Chandigarh Mayor Election: ਚੰਡੀਗੜ੍ਹ ਵਿਚ ‘ਇੰਡੀਆ’ ਪਾਰਟੀਆਂ ਦੀ ਤਾਕਤ ਤਾਂ ਨਜ਼ਰ ਆ ਗਈ ਭਾਵੇਂ ਨਤੀਜਾ ਕੁੱਝ ਵੀ ਨਿਕਲੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੇਕਰ ‘ਆਪ’ ਅੱਜ ਮੈਦਾਨ ਵਿਚ ਨਾ ਹੁੰਦੀ ਤਾਂ ਮੁਮਕਿਨ ਹੀ ਨਹੀਂ ਸੀ ਕਿ ਕਾਂਗਰਸ ਇਸ ਤਰ੍ਹਾਂ ਮੇਅਰ ਦੀ ਕੁਰਸੀ ਵਾਸਤੇ ਕਦੇ ਲੜਾਈ ਲਈ ਮੈਦਾਨ ਵਿਚ ਉਤਰਦੀ ਵੀ।

File Photo

Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਦਾ ਤਮਾਸ਼ਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਇਕ ਮਸਾਲੇਦਾਰ ਝਲਕ ਸਾਬਤ ਹੋਈ ਹੈ। ਭਾਜਪਾ ਵਾਸਤੇ ਹਰ ਚੋਣ ਮਹੱਤਵਪੂਰਨ ਹੁੰਦੀ ਹੈ ਅਤੇ ਪਿਛਲੇ ਸਾਲ ਵੀ ਉਨ੍ਹਾਂ ਨੇ ਇਸੇ ਤਰ੍ਹਾਂ ਡੱਟ ਕੇ ਮੁਕਾਬਲਾ ਕੀਤਾ ਤੇ ਜਿੱਤੀ ਹੋਈ ਬਾਜ਼ੀ ‘ਆਪ’ ਦੇ ਹੱਥੋਂ ਖਿੱਚ ਲਈ ਸੀ। ਉਨ੍ਹਾਂ ਨੂੰ ਉਸ ਸਮੇਂ ਕਾਂਗਰਸ ਦਾ ਸਮਰਥਨ ਪ੍ਰਾਪਤ ਸੀ। ਪਰ ਅੱਜ ‘ਆਪ’ ਨੇ ਬਾਜ਼ੀ ਮਾਰ ਲਈ ਹੈ ਕਿਉਂਕਿ ਉਨ੍ਹਾਂ ਕੋਲ ਅੱਜ ਕਾਂਗਰਸ ਦਾ ਸਮਰਥਨ ਹੈ। 

ਚੋਣ ਬਾਰੇ ਅਦਾਲਤ ਅਜੇ ਵਿਚਾਰ ਕਰ ਹੀ ਰਹੀ ਸੀ ਕਿ ਚੰਡੀਗੜ੍ਹ ਐਡਮਨਿਸਟਰੇਸ਼ਨ ਨੇ ਬੀਜੇਪੀ ਦੇ ਕਹਿਣ ’ਤੇ ਚੋਣ ਦੀ ਤਾਰੀਖ਼ ਹੀ ਬਦਲ ਕੇ 6 ਫ਼ਰਵਰੀ ਕਰ ਦਿਤੀ ਹੈ ਭਾਵੇਂ ਉਸ ਤੋਂ ਪਹਿਲਾਂ 23 ਜਨਵਰੀ ਨੂੰ ਅਦਾਲਤ ਅਪਣਾ ਵਖਰਾ ਫ਼ੈਸਲਾ ਵੀ ਦੇ ਸਕਦੀ ਹੈ। ਪਰ ਇਸ ਝਲਕ ਨੇ ਆਉਣ ਵਾਲੀਆਂ ਚੋਣਾਂ ਵਿਚ ‘ਇੰਡੀਆ’ ਦੀ ਤਾਕਤ ਵਿਖਾ ਦਿਤੀ।

ਜਦ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਕਾਰ ਹੀ ਹੁੰਦਾ ਸੀ ਤਾਂ ਜਿੱਤ ਭਾਜਪਾ ਦੀ ਹੋਈ ਜਾ ਰਹੀ ਸੀ ਕਿਉਂਕਿ ਕਾਂਗਰਸ ਨੂੰ ਇਸ ਤਰ੍ਹਾਂ ਦੀ ਸਿਆਸਤ ਕਰਨੀ ਨਹੀਂ ਆਉਂਦੀ। ਪਰ ਜਦ ਕਾਂਗਰਸ ਦੇ ਨਾਲ ‘ਆਪ’ ਵਾਂਗ ਟੀ.ਐਮ.ਸੀ., ਸ਼ਿਵ ਸੈਨਾ, ਬਾਲ ਠਾਕਰੇ, ਸਪਾ ਆਦਿ ਜੁੜਨਗੇ, ਕਮਲ ਵਾਲੇ ਕਮਲੇ ਅਪਣੀ ਜਿੱਤ ਦੀ ਭੁੱਖ ਮਿਟਾਉਂਦਿਆਂ-ਮਿਟਾਉਂਦਿਆਂ ਕਾਂਗਰਸ ਨੂੰ ਤਾਕਤਵਰ ਬਣਾ ਕੇ ਹੀ ਰੁਕਣਗੇ।

ਜੇਕਰ ‘ਆਪ’ ਅੱਜ ਮੈਦਾਨ ਵਿਚ ਨਾ ਹੁੰਦੀ ਤਾਂ ਮੁਮਕਿਨ ਹੀ ਨਹੀਂ ਸੀ ਕਿ ਕਾਂਗਰਸ ਇਸ ਤਰ੍ਹਾਂ ਮੇਅਰ ਦੀ ਕੁਰਸੀ ਵਾਸਤੇ ਕਦੇ ਲੜਾਈ ਲਈ ਮੈਦਾਨ ਵਿਚ ਉਤਰਦੀ ਵੀ। ਕਾਂਗਰਸ ਦੀ ਉਚ ਲੀਡਰਸ਼ਿਪ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਕਦੇ ਏਨਾ ਮਹੱਤਵ ਨਾ ਦੇਂਦੀ ਜਿਵੇਂ ਇਸ ਵਾਰ ‘ਆਪ’ ਦੇ ਦਿੱਲੀ ਦੇ ਆਗੂ ਚੰਡੀਗੜ੍ਹ ਵਿਚ ਡੇਰਾ ਲਾ ਕੇ ਹੀ ਬੈਠ ਗਏ ਹਨ। 

ਪਰ ਕੀ ਇਸ ਨਾਲ 2024 ਵਿਚ ਭਾਜਪਾ ਨੂੰ ਚੁਨੌਤੀ ਮਿਲ ਸਕਦੀ ਹੈ। ਰਾਮ ਮੰਦਰ ਦਾ ਉਦਘਾਟਨ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਵਾਸਤੇ ਸਮੇਂ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਸ਼ੰਕਰਾਚਾਰੀਆ ਵੀ ਅਜੇ ਅਧੂਰੇ ਮੰਦਰ ਵਿਚ ਸਥਾਪਤੀ ਜਸ਼ਨ ਮਨਾਉਣ ਦਾ ਵਿਰੋਧ ਕਰਦੇ ਹੋਏ ਉਥੇ ਜਾਣ ਤੋਂ ਹੀ ਇਨਕਾਰ ਕਰਦੇ ਨਜ਼ਰ ਆ ਰਹੇ ਹਨ।

ਵਿਧੀ ਜਾਂ ਮਰਿਆਦਾ ਦੀ ਉਲੰਘਣਾ ਬਾਰੇ ਸ਼ੰਕਰਾਚਾਰੀਆਂ ਦੇ ਇਤਰਾਜ਼ਾ ਦੇ ਬਾਵਜੂਦ ਕੀਤੀ ਜਾ ਰਹੀ ਕਾਹਲ ਦਰਸਾਉਂਦੀ ਹੈ ਕਿ ਭਾਜਪਾ ਵੀ ‘ਇੰਡੀਆ’ ਗਠਜੋੜ ਨੂੰ ਬੜੀ ਸੰਜੀਦਗੀ ਨਾਲ ਲੈ ਰਹੀ ਹੈ ਤੇ ਸਮਝਦੀ ਹੈ ਕਿ ‘ਇੰਡੀਆ’ ਵਾਲੇ ਬੜੀ ਵੱਡੀ ਚੁਨੌਤੀ ਦੇਣ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਮਹੀਨੇ ਦੱਖਣ ਵਿਚ ਤਿੰਨ ਵਾਰ ਜਾ ਰਹੇ ਹਨ ਤੇ ਪਿਛਲੇ ਦੌਰਿਆਂ ਵਾਂਗ ਖੁਲ੍ਹੇ ਦਿਲ ਨਾਲ ਵੱਡੀਆਂ-ਵੱਡੀਆਂ ਗ੍ਰਾਂਟਾਂ ਦੇ ਕੇ ਆਉਣਗੇ।

ਇਹ ਜੇਕਰ ਪਿਛਲੇ 9 ਸਾਲਾਂ ਵਿਚ ਕੀਤਾ ਹੁੰਦਾ ਤਾਂ ਇਸ ਦਾ ਮਤਲਬ ਕੁੱਝ ਹੋਰ ਹੁੰਦਾ ਪਰ ਇਸ ਮੌਕੇ ਅਜਿਹਾ ਕੀਤੇ ਜਾਣ ਦਾ ਮਤਲਬ ਕਾਂਗਰਸ ਦੀ  ਦੱਖਣ ਵਿਚ ਵਧਦੀ ਤਾਕਤ ਨੂੰ ਰੋਕਣ ਦੇ ਯਤਨ ਵਜੋਂ ਹੀ ਲਿਆ ਜਾਵੇਗਾ। ਇੰਡੀਆ ਗਠਜੋੜ ਜੇਕਰ ਚੰਡੀਗੜ੍ਹ ਦੀ ਪਹਿਲੀ ਲੜਾਈ ਜਿੱਤ ਸਕਿਆ ਤਾਂ ਭਾਜਪਾ ਨਾਲ ਸਾਰੇੇ ਭਾਰਤ ਵਿਚ ਗਹਿਗੱਚ ਲੜਾਈ ਵੇਖੀ ਜਾ ਸਕੇਗੀ।

ਇਸ ਸਾਰੇ ਮਾਮਲੇ ਨਾਲ ‘ਇੰਡੀਆ’ ਗਠਜੋੜ ਵਿਚ ਚਲਦੀਆਂ ਲੜਾਈਆਂ ਵੀ ਰੁਕ ਸਕਦੀਆਂ ਹਨ ਕਿਉਂਕਿ ਹੁਣ ਉਹ ਅਪਣੀ ਤਾਕਤ ਦੀ ਜਿੱਤ ਅਸਲ ਵਿਚ ਸਮਝ ਸਕਦੇ ਹਨ। ਸਿਆਣੇ ਆਖਦੇ ਹਨ ਕਿ ਜੰਗ ਵਿਚ ਕਦੇ ਵੀ ਦੁਸ਼ਮਣ ਨੂੰ ਉਸ ਦੀ ਤਾਕਤ ਦਾ ਅਹਿਸਾਸ ਨਹੀਂ ਹੋਣ ਦੇਣਾ ਚਾਹੀਦਾ ਪਰ ਅੱਜ ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਲੜਾਈ ਨੂੰ ਅਦਾਲਤ ਤਕ ਪਹੁੰਚਾ ਕੇ ਗਠਜੋੜ ਨੂੰ ਗ਼ਲਤੀ ਨਾਲ ਤਾਕਤਵਰ ਬਣਾ ਦਿਤਾ ਹੈ। -ਨਿਮਰਤ ਕੌਰ

(For more news apart from Chandigarh Mayor Election, stay tuned to Rozana Spokesman)