ਅਟਲ ਬਿਹਾਰੀ ਵਾਜਪਾਈ ਮਹਾਨ ਸਨ ਪਰ ਪੰਜਾਬ ਬਾਰੇ ਉਨ੍ਹਾਂ ਦੀ ਨੀਤੀ ਇਕ ਬੁਝਾਰਤ ਹੀ ਬਣੀ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਟਲ ਬਿਹਾਰੀ ਵਾਜਪਾਈ 93 ਸਾਲ ਦੀ ਉਮਰ ਵਿਚ ਇਕ ਭਰਪੂਰ ਜੀਵਨ ਪੂਰਾ ਕਰ ਕੇ ਚਲੇ ਗਏ...............

Atal Bihari Vajpayee

ਅਟਲ ਬਿਹਾਰੀ ਵਾਜਪਾਈ 93 ਸਾਲ ਦੀ ਉਮਰ ਵਿਚ ਇਕ ਭਰਪੂਰ ਜੀਵਨ ਪੂਰਾ ਕਰ ਕੇ ਚਲੇ ਗਏ। ਭਾਵੇਂ ਉਨ੍ਹਾਂ ਦੇ ਆਖ਼ਰੀ ਸਾਲਾਂ ਵਿਚ ਉਨ੍ਹਾਂ ਨੂੰ ਭਾਜਪਾ ਵਿਚ ਉਹ ਸਥਾਨ ਨਹੀਂ ਸੀ ਮਿਲ ਸਕਿਆ ਜਿਸ ਦੇ ਉਹ ਹੱਕਦਾਰ ਸਨ ਪਰ ਭਾਜਪਾ ਅੱਜ ਦੇਸ਼ ਦੀ ਰਾਜਨੀਤੀ ਵਿਚ ਜੋ ਵੀ ਕੇਂਦਰੀ ਸਥਾਨ ਹਾਸਲ ਕਰ ਸਕੀ ਹੈ, ਉਸ ਦੀ ਬੁਨਿਆਦ ਤਾਂ ਅਟਲ ਬਿਹਾਰੀ ਵਾਜਪਾਈ ਨੇ ਹੀ ਰੱਖੀ ਸੀ। ਦਿਲ ਤੋਂ ਇਕ ਕਵੀ, ਮਨ ਤੋਂ ਆਰ.ਐਸ.ਐਸ. ਦੀ ਸਿਖਲਾਈ ਪ੍ਰਾਪਤ ਇਕ ਹਿੰਦੂ, ਕਰਮ ਤੋਂ ਇਕ ਅਸਲ ਸਿਆਸਤਦਾਨ, ਅਟਲ ਬਿਹਾਰੀ, ਅਜਿਹਾ ਸਿਆਸਤਦਾਨ ਸੀ ਜਿਸ ਨੇ ਸਿਆਸਤ ਨੂੰ ਖੇਡ ਨਹੀਂ ਬਣਨ ਦਿਤਾ ਤੇ ਹਰ ਚੀਜ਼ ਨੂੰ ਗੰਭੀਰਤਾ ਨਾਲ ਲਿਆ।

ਅਟਲ ਬਿਹਾਰੀ ਵਾਜਪਾਈ ਨੇ ਅਪਣੇ ਵਿਰੋਧੀਆਂ ਨਾਲ ਵੀ ਰਿਸ਼ਤਾ ਬਣਾਈ ਰਖਿਆ ਭਾਵੇਂ ਉਹ ਨਹਿਰੂ ਸੀ ਜਾਂ ਅਪਣੀ ਹੀ ਪਾਰਟੀ ਦੇ ਉਲਟ ਜਾਣ ਵਾਲੀ ਵਿਚਾਰਧਾਰਾ ਵਾਲਾ ਅਡਵਾਨੀ। ਕਸ਼ਮੀਰ ਵੀ ਅੱਜ ਤਕ ਵਾਜਪਾਈ ਨੂੰ ਯਾਦ ਕਰਦਾ ਹੈ। ਭਾਰਤ ਦੀ ਆਰਥਕਤਾ ਨੂੰ ਡਾ. ਮਨਮੋਹਨ ਸਿੰਘ ਵਾਸਤੇ ਤਿਆਰ ਕਰਨ ਦਾ ਕੰਮ ਵੀ ਉਨ੍ਹਾਂ ਨੇ ਹੀ ਕੀਤਾ। ਵਾਜਪਾਈ ਉਹ ਆਗੂ ਸਨ ਜਿਨ੍ਹਾਂ ਵਿਚ ਹਿੰਮਤ ਸੀ ਕਿ ਉਹ ਆਰ.ਐਸ.ਐਸ. ਨੂੰ ਵੀ ਸਿਆਸਤ ਤੋਂ ਬਾਹਰ ਰਹਿਣ ਵਾਸਤੇ ਆਖ ਸਕਦੇ ਸਨ।

ਪ੍ਰੈੱਸ ਨੂੰ ਨਿਰਪੱਖ ਰਹਿਣ ਦੀ ਨਸੀਹਤ ਦੇਣ ਵਾਲੇ ਵਾਜਪਾਈ ਵਲੋਂ ਪੰਜਾਬ ਵਿਚ ਦਰਬਾਰ ਸਾਹਿਬ ਉਤੇ ਹਮਲੇ ਦੀ ਹਮਾਇਤ ਅਤੇ ਇੰਦਰਾ ਗਾਂਧੀ ਉਤੇ ਪੰਜਾਬ ਵਿਚ ਫ਼ੌਜ ਭੇਜਣ ਲਈ ਦਬਾਅ ਪਾਉਣ ਦਾ ਮਤਲਬ ਸਮਝ ਨਹੀਂ ਆਉਂਦਾ। ਇਕ ਕੋਮਲ ਕਵੀ ਦੀ ਰੂਹ ਪੰਜਾਬ ਦੇ ਮਾਮਲੇ ਵਿਚ ਕਿਸ ਤਰ੍ਹਾਂ ਏਨੀ ਸਖ਼ਤ ਹੋ ਗਈ ਸੀ? ਵਾਜਪਾਈ ਬਾਬਰੀ ਮਸਜਿਦ ਢਾਹੁਣ ਵਿਚ ਸ਼ਾਮਲ ਨਹੀਂ ਸਨ ਬਲਕਿ ਉਹ ਤਾਂ .... ਨਾਲ ਹੱਥ ਮਿਲਾਉਣ ਵਾਲਿਆਂ 'ਚੋਂ ਸਨ।

ਇੰਦਰਾ ਗਾਂਧੀ ਵਲੋਂ ਲਾਈ ਗਈ ਐਮਰਜੰਸੀ ਵਿਚ ਡੱਟ ਕੇ ਵਿਰੋਧ ਕਰਨ ਵਾਲੇ ਵਾਜਪਾਈ ਦੀ ਪੰਜਾਬ ਪ੍ਰਤੀ ਸੋਚ ਸਮਝ ਤੋਂ ਪਰੇ ਹੈ। ਉਨ੍ਹਾਂ ਦਾ ਕੱਦ ਉੱਚਾ ਸੀ ਅਤੇ ਇਕ ਹਿੰਦੂ ਆਗੂ ਵਜੋਂ ਹਮੇਸ਼ਾ ਉੱਚਾ ਰਹੇਗਾ। ਘੱਟ-ਗਿਣਤੀਆਂ ਦੇ ਦਿਲਾਂ ਦੀ ਗੱਲ ਕਰਨੀ ਅਜੇ ਸਮੇਂ ਮੁਤਾਬਕ ਠੀਕ ਨਹੀਂ ਹੋਵੇਗੀ। ਜੇ ਜਾਂਦੇ-ਜਾਂਦੇ ਪੰਜਾਬ ਨੂੰ ਉਨ੍ਹਾਂ ਪਲਾਂ ਦਾ ਸੱਚ ਦਸ ਜਾਂਦੇ ਤਾਂ ਸ਼ਾਇਦ ਸਿੱਖਾਂ ਦੇ ਮਨਾਂ ਵਿਚ ਉਨ੍ਹਾਂ ਦੇ ਦਾਮਨ ਉਤੇ ਕਿਸੇ ਵੀ ਦਾਗ਼ ਦੀ ਪਰਛਾਈਂ ਵੀ ਨਾ ਦਿਸਦੀ।     -ਨਿਮਰਤ ਕੌਰ