ਚੋਣਾਂ ਦੇ ਨੇੜੇ ਸਿਆਸੀ ਵਿਰੋਧੀਆਂ ਦੀਆਂ ਸ਼ੱਕੀ ਗ੍ਰਿਫ਼ਤਾਰੀਆਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿਖਿਆ ਬਾਰੇ ਵੀ ਸਵਾਲ ਪੁਛੋ ਕਿ ‘ਆਪ’ ਦੇ ਮੰਤਰੀ ਦਿੱਲੀ ਦੇ ਸਕੂਲਾਂ ਵਿਚ ਅਪਣੇ ਬੱਚੇ ਪੜ੍ਹਾ ਰਹੇ ਹਨ।

Suspicious arrests of political opponents near the elections

ਸਿਖਿਆ ਬਾਰੇ ਵੀ ਸਵਾਲ ਪੁਛੋ ਕਿ ‘ਆਪ’ ਦੇ ਮੰਤਰੀ ਦਿੱਲੀ ਦੇ ਸਕੂਲਾਂ ਵਿਚ ਅਪਣੇ ਬੱਚੇ ਪੜ੍ਹਾ ਰਹੇ ਹਨ। ਕਿਉਂ ਅੱਜ ਦਿੱਲੀ ਦੇ ਸਕੂਲਾਂ ਨੂੰ ਨੀਤੀ ਆਯੋਗ ਦੇ ਸਰਵੇਖਣ ਚੰਗਾ ਨਹੀਂ ਦਸ ਰਹੇ? ਕੀ ਬੱਚੇ ਪੜ੍ਹ ਕੇ ਚੰਗੀਆਂ ਉਚ ਸਿਖਿਆ ਸੰਸਥਾਵਾਂ ਵਿਚ ਨਹੀਂ ਜਾ ਰਹੇ? ਕੀ ਇਸ ਨਵੀਂ ਸਿਖਿਆ ਨੀਤੀ ਨਾਲ ਅਮੀਰ ਤੇ ਗ਼ਰੀਬ ਦੇ ਬੱਚਿਆਂ ਵਿਚਕਾਰ ਦਾ ਅੰਤਰ ਨਹੀਂ ਘਟਿਆ?

ਪਰ ਸਾਡੇ ਸਿਆਸਤਦਾਨ ਅਜਿਹੇ ਹਨ ਕਿ ਉਹ ਕਿਸੇ ਹੋਰ ਦੇ ਕੰਮ ਨੂੰ ਚੰਗਾ ਨਹੀਂ ਆਖ ਸਕਦੇ ਭਾਵੇਂ ਇਸ ਕੱਟੜਪੁਣੇ ਨਾਲ ਸਾਡੇ ਦੇਸ਼ ਦੇ ਨਾਗਰਿਕਾਂ ਦਾ ਹੀ ਨੁਕਸਾਨ ਹੁੰਦਾ ਹੋਵੇ। ਸਾਡੇ ਸਿਆਸਤਦਾਨ ਨਵੇਂ ਤਜਰਬਿਆਂ ਤੋਂ ਬਹੁਤ ਡਰਦੇ ਹਨ ਤੇ ਦੂਜੇ ਦੀ ਤਾਰੀਫ਼ ਕਰਨ ਤੋਂ ਪਹਿਲਾਂ ਉਸ ਦਾ ਕਤਲ ਤਕ ਕਰਵਾ ਦੇਣਾ ਲੋਚਦੇ ਹਨ। ਸਾਰਿਆਂ ਕੋਲ ਕਾਂਗਰਸੀਆਂ ਵਾਲਾ ਸਬਰ ਨਹੀਂ ਜੋ ਇਕ ਹਾਥੀ ਵਾਂਗ ਅਪਣੀ ਮਸਤ ਚਾਲੇ ਚਲਦੇ ਰਹਿੰਦੇ ਹਨ।

ਚੋਣਾਂ ਗੁਜਰਾਤ ਵਿਚ ਤੇ ਸੇਕ ਦਿੱਲੀ, ਪੰਜਾਬ ਵਿਚ। ਗੁਜਰਾਤ ਚੋਣਾਂ ਦੇ ਚਲਦੇ ਅਸੀ ਗ੍ਰਿਫ਼ਤਾਰੀ ਦਾ ਦੌਰ ਦਿੱਲੀ ਤੇ ਪੰਜਾਬ ਵਿਚ ਵੇਖ ਰਹੇ ਹਾਂ। ਇਕ ਪਾਸੇ ਮਨੀਸ਼ ਸਿਸੋਦੀਆ ਨੂੰ ਸੀ.ਬੀ.ਆਈ. ਘੇਰ ਰਹੀ ਹੈ ਅਤੇ ਦੂਜੇ ਪਾਸੇ ਭਾਜਪਾ ਆਗੂ (ਸਾਬਕਾ ਕਾਂਗਰਸੀ) ਸ਼ਾਮ ਸੁੰਦਰ ਅਰੋੜਾ ਰਿਸ਼ਵਤ ਦੇਂਦੇ ਫੜ ਲਏ ਦੱਸੇ ਗਏ ਹਨ। ਇਕ ਪਾਸੇ ਮਨੀਸ਼ ਸਿਸੋਦੀਆ ਦੀ ਪਤਨੀ ਅਪਣੇ ਪਤੀ ਦੇ ਮੱਥੇ ਤੇ ਤਿਲਕ ਲਗਾ ਰਹੀ ਸੀ ਜਿਵੇਂ ਉਹ ਜੰਗ ਵਿਚ ਜਾ ਰਹੇ ਹੋਣ ਤੇ ਦੂਜੇ ਪਾਸੇ ਸ਼ਾਮ ਸੁੰਦਰ ਅਰੋੜਾ ਦੇ ਅਥਰੂ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਉਤੇ ਰਿਸ਼ਵਤ ਲੈਣ ਦਾ ਨਹੀਂ, ਦੇਣ ਦਾ ਇਲਜ਼ਾਮ ਲੱਗਾ ਸੀ।

ਇਕ ਪਾਸੇ ਭਾਜਪਾ ‘ਆਪ’ ਨੂੰ ਭ੍ਰਿਸ਼ਟ ਵਿਖਾਉਣ ਦਾ ਯਤਨ ਕਰ ਰਹੀ ਹੈ ਅਤੇ ਦੂਜੇ ਪਾਸੇ ‘ਆਪ’ ਭਾਜਪਾ ਨੂੰ। ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਨਾਲ ਈ.ਡੀ. ਅਤੇ ਵਿਜੀਲੈਂਸ ਇਸ ਕੇਸ ਵਿਚ ਜੁਟੇ ਹੋਏ ਹਨ। ਇਸ ਤੋਂ ਇਕ ਗੱਲ ਸਾਫ਼ ਹੈ ਕਿ ਗੁਜਰਾਤ ਚੋਣਾਂ ਵਿਚ ਇਹ ਦੋਵੇਂ ਪਾਰਟੀਆਂ ਕਾਂਗਰਸ ਨੂੰ ਅਪਣੇ ਲਈ ਕੋਈ ਵੱਡੀ ਚੁਨੌਤੀ ਨਹੀਂ ਸਮਝਦੀਆਂ। ਸੋ ਕਾਂਗਰਸੀ ਲੀਡਰ ਤਾਂ ਅਜੇ ਕੁੱਝ ਚਿਰ ਸੁਖ ਦਾ ਸਾਹ ਲੈ ਸਕਦੇ ਹਨ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ‘ਆਪ’ ਤੋਂ ਇਸ ਕਦਰ ਘਬਰਾਈ ਹੋਈ ਹੈ ਕਿ ਉਹ ‘ਆਪ’ ਦੀ ਬੁਨਿਆਦ ਤੇ ਹੀ ਵਾਰ ਕਰ ਰਹੀ ਹੈ। ‘ਆਪ’ ਦੇ ਮੀਡੀਆ ਐਡਵਾਈਜ਼ਰ ਤੇ ਇਕ ਮੰਤਰੀ ਇਸ ਸਮੇਂ ਤਿਹਾੜ ਵਿਚ ਹਨ ਤੇ ਮੁਮਕਿਨ ਹੈ ਕਿ ਮਨੀਸ਼ ਸਿਸੋਦੀਆ ਵੀ ਜਲਦ ਤਿਹਾੜ ਵਿਚ ਅਪਣੇ ਪਾਰਟੀ ਵਰਕਰਾਂ ਵਿਚਕਾਰ ਬੈਠੇ ਹੋਏ ਹਨ। ਇਕ ਪਾਸੇ ‘ਆਪ’ ਦੇ ਮੀਡੀਆ ਮੁਖੀ ਉਤੇ ਸ਼ਰਾਬ ਨੀਤੀ ਦੇ ਕਥਿਤ ਘਪਲੇ ਵਿਚ ਨਾਂ ਪਾ ਕੇ ਤੇ ਸਿਖਿਆ ਮੰਤਰੀ ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ਤੇ ਤਾਰੀਫ਼ਾਂ ਹੋ ਰਹੀਆਂ ਹਨ, ਨੂੰ ਭ੍ਰਿਸ਼ਟ ਦਸ ਕੇ ਈ ਡੀ ਤੇ ਸੀ.ਬੀ.ਆਈ. ਇਸ ਸਮੇਂ ਦੇਸ਼ ਦਾ ਨੁਕਸਾਨ ਕਰ ਰਹੀਆਂ ਹਨ। 

ਗੁਜਰਾਤ ਵਿਚ ਸ਼ਰਾਬ ਦੀ ਵਿਕਰੀ ਗ਼ੈਰ ਕਾਨੂੰਨੀ ਹੈ ਪਰ ਵਿਕਦੀ ਆਰਾਮ ਨਾਲ ਹੈ ਤੇ ਮਹਿੰਗੇ ਭਾਅ ਵੀ। ਜੇ ‘ਆਪ’ ਦੀ ਸ਼ਰਾਬ ਨੀਤੀ ਨਾਲ ਪੰਜਾਬ ਵਿਚ 7 ਮਹੀਨੇ ਵਿਚ ਮੁਨਾਫ਼ਾ ਹੋਇਆ ਹੈ ਤਾਂ ਉਸ ਮਾਡਲ ਤੋਂ ਸਿਖਣ ਦੀ ਲੋੜ ਹੈ। ਵੇਖਣ ਵਾਲੇ ਸਵਾਲ ਸਿਰਫ਼ ਇਹ ਹਨ ਕਿ ਇਸ ਨਵੇਂ ਮਾਡਲ ਨਾਲ ਸ਼ਰਾਬ ਦੀ ਵਿਕਰੀ ਤਾਂ ਨਹੀਂ ਵਧੀ ਤੇ ‘ਆਪ’ ਅਪਣੇ ਨਾਗਰਿਕ ਦੀ ਜੇਬ ਤੇ ਵਾਧੂ ਬੋਝ ਤਾਂ ਨਹੀਂ ਪਾ ਰਹੀ? ਕੀ ਇਸ ਨਵੀਂ ਨੀਤੀ ਨਾਲ ਸ਼ਰਾਬ ਦਾ ਮਾਫ਼ੀਆ ਰੋਕਿਆ ਜਾ ਸਕਿਆ ਹੈ? ਕੀ ਇਸ ਨਾਲ ਉਦਯੋਗਪਤੀਆਂ ਦੇ ਵਪਾਰ ਵਿਚ ਵਾਧਾ ਹੋਇਆ ਹੈ? ਜੋ ਧੜੇਬਾਜ਼ੀਆਂ ਬਣਦੀਆਂ ਆ ਰਹੀਆਂ ਸਨ, ਕੀ ਉਨ੍ਹਾਂ ਨੂੰ ਠੱਲ੍ਹ ਪਈ ਹੈ? 

ਸਿਖਿਆ ਬਾਰੇ ਵੀ ਸਵਾਲ ਪੁਛੋ ਕਿ ‘ਆਪ’ ਦੇ ਮੰਤਰੀ ਦਿੱਲੀ ਦੇ ਸਕੂਲਾਂ ਵਿਚ ਅਪਣੇ ਬੱਚੇ ਪੜ੍ਹਾ ਰਹੇ ਹਨ। ਕਿਉਂ ਅੱਜ ਦਿੱਲੀ ਦੇ ਸਕੂਲਾਂ ਨੂੰ ਨੀਤੀ ਆਯੋਗ ਦੇ ਸਰਵੇਖਣ ਚੰਗਾ ਨਹੀਂ ਦਸ ਰਹੇ? ਕੀ ਬੱਚੇ ਪੜ੍ਹ ਕੇ ਚੰਗੀਆਂ ਉਚ ਸਿਖਿਆ ਸੰਸਥਾਵਾਂ ਵਿਚ ਨਹੀਂ ਜਾ ਰਹੇ? ਕੀ ਇਸ ਨਵੀਂ ਸਿਖਿਆ ਨੀਤੀ ਨਾਲ ਅਮੀਰ ਤੇ ਗ਼ਰੀਬ ਦੇ ਬੱਚਿਆਂ ਵਿਚ ਅੰਤਰ  ਨਹੀਂ ਘਟਿਆ?

ਪਰ ਸਾਡੇ ਸਿਆਸਤਦਾਨ ਅਜਿਹੇ ਹਨ ਕਿ ਉਹ ਕਿਸੇ ਹੋਰ ਦੇ ਕੰਮ ਨੂੰ ਚੰਗਾ ਨਹੀਂ ਆਖ ਸਕਦੇ ਭਾਵੇਂ ਇਸ ਕੱਟੜਪੁਣੇ ਨਾਲ ਸਾਡੇ ਦੇਸ਼ ਦੇ ਨਾਗਰਿਕਾਂ ਦਾ ਹੀ ਨੁਕਸਾਨ ਹੁੰਦਾ ਹੋਵੇ। ਸਾਡੇ ਸਿਆਸਤਦਾਨ ਨਵੇਂ ਤਜਰਬਿਆਂ ਤੋਂ ਬਹੁਤ ਡਰਦੇ ਹਨ ਤੇ ਦੂਜੇ ਦੀ ਤਾਰੀਫ਼ ਕਰਨ ਤੋਂ ਪਹਿਲਾਂ ਉਸ ਦਾ ਕਤਲ ਤਕ ਵੀ ਕਰਵਾ ਦੇਣਾ ਲੋਚਦੇ ਹਨ। ਸਾਰਿਆਂ ਕੋਲ ਕਾਂਗਰਸੀਆਂ ਵਾਲਾ ਸਬਰ ਨਹੀਂ ਜੋ ਇਕ ਹਾਥੀ ਵਾਂਗ ਅਪਣੀ ਮਸਤ ਚਾਲੇ ਚਲਦੇ ਰਹਿੰਦੇ ਹਨ।

-ਨਿਮਰਤ ਕੌਰ