Editorial: ਗਾਜ਼ਾ ਵਿਚ ਵੱਡੀਆਂ ਤਾਕਤਾਂ (ਅਮਰੀਕਾ, ਇੰਗਲੈਂਡ ਤੇ ਰੂਸ) ਦੀ ਸ਼ਹਿ ਨਾਲ ਜ਼ੁਲਮ ਦਾ ਨੰਗਾ ਨਾਚ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਸੀ ਵੀ ਇਨ੍ਹਾਂ ਜੰਗਾਂ ਨੂੰ ਵੇਖ ਕੇ ਉਨ੍ਹਾਂ ਲੋਕਾਂ ਵਾਸਤੇ ਅਰਦਾਸਾਂ ਤੋਂ ਸਿਵਾਏ ਕੁੱਝ ਵੀ ਨਹੀਂ ਕਰ ਸਕਦੇ।

Gaza–Israel conflict

Editorial: 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਵਿਚ ਗਾਜ਼ਾ ਵਿਚ ਹਰ 10 ਮਿੰਟਾਂ ਵਿਚ ਇਕ ਬੱਚੇ ਦੀ ਮੌਤ ਹੋ ਰਹੀ ਹੈ ਤੇ ਅਕਤੂਬਰ 7 ਤੋਂ ਬਾਅਦ ਹੁਣ ਤਕ ਤਕਰੀਬਨ 4 ਹਜ਼ਾਰ ਬੱਚੇ ਮਾਰੇ ਜਾ ਚੁੱਕੇ ਹਨ। ਇਹ ਅੰਕੜਾ ਤੇਜ਼ ਰਫ਼ਤਾਰ ਨਾਲ ਵਧਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਜ਼ਰਾਈਲ ਨੇ ਗਾਜ਼ਾ ਦੇ ਸੱਭ ਤੋਂ ਵੱਡੇ ਹਸਪਤਾਲ ਉਤੇ ਕਬਜ਼ਾ ਕਰ ਲਿਆ ਹੈ। ਉਸ ਕਬਜ਼ੇ ਦੌਰਾਨ ਡਾਕਟਰਾਂ ਤੇ ਹਸਪਤਾਲ ਵਿਚ ਕੰਮ ਕਰਦੇ ਲੋਕਾਂ ਨੂੰ ਹੱਥ ਖੜੇ ਕਰਵਾ ਕੇ ਬਾਹਰ ਕਢਿਆ ਗਿਆ ਹੈ। ਹਸਪਤਾਲ ਵਿਚ ਬਿਜਲੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ ਤੇ ਜੋ ਨਵਜੰਮੇ ਬੱਚੇ ਹੁਣ ਮਸ਼ੀਨਾਂ ਦੇ ਸਹਾਰੇ ਜ਼ਿੰਦਾ ਸਨ, ਉਹ ਬੱਚੇ ਹੁਣ ਮਸ਼ੀਨਾਂ ਬੰਦ ਹੋ ਜਾਣ ਕਾਰਨ ਜ਼ਿੰਦਗੀ ਦੀ ਜੰਗ ਹਾਰ ਜਾਣਗੇ। ਇਜ਼ਰਾਈਲ ਦਾ ਕ੍ਰੋਧ ਏਨਾ ਵੱਧ ਚੁੱਕਾ ਹੈ ਕਿ ਹੁਣ ਸਾਰੀ ਸ਼ਰਮ ਸ਼ੁਰਮ ਲਾਹ ਕੇ ਘਰਾਂ ਉਤੇ ਵੀ ਹਮਲੇ ਕਰਨ ਲੱਗ ਪਏ ਹਨ।

ਸੰਯੁਕਤ ਰਾਸ਼ਟਰ ਵਲੋਂ ਹੁਣ ਸਿਵਾਏ ਤਿੰਨ ਦੇਸ਼ਾਂ ਦੇ (ਅਮਰੀਕਾ, ਇੰਗਲੈਂਡ ਤੇ ਰੂਸ) ਸਰਬ ਸੰਮਤੀ ਨਾਲ ਇਜ਼ਰਾਈਲ ਤੋਂ ਮੰਗ ਕੀਤੀ ਗਈ ਹੈ ਕਿ ਉਹ ਲਗਾਤਾਰ ਗੋਲਾਬਾਰੀ ਰੋਕ ਲਵੇ ਤਾਕਿ ਗਾਜ਼ਾ ਵਿਚ ਰਾਹਤ ਪਹੁੰਚਾਈ ਜਾ ਸਕੇ। ਜਦ ਦਵਾਈਆਂ ਹੀ ਨਹੀਂ ਹਨ ਤਾਂ ਬਾਕੀ ਹਾਲ ਬਾਰੇ ਸੋਚ ਕੇ ਘਬਰਾਹਟ ਹੋਣ ਲਗਦੀ ਹੈ। ਪਰ ਇਜ਼ਰਾਈਲ ਨੂੰ ਹੁਣ ਕਿਸੇ ਗੱਲ ਦੀ ਪ੍ਰਵਾਹ ਨਹੀਂ ਤੇ ਉਹ ਅਪਣੇ ਇਸ ਹੈਵਾਨੀਅਤ ਭਰੇ ਰਵਈਏ ਵਾਸਤੇ ਬਹਾਨੇ ਲੱਭਣ ਵਿਚ ਜੁਟਿਆ ਹੋਇਆ ਹੈ। ਇਜ਼ਰਾਈਲ ਦੀ ਇਸ ਕੱਟੜ ਨਿਰਦੈਤਾ ਵਿਚ ਜਿਹੜੇ ਦੇਸ਼ ਉਸ ਨਾਲ ਖੜੇ ਹਨ (ਇੰਗਲੈਂਡ, ਅਮਰੀਕਾ, ਰੂਸ) ਉਨ੍ਹਾਂ ਵਲ ਵੇਖ ਕੇ ਪਤਾ ਲਗਦਾ ਹੈ ਕਿ ਅੱਜ ਦੀਆਂ ਤਾਕਤਾਂ ਦਾ ਅਸਲ ਰੂਪ ਕੀ ਹੈ।

ਰੂਸ ਨੇ ਯੂਕਰੇਨ ਨੂੰ ਤਬਾਹ ਕੀਤਾ ਹੈ, ਅਮਰੀਕਾ ਨੇ ਅਫ਼ਗ਼ਾਨਿਸਤਾਨ ਤੇ ਇਰਾਨ ਨੂੰ ਤਬਾਹ ਕੀਤਾ ਹੈ ਤੇ ਇੰਗਲੈਂਡ ਦੀਆਂ ਅਪਣੀਆਂ ਗੁਝੀਆਂ ਨੀਤੀਆਂ ਹਨ ਜਿਨ੍ਹਾਂ ’ਤੇ ਚਲ ਕੇ ਉਸ ਨੇ ਦੁਨੀਆਂ ਨੂੰ ਤਾਂ ਗ਼ੁਲਾਮ ਬਣਾਇਆ ਹੀ ਸੀ, ਤੇ ਅੱਜ ਵੀ ਲਿਬੀਆ ਵਰਗੇ ਕਈ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਇਨ੍ਹਾਂ ਦੇਸ਼ਾਂ ਨੇ ਹੀ ਇਜ਼ਰਾਈਲ ਨੂੰ ਜਬਰਨ ਫ਼ਲਸਤੀਨ ਨਾਲੋਂ ਤੋੜ ਕੇ ਹਮਾਸ ਲਈ ਥਾਂ ਬਣਾਈ ਸੀ ਤੇ ਅੱਜ ਚੁਪ ਚਾਪ ਮਾਸੂਮ ਬੱਚਿਆਂ ਦੇ ਕਤਲ ਵੇਖ ਰਹੇ ਹਨ।
ਵੇਖ ਤਾਂ ਪੂਰੀ ਦੁਨੀਆਂ ਰਹੀ ਹੈ ਕਿਉਂਕਿ ਹੁਣ ਉਸ ਤਰ੍ਹਾਂ ਦੇ ਆਗੂ ਹੀ ਨਹੀਂ ਰਹੇ ਜੋ ਅਪਣੇ ਆਰਥਕ ਫ਼ਾਇਦੇ ਤੋਂ ਅੱਗੇ ਦੀ ਗੱਲ ਵੀ ਸੋਚਦੇ ਹੋਣ। ਨਾ ਕਿਸੇ ਦੇਸ਼ ਨੇ ਰੂਸ ਤੋਂ ਤੇਲ ਲੈਣਾ ਬੰਦ ਨਹੀਂ ਕੀਤਾ ਤੇ ਨਾ ਕੋਈ ਇਜ਼ਰਾਈਲ ਨਾਲ ਰਿਸ਼ਤੇ ਹੀ ਤੋੜੇਗਾ। ਸੱਭ ਅਪਣੇ ਆਪ ਨੂੰ ਵੱਡੀਆਂ ਤਾਕਤਾਂ ਦੀ ਸਵੱਲੀ ਨਜ਼ਰ ਤੇ ਮਿਹਰ ਦਾ ਪਾਤਰ ਬਣਾਈ ਰੱਖਣ ਵਿਚ ਜੁਟੇ ਹੋਏ ਹਨ।

ਅਸੀ ਵੀ ਇਨ੍ਹਾਂ ਜੰਗਾਂ ਨੂੰ ਵੇਖ ਕੇ ਉਨ੍ਹਾਂ ਲੋਕਾਂ ਵਾਸਤੇ ਅਰਦਾਸਾਂ ਤੋਂ ਸਿਵਾਏ ਕੁੱਝ ਵੀ ਨਹੀਂ ਕਰ ਸਕਦੇ। ਇਸ ਅਰਦਾਸ ਨਾਲ ਸ਼ੁਕਰਾਨਾ ਵੀ ਕਰ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਵਿਚ ਐਸੀ ਹੈਵਾਨੀਅਤ ਦਾ ਵਾਸਾ ਨਹੀਂ ਦਿਸਿਆ ਜੋ ਗਾਜ਼ਾ ਦੇ ਲੋਕ ਅੱਜ ਅਪਣੇ ’ਤੇ ਹੰਢਾ ਰਹੇ ਹਨ। ਉਨ੍ਹਾਂ ਸਾਹਮਣੇ ਸਾਡੀਆਂ ਸਾਰੀਆਂ ਮੰਗਾਂ, ਇੱਛਾਵਾਂ, ਬੜੀਆਂ ਛੋਟੀਆਂ ਹਨ। ਅੱਜ ਗਾਜ਼ਾ ਦੇ ਨਿੱਕੇ ਨਿੱਕੇ ਬੱਚੇ ਤੇ ਹੋਰ ਆਮ ਵਾਸੀ, ਹਰ ਸਤਾਏ ਘਬਰਾਏ ਲੋਕਾਂ ਵਾਸਤੇ ਅਕਾਲ ਪੁਰਖ ਅੱਗੇ ਹੱਥ ਜੋੜ ਅਰਦਾਸ ਕਰੀਏ ਤੇ ਸ਼ਾਇਦ ਮਿਲ ਕੇ ਕੀਤੀ ਅਰਦਾਸ ਰੱਬ ਨੂੰ ਪ੍ਰਵਾਨ ਹੋਵੇ ਤੇ ਗਾਜ਼ਾ ਨੂੰ ਜੰਗ ਤੋਂ ਮੁਕਤੀ ਮਿਲੇ।
- ਨਿਮਰਤ ਕੌਰ