ਇਕੋ ਦਿਨ ਸੱਜਣ ਕੁਮਾਰ ਨੂੰ ਉਮਰ ਕੈਦ ਤੇ ਕਮਲ ਨਾਥ ਨੂੰ ਬਾਦਸ਼ਾਹੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਸਟਿਸ ਗੋਇਲ ਅਤੇ ਜਸਟਿਸ ਮੁਰਲੀਧਰ ਨੇ ਨਾ ਸਿਰਫ਼ ਸਿਆਸਤਦਾਨਾਂ ਦੀ ਮਿਲੀਭੁਗਤ ਬਾਰੇ ਟਿਪਣੀ ਕੀਤੀ ਹੈ...........

Sajjan Kumar

ਜਸਟਿਸ ਗੋਇਲ ਅਤੇ ਜਸਟਿਸ ਮੁਰਲੀਧਰ ਨੇ ਨਾ ਸਿਰਫ਼ ਸਿਆਸਤਦਾਨਾਂ ਦੀ ਮਿਲੀਭੁਗਤ ਬਾਰੇ ਟਿਪਣੀ ਕੀਤੀ ਹੈ ਬਲਕਿ ਭਾਰਤੀ ਕਾਨੂੰਨ ਵਿਚ ਇਸ ਤਰ੍ਹਾਂ ਦੀ ਨਸਲਕੁਸ਼ੀ ਅਤੇ ਮਾਨਵਤਾ ਵਿਰੁਧ ਅਪਰਾਧਾਂ ਬਾਰੇ ਕਾਨੂੰਨ ਦੀ ਅਣਹੋਂਦ ਨੂੰ ਵੀ ਉਜਾਗਰ ਕੀਤਾ ਹੈ।

34 ਸਾਲ ਬਾਅਦ ਅਦਾਲਤ ਨੇ ਸਿੱਖਾਂ ਨੂੰ ਫਿਰ ਤੋਂ ਯਕੀਨ ਕਰਵਾ ਦਿਤਾ ਹੈ ਕਿ ਇਨਸਾਫ਼ ਦੇ ਮੰਦਰਾਂ ਵਿਚੋਂ ਅਜੇ ਵੀ ਨਿਆਂ ਮਿਲ ਸਕਦਾ ਹੈ ਅਤੇ ਇਕ ਵੱਡੇ ਨਾਮ, ਸੱਜਣ ਕੁਮਾਰ, ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਫ਼ੈਸਲੇ ਵਿਚ ਅਦਾਲਤ ਵਲੋਂ ਸੱਚ ਨੂੰ ਖ਼ੂਬ ਬਿਆਨ ਕੀਤਾ ਹੈ। ਜਸਟਿਸ ਗੋਇਲ ਅਤੇ ਜਸਟਿਸ ਮੁਰਲੀਧਰ ਨੇ ਨਾ ਸਿਰਫ਼ ਸਿਆਸਤਦਾਨਾਂ ਦੀ ਮਿਲੀਭੁਗਤ ਬਾਰੇ ਟਿਪਣੀ ਕੀਤੀ ਹੈ ਬਲਕਿ ਭਾਰਤੀ ਕਾਨੂੰਨ ਵਿਚ ਇਸ ਤਰ੍ਹਾਂ ਦੀ ਨਸਲਕੁਸ਼ੀ ਅਤੇ ਮਾਨਵਤਾ ਵਿਰੁਧ ਅਪਰਾਧਾਂ ਬਾਰੇ ਕਾਨੂੰਨ ਦੀ ਅਣਹੋਂਦ ਨੂੰ ਵੀ ਉਜਾਗਰ ਕੀਤਾ ਹੈ। 

ਅਦਾਲਤ ਦੀਆਂ ਬੇਬਾਕ ਟਿਪਣੀਆਂ ਪੜ੍ਹਨ ਮਗਰੋਂ, 1984 ਦੀ ਸਿੱਖ ਨਸਲਕੁਸ਼ੀ ਦੀ ਗੰਭੀਰਤਾ ਬਾਰੇ ਸ਼ਾਇਦ ਹੁਣ ਭਾਰਤ ਵੀ ਸੋਚਣਾ ਸ਼ੁਰੂ ਕਰ ਦੇਵੇਗਾ। ਅੱਜ ਤਕ ਭਾਰਤ ਇਸ ਨੂੰ ਦੰਗੇ ਆਖਦਾ ਆ ਰਿਹਾ ਹੈ। ਅਜੇ ਤਕ ਪੂਰੇ ਭਾਰਤ ਨੂੰ ਇਸ ਬਾਰੇ ਜਾਣਕਾਰੀ ਹੀ ਕੋਈ ਨਹੀਂ ਦਿਤੀ ਗਈ ਤੇ ਐਵੇਂ ਮਾਮੂਲੀ ਗੱਲ ਕਹਿ ਕੇ ਪੱਲਾ ਝਾੜ ਦਿਤਾ ਜਾਂਦਾ ਹੈ। ਇਕ ਆਮ ਭਾਰਤੀ, ਜੋ ਸ਼ਾਇਦ ਹਰਿਆਣਾ ਵਿਚ ਰਹਿੰਦਾ ਹੋਵੇ ਜਾਂ ਮਹਾਰਾਸ਼ਟਰ ਵਿਚ ਰਹਿੰਦਾ ਹੋਵੇ, ਜੇ ਉਸ ਨੂੰ ਕਦੇ ਇਸ ਬਾਰੇ ਪੁਛ ਲਿਆ ਜਾਵੇ ਤਾਂ ਉਹ ਇਹੀ ਦੱਸੇਗਾ ਕਿ ਦੰਗੇ ਇਸ ਲਈ ਹੋਏ ਸੀ

ਕਿਉਂਕਿ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿਤਾ ਸੀ ਅਤੇ ਇਹ ਵੀ ਕਹਿਣਗੇ ਕਿ ਸਿੱਖ ਬੜੇ ਅਹਿਸਾਨਫ਼ਰਾਮੋਸ਼ ਸਨ ਕਿਉਂਕਿ ਇੰਦਰਾ ਨੇ ਉਨ੍ਹਾਂ ਵਾਸਤੇ ਬਹੁਤ ਕੁੱਝ ਕੀਤਾ ਸੀ। ਇਹ ਉਹ ਇਸ ਕਰ ਕੇ ਕਹਿਣਗੇ ਕਿਉਂਕਿ ਉਨ੍ਹਾਂ ਨੂੰ ਸਿੱਖਾਂ ਦੇ ਦਰਦ ਦੀ ਕਹਾਣੀ ਦਾ ਸੱਚ ਦੱਸਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਜੋ ਮੀਡੀਆ ਨੇ ਸੁਣਾਇਆ, ਉਸੇ ਨੂੰ ਸੱਚ ਸਮਝ ਲਿਆ ਅਤੇ ਮੀਡੀਆ ਤਾਂ ਕਤਲੇਆਮ ਨੂੰ ਅੱਜ ਤਕ ਵੀ 'ਦੰਗੇ' ਹੀ ਦਸਦਾ ਹੈ। ਅੱਜ ਵੀ ਅਦਾਲਤ ਦੇ ਫ਼ੈਸਲੇ ਦਾ ਇਹ ਪੱਖ ਉਜਾਗਰ ਨਹੀਂ ਕੀਤਾ ਜਾਵੇਗਾ। ਮੀਡੀਆ ਵਿਚ ਜਿਹੜੇ ਫ਼ਰਜ਼ ਉਛਾਲੇ ਜਾਣਗੇ, ਉਹ ਹੋਣਗੇ, ਸੱਜਣ ਕੁਮਾਰ ਅਤੇ ਸਿੱਖ ਦੰਗੇ।

ਕਾਂਗਰਸ ਦੇ ਵੱਡੇ ਆਗੂ ਅਜੇ ਸਿੱਖਾਂ ਅੱਗੇ ਜਵਾਬਦੇਹ ਹਨ, ਖ਼ਾਸ ਕਰ ਕੇ ਕਮਲ ਨਾਥ ਵਰਗੇ ਜੋ ਅਜੇ ਜਿਊਂਦੇ ਹਨ। ਐਚ.ਕੇ.ਐਲ. ਭਗਤ ਭਾਵੇਂ ਨਹੀਂ ਰਿਹਾ, ਪਰ ਉਸ ਦੇ ਕਿਰਦਾਰ ਬਾਰੇ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਰਾਜੀਵ ਗਾਂਧੀ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਲ.ਕੇ. ਅਡਵਾਨੀ ਤਕ ਦੀ ਸ਼ਮੂਲੀਅਤ ਬਾਰੇ ਸੱਚ ਜਾਂ ਇੰਗਲੈਂਡ ਵਲੋਂ ਦਿਤੀ ਮਦਦ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਇਕ ਵਾਈਟ ਪੇਪਰ ਜੋ ਸਰਕਾਰ ਵਲੋਂ ਪੰਜਾਬ ਅਤੇ ਸਿੱਖਾਂ ਨਾਲ ਖੇਡੀ ਗਈ ਖ਼ੂਨੀ ਖੇਡ ਦਾ ਸੱਚ ਸਾਹਮਣੇ ਲਿਆਵੇ ਅਤੇ ਦੱਸੇ

ਕਿ ਕਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਉਤੇ ਅਪਣਾ ਹੱਕ ਮੰਗਣ ਬਦਲੇ, ਇਕ ਪ੍ਰਧਾਨ ਮੰਤਰੀ ਨੇ ਹੀ ਰਾਜ ਵਿਚ ਅਤਿਵਾਦ ਦਾ ਦੌਰ ਸ਼ੁਰੂ ਕਰਵਾਇਆ, ਕਿਸ ਤਰ੍ਹਾਂ ਸੂਬੇ ਦੀ ਪੁਲਿਸ, ਨਿਹੱਥੇ ਸਿੱਖ ਨੌਜਵਾਨਾਂ ਨੂੰ ਮਾਰਦੀ ਸੀ ਅਤੇ ਪੈਸੇ ਤੇ ਤਰੱਕੀਆਂ ਬਟੋਰਦੀ ਸੀ। ਇਹ ਨਸਲਕੁਸ਼ੀ ਜੋ ਨਵੰਬਰ 1984 ਵਿਚ ਦੁਨੀਆਂ ਸਾਹਮਣੇ ਆਈ, ਉਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਜਦੋਂ ਇਹ ਸੱਚ ਇਤਿਹਾਸ ਦੇ ਪੰਨਿਆਂ ਵਿਚੋਂ ਨਿਕਲ ਕੇ ਬਾਹਰ ਆਵੇਗਾ ਤਾਂ ਅੱਜ ਦੇ ਪੰਜਾਬ ਦੀ ਹਾਲਤ ਸਮਝ ਵਿਚ ਆ ਜਾਵੇਗੀ ਕਿ ਇਕ ਸੂਬਾ ਜੋ ਕਿ ਭਾਰਤ ਦਾ ਸੱਭ ਤੋਂ ਮਿਹਨਤੀ ਸੂਬਾ ਸੀ,

ਉਸ ਨੂੰ ਕਿਸ ਤਰ੍ਹਾਂ ਸਰਕਾਰ ਨੇ ਆਪ ਹੀ ਤਬਾਹ ਕੀਤਾ ਤੇ ਕਿਵੇਂ ਅੱਜ ਉਹ ਨਸ਼ੇ ਦਾ ਟੋਭਾ ਬਣ ਗਿਆ ਹੈ। ਜਦੋਂ ਇਹ ਚਿੱਟਾ ਸੱਚ ਸਾਹਮਣੇ ਆਵੇਗਾ ਤਾਂ ਇਹ ਸੱਚ ਵੀ ਉਜਾਗਰ ਹੋ ਜਾਵੇਗਾ ਕਿ ਕਿਸ ਤਰ੍ਹਾਂ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਪੰਜਾਬ ਦੀ ਕੌਮੀ ਪਾਰਟੀ ਵਿਚ ਗਿਰਾਵਟ ਆਉਣੀ ਸ਼ੁਰੂ ਹੋਈ। 
ਅੱਜ ਅਕਾਲੀ ਦਲ ਦੇ ਆਗੂ ਵੱਧ ਚੜ੍ਹ ਕੇ ਕਾਂਗਰਸ ਉਤੇ 1984 ਦੀ ਨਸਲਕੁਸ਼ੀ ਦੇ ਇਲਜ਼ਾਮ ਲਗਾ ਰਹੇ ਹਨ ਅਤੇ ਸਹੀ ਵੀ ਹਨ। ਪਰ ਇਹ ਵੀ ਸੱਚ ਹੈ ਕਿ ਅਕਾਲੀ ਦਲ (ਬਾਦਲ) ਨੇ ਸਿੱਖਾਂ ਨਾਲ ਕਾਂਗਰਸ ਨਾਲੋਂ ਵੀ ਮਾੜਾ ਸਲੂਕ ਕੀਤਾ।

ਕਾਂਗਰਸ ਨੇ ਜੇ ਸਿੱਖਾਂ ਦੇ ਜਾਨ ਅਤੇ ਮਾਲ ਤੇ ਹਮਲਾ ਕੀਤਾ ਤਾਂ ਅਕਾਲੀ ਦਲ ਨੇ ਸਿੱਖਾਂ ਦੀ ਆਤਮਾ ਉਤੇ ਹੀ ਡਾਢਾ ਵਾਰ ਕਰ ਦਿਤਾ ਅਤੇ ਸਿੱਖ ਫ਼ਲਸਫ਼ੇ ਨੂੰ ਹੀ ਸਿੱਖਾਂ ਤੋਂ ਦੂਰ ਕਰ ਦਿਤਾ। ਇੰਦਰਾ ਗਾਂਧੀ ਅਤੇ ਉਸ ਦੇ ਸਾਥੀਆਂ ਦੇ ਵਾਰ ਤੋਂ ਬਾਅਦ ਸਿੱਖਾਂ ਵਿਚ ਇਕ ਵੀ ਇਮਾਨਦਾਰ ਆਗੂ ਨਹੀਂ ਰਿਹਾ। ਅੱਜ ਸੱਜਣ ਕੁਮਾਰ ਦੀ ਉਮਰ ਕੈਦ ਦੀ ਕਲਗ਼ੀ ਅਪਣੀ ਪੱਗ ਵਿਚ ਟੁੰਗਣ ਦਾ ਯਤਨ ਕਰਨ ਵਾਲਾ ਅਕਾਲੀ ਦਲ ਕਦੇ ਇਸੇ ਸੱਜਣ ਕੁਮਾਰ ਨੂੰ '84 ਤੋਂ ਬਾਅਦ ਵੀ ਗੁਲਦਸਤੇ ਪੇਸ਼ ਕਰ ਕੇ ਸਿਰ ਝੁਕਾਉਂਦਾ ਰਿਹਾ ਹੈ। (ਫ਼ੋਟੋ ਵੇਖੋ)

ਜੇ ਪੰਜਾਬ ਤਬਾਹ ਹੋਇਆ ਹੈ ਤਾਂ ਭਾਰਤ ਨੂੰ ਵੀ ਇਸ ਦੀ ਕੀਮਤ ਤਾਰਨੀ ਪਈ ਹੈ। ਜਿਹੜੀ ਨਸਲਕੁਸ਼ੀ ਗੁਜਰਾਤ ਵਿਚ ਮੁਸਲਮਾਨਾਂ ਵਿਰੁਧ ਹੋਈ, ਉਹ ਵੀ 1984 ਵਰਗੀ ਹੀ ਸੀ ਅਤੇ ਸਰਕਾਰ ਨਾਲ ਸਾਜ਼ਬਾਜ਼ ਕਰ ਕੇ ਕੀਤੀ ਗਈ ਸੀ। ਅੱਜ ਕੋਨੇ ਕੋਨੇ ਵਿਚ ਨਸਲਕੁਸ਼ੀ ਦੇ ਹਮਲੇ ਹੋ ਰਹੇ ਹਨ ਤੇ ਸਰਕਾਰਾਂ ਚੁੱਪੀ ਧਾਰ ਕੇ, ਮੂੰਹ ਪਰਲੇ ਪਾਸੇ ਕਰ ਲੈਂਦੀਆਂ ਹਨ।  '84 ਵਿਚ ਭਾਰਤ ਦੇ ਲੋਕਾਂ ਨੇ ਅਪਣੇ ਆਪ ਨੂੰ ਗਾਂਧੀ ਦੇ ਤਿੰਨ ਬਾਂਦਰਾਂ ਵਾਂਗ ਗੁੰਗਾ, ਅੰਨ੍ਹਾ ਅਤੇ ਬੋਲਾ ਕਰ ਕੇ ਅੱਜ ਦੀ ਨਫ਼ਰਤ ਦੀ ਸਿਆਸਤ ਨੂੰ ਫੈਲਾਉਣ ਲਈ ਹੱਲਾਸ਼ੇਰੀ ਦਿਤੀ।

34 ਸਾਲ ਬਾਅਦ ਇਹ ਫ਼ੈਸਲਾ, ਭਾਰਤ ਦੇ ਕਲ ਨੂੰ ਸੁਧਾਰਨ ਵਲ ਕਦਮ ਚੁੱਕਣ ਦੀ ਸ਼ੁਰੂਆਤ ਬਣ ਸਕਦਾ ਹੈ। ਪਰ ਪੀੜਤਾਂ ਵਾਸਤੇ ਇਹ ਫ਼ੈਸਲਾ ਬਹੁਤ ਦੇਰੀ ਨਾਲ ਆਇਆ ਹੈ ਫ਼ੈਸਲਾ। ਇਸ ਅਰਸੇ ਵਿਚ ਸੱਜਣ ਕੁਮਾਰ ਵਰਗੇ, ਪੀੜਤਾਂ ਦੇ ਘਰ ਸਾੜ ਕੇ ਮਹਿਲਾਂ ਵਿਚ ਜਿਊਂਦੇ ਰਹੇ। ਸਿੱਖ ਸਿਆਸਤਦਾਨਾਂ ਨੇ ਇਨ੍ਹਾਂ ਪੀੜਤਾਂ ਦੀਆਂ ਲਾਸ਼ਾਂ ਉਤੇ ਪੈਰ ਟਿਕਾ ਕੇ ਅਪਣੇ ਮਹਿਲ ਉਸਾਰੇ ਹਨ। ਸਿੱਖਾਂ ਨੇ ਆਪ ਅਪਣੇ ਪੀੜਤਾਂ ਨੂੰ ਭੁਲਾ ਕੇ, ਇਨ੍ਹਾਂ ਵਿਧਵਾਵਾਂ ਨੂੰ ਵਿਧਵਾ ਕਾਲੋਨੀ ਵਿਚ ਅਪਣੀਆਂ ਦਰਦਨਾਕ ਯਾਦਾਂ ਨਾਲ ਤੜਪਣ ਵਾਸਤੇ ਛੱਡ ਦਿਤਾ ਹੈ। ਕੀ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਨਾਲ ਨਿਆਂ ਦੀ ਜਿੱਤ ਹੋ ਗਈ ਹੈ?  -ਨਿਮਰਤ ਕੌਰ