ਔਰਤਾਂ ਨੂੰ ਬਰਾਬਰੀ ਕੌਣ ਦੇਣਾ ਚਾਹੁੰਦਾ ਹੈ¸ਕਾਂਗਰਸ ਜਾਂ ਭਾਜਪਾ?
ਭਾਜਪਾ ਅਤੇ ਕਾਂਗਰਸ ਵਿਚਕਾਰ ਮੁਸਲਮਾਨ ਔਰਤਾਂ ਦੇ ਹੱਕਾਂ ਨੂੰ ਲੈ ਕੇ ਜੰਗ ਛਿੜ ਪਈ ਹੈ..............
ਭਾਜਪਾ ਅਤੇ ਕਾਂਗਰਸ ਵਿਚਕਾਰ ਮੁਸਲਮਾਨ ਔਰਤਾਂ ਦੇ ਹੱਕਾਂ ਨੂੰ ਲੈ ਕੇ ਜੰਗ ਛਿੜ ਪਈ ਹੈ ਪਰ ਹੁਣ ਰਾਹੁਲ ਗਾਂਧੀ ਨੇ ਇਸ ਵਿਚ ਭਾਜਪਾ ਅੱਗੇ ਇਕ ਵੱਡਾ ਪ੍ਰਸ਼ਨ ਖੜਾ ਕਰ ਦਿਤਾ ਹੈ। ਭਾਜਪਾ ਮੰਨਦੀ ਹੈ ਕਿ ਤਿੰਨ ਤਲਾਕ ਵਿਚ ਮੁਸਲਮਾਨ ਔਰਤਾਂ ਦਾ ਸਾਥ ਦੇ ਕੇ ਉਨ੍ਹਾਂ ਨੇ ਇਕ ਵੱਡਾ ਕਦਮ ਚੁਕਿਆ ਹੈ ਅਤੇ ਕਾਂਗਰਸ ਨੇ ਇਹ ਕਦਮ ਨਾ ਚੁੱਕ ਕੇ ਇਹ ਸਾਬਤ ਕੀਤਾ ਹੈ ਕਿ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਪਾਰਟੀ ਹੈ। ਹੁਣ ਰਾਹੁਲ ਗਾਂਧੀ ਨੇ ਯੂ.ਪੀ.ਏ.-2 ਵਿਚ 33% ਔਰਤਾਂ ਵਾਸਤੇ ਰਾਖਵਾਂਕਰਨ ਦੇ ਨਾ ਪਾਸ ਹੋਏ ਬਿਲ ਨੂੰ ਮੁੜ ਤੋਂ ਚੁਕ ਕੇ ਭਾਜਪਾ ਨੂੰ ਇਸ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਕਰ ਦਿਤਾ ਹੈ
ਕਿ ਭਾਜਪਾ ਸਿਰਫ਼ ਮੁਸਲਮਾਨ ਔਰਤਾਂ ਦੀ ਪਾਰਟੀ ਹੈ ਜਾਂ ਭਾਰਤ ਦੀਆਂ ਸਾਰੀਆਂ ਔਰਤਾਂ ਦੇ ਹੱਕਾਂ ਵਾਸਤੇ ਖੜੀ ਹੈ? ਜੇ ਭਾਜਪਾ ਸਰਕਾਰ ਇਸ ਬਿਲ ਨੂੰ ਪਾਸ ਨਹੀਂ ਕਰਦੀ ਤਾਂ ਸਾਫ਼ ਹੈ ਕਿ ਉਨ੍ਹਾਂ ਇਹ ਕਦਮ ਸਿਰਫ਼ ਮੁਸਲਮਾਨ ਪ੍ਰਵਾਰਾਂ ਵਿਚ ਦਰਾੜ ਪਾਉਣ ਲਈ ਚੁਕਿਆ ਸੀ ਨਹੀਂ ਤਾਂ ਉਹ ਔਰਤਾਂ ਦੀ ਬਰਾਬਰੀ ਵਾਸਤੇ ਇਹ ਕਦਮ ਵੀ ਚੁਕਦੀ। ਅਸਲੀਅਤ ਵਿਚ ਰਾਖਵਾਂਕਰਨ ਮੁਸਲਮਾਨ ਔਰਤਾਂ ਦੀ ਵੀ ਤਿੰਨ ਤਲਾਕ ਨਾਲੋਂ ਕਿਤੇ ਵੱਧ ਮਦਦ ਕਰੇਗਾ।
ਤਿੰਨ ਤਲਾਕ ਬੜੀ ਘੱਟ ਅਬਾਦੀ ਵਿਚ ਇਸਤੇਮਾਲ ਹੁੰਦਾ ਹੈ ਅਤੇ ਇਹ ਮੁਸਲਮਾਨ ਧਰਮ ਦੇ ਰਖਵਾਲੇ ਮੌਲਵੀਆਂ ਦਾ ਕਸੂਰ ਹੈ ਕਿ ਉਨ੍ਹਾਂ ਇਸ ਵਿਚ ਸਿਆਸੀ ਦਖ਼ਲਅੰਦਾਜ਼ੀ ਤੋਂ ਪਹਿਲਾਂ ਹੀ ਰੋਕ ਨਾ ਲਗਾਈ। ਖ਼ੈਰ, ਹੁਣ ਵੇਖਣਾ ਇਹ ਹੈ ਕਿ ਸਾਰੀਆਂ ਔਰਤਾਂ ਦੀ ਬਰਾਬਰੀ ਦੀ ਲੜਾਈ ਵਿਚ ਮੋਦੀ ਜੀ ਦਾ ਕੀ ਰੁਖ਼ ਹੋਵੇਗਾ। ਸ਼ਾਇਦ ਚੋਣਾਂ ਜਿੱਤਣ ਦੀ ਮਜਬੂਰੀ ਦੇ ਰੌਲੇ ਰੱਪੇ ਵਿਚ ਔਰਤਾਂ ਨੂੰ ਇਹ ਬਰਾਬਰੀ ਦਾ ਹੱਕ ਵੀ ਮਿਲ ਹੀ ਜਾਏ। -ਨਿਮਰਤ ਕੌਰ