'ਹਿੰਦੀ ਇੰਪੀਰੀਅਲਿਜ਼ਮ' ਦੇਸ਼ ਵਿਚ ਤਾਂ ਚਲ ਨਹੀਂ ਸਕਿਆ, ਪੰਜਾਬ ਵਿਚ ਦੋ ਹਿੰਦੀ ਲੇਖਕਾਂ ਕੋਲੋਂ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

'ਹਿੰਦੀ ਇੰਪੀਰੀਅਲਿਜ਼ਮ' ਦੇਸ਼ ਵਿਚ ਤਾਂ ਚਲ ਨਹੀਂ ਸਕਿਆ, ਪੰਜਾਬ ਵਿਚ ਦੋ ਹਿੰਦੀ ਲੇਖਕਾਂ ਕੋਲੋਂ ਪੰਜਾਬੀ ਵਿਰੁਧ ਨਫ਼ਰਤ ਜ਼ਰੂਰ ਉਗਲਵਾ ਗਿਆ

BJP govt imposing Hindi over regional languages

ਸਾਰੇ ਦੇਸ਼ ਵਿਚ ਸਰਕਾਰ ਹੁਣ ਇਕ ਭਾਸ਼ਾ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਅਤੇ ਉਸ ਨੂੰ ਲੈ ਕੇ ਇਕ ਹੋਰ ਵੱਡਾ ਵਿਵਾਦ ਛਿੜ ਗਿਆ ਹੈ। ਇਸ ਵਿਵਾਦ ਨੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਮੰਚ ਉਤੇ ਹੀ ਪੰਜਾਬੀ ਨੂੰ 'ਅਨਪੜ੍ਹਾਂ ਜਾਹਲਾਂ ਦੀ ਭਾਸ਼ਾ' ਕਹਿਣ ਦੀ ਹਿੰਮਤ ਦੋ ਹਿੰਦੀ ਲੇਖਕਾਂ ਨੂੰ ਦੇ ਦਿਤੀ। ਇਕ ਲੇਖਕ, ਜਿਸ ਨੇ ਹੁਣ ਤਾਂ ਮਾਫ਼ੀ ਵੀ ਮੰਗ ਲਈ ਹੈ, ਨੇ ਇਹ ਤਕ ਆਖ ਦਿਤਾ ਕਿ ਪੰਜਾਬੀ ਤਾਂ ਗਾਲਾਂ ਕੱਢ ਕੇ ਪੜ੍ਹਾਈ ਜਾਂਦੀ ਹੈ। ਮਾਫ਼ੀ ਤਾਂ ਹਰ ਪਾਸਿਉਂ ਦਬਾਅ ਪੈਣ ਕਰ ਕੇ ਆਈ ਹੈ ਕਿਉਂਕਿ ਦੋਹਾਂ ਲੇਖਕਾਂ ਨੇ ਆਖ਼ਰ ਰਹਿਣਾ ਤਾਂ ਪੰਜਾਬ ਵਿਚ ਹੀ ਹੈ ਪਰ ਅਸਲ ਵਿਚ ਇਸ ਤੋਂ ਉਨ੍ਹਾਂ ਦੇ ਮਨ ਦੀ ਹਾਲਤ ਦਾ ਪਤਾ ਲਗਦਾ ਹੈ ਜਿਸ ਨੂੰ ਹੱਲਾਸ਼ੇਰੀ 'ਸਾਰੇ ਭਾਰਤ ਦੀ ਇਕ ਭਾਸ਼ਾ' ਵਾਲੇ ਰੌਲੇ ਨੇ ਦਿਤੀ ਤੇ ਉਨ੍ਹਾਂ ਦਸ ਦਿਤਾ ਕਿ ਇਕ ਭਾਸ਼ਾ ਦਾ ਮਤਲਬ ਦੇਸ਼ ਦੀ ਏਕਤਾ ਬਾਰੇ ਸੋਚਣਾ ਨਹੀਂ ਬਲਕਿ 'ਹਿੰਦੀ ਹਿੰਦੂ ਇਮਪੀਰੀਅਲਿਜ਼ਮ' ਆਇਆ ਕਿ ਆਇਆ ਦਾ ਸੰਦੇਸ਼ ਦੇਣਾ ਹੈ ਤੇ ਇਹ ਆ ਤਾਂ ਹੀ ਸਕਦਾ ਹੈ ਜੇ ਬਾਕੀ ਭਾਸ਼ਾਵਾਂ ਤੇ ਸਭਿਆਚਾਰਾਂ ਨੂੰ ਨੀਵੇਂ, ਘਟੀਆ ਤੇ ਰੱਦ ਕਰਨ ਯੋਗ ਸਾਬਤ ਕਰਨਾ ਸ਼ੁਰੂ ਕਰ ਦਿਤਾ ਜਾਏ।

ਕੀ ਅੱਜ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿਤਾ ਜਾਣਾ ਸਹੀ ਹੈ? ਅਤੇ ਕੀ ਹਿੰਦੀ ਦੇ ਰਾਸ਼ਟਰ ਭਾਸ਼ਾ ਐਲਾਨੇ ਜਾਣ ਨਾਲ ਬਾਕੀ ਭਾਸ਼ਾਵਾਂ ਦਾ ਰੁਤਬਾ ਘੱਟ ਜਾਏਗਾ? ਹਿੰਦੀ ਰਾਸ਼ਟਰ ਭਾਸ਼ਾ ਤਾਂ ਹੀ ਹੋ ਸਕਦੀ ਹੈ ਜੇ ਹਰ ਭਾਰਤੀ, ਹਿੰਦੀ ਵਿਚ ਪ੍ਰਬੀਨ ਹੋਵੇ। ਪਰ ਅਫ਼ਸੋਸ ਕਿ ਹਿੰਦੀ ਜਾਂ ਕਿਸੇ ਵੀ ਹੋਰ ਭਾਰਤੀ ਭਾਸ਼ਾ ਵਿਚ ਏਨਾ ਸਾਹਿਤ ਹੀ ਨਹੀਂ ਕਿ ਉਹ ਸੱਭ ਦੀ ਭਾਸ਼ਾ ਬਣ ਸਕੇ। ਹਿੰਦੀ, ਪੰਜਾਬੀ, ਤਾਮਿਲ, ਬੰਗਾਲੀ ਸਾਡੇ ਸਾਹਿਤ, ਸਾਡੇ ਵਿਚਾਰਾਂ, ਸਾਡੇ ਫ਼ਲਸਫ਼ਿਆਂ ਦੀਆਂ ਭਾਸ਼ਾਵਾਂ ਹਨ ਜੋ ਸਾਡੀ ਮਾਨਸਿਕ ਤੇ ਰੂਹਾਨੀ ਖ਼ੁਰਾਕ ਹਨ। ਪਰ ਜੇ ਮਾੜੀ ਸਿਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਅੰਗਰੇਜ਼ੀ ਵਿਚੋਂ ਹੀ ਆਉਂਦੀ ਹੈ। ਕੀ ਈਸਰੋ ਦੇ ਵਿਗਿਆਨਕ ਅੰਗਰੇਜ਼ੀ ਬੋਲਣਾ ਤੇ ਲਿਖਣਾ ਹੀ ਜਾਣਦੇ ਸਨ ਜਾਂ ਕਿਸੇ ਵੀ ਇਲਾਕਾਈ ਭਾਸ਼ਾ ਵਿਚ ਸਾਰਾ ਵਿਗਿਆਨ ਪੜ੍ਹ ਕੇ ਆਏ ਸਨ? ਸੁਪਰੀਮ ਕੋਰਟ ਦੇ ਜੱਜ, ਭਾਰਤ ਦੀ ਅਫ਼ਸਰਸ਼ਾਹੀ, ਭਾਰਤ ਦੇ ਅਰਥਸ਼ਾਸਤਰੀ ਕਿਹੜੀ ਭਾਸ਼ਾ ਦੇ ਕੰਧਾੜੇ ਚੜ੍ਹ ਕੇ ਉਚ ਪਦਵੀਆਂ ਪ੍ਰਾਪਤ ਕਰ ਸਕੇ ਹਨ? ਅੰਗਰੇਜ਼ੀ ਦੀ ਭਾਰਤ ਦੇ ਸਿਸਟਮ ਵਿਚ ਇਕ ਥਾਂ ਬਣ ਗਈ ਹੈ ਜਿਸ ਨੂੰ ਅਜੇ ਤਾਂ ਨਹੀਂ ਛੇੜਿਆ ਜਾ ਸਕਦਾ।

ਹਿੰਦੀ ਬਹੁਗਿਣਤੀ ਦੀ ਭਾਸ਼ਾ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਭਾਰਤ ਦੇ ਲੋਕ ਅਪਣੀ ਅਪਣੀ ਮਾਂ-ਬੋਲੀ ਨੂੰ ਭੁਲ ਜਾਣ? ਇਕ ਬੁਨਿਆਦੀ ਜਹੀ ਗੱਲ ਹੈ ਜੋ ਦਸਦੀ ਹੈ ਕਿ ਕਿਸ ਬੱਚੇ ਦੀ ਬੋਲੀ ਕੀ ਹੈ? ਇਹ ਉਹ ਭਾਸ਼ਾ ਹੁੰਦੀ ਹੈ ਜਿਸ ਵਿਚ ਮਾਂ ਕੁੱਖ ਤੋਂ ਲੈ ਕੇ ਮਰਨ ਤਕ ਬੱਚੇ ਨਾਲ ਗੱਲਾਂ ਕਰਦੀ ਹੈ। ਰੂਹ ਨਾਲ ਰਿਸ਼ਤੇ ਹੁੰਦੇ ਹਨ ਮਾਂ-ਬੋਲੀ ਦੇ। ਇਹ ਧਰਮ ਤੋਂ ਵੀ ਅਲੱਗ ਹੁੰਦੀ ਹੈ ਜਿਸ ਕਰ ਕੇ ਹਿੰਦੂ ਵੀ ਪੰਜਾਬੀ ਨੂੰ ਮਾਂ-ਬੋਲੀ ਮੰਨਦੇ ਹਨ ਅਤੇ ਬੰਗਾਲੀ ਵੀ ਬੰਗਾਲੀ ਨੂੰ। ਇਸੇ ਤਰ੍ਹਾਂ ਹੋਰ ਬੋਲੀਆਂ ਬਾਰੇ ਵੀ ਸਥਾਨਕ ਲੋਕਾਂ ਦੀਆਂ ਮਾਂ-ਬੋਲੀਆਂ ਹਨ, ਧਰਮ ਉਨ੍ਹਾਂ ਦਾ ਕੋਈ ਵੀ ਹੋਵੇ ਜਾਂ ਕੋਈ ਵੀ ਨਾ ਹੋਵੇ। ਅਤੇ ਕੀ ਹੁਣ ਸਰਕਾਰ ਦੀ ਸੋਚ ਮੁਤਾਬਕ ਭਾਰਤ ਵਾਸੀ ਅਪਣੀ ਮਾਂ ਨਾਲ ਰੂਹਾਨੀ ਰਿਸ਼ਤਾ ਤੋੜ ਲੈਣਗੇ?

ਬਹੁਗਿਣਤੀ ਦੀ ਘਬਰਾਹਟ ਸਮਝ ਤੋਂ ਪਰੇ ਹੈ। ਕਿਉਂ ਉਹ ਅਪਣੀ ਘਬਰਾਹਟ ਵਿਚ ਅਜਿਹੇ ਕੰਮ ਕਰ ਰਹੇ ਹਨ ਜੋ ਦੇਸ਼ ਨੂੰ ਬਿਖੇਰ ਦੇਣਗੇ, ਦੇਸ਼ ਵਿਚ ਫੁੱਟ ਪਾ ਦੇਣਗੇ? ਜੇ ਕੋਈ ਹਿੰਦੀ ਵਿਚ ਗੱਲ ਕਰਦਾ ਹੈ ਤਾਂ ਉਹ ਮਾੜਾ ਨਹੀਂ ਅਤੇ ਨਾ ਹੀ ਉਹ ਮਾੜਾ ਹੈ ਜੋ ਅੰਗਰੇਜ਼ੀ ਜਾਂ ਪੰਜਾਬੀ ਵਿਚ ਗੱਲ ਕਰਦਾ ਹੈ। ਮਾੜੀ ਤਾਂ ਸੋਚ ਹੈ ਜਾਂ ਬੋਲਣ ਵਾਲੇ ਦੀ ਜ਼ੁਬਾਨ। ਪਟਿਆਲਾ ਵਿਚ ਪੰਜਾਬੀ ਭਾਸ਼ਾ ਦੀ ਇਕ ਦੋ ਹਿੰਦੀ ਲੇਖਕਾਂ ਵਲੋਂ ਜਿਹੜੀ ਬੇਕਦਰੀ ਕੀਤੀ ਗਈ, ਉਹ ਉਨ੍ਹਾਂ ਲੇਖਕਾਂ ਦੀ ਹਲਕੀ ਮਾਨਸਕਤਾ ਦਾ ਸਬੂਤ ਹੈ।

ਸਾਡੀ ਪੰਜਾਬੀ ਮਾਂ ਬੋਲੀ ਦਾ ਦਾਮਨ ਪਿਆਰ ਦੇ ਨਿੱਘ ਨਾਲ ਭਰਪੂਰ ਹੈ ਅਤੇ ਕਿਸੇ ਇਕ ਲੇਖਕ ਦੀ ਸੋਚ ਤੋਂ ਸੌ ਅਸਮਾਨ ਉੱਪਰ ਜਾਂ ਸ਼ਾਇਦ ਉਸ ਤੋਂ ਵੀ ਉਪਰ। ਕਿਉਂ ਸਰਕਾਰ ਭਾਰਤ ਦੀਆਂ ਅਨੇਕਾਂ ਮਾਂ-ਬੋਲੀਆਂ ਦਾ ਕੁਦਰਤ ਵਲੋਂ ਮਿਲਿਆ ਸਥਾਨ ਖੋਹਣਾ ਚਾਹੁੰਦੀ ਹੈ? ਕਰ ਸਕਦੀ ਹੈ ਤਾਂ ਸਾਰੀਆਂ ਮਾਵਾਂ ਦਾ ਸਤਿਕਾਰ ਕਰੇ। ਲੇਖਕ ਤਾਂ ਰਾਹ ਦਸੇਰੇ ਹੁੰਦੇ ਹਨ। ਜਿਹੜੇ ਹਿੰਦੀ ਲੇਖਕ ਆਪ ਹੀ ਨਫ਼ਰਤ ਦੀ ਘੁੰਮਣਘੇਰੀ ਵਿਚ ਫਸੇ ਹੋਏ ਹਨ, ਉਹ ਹਿੰਦੀ ਦੀ ਕੀ ਸੇਵਾ ਕਰ ਸਕਣਗੇ ਤੇ ਪਿਆਰ ਮੁਹੱਬਤ ਦਾ ਰਾਗ ਦੁਨੀਆਂ ਨੂੰ ਕਿਵੇਂ ਸੁਣਾ ਸਕਣਗੇ? ਨਫ਼ਰਤ ਵਿਚ ਜੀਅ ਕੇ, ਉਹ ਆਪ ਹੀ ਇਸ ਦੀ ਤਪਸ਼ ਵਿਚ ਸਵਾਹ ਹੋ ਜਾਣਗੇ। -ਨਿਮਰਤ ਕੌਰ