਤੀ ਸਰਹੱਦ ਅੰਦਰ ਘੁਸਪੈਠ ਕੀਤੀ ਹੈ ਜਿਸ ਕਾਰਨ ਇਹ ਝੜਪ ਹੋਈ ਤੇ ਭਾਵੇਂ ਚੀਨ ਦਾ ਕਹਿਣਾ ਵਖਰਾ ਹੈ ਪਰ ਇਥੇ ਭਾਰਤ ਦਾ ਪੱਖ ਸਹੀ ਜਾਪਦਾ ਹੈ। ਭਾਰਤੀ ਫ਼ੌਜ ਅਪਣੀ ਸਰਹੱਦ ਤੋਂ ਅੱਗੇ ਜਾ ਕੇ ਚੀਨ ਨਾਲ ਛੇੜਛਾੜ ਕਰਨ ਦੀ ਸੋਚ ਨਹੀਂ ਰਖਦੀ। ਪਰ ਡਟ ਕੇ ਮੁਕਾਬਲਾ ਕਰਨਾ ਉਸ ਦਾ ਹੱਕ ਵੀ ਹੈ ਤੇ ਫ਼ਰਜ਼ ਵੀ ਬਣਦਾ ਹੈ ਤੇ ਇਹ ਉਸੇ ਨੇ ਕੀਤਾ ਵੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹੇਗਾ।

ਪਰ ਸਰਕਾਰ ਨੂੰ ਇਤਿਹਾਸ ਤੋਂ ਸਬਕ ਲੈ ਕੇ ਸਮਝਣ ਦੀ ਲੋੜ ਹੈ ਕਿ ਸਰਹੱਦਾਂ ਤੇ ਰਿਸ਼ਤੇ ਕਿਉਂ ਵਿਗੜ ਰਹੇ ਹਨ। ਭਾਜਪਾ ਨੇ ਜਿੰਨੀ ਬਾਰੀਕੀ ਨਾਲ ਨਹਿਰੂ ਨੂੰ ਪੜ੍ਹਿਆ ਹੈ, ਉਸ ਬਾਰੀਕੀ ਨਾਲ ਸ਼ਾਇਦ ਕਾਂਗਰਸੀਆਂ ਨੇ ਵੀ ਨਹੀਂ ਪੜ੍ਹਿਆ ਹੋਵੇਗਾ ਤੇ ਨਹਿਰੂ ਦੀ ਕੂਟਨੀਤੀ ਤੇ ਉਸ ਤੋਂ ਬਾਅਦ ਦੀਆਂ ਸਾਰੀਆਂ ਸਰਕਾਰਾਂ ਦੀਆਂ ਕੂਟਨੀਤੀਆਂ ਨੂੰ ਸਮਝਣ ਦੀ ਲੋੜ ਹੈ।

1962 ਦੀ ਲੜਾਈ ਤੋਂ ਬਾਅਦ ਅਤੇ ਬੰਗਲਾਦੇਸ਼ ਦਾ ਝਟਕਾ ਲੱਗਣ ਤੋਂ ਬਾਅਦ ਅੱਜ ਤਕ ਇਸ ਤਰ੍ਹਾਂ ਲਾਠੀਆਂ ਨਾਲ ਭਾਰਤ-ਚੀਨ ਦਾ ਭਾਰਤ-ਨੇਪਾਲ ਸਰਹੱਦ ਉਤੇ ਖ਼ੂਨ ਨਹੀਂ ਡੁਲ੍ਹਿਆ। ਸੱਭ ਤੋਂ ਵੱਡਾ ਬਦਲਾਅ ਚੀਨ ਜਾਂ ਨੇਪਾਲ ਅੰਦਰ ਨਹੀਂ ਆਇਆ ਬਲਕਿ ਭਾਰਤ ਦੀ ਕੂਟਨੀਤੀ ਵਿਚ ਆਇਆ ਹੈ। ਭਾਰਤ ਨੇ ਅਮਰੀਕਾ ਨਾਲ ਰਿਸ਼ਤੇ ਬਣਾਉਣ ਲਈ ਜਿੰਨਾ ਚੀਨ ਨੂੰ ਪਿੱਛੇ ਛਡਿਆ ਹੈ, ਓਨਾ ਧਿਆਨ ਭਾਰਤ ਨੇ ਅਪਣੇ ਗਵਾਂਢੀਆਂ ਵਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।

ਭਾਰਤ-ਅਮਰੀਕਾ ਰਿਸ਼ਤਿਆਂ ਕਾਰਨ ਆਰਥਕ ਲਾਭ ਵੀ ਸਿਰਫ਼ ਅਮਰੀਕਾ ਨੂੰ ਹੀ ਮਿਲਿਆ ਹੈ। ਭਾਰਤ ਨੂੰ ਆਰਥਕ ਨੁਕਸਾਨ ਤਾਂ ਇਸ ਦੋਸਤੀ ਵਿਚੋਂ ਮਿਲਿਆ ਹੀ ਹੈ ਪਰ ਦੂਜੇ ਪਾਸੇ ਸਰਹੱਦਾਂ ਉਤੇ ਆ ਖੜੀਆਂ ਹੋਈਆਂ ਮੁਸ਼ਕਲਾਂ ਵੀ ਉਸੇ ਦਾ ਨਤੀਜਾ ਹਨ। ਚੀਨ ਦੇ ਮੁਕਾਬਲੇ ਭਾਰਤ ਦੀ ਫ਼ੌਜੀ ਤਾਕਤ ਬਹੁਤ ਘੱਟ ਹੈ। ਦੋਹਾਂ ਦੇਸ਼ਾਂ ਕੋਲ ਇਕ ਦੂਜੇ ਦੇ ਬਰਾਬਰ ਵੱਸੋਂ ਹੈ ਪਰ ਦੋਹਾਂ ਕੋਲ ਪੈਸਾ ਬਰਾਬਰ ਨਹੀਂ ਹੈ।

ਜਿਥੇ ਭਾਰਤ ਨੇ 71 ਬਿਲੀਅਨ ਦਾ ਫ਼ੌਜੀ ਖ਼ਰਚਾ ਵੀ ਮੁਸ਼ਕਲ ਨਾਲ ਪੂਰਾ ਕਰਨਾ ਹੁੰਦਾ ਹੈ, ਉਥੇ ਚੀਨ ਅੱਜ 2.61 ਟਰਿਲੀਅਨ ਖ਼ਰਚਾ ਕਰਦਾ ਹੈ ਤੇ ਇਸ ਨੂੰ ਵਧਾਉਣ ਦੀ ਕਾਬਲੀਅਤ ਵੀ ਰਖਦਾ ਹੈ। ਭਾਰਤ ਅਜੇ 5 ਟਰਿਲੀਅਨ ਦੀ ਅਰਥ ਵਿਵਸਥਾ ਬਣਨ ਦਾ ਸੁਪਨਾ ਵੇਖ ਰਿਹਾ ਹੈ, ਚੀਨ 14 ਟਰਿਲੀਅਨ ਦੀ ਅਰਥ ਵਿਵਸਥਾ ਬਣ ਕੇ ਭਾਰਤ-ਅਮਰੀਕਾ ਨੂੰ ਚੁਨੌਤੀ ਦੇ ਰਿਹਾ ਹੈ।

ਇਸੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਇਸਤੇਮਾਲ ਕੀਤਾ ਤੇ ਚੀਨ ਦੇ ਏਸ਼ੀਆ ਵਿਚ ਸੁਪਰ ਪਾਵਰ ਬਣਨ ਨੂੰ ਰੋਕਣ ਲਈ ਭਾਰਤ ਰਾਹੀਂ ਮੁਸ਼ਕਲਾਂ ਖੜੀਆਂ ਕੀਤੀਆਂ। ਆਰਥਕ ਗਲਿਆਰੇ ਕਾਰਨ ਸਾਡੇ ਸਾਰੇ ਗਵਾਂਢੀ ਦੇਸ਼ ਚੀਨ ਵਲ ਝੁੱਕ ਰਹੇ ਹਨ। ਭਾਰਤ ਨੇ ਉਸ ਵਿਚ ਰੁਕਾਵਟਾਂ ਪਾਈਆਂ। ਭਾਰਤ ਨੇ ਜੰਮੂ-ਕਸ਼ਮੀਰ ਦੇ ਦਰਜੇ ਵਿਚ ਤਬਦੀਲੀ ਨਾਲ ਲਦਾਖ਼ ਰਾਹੀਂ ਚੀਨ ਨੂੰ ਲਲਕਾਰਿਆ ਤੇ ਫ਼ਰਜ਼ੀ ਦੇਸ਼ ਭਗਤਾਂ ਨੇ ਚੀਨ ਵਿਰੁਧ ਪ੍ਰਚਾਰ ਕਰ ਕੇ 'ਮੇਕ ਇਨ ਇੰਡੀਆ' ਦਾ ਨਾਹਰਾ ਮਾਰਿਆ।

ਚੀਨ ਨੇ ਅਪਣੇ ਆਪ ਨੂੰ ਅਮੀਰ ਬਣਾਉਣ ਵਾਸਤੇ ਇਹ ਨਹੀਂ ਆਖਿਆ ਕਿ 'ਬਾਏ ਆਊਟ ਭਾਰਤ', ਬਲਕਿ ਉਸ ਨੇ ਅਪਣੀ ਕਾਬਲੀਅਤ ਨੂੰ ਸਗੋਂ ਹੋਰ ਵਧਾਇਆ।
ਭਾਰਤ ਸਰਕਾਰ ਨੇ ਅੱਜ 'ਹਾਉਡੀ ਟਰੰਪ' ਨਾਲ ਨਾ ਸਿਰਫ਼ ਕੋਰੋਨਾ ਨੂੰ ਗੁਜਰਾਤ ਵਿਚ ਲਿਆਂਦਾ, ਬਲਕਿ ਚੀਨ ਨੂੰ ਫਿਰ ਤੋਂ ਲਲਕਾਰਿਆ ਤੇ ਸ਼ਾਇਦ ਇਨ੍ਹਾਂ ਕਾਰਨਾਂ ਕਰ ਕੇ ਹੀ ਭਾਰਤ-ਚੀਨ ਸਰਕਾਰਾਂ ਦੀ ਗੱਲਬਾਤ ਦੌਰਾਨ ਚੀਨੀ ਫ਼ੌਜ ਨੇ ਭਾਰਤ ਤੇ ਵਾਰ ਕਰਨ ਦੀ ਹਿੰਮਤ ਵਿਖਾਈ।

ਭਾਰਤ ਤੇ ਚੀਨ ਵੀ ਇਹ ਜਾਣਦੇ ਹਨ ਕਿ ਪਾਕਿਸਤਾਨ ਵਾਂਗ ਭਾਰਤ,ਚੀਨ ਦੇ ਅੰਦਰ ਜਾ ਕੇ ਕੋਈ ਵਾਰ ਕਰਨ ਦੀ ਗ਼ਲਤੀ ਨਹੀਂ ਕਰ ਸਕਦਾ। ਇਹ ਵਾਰ ਚੀਨ ਵਲੋਂ ਗੱਲਬਾਤ ਨੂੰ ਸਹੀ ਰਸਤੇ ਲਿਆਉਣ ਦਾ ਇਕ ਤਰੀਕਾ ਹੋ ਸਕਦਾ ਹੈ। ਚੀਨ ਦਾ ਕਿੰਨਾ ਨੁਕਸਾਨ ਹੋਇਆ ਜਾਂ ਨਹੀਂ ਹੋਇਆ, ਮੁੱਦਾ ਇਹ ਨਹੀਂ ਪਰ ਮੁੱਦਾ ਇਹ ਹੈ ਕਿ ਸਾਡੇ 20 ਜਵਾਨ ਵੀ ਗਏ ਤੇ ਇਹ ਸੁਨੇਹਾ ਵੀ ਦੇ ਗਏ ਕਿ ਇਸ ਲੜਾਈ ਨੂੰ ਲੜਨ ਦੀ ਕਾਬਲੀਅਤ ਸਾਡੇ ਕੋਲ ਨਹੀਂ।

ਸੋ ਭਾਜਪਾ ਨੂੰ ਚਾਹੀਦਾ ਹੈ ਕਿ ਅਪਣੀ ਕੂਟਨੀਤੀ ਨੂੰ ਇਸ ਤਰ੍ਹਾਂ ਸੋਧੇ ਕਿ ਸਰਹੱਦਾਂ ਉਤੇ ਸ਼ਾਂਤੀ ਬਰਕਰਾਰ ਰਹਿ ਸਕੇ ਤੇ ਅਮਰੀਕਾ ਸਾਨੂੰ ਅਪਣੇ ਰਾਜਸੀ ਟੀਚਿਆਂ ਲਈ ਨਾ ਵਰਤ ਸਕੇ, ਨਾ ਸਾਡੀਆਂ ਸਰਹੱਦਾਂ ਦੀ ਸ਼ਾਂਤੀ ਵਿਗੜਨ ਦੇ ਨਤੀਜੇ ਵਜੋਂ ਭਾਰਤ ਮਾਂ ਨੂੰ ਅਪਣੇ ਬੇਟਿਆਂ ਦੀਆਂ ਲਾਸ਼ਾਂ ਹੀ ਨਿਤ ਵੇਖਣੀਆਂ ਪੈਣ। -ਨਿਮਰਤ ਕੌਰ