ਘੱਟ ਗਿਣਤੀ ਪਾਰਟੀ ਅਕਾਲੀ ਦਲ ਦੇ ਲੀਡਰ ਕਿਹੋ ਜਹੇ ਸਨ ਤੇ ਕਿਹੋ ਜਹੇ ਹੋਣੇ ਚਾਹੀਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲੀ ਦਲ ਦੇ ਪਹਿਲੇ ਦੌਰ ਦੇ ਲੀਡਰਾਂ ਦੀ ਧਾਂਕ ਇਸੇ ਲਈ ਬਣੀ ਹੋਈ ਸੀ ਕਿ ਉਨ੍ਹਾਂ ਦੇ ਘਰਾਂ ਭਾਵੇਂ ਭੁੱਖ ਭੰਗੜੇ ਪਾਉਂਦੀ ਸੀ ਪਰ ਉਨ੍ਹਾਂ ਨੇ ਗ਼ਰੀਬੀ ਮਹਿਸੂਸ ਨਹੀਂ ਕੀਤੀ

Shiromani Akali Dal


ਅਖ਼ਬਾਰੀ ਖ਼ਬਰਾਂ ਹਨ ਕਿ ਸ. ਸੁਖਬੀਰ ਸਿੰਘ ਬਾਦਲ ਵਿਦੇਸ਼ ਯਾਤਰਾ ਤੇ ਨਿਕਲ ਗਏ ਹਨ।  ਏਨੀ ਕੁ ਖ਼ਬਰ ਤਾਂ ਕੋਈ ਖ਼ਬਰ ਨਹੀ ਹੁੰਦੀ ਅੱਜਕਲ ਪਰ ਖ਼ਬਰ ਦਾ ਅਸਲ ਹਿੱਸਾ ਇਹ ਹੈ ਕਿ ਉਹ ਇਕ ਦੇਸ਼ ਦੀ ਟਿਕਟ ਲੈ ਕੇ ਗਏ ਹਨ (ਸ਼ਾਇਦ ਇੰਗਲੈਂਡ ਦੀ) ਤੇ ਉਥੇ ਪੁਜ ਕੇ ਅਗਲੇ ਦੇਸ਼ ਦੀ ਟਿਕਟ ਲੈ ਲੈਣਗੇ ਪਰ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਦਸਿਆ ਜਾ ਰਿਹਾ ਕਿ ਉਨ੍ਹਾਂ ਨੇ ਅਸਲ ਵਿਚ ਕਿਹੜੇ ਦੇਸ਼ ਵਿਚ ਜਾਣਾ ਹੈ। ਇਸ ਗੱਲ ਨੂੰ ‘ਗੁਪਤ’ ਰਖਿਆ ਜਾ ਰਿਹਾ ਹੈ ਪਰ ਕਿਉਂ? ਕੁੱਝ ਸਾਲ ਪਹਿਲਾਂ ਤਕ ਜਦ ਅਕਾਲੀ ਦਲ ਦਾ ਪ੍ਰਧਾਨ ਵਿਦੇਸ਼ ਯਾਤਰਾ ਤੇ ਜਾਂਦਾ ਸੀ ਤਾਂ ਬੜੇ ਢੋਲ ਢਮੱਕੇ ਨਾਲ ਐਲਾਨ ਕੀਤਾ ਜਾਂਦਾ ਸੀ ਕਿ ਪ੍ਰਧਾਨ ਜੀ ਫ਼ਲਾਣੇ ਦੇਸ਼ ਦੀਆਂ ਸੰਗਤਾਂ ਨੂੰ ਮਿਲਣ ਆ ਰਹੇ ਹਨ। ਉਥੇ ਪਹੁੰਚਣ ਤੇ, ਵਿਦੇਸ਼ ਤੋਂ ਵੀ ਖ਼ਬਰਾਂ ਛਪਣ ਲੱਗ ਜਾਂਦੀਆਂ ਸਨ ਕਿ ਪ੍ਰਧਾਨ ਜੀ ਦੇ ਸਵਾਗਤ ਲਈ ਉਸ ਦੇਸ਼ ਦੀਆਂ ਸੰਗਤਾਂ ਕਿਹੜੇ ਕਿਹੜੇ ਸਮਾਗਮ ਕਰ ਰਹੀਆਂ ਹਨ ਤੇ ਇਹ ਵੀ ਦਸਿਆ ਜਾਂਦਾ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਸਾਹਿਬ ਦੇ ਦਰਸ਼ਨ ਕਰਨ ਦਾ ਕਿੰਨਾ ਚਾਅ ਹੈ।

Sukhbir Singh Badal

ਪਰ ਵਕਤ ਕਿੰਨਾ ਬਦਲ ਗਿਆ ਹੈ ਕਿ ਅੱਜ ਅਕਾਲੀ ਦਲ ਦਾ ਪ੍ਰਧਾਨ, ਵਿਦੇਸ਼ ਯਾਤਰਾ ਤੇ ਜਾਂਦਾ ਹੈ ਤਾਂ ਇਸ ਗੱਲ ਨੂੰ ‘ਗੁਪਤ’ ਰਖਿਆ ਜਾਂਦਾ ਹੈ ਕਿ ਉਹ ਕਿਹੜੇ ਦੇਸ਼ ਵਿਚ ਜਾ ਰਿਹਾ ਹੈ, ਕਿਉਂ ਜਾ ਰਿਹਾ ਹੈ ਤੇ ਉਸ ਨੂੰ ਉਥੋਂ ਦੀਆਂ ਸੰਗਤਾਂ ਕਿਵੇਂ ਤੇ ਕਿਥੇ ਮਿਲ ਸਕਣਗੀਆਂ। ਇਸ ਨਾਲ ਤਰ੍ਹਾਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ। ਆਮ ਕਿਹਾ ਜਾਂਦਾ ਹੈ ਕਿ ਅੱਜਕਲ ਹਰ ਵੱਡੇ ਸਿਆਸਤਦਾਨ ਨੇ ਵਿਦੇਸ਼ਾਂ ਵਿਚ ਚੰਗੀ ਜਾਇਦਾਦ ਵੀ ਬਣਾ ਲਈ ਹੈ ਤੇ ਧਨ ਵੀ ਇਕੱਤਰ ਕਰ ਲਿਆ ਹੋਇਆ ਹੈ (ਵਿਦੇਸ਼ ਵਿਚ) ਤੇ ਉਸ ‘ਗੁਪਤ ਧਨ’ ਦੀ ਸੇਵਾ ਸੰਭਾਲ ਲਈ ਹੀ ਲੀਡਰ ਲੋਕ ਵਾਰ ਵਾਰ ਵਿਦੇਸ਼ ਜਾਂਦੇ ਹਨ। ਰਾਹੁਲ ਗਾਂਧੀ ਵੀ ਇਸੇ ਤਰ੍ਹਾਂ ਜਦ ਵਿਦੇਸ਼ ਯਾਤਰਾ ਤੇ ਨਿਕਲ ਪੈਂਦੇ ਹਨ ਤਾਂ ਇਹੋ ਜਹੀਆਂ ਚਰਚਾਵਾਂ ਛਿੜ ਪੈਂਦੀਆਂ ਹਨ। ਨਾ ਕਦੇ ਰਾਹੁਲ ਗਾਂਧੀ ਨੇ ਇਨ੍ਹਾਂ ਚਰਚਾਵਾਂ ਦਾ ਉਤਰ ਦਿਤਾ ਹੈ, ਨਾ ਸੁਖਬੀਰ ਬਾਦਲ ਜਾਂ ਕੋਈ ਹੋਰ ਨੇਤਾ ਹੀ ਅਜਿਹੀ ਚਰਚਾ ਦਾ ਜਵਾਬ ਦੇਣਗੇ। ਸਾਰੇ ਨੇਤਾ ਚੁੱਪ ਰਹਿਣਾ ਹੀ ਪਸੰਦ ਕਰਦੇ ਹਨ।

Shiromani akali dal

ਪਰ ਅਕਸਰ ਵਿਦੇਸ਼ੀ ਦੌਰਿਆਂ ਤੇ ਚੜ੍ਹੇ ਰਹਿੰਦੇ ਨੇਤਾਵਾਂ ਦੇ ਗੁਪਤ/ਪ੍ਰਗਟ ਦੌਰਿਆਂ ਦਾ ਇਕ ਅਸਰ ਇਹ ਜ਼ਰੂਰ ਹੁੰਦਾ ਹੈ ਕਿ ਲੋਕ ਇਨ੍ਹਾਂ ਲੀਡਰਾਂ ਬਾਰੇ ਸ਼ੱਕ ਕਰਨ ਲੱਗ ਪੈਂਦੇ ਹਨ। ਰਾਹੁਲ ਦੇ ਵਿਦੇਸ਼ੀ ਦੌਰੇ, ਉਸ ਦੀ ਪਾਰਟੀ ਲਈ ਤਾਂ ਦਿਨ ਬ ਦਿਨ ਮਾਰੂ ਹੀ ਸਾਬਤ ਹੁੰਦੇ ਜਾ ਰਹੇ ਹਨ। ਸੁਖਬੀਰ ਬਾਦਲ ਦੇ ਵਿਦੇਸ਼ੀ ਦੌਰੇ ਅਕਾਲੀ ਦਲ ਨੂੰ ਵੀ ਦਿਨ ਬ ਦਿਨ ਹੇਠਾਂ ਹੀ ਸੁਟਦੇ ਜਾ ਰਹੇ ਹਨ। ਆਮ ਜਨਤਾ ਨਾਲ ਗੱਲਬਾਤ ਕਰਨ ਤੇ ਪਤਾ ਲਗਦਾ ਹੈ ਕਿ ਅੱਜ ਵੀ ਲੋਕ ਇਹ ਪਸੰਦ ਨਹੀਂ ਕਰਦੇ ਕਿ ਲੀਡਰ ਲੋਕਾਂ ਕੋਲ ‘ਲੁਕਾ ਕੇ ਰੱਖਣ ਵਾਲਾ’ ਧਨ ਹੋਵੇ। ਲੋਕ ਇਹ ਵੀ ਚਾਹੁੰਦੇ ਹਨ ਕਿ ਉਹ ਹਰ ਸਾਲ ਜਨਤਾ ਨੂੰ ਦੱਸਣ ਕਿ ਉਨ੍ਹਾਂ ਕੋਲ ਕੁਲ ਦੌਲਤ ਪਿਛਲੇ 5 ਸਾਲਾਂ ਵਿਚ ਕਿੰਨੀ ਸੀ ਤੇ ਕਿਥੇ ਸੀ ਤੇ ਅੱਜ ਕਿੰਨੀ ਤੇ ਕਿਥੇ ਹੈ?

Master Tara Singh

ਘੱਟ ਗਿਣਤੀਆਂ ਦੀ ਅਗਵਾਈ ਕਰਨ ਵਾਲੀਆਂ ਪਾਰਟੀਆਂ ਬਾਰੇ ਤਾਂ ਵਿਸ਼ੇਸ਼ ਤੌਰ ਤੇ ਇਹ ਧਾਰਣਾ ਬਣੀ ਹੋਈ ਹੈ ਕਿ ਘੱਟ ਗਿਣਤੀਆਂ ਦੀਆਂ ਪਾਰਟੀਆਂ ਅਪਣੇ ਲੋਕਾਂ ਦੀ ਲੜਾਈ ਉਦੋਂ ਹੀ ਲੜ ਸਕਦੀਆਂ ਹਨ ਜਦ ਉਨ੍ਹਾਂ ਦੇ ਕਰਤਾ ਧਰਤਾ ਆਪ ‘ਮਾਇਆਧਾਰੀ’ ਨਹੀਂ ਹੋਣਗੇ। ਅਕਾਲੀ ਦਲ ਦੇ ਪਹਿਲੇ ਦੌਰ ਦੇ ਲੀਡਰਾਂ ਦੀ ਧਾਂਕ ਇਸੇ ਲਈ ਬਣੀ ਹੋਈ ਸੀ ਕਿ ਉਨ੍ਹਾਂ ਦੇ ਘਰਾਂ ਵਿਚ ਭਾਵੇਂ ਭੁੱਖ ਭੰਗੜੇ ਪਾਉਂਦੀ ਸੀ ਪਰ ਉਨ੍ਹਾਂ ਨੇ ਗ਼ਰੀਬੀ ਕਦੇ ਮਹਿਸੂਸ ਨਹੀਂ ਸੀ ਕੀਤੀ, ਨਾ ਪੈਸੇ ਨਾਲ ਪਿਆਰ ਹੀ ਪਾਇਆ ਸੀ। ਮਾ. ਤਾਰਾ ਸਿੰਘ, ਹੁਕਮ ਸਿੰਘ, ਗਿ. ਕਰਤਾਰ ਸਿੰਘ ਤੇ ਹੋਰ ਸੈਂਕੜੇ ਆਗੂ ਲਫ਼ਜ਼ ਦੇ ਹਰ ਤਰ੍ਹਾਂ ਦੇ ਅਰਥਾਂ ਅਨੁਸਾਰ ਗ਼ਰੀਬ ਸਨ ਪਰ ਨਾ ਉਹ ਪੈਸੇ ਲਈ ਕਿਸੇ ਹੋਰ ਪਾਸੇ ਵੇਖਦੇ ਸਨ, ਨਾ ਗੱਦੀਆਂ ਲੈਣ ਲਈ ਇਹ ਭੁਲਦੇ ਸਨ ਕਿ ਉਨ੍ਹਾਂ ਨੂੰ ਪੰਥ ਨੇ ਆਗੂ ਬਣਾਇਆ ਹੈ ਤੇ ਕਿਸੇ ਹੋਰ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਕੁਦਰਤ ਤੇ ਕਾਦਰ ਨੇ ਪ੍ਰਵਾਨ ਨਹੀਂ ਕਰਨੀ।

Baba Kharak Singh Ji

ਬਾਬਾ ਖੜਕ ਸਿੰਘ ਉਪਰੋਕਤ ਸਾਰੇ ਲੀਡਰਾਂ ਨਾਲੋਂ ਵੱਡੇ ਸਨ ਪਰ ਉਹ ਬਹੁਤ ਅਮੀਰ ਸਿੱਖ ਸਨ, ਇਸ ਲਈ ਹੌਲੀ ਹੌਲੀ ਆਪ ਹੀ ਦੂਜੇ ਅਕਾਲੀ ਲੀਡਰਾਂ ਨਾਲੋਂ ਪਿੱਛੇ ਹਟਦੇ ਗਏ ਤੇ ਅਖ਼ੀਰ ਏਨੇ ਦੂਰ ਹੋ ਗਏ ਕਿ ‘ਕਾਂਗਰਸੀ’ ਹੀ ਬਣ ਗਏ ਤੇ ਉਨ੍ਹਾਂ ਦੀ ਮੌਤ ਸਮੇਂ ਅਕਾਲੀਆਂ ਨਾਲੋਂ ਕਾਂਗਰਸੀਆਂ ਨੇ ਵਧੇਰਾ ਅਫ਼ਸੋਸ ਮਨਾਇਆ ਤੇ ਦਿੱਲੀ ਵਿਚ ਇਕ ਸੜਕ ਦਾ ਨਾਂ ਵੀ ‘ਬਾਬਾ ਖੜਕ ਸਿੰਘ ਰੋਡ’ ਰੱਖ ਦਿਤਾ।


Giani Kartar Singh

ਅੱਜ ਵੀ ਜੇ ਇਤਿਹਾਸ ਤੋਂ ਠੀਕ ਸਬਕ ਲੈਣਾ ਹੈ ਤਾਂ ਉਹ ਸਾਰੇ ਅਕਾਲੀ ਆਗੂ ਜੋ ਅਮੀਰੀ ਦੀ ਇਕ ਖ਼ਾਸ ਹੱਦ ਤੋਂ ਉਪਰ ਚਲੇ ਗਏ ਹਨ ਤੇ ਜਿਹੜੇ ਦੇਸ਼ ਵਿਦੇਸ਼ ਵਿਚ ਅਪਣੀ ਸਾਰੀ ਦੌਲਤ ਪ੍ਰਗਟ ਵੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਕਿਸੇ ਵਾਦ ਵਿਵਾਦ ਨੂੰ ਸੱਦਾ ਦੇਣ ਦੀ ਬਜਾਏ ਖ਼ੁਦ ਹੀ ਘੱਟ ਗਿਣਤੀ ਲੋਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਦੀ ਜਥੇਦਾਰੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ। ਘੱਟ ਗਿਣਤੀ ਪਾਰਟੀਆਂ ਦੇ ਆਗੂ ਸਾਦਗੀ ਵਾਲੇ, ਪੈਸੇ ਵਲੋਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮਾਇਆ ਇਕੱਤਰ ਕਰਨ ਦੇ ਵਿਰੋਧੀ ਹੋਣੇ ਚਾਹੀਦੇ ਹਨ, ਨਹੀਂ ਤਾਂ ਉਹ ਘੱਟ ਗਿਣਤੀਆਂ ਦਾ ਕੇਸ ਲੜਦੇ ਲੜਦੇ ਲੜਖੜਾ ਜਾਇਆ ਕਰਨਗੇ ਅਤੇ ਅਪਣੇ ਨਿਜੀ ‘ਲਾਭ’ ਨੂੰ ਅਪਣੀ ਘੱਟ ਗਿਣਤੀ ਦੇ ‘ਲਾਭ’ ਨਾਲੋਂ ਉੱਚਾ ਸਮਝਣ ਲੱਗ ਜਾਣਗੇ ਤੇ ਸਰਕਾਰ ਵੀ ਉਨ੍ਹਾਂ ਨੂੰ ਆਸਾਨੀ ਨਾਲ ਥਿੜਕਾ ਸਕਦੀ ਹੈ। ਇਹੀ ਕੁੱਝ ਹੁਣ ਹੋ ਰਿਹਾ ਹੈ। ਸੱਚੇ ਸੁੱਚੇ ਅਕਾਲੀ ਵਰਕਰਾਂ ਨੂੰ, ਅਕਾਲ ਤਖ਼ਤ ਵਾਲਿਆਂ ਨੂੰ ਤੇ ਸਿੱਖ ਚਿੰਤਕਾਂ ਨੂੰ ਇਸ ਬਾਰੇ ਖੁਲ੍ਹ ਕੇ ਗੱਲ ਕਰਨੀ ਚਾਹੀਦੀ ਹੈ।