ਪੰਜਾਬੀ ਭਾਸ਼ਾ ਦੇ ਸਿਰ ਤੇ ਤਾਜ ਰੱਖਣ ਦਾ ਜੋ ਕੰਮ ਅਕਾਲੀਆਂ ਨੇ ਕਰਨ ਦਾ ਜ਼ਿੰਮਾ ਲਿਆ ਸੀ, ਉਹ ਅਖ਼ੀਰ...
ਬਰਗਾੜੀ ਦੇ ਮੁੱਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਪਣੇ ਹੀ ਮੁਖੀ ਤੇ ਮਿੱਤਰ ਕੈਪਟਨ ਅਮਰਿੰਦਰ ਸਿੰਘ ਨੂੰ ‘ਢਾਹ’ ਦਿਤਾ।
ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਂਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਇਕ ਬੜੀ ਵੱਡੀ ਗੱਲ ਆਖੀ। ਉਨ੍ਹਾਂ ਆਖਿਆ ਕਿ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਇਕੋ ਗੱਲ ਹੈ ਤੇ ਇਸ ਕਰ ਕੇ ਸਿਰਫ਼ ਉਹ ਤੇ ਉਹ ਹੀ ਪੰਜਾਬ ਤੇ ਸਿੱਖਾਂ ਦੇ ਅਸਲ ਨੁਮਾਇੰਦੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਪੰਜਾਬ ਦੀ ਰਾਖੀ ਨਹੀਂ ਕਰ ਸਕਦਾ ਕਿਉਂਕਿ ਪੰਥਕ ਸੋਚ ਉਨ੍ਹਾਂ ਨੇ ਹੀ ਸਿੰਜੀ ਤੇ ਸੰਭਾਲੀ ਹੋਈ ਹੈ।
ਪਰ ਜੇ ਇਹ ਗੱਲ ਸਹੀ ਹੁੰਦੀ ਤਾਂ ਅੱਜ ਇਕ ਕਾਂਗਰਸ ਸਰਕਾਰ ਮਾਂ ਬੋਲੀ ਦੀ ਰਾਖੀ ਬਣ ਕੇ ਕਿਵੇਂ ਨਿੱਤਰ ਪਈ ਜਦਕਿ ਇਹ ਜ਼ਿੰਮੇਵਾਰੀ ਤਾਂ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਦੀ ਸੀ? ਕਹਿਣੀ ਤੇ ਕਥਨੀ ਵਿਚ ਅੰਤਰ ਹੀ ਸੱਚੀ ਤਸਵੀਰ ਪੇਸ਼ ਕਰ ਜਾਂਦਾ ਹੈ ਤੇ ਅਜਿਹੇ ਮੌਕੇ ਕਈ ਵਾਰ ਆਏ ਸਨ ਜਦੋਂ ਅਕਾਲੀ ਦਲ ਅਪਣੇ ਤੇ ਐਸ.ਜੀ.ਪੀ.ਸੀ. ਦੇ ਇਕ ਹੋਣ ਦਾ ਸਬੂਤ ਦੇ ਸਕਦਾ ਸੀ।
ਪਰ ਵਾਰ-ਵਾਰ ਪੰਜਾਬ ਦੇ ਹੱਕ ਵਿਚ ਉਹ ਕੰਮ ਵੀ ਕਾਂਗਰਸੀ ਮੁੱਖ ਮੰਤਰੀਆਂ ਨੇ ਹੀ ਕਰ ਵਿਖਾਏ ਜੋ ਅਕਾਲੀ ਮੁੱਖ ਮੰਤਰੀਆਂ ਲਈ ਕਰਨੇ ਬਣਦੇ ਸਨ। ਪਾਣੀ ਦੇ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸੂਬੇ ਦੀ ਹਰ ਪ੍ਰਕਾਰ ਰਾਖੀ ਕੀਤੀ। ਪਾਣੀਆਂ ਦੀ ਰਾਖੀ ਦਾ ਵੱਡਾ ਕਦਮ, ਹਾਈ ਕਮਾਨ ਦੀ ਵੀ ਪ੍ਰਵਾਹ ਨਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਚੁਕਿਆ ਭਾਵੇਂ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੀ ਉਨ੍ਹਾਂ ਨਾਲ ਨਾਰਾਜ਼ ਹੋ ਗਈ ਤੇ 6 ਮਹੀਨਿਆਂ ਤਕ ਉਨ੍ਹਾਂ ਨਾਲ ਗੱਲ ਵੀ ਨਾ ਕੀਤੀ।
ਬਰਗਾੜੀ ਦੇ ਮੁੱਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਪਣੇ ਹੀ ਮੁਖੀ ਤੇ ਮਿੱਤਰ ਕੈਪਟਨ ਅਮਰਿੰਦਰ ਸਿੰਘ ਨੂੰ ‘ਢਾਹ’ ਦਿਤਾ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਗਟ ਸਿੰਘ ਨੇ ਮਿਲ ਕੇ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਮਹਾਰਾਣੀ ਬਣਾਉਣ ਦਾ ਕੰਮ ਕੀਤਾ ਹੈ ਜਿਸ ਕੰਮ ਦਾ ਆਰੰਭ ਲਛਮਣ ਸਿੰਘ ਗਿੱਲ ਨੇ ਕੀਤਾ ਸੀ ਤੇ ਉਸ ਮਗਰੋਂ ‘ਮਾਡਰਨ’ ਅਕਾਲੀ ਤਾਂ ਜਿਵੇਂ ਪੰਜਾਬੀ ਨੂੰ ਭੁੱਲ ਹੀ ਗਏ ਤੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨੇ ਲਾਏ ਜਾਂਦੇ ਰਹੇ ਪਰ ਕੋਈ ਅਕਾਲੀ ਵਜ਼ੀਰ ਕੁਸਕਿਆ ਤਕ ਵੀ ਨਾ। ਇਸ ਕਾਨੂੰਨ ਦੀ ਲੋੜ ਕਿੰਨੀ ਸੀ, ਇਸ ਬਾਰੇ ਕਿੰਨਾ ਕੁੱਝ ਕਿਹਾ ਜਾ ਚੁੱਕਾ ਹੈ ਪਰ ਅਕਾਲੀ ਦਲ ਨੂੰ ਇਹ ਗੱਲ ਕਦੇ ਸਮਝ ਹੀ ਨਹੀਂ ਆਈ।
ਅੱਜ ਤੁਸੀ ਬੰਗਾਲ ਜਾਵੋ ਜਾਂ ਕੇਰਲ, ਹਰ ਥਾਂ ਅਪਣੇ ਸੂਬੇ ਦੀ ਭਾਸ਼ਾ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਪਰ ਇਥੇ ਪੰਜਾਬ ਵਿਚ ਤਾਂ ਕੈਨੇਡਾ ਦੀ ਝਲਕ ਪੈਂਦੀ ਹੈ। ਕੇਰਲ ਵਿਚ ਜਾ ਕੇ ਵੇਖੋ ਲੋਕਲ ਅਖ਼ਬਾਰਾਂ ਦਾ ਮੁਕਾਬਲਾ ਅੰਗਰੇਜ਼ੀ ਅਖ਼ਬਾਰਾਂ ਨਾਲ ਹੈ। ਉਹ ਵੀ 20-24 ਪੰਨੇ ਦੀਆਂ ਅਖ਼ਬਾਰਾਂ ਹੁੰਦੀਆਂ ਹਨ ਤੇ ਕਾਰਨ ਸਿਰਫ਼ ਇਹ ਕਿ ਸੂਬੇ ਦੀਆਂ ਸਰਕਾਰਾਂ ਨੇ ਅਪਣੀ ਭਾਸ਼ਾ ਨੂੰ ਅੱਗੇ ਰਖਿਆ ਹੋਇਆ ਹੈ। ਜਦ ਸਾਡੇ ਬੱਚੇ ਪੰਜਾਬੀ ਜਾਣਦੇ ਹੀ ਨਹੀਂ ਤਾਂ ਪੰਜਾਬੀ ਅਖ਼ਬਾਰਾਂ ਤੇ ਪੰਜਾਬੀ ਲਿਟਰੇਚਰ ਕਿਸ ਤਰ੍ਹਾਂ ਪ੍ਰਫੁੱਲਤ ਹੋਣਗੇ?
ਇਕ ਤਾਂ ਪੰਜਾਬੀ ਭਾਸ਼ਾ ਫ਼ਿਰਕੂ ਨਫ਼ਰਤ ਦੀ ਵੀ ਸ਼ਿਕਾਰ ਹੇ ਤੇ ਦੂਜਾ ਇਥੋਂ ਦੇ ਅਕਾਲੀ ਹਾਕਮ ਵੀ, ‘ਦੇਸੀ ਅੰਗਰੇਜ਼’ ਹੀ ਸਾਬਤ ਹੋਏ ਹਨ। ਸਾਡੇ ਗੀਤਕਾਰਾਂ ਨੂੰ ਅਸੀ ਉਨ੍ਹਾਂ ਦੀ ਸ਼ਬਦਾਵਲੀ ਬਦਲੇ ਮਾੜਾ ਚੰਗਾ ਤਾਂ ਆਖਦੇ ਹਾਂ ਪਰ ਕਸੂਰ ਉਨ੍ਹਾਂ ਦਾ ਨਹੀਂ ਹੈ। ਉਨ੍ਹਾਂ ਦੀ ਸਿਖਿਆ ਵੀ ਤਾਂ ਅਜਿਹੇ ਸਕੂਲਾਂ ਵਿਚ ਹੋਈ ਹੈ ਜਿਥੇ ਪੰਜਾਬੀ ਨੂੰ ਵਿਸ਼ੇ ਵਜੋਂ ਗੰਭੀਰ ਹੀ ਕਦੇ ਨਹੀਂ ਲਿਆ ਗਿਆ। ਜਿਵੇਂ ਘਰ ਵਿਚ ਗ਼ਰੀਬ ਰਿਸ਼ਤੇਦਾਰ ਨੂੰ ਮਜਬੂਰੀ ਸਦਕਾ ਰਖਣਾ ਪੈਂਦਾ ਹੈ ਪਰ ਕਦੇ ਬਰਾਬਰੀ ਨਹੀਂ ਦਿਤੀ ਜਾਂਦੀ, ਉਸੇ ਤਰ੍ਹਾਂ ਦਾ ਹਾਲ ਪੰਜਾਬੀ ਭਾਸ਼ਾ ਨਾਲ ਕੀਤਾ ਗਿਆ ਹੈ। ਵਿਚਾਰੀ ਸਾਡੀ ਪੰਜਾਬੀ ਮਾਂ, ਅਪਣੀ ਹੋਂਦ ਬਚਾਉਣ ਲਈ ਪਿੰਗਲਿਸ਼ ਬਣ ਕੇ ਬੇਸ਼ਰਮ ਬੱਚਿਆਂ ਕੋਲ ਦਿਨ ਕਟੀ ਕਰ ਰਹੀ ਹੈ।
ਇਹ ਮੁਮਕਿਨ ਹੀ ਨਹੀਂ ਕਿ ਜੜ੍ਹਾਂ ਨੂੰ ਪਾਣੀ ਨਾ ਜਾ ਰਿਹਾ ਹੋਵੇ ਤੇ ਦਰੱਖ਼ਤ ਫੱਲ ਦੇ ਦੇਵੇਗਾ। ਪੰਜਾਬੀ ਦਾ ਬੂਟਾ ਮਾਲੀ (ਸਰਕਾਰ) ਦੀ ਬੇਰੁਖ਼ੀ ਕਾਰਨ ਸੁਕਦਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦਾ ਹਾਲ ਵੀ ਅਜਿਹੇ ਦਰੱਖ਼ਤ ਵਰਗਾ ਹੈ ਜਿਸ ਦੀਆਂ ਜੜ੍ਹਾਂ ਨੂੰ ਵਢਿਆ ਜਾ ਰਿਹਾ ਸੀ। ਅੱਜ ਦੋ ਕਾਂਗਰਸੀ ਆਗੂਆਂ ਮੁੱਖ ਮੰਤਰੀ ਚੰਨੀ ਤੇ ਪ੍ਰਗਟ ਸਿੰਘ ਨੇ ਉਨ੍ਹਾਂ ਸੁਕਦੀਆਂ ਜੜ੍ਹਾਂ ਨੂੰ ਪਾਣੀ ਦੇ ਕੇ ਮੁੜ ਤੋਂ ਹਰਿਆ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਅਸੀ ਸਿਖਿਆ ਭਾਵੇਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਪ੍ਰਾਪਤ ਕੀਤੀ ਸੀ
ਪਰ ਜੋ ਪੰਜਾਬੀ ਤੇ ਗੁਰਬਾਣੀ ਅਸੀ ਸਕੂਲਾਂ ਵਿਚ ਸਿਖੀ ਸਮਝੀ ਤੇ ਜੋ ਕਵਿਤਾਵਾਂ ਤੇ ਕਹਾਣੀਆਂ ਅਸੀ ਪੜ੍ਹੀਆਂ, ਉਨ੍ਹਾਂ ਸਾਨੂੰ ਹਮੇਸ਼ਾ ਵਾਸਤੇ ਪੰਜਾਬ ਨਾਲ ਜੋੜ ਦਿਤਾ। ਭਾਵੇਂ ਉਚ ਸਿਖਿਆ ਸਿਰਫ਼ ਅੰਗਰੇਜ਼ੀ ਵਿਚ ਮਿਲੀ, ਜੜ੍ਹਾਂ ਵਿਚ ਵੜ ਬੈਠੀ ਪੰਜਾਬੀ ਨੇ ਸਾਨੂੰ ਸਾਡੀ ਮਾਂ ਤੋਂ ਉਪਰਾਮ ਨਹੀਂ ਹੋਣ ਦਿਤਾ। ਜਿਹੜੇ ਕਦਮ ਅੱਜ ਚੁੱਕੇ ਜਾ ਰਹੇ ਹਨ, ਉਨ੍ਹਾਂ ਦਾ ਅਸਰ ਅੱਜ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਵੇਖਣਗੀਆਂ ਤੇ ਮਾਣਨਗੀਆਂ। ਸਾਫ਼ ਸੁਥਰੀ ਪੰਜਾਬੀ ਬੋਲਣ ਤੇ ਲਿਖਣ ਵਾਲੇ ਆਉਣਗੇ ਤਾਂ ਸਾਹਿਤ, ਮੀਡੀਆ ਜੋ ਕੌਮ ਦੀ ਰੂਹ ਹੁੰਦੇ ਹਨ, ਉਹ ਵੀ ਦਿਨ ਦੂਣੀ ਰਾਤ ਚੋਗੁਣੀ ਤਰੱਕੀ ਕਰਨਗੇ। -ਨਿਮਰਤ ਕੌਰ