ਪਛਤਾਵੇ ਦੀ ਅਰਦਾਸ ਇਸ ਤਰ੍ਹਾਂ ਨਹੀਂ ਟਕਸਾਲੀ ਆਗੂਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੁੱਝ ਅਕਾਲੀ ਆਗੂਆਂ ਦੇ ਮਨਾਂ ਅੰਦਰ ਸੱਚਾ ਪਛਤਾਵਾ ਵੀ ਜ਼ਰੂਰ ਹੈ.........

Shiromani Akali Dal Majha Leadership

ਕੁੱਝ ਅਕਾਲੀ ਆਗੂਆਂ ਦੇ ਮਨਾਂ ਅੰਦਰ ਸੱਚਾ ਪਛਤਾਵਾ ਵੀ ਜ਼ਰੂਰ ਹੈ। ਕਈਆਂ ਦੀ ਮਜਬੂਰੀ ਵੀ ਜ਼ਰੂਰ ਰਹੀ ਹੋਵੇਗੀ ਕਿ ਉਸ ਵੇਲੇ ਉਹ ਚੁਪ ਰਹੇ। ਪਰ ਜੇ ਅੱਜ ਉਹ ਸਿੱਖ ਕੌਮ ਦਾ ਵਿਸ਼ਵਾਸ ਮੁੜ ਜਿਤਣਾ ਚਾਹੁੰਦੇ ਹਨ ਤਾਂ ਫਿਰ ਵਿੰਗੇ ਟੇਢੇ ਢੰਗ ਨਾਲ ਇਨ੍ਹਾਂ ਗ਼ਲਤ ਕਾਰਵਾਈਆਂ ਨੂੰ ਪ੍ਰਵਾਨਗੀ ਤਾਂ ਨਾ ਦੇਣ। ਸੱਚੀ ਅਰਦਾਸ ਤਾਂ ਉਹ ਹੋਵੇਗੀ ਜੋ ਗੁਰੂ ਪੰਥ ਦੇ ਸਾਹਮਣੇ ਅਪਣੀ ਹਰ ਗ਼ਲਤੀ ਨੂੰ ਕਬੂਲ ਕਰ ਕੇ ਕੀਤੀ ਜਾਵੇਗੀ

ਅਤੇ ਪਹਿਲਾਂ ਸਪੱਸ਼ਟ ਕਰ ਕੇ ਦਸਿਆ ਜਾਵੇਗਾ ਕਿ ਉਨ੍ਹਾਂ ਕੋਲੋਂ ਕੀ ਕੀ ਗ਼ਲਤੀਆਂ ਹੋਈਆਂ। ਉਨ੍ਹਾਂ ਦੀ ਸ਼ਮੂਲੀਅਤ, ਚੁੱਪ ਰਹਿਣ ਤਕ ਹੀ ਸੀਮਤ ਸੀ ਜਾਂ ਉਹ ਜਾਣਦੇ ਸਨ ਕਿ ਸੌਦਾ ਸਾਧ ਨਾਲ ਸਾਜ਼ਸ਼ ਰਚੀ ਜਾ ਰਹੀ ਸੀ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਗ਼ਲਤ ਕੰਮ ਕਰਨ ਲਈ ਹੁਕਮ ਦਿਤੇ ਜਾ ਰਹੇ ਸਨ?

ਸਿਆਣੇ ਆਖਦੇ ਹਨ ਕਿ ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਮੁੜ ਆਵੇ ਤਾਂ ਉਸ ਨੂੰ ਭੁਲਿਆ ਨਹੀਂ ਆਖਦੇ। ਸੋ, ਜੇ ਪੁਰਾਣੇ ਪੰਥਕ ਟਕਸਾਲੀ ਆਗੂਆਂ ਨੇ ਅਪਣੀ ਕਮਜ਼ੋਰ ਹਾਲਤ ਦਾ ਅਹਿਸਾਸ ਕਰਦਿਆਂ, ਦਰਬਾਰ ਸਾਹਿਬ ਵਿਖੇ ਜਾ ਕੇ ਬਹਿਬਲ ਕਲਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੰਥ ਦੀ ਏਕਤਾ ਖ਼ਾਤਰ ਮਾਫ਼ੀ ਮੰਗ ਲਈ ਹੈ ਤਾਂ ਕੀ ਉਹ ਮੁੜ ਸਿੱਖ ਕੌਮ ਦੇ ਵਿਸ਼ਵਾਸ ਦੇ ਹੱਕਦਾਰ ਬਣ ਜਾਂਦੇ ਹਨ? ਬੜੀ ਪੇਚੀਦਾ ਸਥਿਤੀ ਹੈ ਜਿਸ ਨੂੰ ਆਸਾਨੀ ਨਾਲ ਨਕਾਰਿਆ ਵੀ ਨਹੀਂ ਜਾ ਸਕਦਾ ਅਤੇ ਨਾ ਹੀ ਆਸਾਨੀ ਨਾਲ 'ਹਾਂ' ਹੀ ਕਹੀ ਜਾ ਸਕਦੀ ਹੈ। 

ਇਕ ਤਾਂ ਉਨ੍ਹਾਂ ਦੀ ਆਵਾਜ਼ ਦੀ ਅਸਰਦਾਰ ਗੂੰਜ ਸੁਣਾਈ ਦੇਣ ਦਾ ਵੇਲਾ ਸ਼ਾਇਦ ਬੜੀ ਦੇਰ ਨਾਲ ਆਇਆ ਹੈ। ਦੂਜਾ, ਉਨ੍ਹਾਂ ਨੂੰ ਸਿਆਸੀ ਤੌਰ ਤੇ ਬਹੁਤ ਕਮਜ਼ੋਰ ਕਰ ਦਿਤਾ ਗਿਆ ਸੀ ਜਿਸ ਕਰ ਕੇ ਉਹ ਚੁਪ ਹੋਣ ਨੂੰ ਮਜਬੂਰ ਹੋ ਗਏ ਸਨ। ਪਰ ਕੀ ਇਹ ਉਨ੍ਹਾਂ ਦੀ ਮੌਕਾਪ੍ਰਸਤੀ ਨਹੀਂ ਸੀ ਜੋ ਉਹ ਪੰਥਕ ਸ਼ਾਹਸਵਾਰ ਹੋਣ ਦੇ ਬਾਵਜੂਦ, ਕੁਰਸੀ ਨਾਲ ਪਿਆਰ ਕਰ ਬੈਠੇ ਅਤੇ ਕੁਰਸੀ ਦੀ ਚਾਹਤ ਵਿਚ, ਕੁਰਸੀ ਦੇਣ ਵਾਲੇ ਦੇ ਦਬਾਅ ਹੇਠ ਆ ਕੇ ਧਰਮ ਦੀ ਬਜਾਏ ਧੜੇ ਨੂੰ ਅਤੇ ਧੜੇ ਦੀ ਬਜਾਏ ਵੀ 'ਡੰਡੇ ਵਾਲੇ ਬਾਦਸ਼ਾਹ' ਨੂੰ ਪੰਥ ਨਾਲੋਂ ਵੱਡਾ ਮੰਨ ਕੇ ਉਸ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਂਦੇ ਰਹੇ।

ਉਹ ਮੁੜ ਤੋਂ 'ਰਾਜੇ ਦੇ ਚਾਕਰ' ਨਹੀਂ ਬਣ ਸਕਦੇ? ਕੀ ਉਨ੍ਹਾਂ ਕੋਲ ਸਿੱਖ ਕੌਮ ਦੇ ਹਿਤਾਂ ਲਈ ਇਕੱਲਿਆਂ ਜੂਝਣ ਦੀ ਤਾਕਤ ਵੀ ਬਚੀ ਰਹਿ ਗਈ ਹੈ? ਦੂਜਾ ਸਵਾਲ ਉਠਦਾ ਹੈ ਉਸ ਮਾਫ਼ੀ ਜਾਂ ਪਛਤਾਵੇ ਦੇ ਤਰੀਕੇ ਬਾਰੇ ਜਿਸ ਨੂੰ ਉਨ੍ਹਾਂ ਅਪਣਾਇਆ। ਦਰਬਾਰ ਸਾਹਿਬ ਵਿਚ ਜਾ ਕੇ ਸੇਵਾ ਕਰਨ ਨੂੰ ਅਪਣਾ ਦਿਲੀ ਪਿਆਰ ਮੰਨਣ ਵਾਲੇ ਪੰਥ ਦੇ ਆਗੂ, ਉਸੇ ਸੇਵਾ ਨੂੰ ਸਜ਼ਾ ਜਾਂ ਪਸ਼ਚਾਤਾਪ ਜਾਂ ਭੁੱਲ ਬਖ਼ਸ਼ਾਉਣਾ ਕਿਉਂ ਆਖਦੇ ਹਨ? ਅਸੀ ਬਰਤਨ ਧੋਂਦੇ ਆਗੂਆਂ ਦੀ ਤਸਵੀਰ ਵੇਖੀ ਹੈ ਪਰ ਉਹ ਸਜ਼ਾ ਨਹੀਂ, ਬਲਕਿ ਸੇਵਾ ਹੈ। ਸਜ਼ਾ ਅਪਣੇ ਆਪ ਨੂੰ ਆਪ ਨਹੀਂ ਲਾਈਦੀ ਬਲਕਿ ਕਿਸੇ ਦੂਜੇ ਤੋਂ ਲਵਾਈ ਜਾਂਦੀ ਹੈ।

ਇਹ ਸਾਰੇ ਆਗੂ ਪੰਥ ਦੀ ਏਕਤਾ ਵਾਸਤੇ ਅਰਦਾਸ ਕਰ ਰਹੇ ਹਨ, ਪਛਤਾਵੇ ਦੀ ਅਰਦਾਸ ਕਰ ਰਹੇ ਹਨ, ਪਰ ਇਹ ਅਰਦਾਸ ਤਾਂ ਸੌਦਾ ਸਾਧ ਕੋਲੋਂ ਵੋਟਾਂ ਲੈਣ ਗਏ ਮੰਤਰੀਆਂ ਨੇ ਵੀ ਕੀਤੀ ਸੀ। ਇਨ੍ਹਾਂ ਦੇ ਮਨ ਦੀ ਮੈਲ ਤਾਂ ਫਿਰ ਵੀ ਸਾਫ਼ ਨਹੀਂ ਸੀ ਹੋਈ। ਉਨ੍ਹਾਂ 'ਚੋਂ ਕਿੰਨੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਸ਼ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਤਨਖ਼ਾਹ ਵੀ ਲਾਈ ਗਈ ਸੀ? ਜੇ ਸਨ ਤਾਂ ਅਰਦਾਸ ਤਾਂ ਫਿਰ ਝੂਠੀ ਪੈ ਗਈ। ਜਿਨ੍ਹਾਂ ਉਤੇ 'ਦੋਸ਼ੀ' ਹੋਣ ਦੇ ਇਲਜ਼ਾਮ ਲੱਗੇ ਹਨ, ਉਨ੍ਹਾਂ ਦੀ ਅਰਦਾਸ ਦਾ ਕੋਈ ਅਰਥ ਹੋ ਸਕਦਾ ਹੈ ਪਰ ਸਜ਼ਾ ਆਪ ਭੁਗਤਣੀ ਪੈਂਦੀ ਹੈ, ਕਿਸੇ ਹੋਰ ਨੂੰ ਅੱਗੇ ਨਹੀਂ ਕੀਤਾ ਜਾ ਸਕਦਾ।

ਕੁੱਝ ਅਕਾਲੀ ਆਗੂਆਂ ਦੇ ਮਨਾਂ ਅੰਦਰ ਸੱਚਾ ਪਛਤਾਵਾ ਵੀ ਜ਼ਰੂਰ ਹੈ। ਕਈਆਂ ਦੀ ਮਜਬੂਰੀ ਵੀ ਜ਼ਰੂਰ ਰਹੀ ਹੋਵੇਗੀ ਕਿ ਉਸ ਵੇਲੇ ਉਹ ਚੁਪ ਰਹੇ। ਪਰ ਜੇ ਅੱਜ ਉਹ ਸਿੱਖ ਕੌਮ ਦਾ ਵਿਸ਼ਵਾਸ ਮੁੜ ਜਿਤਣਾ ਚਾਹੁੰਦੇ ਹਨ ਤਾਂ ਫਿਰ ਵਿੰਗੇ ਟੇਢੇ ਢੰਗ ਨਾਲ ਇਨ੍ਹਾਂ ਗ਼ਲਤ ਕਾਰਵਾਈਆਂ ਨੂੰ ਪ੍ਰਵਾਨਗੀ ਤਾਂ ਨਾ ਦੇਣ। ਸੱਚੀ ਅਰਦਾਸ ਤਾਂ ਉਹ ਹੋਵੇਗੀ ਜੋ ਗੁਰੂ ਪੰਥ ਦੇ ਸਾਹਮਣੇ ਅਪਣੀ ਹਰ ਗ਼ਲਤੀ ਨੂੰ ਕਬੂਲ ਕਰ ਕੇ ਕੀਤੀ ਜਾਵੇਗੀ ਅਤੇ ਪਹਿਲਾਂ ਸਪੱਸ਼ਟ ਕਰ ਕੇ ਦਸਿਆ ਜਾਵੇਗਾ ਕਿ ਉਨ੍ਹਾਂ ਕੋਲੋਂ ਕੀ ਕੀ ਗ਼ਲਤੀਆਂ ਹੋਈਆਂ।

ਉਨ੍ਹਾਂ ਦੀ ਸ਼ਮੂਲੀਅਤ ਚੁੱਪ ਰਹਿਣ ਤਕ ਹੀ ਸੀਮਤ ਸੀ ਜਾਂ ਉਹ ਜਾਣਦੇ ਸਨ ਕਿ ਸੌਦਾ ਸਾਧ ਨਾਲ ਸਾਜ਼ਸ਼ ਰਚੀ ਜਾ ਰਹੀ ਸੀ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਗ਼ਲਤ ਕੰਮ ਕਰਨ ਲਈ ਹੁਕਮ ਦਿਤੇ ਜਾ ਰਹੇ ਸਨ? ਸਿੱਖ ਸਿਧਾਂਤਾਂ ਵਿਚ ਜੋ ਮਿਲਾਵਟ ਕੀਤੀ ਗਈ ਹੈ, ਉਹ ਕਿਉਂ ਹੋਣ ਦਿਤੀ ਤੇ ਕਿਸ ਨੇ ਹੋਣ ਦਿਤੀ? ਕੀ ਆਰ.ਐਸ.ਐਸ. ਦੇ ਕਹਿਣ ਤੇ ਅਕਾਲੀ ਦਲ ਸਿੱਖ ਰਵਾਇਤਾਂ ਨੂੰ ਕਮਜ਼ੋਰ ਕਰ ਰਿਹਾ ਹੈ? ਨਵਾਂ ਪ੍ਰਣ, ਨਵਾਂ ਸਾਹਸ ਅਤੇ ਬੇਬਾਕ ਸੱਚ ਮੰਗਦਾ ਹੈ। ਜਦੋਂ ਇਹ ਨਜ਼ਰ ਆਵੇਗਾ ਤਾਂ ਇਹ ਮੁੜ ਤੋਂ ਅਪਣੀ ਕੌਮ ਨੂੰ ਪਿਆਰੇ ਲੱਗਣ ਲੱਗ ਜਾਣਗੇ। -ਨਿਮਰਤ ਕੌਰ