ਰਾਹੁਲ ਗਾਂਧੀ ਨਾਲ ਸੜਕ ’ਤੇ ਬਿਤਾਏ ਕੁੱਝ ਲਮਹੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਗੱਲ ਤਾਂ ਸਾਫ਼ ਹੈ ਕਿ ਨਾ ਹੀ ਉਸ ਨੂੰ ਹੁਣ ਪੱਪੂ ਆਖਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਬਾਕੀ ਪਾਰਟੀਆਂ ਵਾਸਤੇ ਸੌਖਾ ਹੋਵੇਗਾ।

Moments spent on road with Rahul Gandhi

 

ਸੌ ਦਿਨ ਪਹਿਲਾਂ ਜਦ ‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋਈ ਤਾਂ ਸ਼ਾਇਦ ਰਾਹੁਲ ਗਾਂਧੀ ਆਪ ਵੀ ਨਹੀਂ ਸਨ ਜਾਣਦੇ ਕਿ ਤਿੰਨ ਹਜ਼ਾਰ ਕਿਲੋਮੀਟਰ ਪੈਦਲ ਚਲਦੇ ਚਲਦੇ ਉਹ ਅਰਬਾਂ ਦੀ ਲਾਗਤ ਨਾਲ ਰਾਹੁਲ ਗਾਂਧੀ ਨੂੰ ਪੱਪੂ ਵਜੋਂ ਦਿਖਾਉਣ ਦੇ ਪ੍ਰਚਾਰ ਨੂੰ ਤਹਿਸ-ਨਹਿਸ ਕਰ ਦੇਣਗੇ। ਅਪਣੇ ਆਖ਼ਰੀ ਪੜਾਅ ਕਸ਼ਮੀਰ ਪਹੁੰਚਣ ਤੋਂ ਪਹਿਲਾਂ ਜਦ ਪੰਜਾਬ ਵਿਚ ਯਾਤਰਾ ’ਚ ਰਾਹੁਲ ਗਾਂਧੀ ਨਾਲ ਚਲਣ ਦਾ ਸੱਦਾ ਆਇਆ ਤਾਂ ਹਾਂ ਕਰ ਦਿਤੀ ਕਿਉਂਕਿ ਰਾਹੁਲ ਬਾਰੇ ਨੇੜਿਉਂ ਜਾਣਨ ਦੀ ਜਗਿਆਸਾ ਬਹੁਤ ਸੀ।

ਜਦੋਂ ਤੋਂ ਪਿੰਡਾਂ ਵਿਚ ਸੱਥ ਲਗਾਉਣੀ ਸ਼ੁਰੂ ਕੀਤੀ, ਇਕ ਗੱਲ ਦਾ ਅਹਿਸਾਸ ਜ਼ਰੂਰ ਹੋਇਆ ਕਿ ਨੋਟਬੰਦੀ, ਮਹਾਂਮਾਰੀ, ਜੀ.ਐਸ.ਟੀ., ਵਧਦੀ ਮਹਿੰਗਾਈ ਵਿਚ ਜੇ ਇਕ ਆਮ ਗ਼ਰੀਬ ਬਚਿਆ ਹੈ ਤਾਂ ਉਸ ਦਾ ਕਾਰਨ ਹੈ ਮਨਰੇਗਾ ਦੀ ਯੋਜਨਾ ਜਿਸ ਦੀ ਕਾਢ ਦੇ ਪਿਛੇ ਇਕ ਵੱਡੇ ਜਹੇ ਦਿਲ ਤੇ ਦਿਮਾਗ਼ ਦੀ ਤਾਕਤ ਵੀ ਕੰਮ ਕਰਦੀ ਸੀ, ਜਿਸ ਦਾ ਨਾਮ ਰਾਹੁਲ ਗਾਂਧੀ ਸੀ। ਪਰ ਘੱਟ ਲੋਕ ਇਸ ਬਾਰੇ ਜਾਣਦੇ ਹਨ। ਅਜਿਹੇ ਆਗੂ ਘੱਟ ਹੁੰਦੇ ਹਨ ਜਿਹੜੇ ਅਪਣੇ ਕੰਮਾਂ ਬਾਰੇ ਪ੍ਰਚਾਰ ਨਾ ਕਰਦੇ ਹੋਣ ਜਿਵੇਂ ਡਾ. ਮਨਮੋਹਨ ਸਿੰਘ ਵੀ ਸਨ। ਦੂਰ-ਅੰਦੇਸ਼ੀ ਵਾਲੀ ਸੋਚ ’ਚ ਪਿਆਰ ਦਾ ਤੜਕਾ ਕੁੱਝ ਵਖਰੀ ਸਿਆਸਤ ਦੀ ਆਸ ਦੇਂਦਾ ਹੈ ਤੇ ਇਕ ਸਿੱਖ ਹੋਣ ਦੇ ਨਾਤੇ, ਸਿੱਖ ਨਜ਼ਰੀਆ ਵੀ ਰਾਹੁਲ ਗਾਂਧੀ ਅੱਗੇ ਪੇਸ਼ ਕਰਨਾ ਚਾਹੁੰਦੀ ਸੀ।

ਪੰਜਾਬ ਵਿਚ ਰਾਹੁਲ ਗਾਂਧੀ ਦੀ ਪ੍ਰੈੱਸ ਨਾਲ ਮੁਲਾਕਾਤ ਵਿਚ ਇਕ ਗੱਲ ਸਾਫ਼ ਹੋ ਗਈ ਕਿ ਹੁਣ ਉਸ ਨੂੰ ਪੱਪੂ ਕੋਈ ਨਹੀਂ ਆਖ ਸਕਦਾ। ਤੇ ਇਹ ਵੀ ਸਾਫ਼ ਹੋ ਗਿਆ ਸੀ ਕਿ ਯਾਤਰਾ ਦੇ ਤਜਰਬਿਆਂ ਨੇ ਰਾਹੁਲ ਅੰਦਰ ਵਿਸ਼ਵਾਸ ਕਿੰਨਾ ਭਰ ਦਿਤਾ ਹੈ। ਉਸ ਦੀ ਆਵਾਜ਼ ਹੀ ਬਦਲ ਗਈ ਹੈ ਕਿਉਂਕਿ ਹੁਣ ਉਸ ਦੇ ਜ਼ਮੀਨ ’ਤੇ ਰਹਿੰਦੇ ਲੋਕਾਂ ਨਾਲ ਰਿਸ਼ਤੇ ਬਣ ਚੁੱਕੇ ਹਨ ਤੇ ਉਹ ਸਵਾਲਾਂ ਦੇ ਘੇਰੇ ਵਿਚ ਫਸਦਾ ਨਹੀਂ ਬਲਕਿ ਬੜੇ ਸਾਫ਼ ਸਪੱਸ਼ਟ ਜਵਾਬ ਦਿੰਦਾ ਹੈ।

ਸਗੋਂ ਉਸ ਨੇ ਸਾਰੇ ਮੀਡੀਆ ਨੂੰ ਇਕ ਸਵਾਲ ਵਿਚ ਘੇਰ ਲਿਆ ਤੇ ਉਨ੍ਹਾਂ ਨੂੰ ਪੱਤਰਕਾਰੀ ਦੀ ਸੂਝ ਦਾ ਆਈਨਾ ਵੀ ਵਿਖਾ ਦਿਤਾ। ਪ੍ਰੈੱਸ ਕਾਨਫ਼ਰੰਸ ਦੇ ਮੇਜ਼ ਨੇੜੇ ਇਕ ਵੱਡਾ ਪੋਸਟਰ ਲਗਾਇਆ ਗਿਆ ਸੀ ਜਿਸ ਵਿਚ ਕੁੱਝ ਨਵੇਂ ਅੰਕੜੇ ਸਾਂਝੇ ਕੀਤੇ ਗਏ ਸਨ ਜੋ ਸਿੱਧ ਕਰਦੇ ਸਨ ਕਿ ਭਾਰਤ ਦੇ 64 ਫ਼ੀ ਸਦੀ ਜੀ.ਐਸ.ਟੀ. ਵਿਚ ਯੋਗਦਾਨ ਭਾਰਤ ਦੀ 50 ਫ਼ੀ ਸਦੀ ਆਬਾਦੀ ਅਰਥਾਤ ਸੱਭ ਤੋਂ ਗ਼ਰੀਬ ਆਬਾਦੀ ਵਲੋਂ ਸੀ ਤੇ ਭਾਰਤ ਦੀ ਸੱਭ ਤੋਂ ਅਮੀਰ 10 ਫ਼ੀ ਸਦੀ ਦਾ ਯੋਗਦਾਨ ਸਿਰਫ਼ 3 ਫ਼ੀ ਸਦੀ ਰਿਹਾ। ਪਰ ਕਿਸੇ ਨੇ ਇਸ ਬਾਰੇ ਸਵਾਲ ਨਾ ਪੁਛਿਆ ਭਾਵੇਂ ਰਾਹੁਲ ਗਾਂਧੀ ਨੇ ਇਸ ’ਤੇ ਧਿਆਨ ਕੇਂਦਰਤ ਕਰਵਾਇਆ ਵੀ।

ਯਾਤਰਾ ਵਿਚ ਚਲਦੇ ਹੋਏ ਵੇਖਿਆ ਕਿ ਕਿਸ ਤਰ੍ਹਾਂ ਗ਼ਰੀਬ, ਦੁਖੀ ਰਾਹੁਲ ਦੇ ਸਮਰਥਨ ਵਿਚ ਸੜਕਾਂ ’ਤੇ ਨਿਕਲ ਰਹੇ ਹਨ। ਹਾਲ ਵਿਚ ਹੀ ਹਾਰੀ ਕਾਂਗਰਸ ਦੇ ਸਮਰਥਨ ਵਿਚ ਏਨੇ ਲੋਕਾਂ ਦੇ ਆਉਣ ਦੀ ਉਮੀਦ ਨਹੀਂ ਸੀ ਤੇ ਨਾ ਹੀ ਉਮੀਦ ਸੀ ਕਿ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਇਕਮੁਠ ਹੋ ਕੇ ਯੋਗਦਾਨ ਪਾਵੇਗੀ ਪਰ ਇਹ ਨਜ਼ਾਰੇ ਵੀ ਵੇਖਣ ਨੂੰ ਮਿਲੇ। ਜੋ ਲੋਕ ਨਹੀਂ ਆਏ ਜਾਂ ਜਿਹੜੇ ਕਾਂਗਰਸ ਨੂੰ ਛੱਡ ਕੇ ਚਲੇ ਗਏ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਦੀ ਕਮੀ ਨਹੀਂ ਸੀ ਮਹਿਸੂਸ ਕੀਤੀ ਜਾ ਰਹੀ ਬਲਕਿ ਉਨ੍ਹਾਂ ਦੀ ‘ਰੁਖ਼ਸਤਗੀ’ ਨਾਲ ਹੋਏ ਫ਼ਾਇਦੇ ਹੀ ਦੱਸੇ ਜਾ ਰਹੇ ਸਨ।

ਰਾਹੁਲ ਨਾਲ ਚਲਦੇ ਹੋਏ ਵੇਖਿਆ ਕਿ ਕਿਸ ਤਰ੍ਹਾਂ ਉਹ ਭੀੜ ਵਿਚੋਂ ਉਨ੍ਹਾਂ ਲੋਕਾਂ ਨੂੰ ਪਛਾਣ ਰਿਹਾ ਸੀ ਜੋ ਕੁੱਝ ਵਖਰਾ ਕਹਿਣਾ ਚਾਹੁੰਦੇ ਸਨ ਤੇ ਤੇਜ਼ੀ ਨਾਲ ਭੀੜ ਵਿਚ ਚਲਦੇ ਹੋਏ ਉਨ੍ਹਾਂ ਲੋਕਾਂ ਦੀ ਗੱਲ ਵੀ ਸੁਣ ਰਹੇ ਸਨ ਤੇ ਜੇ ਕਿਸੇ ਦੇ ਜੁੱਤਿਆਂ ਦੇ ਫ਼ੀਤੇ ਖੁੱਲ੍ਹੇ ਦਿਸ ਜਾਂਦੇ ਤਾਂ ਉਹ ਯਾਤਰਾ ਰੋਕ ਕੇ ਫ਼ੀਤੇ ਬਨਵਾਉਂਦੇ ਤਾਕਿ ਉਸ ਨੂੰ ਸੱਟ ਨਾ ਲੱਗ ਜਾਵੇ। ਜਦ ਮੈਨੂੰ ਮੌਕਾ ਮਿਲਿਆ ਤਾਂ ਮੇਰੀ ਸ਼ੁਰੂਆਤ ਹੀ ਉਸ ਸਮੇਂ ਦੇ ਇਤਿਹਾਸ ਤੋਂ ਹੋਈ ਜਿਸ ਵਿਚ ਮੇਰੇ ਪਿਤਾ ਦਾ ਜਨਮ ਹੋਇਆ ਸੀ। ਮੈਂ ਰਾਹੁਲ ਨੂੰ ਦਸਿਆ ਕਿ ਵੰਡ ਤੋਂ ਪਹਿਲਾਂ ਅਕਾਲੀਆਂ ਤੇ ਕਾਂਗਰਸ ਦੀ ਸੋਚ ਵਿਚ ਐਸੀ ਸਾਂਝ ਸੀ ਕਿ ਇਕ ਅਕਾਲੀ ਇਕੋ ਸਮੇਂ ਕਾਂਗਰਸ ਦੀ ਮੈਂਬਰਸ਼ਿਪ ਵੀ ਲੈ ਸਕਦਾ ਸੀ ਤੇ ਕਾਂਗਰਸੀ ਦੀ ਵੀ ਅਤੇ ਇਸੇ ਤਰ੍ਹਾਂ ਹਰ ਕਾਂਗਰਸੀ ਵੀ ਕਰ ਸਕਦਾ ਸੀ। ਸਾਂਝੀ ਲੜਾਈ ਤੇ ਸਾਂਝੀ ਸੋਚ ਸੀ ਕਿਉਂਕਿ ਦੋਵੇਂ ਹੀ ਧਰਮ ਨਿਰਪੱਖ ਸਨ ਤੇ ਆਜ਼ਾਦੀ ਦੀ ਲੜਾਈ ਇਕੱਠੇ ਹੋ ਕੇ ਲੜ ਰਹੇ ਸਨ।

ਪਰ 84 ਨੇ ਦਰਾੜਾਂ ਪਾ ਦਿਤੀਆਂ ਜਿਸ ਵਾਸਤੇ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਮਾਫ਼ੀ ਮੰਗੀ ਤੇ ਰਾਹੁਲ ਨੇ ਵੀ ਵਾਰ-ਵਾਰ ਮੰਚ ਤੋਂ ਇਸ ਨੂੰ ਦੁਹਰਾਇਆ ਪਰ ਫਿਰ ਵੀ ਸਿੱਖਾਂ ਵਲੋਂ ਦਿਲੋਂ ਕਬੂਲੀ ਨਹੀਂ ਗਈ ਤੇ ਹੁਣ ਰਾਹੁਲ ਗਾਂਧੀ ਕੋਲ ਮੌਕਾ ਹੈ ਕਿ ਉਹ ਇਨ੍ਹਾਂ ਦੂਰੀਆਂ ਨੂੰ ਖ਼ਤਮ ਕਰ ਕੇ ਆਜ਼ਾਦੀ ਤੋਂ ਪਹਿਲਾਂ ਵਾਲੇ ਰਿਸ਼ਤੇ ਦੁਬਾਰਾ ਕਾਇਮ ਕਰਨ ਬਾਰੇ ਗੰਭੀਰਤਾ ਨਾਲ ਸੋਚਣ। ਰਾਹੁਲ ਨੇ ਪੁਛਿਆ, ਕਿਵੇਂ? ਮੈਂ ਦਸ ਦਿਤਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਪਤਾ ਨਹੀਂ ਉਨ੍ਹਾਂ ਦੇ ਸਲਾਹਕਾਰ ਇਸ ਨੂੰ ਪਸੰਦ ਕਰਨਗੇ ਜਾਂ ਨਹੀਂ ਪਰ ਇਹ ਸਾਫ਼ ਸੀ ਕਿ ਉਹ ਸੁਣਨ ਵਾਲਾ ਆਗੂ ਹੈ ਪਰ ਕਮੀ ਸ਼ਾਇਦ ਸਾਡੇ ਅਪਣੇ ਆਗੂਆਂ ਵਿਚ ਰਹੀ ਜੋ ਮਸਲੇ ਹੱਲ ਕਰਨ ਬਾਰੇ ਨਹੀਂ ਸੋਚਦੇ।

ਰਾਹੁਲ ਗਾਂਧੀ ਦੀ ਯਾਤਰਾ ਵੋਟਾਂ ਵਿਚ ਤਬਦੀਲ ਹੋਵੇਗੀ ਜਾਂ ਨਹੀਂ, ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਕ ਗੱਲ ਤਾਂ ਸਾਫ਼ ਹੈ ਕਿ ਨਾ ਹੀ ਉਸ ਨੂੰ ਹੁਣ ਪੱਪੂ ਆਖਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਨਜ਼ਰ ਅੰਦਾਜ਼ ਕਰਨਾ ਬਾਕੀ ਪਾਰਟੀਆਂ ਵਾਸਤੇ ਸੌਖਾ ਹੋਵੇਗਾ। ਭਾਰਤ ਦੇ ਇਤਿਹਾਸ ਵਿਚ ਬੜੇ ਬਾਬਰ ਹੋਏ ਹਨ, ਬਥੇਰੇ ਰਾਜੇ ਰਹੇ ਹਨ ਪਰ ਪਿਆਰ ਤੇ ਹਮਦਰਦੀ ਨਾਲ ਜੋ ਕੁੱਝ ਅਕਬਰ ਜਾਂ ਮਹਾਰਾਜਾ ਰਣਜੀਤ ਸਿੰਘ ਕਰ ਪਾਏ ਸਨ, ਉਸ ਦੀਆਂ ਚਰਚਾਵਾਂ ਵਿਚ ਰਾਹੁਲ ਦਾ ਨਾਮ ਵੀ ਜੁੜ ਸਕਦਾ ਹੈ। ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੇ ਦੀਵੇ ਬਾਲ ਤਾਂ ਦਿਤੇ ਹਨ ਪਰ ਹੁਣ ਇਨ੍ਹਾਂ ਨੂੰ ਨਾ ਬੁਝਣ ਦੇਣ ਦਾ ਨਤੀਜਾ 2024 ਵਿਚ ਸਾਹਮਣੇ ਆਵੇਗਾ।
- ਨਿਮਰਤ ਕੌਰ